ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਸਿਆਮ (ਐੱਸਆਈਏਐੱਮ) ਦੇ 60ਵੇਂ ਸਲਾਨਾ ਸੰਮੇਲਨ ਨੂੰ ਸੰਬੋਧਨ ਕੀਤਾ; ਕਿਹਾ ਕਿ ਆਟੋ ਸੈਕਟਰ ਦੀ ਰੋਜਗਾਰ ਸਿਰਜਣ ਦੀ ਵੱਡੀ ਜ਼ਿੰਮੇਵਾਰੀ ਹੈ

Posted On: 04 SEP 2020 5:33PM by PIB Chandigarh

 

 

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਵਾਹਨ ਉਦਯੋਗ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਨਿਰਮਾਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਖੇਤਰ ਹੈ ਅਤੇ ਇਹ ਇਕ ਅਜਿਹਾ ਖੇਤਰ ਹੈ ਜਿਸ ਵਿੱਚ ਰੋਜਗਾਰ ਦੇ ਸਭ ਤੋਂ ਵੱਧ ਅਵਸਰ ਹਨ।  ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਿਆਮ (ਐੱਸਆਈਏਐੱਮ) ਦੇ 60 ਵੇਂ ਸਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿੱਚ ਇਸ ਉਦਯੋਗ ਦੇ ਮੋਢਿਆਂ 'ਤੇ ਕਾਫ਼ੀ ਕੁਝ ਨਿਰਭਰ ਹੈ।  ਸ਼੍ਰੀ ਗਡਕਰੀ ਨੇ ਸਮਾਜ ਅਤੇ ਆਰਥਿਕਤਾ ਦੇ ਹਿਤ ਵਿੱਚ ਆਟੋ ਉਦਯੋਗ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।

 

ਮੰਤਰੀ ਨੇ ਨੇੜਲੇ ਭਵਿੱਖ ਵਿੱਚ ਸੜਕ ਸੁਰੱਖਿਆ ਟੀਚਿਆਂ ਨੂੰ ਪ੍ਰਾਪਤ ਕਰਨ ’ਤੇ ਵੀ ਵਿਸ਼ਵਾਸ ਜਤਾਇਆ।  ਉਨ੍ਹਾਂ ਕਿਹਾ, ਆਟੋਮੋਬਾਈਲ ਉਦਯੋਗ ਨੇ ਇਸ ਦਿਸ਼ਾ ਵਿੱਚ ਬਹੁਤ ਤਰੱਕੀ ਕੀਤੀ ਹੈ।  ਉਨ੍ਹਾਂ ਨੋਟ ਕੀਤਾ ਕਿ ਵਾਹਨ ਨਿਰਮਾਤਾਵਾਂ ਨੇ ਵਾਹਨਾਂ ਦੀ ਸੁਰੱਖਿਆ ਲਈ ਕਈ ਨਿਯਮ ਜਿਵੇਂ ਕਿ ਕਰੈਸ਼ ਨਿਯਮ, ਏਬੀਐੱਸ, ਏਅਰ ਬੈਗ, ਸੀਟ ਬੈਲਟ ਰੀਮਾਈਂਡਰ, ਰਿਵਰਸ ਪਾਰਕਿੰਗ ਸਹਾਇਤਾ, ਵੀਟੀਐੱਸ, ਆਦਿ ਲਾਗੂ ਕੀਤੇ ਹਨ। ਇਹ ਨਿਯਮ ਭਾਰਤ ਵਿੱਚ ਆਟੋ ਉਦਯੋਗ ਨੂੰ ਗਲੋਬਲ ਆਟੋ ਉਦਯੋਗ ਦੇ ਬਰਾਬਰ ਲੈ ਆਏ ਹਨ।  ਉਨ੍ਹਾਂ ਕਿਹਾ ਕਿ ਇਹ ਵਾਹਨ ਉਦਯੋਗ ਦੇ ਅਸਾਧਾਰਣ ਤਾਲਮੇਲ ਅਤੇ ਪ੍ਰਤੀਬੱਧਤਾ ਨਾਲ ਸੰਭਵ ਹੋਇਆ ਹੈ।  ਸ਼੍ਰੀ ਗਡਕਰੀ ਨੇ ਬੀਐੱਸ-VI ਦੇ ਮਾਪਦੰਡਾਂ ਨੂੰ ਜਲਦ ਅਪਣਾਉਣ ਲਈ ਆਟੋਮੋਬਾਈਲ ਉਦਯੋਗ ਦੀ ਸ਼ਲਾਘਾ ਕੀਤੀ।

 

ਸ਼੍ਰੀ ਗਡਕਰੀ ਨੇ ਦੱਸਿਆ ਕਿ ਸੜਕ ਨਿਰਮਾਣ ਦੀ ਮੌਜੂਦਾ ਦਰ ਇੱਕ ਦਿਨ ਵਿੱਚ ਔਸਤਨ 30 ਕਿਲੋਮੀਟਰ ਹੈ, ਜਦੋਂ ਕਿ ਰਾਜਮਾਰਗਾਂ ਦਾ ਸਭ ਤੋਂ ਵੱਧ 40 ਕਿਲੋਮੀਟਰ ਪ੍ਰਤੀ ਦਿਨ ਨਿਰਮਾਣ ਹੁੰਦਾ ਹੈ।  ਉਨ੍ਹਾਂ ਕਿਹਾ, ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ ਜੋ ਐਕਸਪ੍ਰੈੱਸਵੇ ਅਤੇ ਰਾਜਮਾਰਗਾਂ ਦੇ ਨਿਰਮਾਣ ਵਿੱਚ ਹੋਏ ਭਾਰੀ ਵਾਧੇ ਨਾਲ ਸੰਭਵ ਹੋਇਆ ਹੈ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਕੱਲੇ ਵਾਹਨਾਂ ਨੂੰ ਸੁਰੱਖਿਅਤ ਬਣਾਉਣ ਨਾਲ ਹੀ ਹਾਦਸਿਆਂ ਅਤੇ ਮੌਤਾਂ ਦੀ ਦਰ ਨੂੰ ਬਹੁਤ ਹੱਦ ਤੱਕ ਨਹੀਂ ਘਟਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਦੀ ਪੂਰਤੀ ਲਈ ਸੜਕਾਂ ਦੇ ਸਹੀ ਡਿਜ਼ਾਈਨ ਅਤੇ ਨਿਯਮਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਵਾਸਤੇ ਸਾਨੂੰ ਭਵਿੱਖ ਲਈ ਤਿਆਰ ਹੋਣਾ ਹੋਵੇਗਾ। ਉਨ੍ਹਾਂ ਕਿਹਾ, ਗਤੀਸ਼ੀਲਤਾ ਦਾ ਭਵਿੱਖ ਬੁਨਿਆਦੀ ਢਾਂਚੇ ਨਾਲ ਏਕੀਕਰਨ ਦੀ ਮੰਗ ਕਰਦਾ ਹੈ। ਇਸ ਅਨੁਸਾਰ, ਸਾਰੇ ਹਾਈਵੇ / ਐਕਸਪ੍ਰੈੱਸਵੇ ਨਿਸ਼ਚਿਤ ਸੜਕਾਂ ਅਤੇ ਲੇਨ ਦੀਆਂ ਨਿਸ਼ਾਨੀਆਂ ਨਾਲ ਬਣਾਏ ਜਾ ਰਹੇ ਹਨ, ਜੋ ਅਡਵਾਂਸਡ ਡਰਾਈਵਰ ਸਹਾਇਤਾ ਤਕਨੀਕਾਂ ਨੂੰ ਲਾਗੂ ਕਰਨ ਦੇ ਯੋਗ ਹਨ।

 

ਮੰਤਰੀ ਨੇ ਅੱਗੇ ਕਿਹਾ ਕਿ ਇਸ ਸਦੀ ਨੂੰ  ਡਿਜੀਟਲ ਅਤੇ ਇਸ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਦੇ ਪਾਸਾਰ ਦੁਆਰਾ  ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਈਆਂ ਹਨ। ਡਿਜੀਟਲਾਈਜ਼ੇਸ਼ਨ ਦੇ ਪ੍ਰਭਾਵਾਂ ਨੂੰ ਪਛਾਣਦਿਆਂ, ਮੋਟਰ ਵਾਹਨ ਸੋਧ ਐਕਟ 2019 ਨੇ ਟ੍ਰੈਫਿਕ ਸੁਰੱਖਿਆ ਅਤੇ ਨਿਯਮ ਲਾਗੂ ਕਰਨ ਲਈ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਹੈ। ਉਦਯੋਗ ਦੇ ਸਹਿਯੋਗ ਨਾਲ, ਫਾਸਟੈੱਗ ਰਾਹੀਂ ਇਲੈਕਟ੍ਰੌਨਿਕ ਟੋਲ ਇਕੱਤਰ ਕਰਨ ਨੂੰ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ। ਇਸ ਦੇ ਵਾਹਨ ਪੋਰਟਲ ਨਾਲ ਜੋੜ ਦਿਤੇ ਜਾਣ ਨਾਲ, ਫਾਸਟੈੱਗ ਟੋਲ ਕਰੌਸਿੰਗ ਨੂੰ ਨਿਰਵਿਘਨ ਅਤੇ ਸੁਖਾਲਾ ਬਣਾਇਆ ਜਾ ਸਕੇਗਾ।

 

ਉਨ੍ਹਾਂ ਕਿਹਾ, ਬੁਨਿਆਦੀ ਢਾਂਚੇ ਦੇ ਵਾਧੇ ਅਤੇ ਪਸਾਰ ਨੂੰ ਨਾ ਸਿਰਫ ਇਸ ਨਾਲ ਜੁੜੇ ਵਾਹਨਾਂ ਦੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ, ਬਲਕਿ ਇਲੈਕਟ੍ਰਿਕ ਅਤੇ ਵਿਕਲਪਿਕ ਬਾਲਣ ਵਾਹਨਾਂ ਨੂੰ ਵੀ ਧਿਆਨ ਵਿੱਚ ਰਖਿਆ ਜਾ ਰਿਹਾ ਹੈ।  ਉਨ੍ਹਾਂ ਵਿਕਲਪਕ ਬਾਲਣਾਂ ਦੀ ਵੱਧ ਵਰਤੋਂ ਦੀ ਅਪੀਲ ਕੀਤੀ। ਪੂਰੇ ਦੇਸ਼ ਵਿੱਚ ਏਥੇਨੋਲ ਬਾਲਣ ਦੀ ਇਕਸਾਰ ਉਪਲਬਧਤਾ ਨੂੰ ਯਕੀਨੀ ਬਣਾਉਣ ਵੱਲ ਵਧੇਰੇ ਧਿਆਨ ਦਿਤਾ ਜਾ ਰਿਹਾ ਹੈ।  ਜਿਉਂ ਜਿਉਂ ਇਨ੍ਹਾਂ ਵਾਹਨਾਂ ਦੀ ਆਮਦ ਵੱਧਦੀ ਜਾਏਗੀ, ਬੁਨਿਆਦੀ ਢਾਂਚੇ ਦੀ ਸਹਾਇਤਾ ਕਰਨ ਜਿਵੇਂ ਕਿ ਚਾਰਜਿੰਗ ਸਟੇਸ਼ਨਾਂ ਅਤੇ ਫਿਊਲਿੰਗ ਸਟੇਸ਼ਨਾਂ ਦੀ ਮੰਗ ਵਧੇਗੀ ਅਤੇ ਇਸ ਨੂੰ ਪੂਰਾ ਕਰਨਾ ਹੋਵੇਗਾ। ਉਨ੍ਹਾਂ ਕਿਹਾ, ਅਸੀਂ ਵੱਖ-ਵੱਖ ਬਾਲਣ ਵਿਕਲਪਾਂ ਅਤੇ ਸਹਿਯੋਗੀ ਢਾਂਚੇ ਦੀ ਪੜਾਅਵਾਰ ਪਰਿਭਾਸ਼ਾ ਨੂੰ ਪਰਿਭਾਸ਼ਿਤ ਕਰਦੇ ਹੋਏ ਏਕੀਕ੍ਰਿਤ ਬਾਲਣ ਰੋਡ-ਮੈਪ ਲਿਆਉਣ ਦੀ ਕੋਸ਼ਿਸ਼ ਕਰਾਂਗੇ।

 

                                    *******

 

 

 ਆਰਸੀਜੇ / ਐੱਮਐੱਸ



(Release ID: 1651418) Visitor Counter : 162