ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡ ਨੈੱਟਵਰਕ ਕਨੈਕਟੀਵਿਟੀ ਪ੍ਰੋਜੈਕਟਾਂ ਕਾਰਨ ਲਗਭਗ ਦੋ ਸਾਲ ਵਿੱਚ ਗੜ੍ਹਚਿਰੌਲੀ ਦਾ ਪੂਰਾ ਚਿਹਰਾ ਬਦਲ ਜਾਵੇਗਾ: ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ
ਕੇਂਦਰੀ ਮੰਤਰੀ ਨੇ 777 ਕਰੋੜ ਰੁਪਏ ਲਾਗਤ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
ਜਨਰਲ ਵੀ. ਕੇ. ਸਿੰਘ ਨੇ ਕਿਹਾ, ਇਨ੍ਹਾਂ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਵਜ੍ਹਾ ਨਾਲ ਅਤਿਵਾਦ ਵਿੱਚ ਕਮੀ ਆ ਰਹੀ ਹੈ
Posted On:
30 AUG 2020 2:55PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡਿਓ ਲਿੰਕ ਜ਼ਰੀਏ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਤਿੰਨ ਮਹੱਤਵਪੂਰਨ ਪੁਲ਼ਾਂ ਅਤੇ ਦੋ ਸੜਕ ਸੁਧਾਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਮੰਤਰੀ ਨੇ ਵੈਨਗੰਗਾ, ਬਾਂਡੀਆ, ਪਰਲਕੋਟਾ ਅਤੇ ਪੇਰਮਿਲੀ ਨਦੀਆਂ ’ਤੇ ਚਾਰ ਹੋਰ ਪ੍ਰਮੁੱਖ ਪੁਲ਼ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਿਆ। ਗੜ੍ਹਚਿਰੌਲੀ ਜ਼ਿਲ੍ਹੇ ਦੇ ਸਮਾਜਿਕ-ਆਰਥਿਕ ਵਿਕਾਸ ਲਈ ਗਤੀਸ਼ੀਲਤਾ ਵਿੱਚ ਸੁਧਾਰ ਲਿਆਉਣ ਲਈ ਇਨ੍ਹਾਂ ਪ੍ਰੋਜੈਕਟਾਂ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਹ ਇਸ ਪ੍ਰਕਾਰ ਹਨ:
• 168 ਕਰੋੜ ਰੁਪਏ ਦੀ ਲਾਗਤ ਨਾਲ ਨਿਜ਼ਾਮਬਾਦ-ਜਗਦਲਪੁਰ ਰੋਡ (ਐੱਨਐੱਚ 63) ’ਤੇ ਪ੍ਰਾਣਹਿਤਾ ਨਦੀ ’ਤੇ 855 ਮੀਟਰ ਦਾ ਪ੍ਰਮੁੱਖ ਪੁਲ਼
• 248 ਕਰੋੜ ਰੁਪਏ ਦੀ ਲਾਗਤ ਨਾਲ ਨਿਜ਼ਾਮਾਬਾਦ-ਜਗਦਲਪੁਰ ਰੋਡ (ਐੱਨਐੱਚ 63) ’ਤੇ ਪਾਤਾਗੁਡਮ ਕੋਲ ਇੰਦਰਾਵਤੀ ਨਦੀ ’ਤੇ 639 ਮੀਟਰ ਉੱਚਾ ਪੁਲ਼।
• ਬੇਜੁਰਪੱਲੀ-ਅਹੇਰੀ ਰੋਡ ’ਤੇ ਲੰਕਾਚੇਨ ਕੋਲ 30 ਮੀਟਰ ਉੱਚਾ ਪੁਲ਼।
• ਵਾਤਰਾ ਅਤੇ ਮੋਇਆਬੀਨਪੇਟਾ ਵਿਚਕਾਰ ਬੇਜੁਰਪਲੀ-ਅਹੇਰੀ ਰੋਡ (ਐੱਨਐੱਚ 275) ਦਾ ਸੁਧਾਰ।
• ਗਰੰਜੀ-ਪੁਸਟੋਲਾ ਰੋਡ ਦਾ ਸੁਧਾਰ
ਇਸ ਮੌਕੇ ’ਤੇ ਬੋਲਦੇ ਹੋਏ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰਮੁੱਖ ਪੁਲ਼ਾਂ ਦੇ ਨਿਰਮਾਣ ਨਾਲ ਮਹਾਰਾਸ਼ਟਰ-ਛੱਤੀਸਗੜ੍ਹ-ਤੇਲੰਗਾਨਾ ਵਿੱਚ ਰਾਸ਼ਟਰੀ ਰਾਜਮਾਰਗ ਸੰਪਰਕ ਹੁਣ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, ‘‘ਇਹ ਇੱਕ ਅਜਿਹਾ ਸੁਪਨਾ ਹੈ ਜੋ ਲਗਭਗ 25 ਸਾਲਾਂ ਦੇ ਬਾਅਦ ਸੱਚ ਹੋ ਗਿਆ ਹੈ, ਇਸ ਦੀ ਕਲਪਨਾ ਉਦੋਂ ਕੀਤੀ ਗਈ ਸੀ ਜਦੋਂ ਮੈਂ ਮਹਾਰਾਸ਼ਟਰ ਵਿੱਚ ਇੱਕ ਮੰਤਰੀ ਸੀ।’’

ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ ਦੀ ਕੁੱਲ ਲੰਬਾਈ 54 ਕਿਲੋਮੀਟਰ ਤੋਂ ਵਧ ਕੇ 647 ਕਿਲੋਮੀਟਰ ਹੋ ਗਈ ਹੈ। ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਗੜ੍ਹਚਿਰੌਲੀ ਜ਼ਿਲ੍ਹੇ ਲਈ 1,740 ਕਰੋੜ ਰੁਪਏ ਦੀ ਲਾਗਤ ਨਾਲ 541 ਕਿਲੋਮੀਟਰ ਲੰਬਾਈ ਦੇ 44 ਸੜਕ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ।

ਮੰਤਰੀ ਨੇ ਟਿੱਪਣੀ ਕੀਤੀ ਕਿ, ‘‘ਗੜ੍ਹਚਿਰੌਲੀ ਵਰਗੇ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਹਰ ਮੌਸਮ ਦਾ ਰੋਡ ਨੈੱਟਵਰਕ ਇਸ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸੁਧਾਰ ਕਰੇਗਾ ਅਤੇ ਅਗਾਮੀ ਦੋ ਸਾਲਾਂ ਵਿੱਚ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਸ਼ਾਨਦਾਰ ਤਬਦੀਲੀ ਦਿਖਾਈ ਦੇਵੇਗੀ।’’

ਮੰਤਰੀ ਨੇ ਨਕਸਲੀਆਂ ਦੇ ਡਰ ਦੇ ਬਾਵਜੂਦ ਗੜ੍ਹਚਿਰੌਲੀ ਵਿੱਚ ਪੁਲ਼ਾਂ ਦਾ ਨਿਰਮਾਣ ਪੂਰਾ ਕਰਨ ਵਾਲੇ ਇੰਜਨੀਅਰਾਂ ਅਤੇ ਠੇਕੇਦਾਰਾਂ ਦੀ ਤਹਿ ਦਿਲੋਂ ਤਾਰੀਫ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇੰਦਰਾਵਤੀ ਨਦੀ ’ਤੇ ਪੁਲ਼ ਦਾ ਨਿਰਮਾਣ ਬਹੁਤ ਹੀ ਮੁਸ਼ਕਿਲ ਅਤੇ ਯੁੱਧ ਵਰਗੀ ਸਥਿਤੀ ਵਿਚਕਾਰ ਪੂਰਾ ਹੋਇਆ ਸੀ। ਇਸ ਪੁਲ਼ ਦੇ ਨਿਰਮਾਣ ਵਿੱਚ ਮਦਦ ਲਈ ਉੱਥੇ ਇੱਕ ਪੁਲਿਸ ਸਟੇਸ਼ਨ ਸਥਾਪਿਤ ਕਰਨਾ ਪਿਆ ਸੀ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜ਼ਿਲ੍ਹੇ ਦੀ ਵੈਨਗੰਗਾ, ਬਾਂਡੀਆ, ਪਰਲਕੋਟਾ ਅਤੇ ਪੇਰਮਿਲੀ ਨਦੀਆਂ ’ਤੇ 4 ਪ੍ਰਮੁੱਖ ਪੁਲ਼ਾਂ ਦਾ ਵੀ ਨੀਂਹ ਪੱਥਰ ਰੱਖਿਆ। ਇਨ੍ਹਾਂ ਨਦੀਆਂ ਵਿੱਚ ਮੌਜੂਦਾ ਪੁਲ਼ ਬਹੁਤ ਤੰਗ ਹਨ ਅਤੇ ਅਕਸਰ ਮੌਨਸੂਨ ਦੌਰਾਨ ਜਲਮਗਨ ਹੋ ਜਾਂਦੇ ਹਨ। ਵੈਨਗੰਗਾ ਨਦੀ ’ਤੇ ਲਗਭਗ 825 ਮੀਟਰ ਦਾ ਪੁਲ਼ ਗੜ੍ਹਚਿਰੌਲੀ ਅਤੇ ਚੰਦਰਪੁਰ ਜ਼ਿਲ੍ਹੇ ਵਿਚਕਾਰ ਸੰਪਰਕ ਵਿੱਚ ਸੁਧਾਰ ਕਰੇਗਾ। ਮੰਤਰੀ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪ੍ਰਮੁੱਖ ਪੁਲ਼ਾਂ ਦੇ ਨਿਰਮਾਣ ਕਾਰਜਾਂ ਦੌਰਾਨ ਬਚੇ ਹੋਏ 50 ਕਰੋੜ ਰੁਪਏ ਦੀ ਰਾਸ਼ੀ ਦਾ ਉਪਯੋਗ 14 ਛੋਟੇ ਪੁਲ਼ਾਂ ਦਾ ਨਿਰਮਾਣ ਕਰਨ ਲਈ ਕੀਤਾ ਜਾਵੇ ਅਤੇ ਗੜ੍ਹਚਿਰੌਲੀ ਜ਼ਿਲ੍ਹਿਆਂ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਨਿਰਵਿਘਨ ਆਵਾਜਾਈ ਯਕੀਨੀ ਕੀਤੀ ਜਾਵੇ।
ਸ਼੍ਰੀ ਗਡਕਰੀ ਨੇ ਇਸ ਸਾਲ ਅਲਾਪੱਲੀ-ਬਾਮਰਾਗੜ੍ਹ ਵਿਚਕਾਰ 35 ਕਿਲੋਮੀਟਰ ਸੜਕ ਵਿਕਾਸ ਦੀ ਪ੍ਰਵਾਨਗੀ ਦੇਣ ਦਾ ਵਾਅਦਾ ਕੀਤਾ ਅਤੇ ਬਾਕੀ 65 ਕਿਲੋਮੀਟਰ ਨੂੰ ਅਗਲੇ ਵਿੱਤੀ ਸਾਲ ਵਿੱਚ। ਮੰਤਰੀ ਨੇ ਬਰਾਡ ਗੇਜ ਮੈਟਰੋ ਕਨੈਕਟੀਵਿਟੀ ਯੋਜਨਾ ਤਹਿਤ ਦੇਸਾਈਗੰਜ-ਬ੍ਰਹਮਾਪੁਰੀ ਨੂੰ ਨਾਗਪੁਰ ਨਾਲ ਜੋੜਨ ਲਈ ਰਾਜ ਸਰਕਾਰ ਦੀ ਆਗਿਆ ਵੀ ਮੰਗੀ, ਜਿਸ ਨਾਲ ਯਾਤਰਾ ਦਾ ਸਮਾਂ ਮੌਜੂਦਾ ਢਾਈ ਘੰਟੇ ਤੋਂ ਘੱਟ ਹੋ ਕੇ 75 ਮਿੰਟ ਰਹਿ ਜਾਵੇਗਾ।
ਐੱਮਐੱਸਐੱਮਈ ਮੰਤਰੀ ਦੇ ਤੌਰ ’ਤੇ ਪਿਛੜੇ ਖੇਤਰਾਂ ਦੇ ਵਿਕਾਸ ਲਈ ਆਪਣੇ ਨਜ਼ਰੀਏ ਬਾਰੇ ਬੋਲਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਇੱਥੇ ਬਾਂਸ ਕਾਫ਼ੀ ਮਾਤਰਾ ਵਿੱਚ ਉਪਲੱਬਧ ਹੈ, ਅਜਿਹੇ ਵਿੱਚ ਗੜ੍ਹਚਿਰੌਲੀ ਅਗਰਬੱਤੀ ਨਿਰਮਾਣ ਦਾ ਕੇਂਦਰ ਬਣ ਸਕਦਾ ਹੈ ਜਿਸਦਾ ਆਯਾਤ ਹੁਣ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ 100 ਇਕਾਈਆਂ ਸਥਾਪਿਤ ਕਰਨ ਦੀ ਗੁੰਜਾਇਸ਼ ਹੈ ਜਿਸ ਨਾਲ ਸਥਾਨਕ ਲੋਕਾਂ ਨੂੰ ਰੋਜਗਾਰ ਮਿਲੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਉਹ ਜੈਵ ਈਂਧਣ ਵਿਕਾਸ ਪ੍ਰੋਗਰਾਮ ਤਹਿਤ ਗੜ੍ਹਚਿਰੌਲੀ ਵਿੱਚ ਚਾਵਲ ਤੋਂ ਇਥੇਨੌਲ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ‘‘ਇਸ ਨਾਲ ਚਾਵਲ ਉਤਪਾਦਕਾਂ ਨੂੰ ਜ਼ਿਆਦਾ ਮੁੱਲ ਪ੍ਰਦਾਨ ਹੋਵੇਗਾ ਅਤੇ ਰੋਜਗਾਰ ਵੀ ਪੈਦਾ ਹੋਵੇਗਾ।’’ ਸ਼੍ਰੀ ਗਡਕਰੀ ਨੇ ਰਾਜ ਦੇ ਲੋਕ ਨਿਰਮਾਣ ਕਾਰਜ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਨੂੰ ਗੜ੍ਹਚਿਰੌਲੀ ਵਿੱਚ 10,000 ਨੌਜਵਾਨਾਂ ਨੂੰ ਰੋਜਗਾਰ ਦੇਣ ਦੇ ਟੀਚੇ ਨਾਲ ਰੋਜਗਾਰ ਸਿਰਜਣਾ ਦੇ ਵਿਭਿੰਨ ਮਾਰਗ ਤਲਾਸ਼ਣ ਦੀ ਬੇਨਤੀ ਕੀਤੀ।
ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ ਨੇ ਇਸ ਖੇਤਰ ਵਿੱਚ ਵਿਕਾਸ ਸੜਕ ਪ੍ਰੋਜੈਕਟਾਂ ਦੇ ਪੂਰਾ ਹੋਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਐੱਲਡਬਲਿਊਈ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਮਾਮਲੇ ਵਿੱਚ ਇਹ ਕਦਮ ਲੰਬੀ ਦੂਰੀ ਤੈਅ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੁਨਿਆਦੀ ਢਾਂਚਾ ਪ੍ਰੋਜੈਕਟ ਆ ਰਹੇ ਹਨ, ਉਸ ਨਾਲ ਅਤਿਵਾਦ ਲਗਾਤਾਰ ਹੇਠ ਆ ਰਿਹਾ ਹੈ।
ਮਹਾਰਾਸ਼ਟਰੀ ਦੇ ਪੀਡਬਲਿਊਡੀ ਮੰਤਰੀ ਸ਼੍ਰੀ ਅਸ਼ੋਕ ਚਹਵਾਣ (Ashok Chavan) ਨੇ ਕਿਹਾ ਕਿ ਗੜ੍ਹਚਿਰੌਲੀ ਵਿੱਚ ਸੜਕ ਵਿਕਾਸ ਨਾਲ ਉਦਯੋਗਿਕ ਵਿਕਾਸ, ਰੋਜਗਾਰ ਸਿਰਜਣ ਅਤੇ ਲੋਕਾਂ ਦੇ ਜੀਵਨ ਪੱਧਰ ਦੇ ਉਥਾਨ ਵਿੱਚ ਮਦਦ ਮਿਲੇਗੀ। ਇਸਦੇ ਇਲਾਵਾ ਕਾਨੂੰਨ ਅਤੇ ਵਿਵਸਥਾ ਦੀ ਸਾਂਭ ਸੰਭਾਲ਼ ਵਿੱਚ ਵੀ ਮਦਦ ਮਿਲੇਗੀ। ਗੜ੍ਹਚਿਰੌਲੀ-ਚਿਮੂਰ ਲੋਕ ਸਭਾ ਚੋਣ ਹਲਕੇ ਦੇ ਸੰਸਦ ਮੈਂਬਰ ਸ਼੍ਰੀ ਅਸ਼ੋਕ ਨੇਤੇ, ਹੋਰ ਲੋਕ ਪ੍ਰਤੀਨਿਧੀ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ ਇਸ ਮੌਕੇ ’ਤੇ ਮੌਜੂਦ ਸਨ।
ਵੈਨਗੰਗਾ ਪੁਲ਼ ਪ੍ਰੋਜੈਕਟ
ਗੜ੍ਹਚਿਰੌਲੀ ਅਤੇ ਚੰਦਰਪੁਰ ਜ਼ਿਲ੍ਹਿਆਂ ਨੂੰ ਵੰਡਣ ਵਾਲੀ ਵੈਨਗੰਗਾ, ਮਹਾਰਾਸ਼ਟਰ ਰਾਜ ਦੀਆਂ ਮਹੱਤਵਪੂਰਨ ਨਦੀਆਂ ਵਿੱਚੋਂ ਇੱਕ ਹੈ। ਵੈਨਗੰਗਾ ’ਤੇ ਸਥਿਤ ਪੁਲ਼ ਦੀ ਮੌਜੂਦਾ ਸਥਿਤੀ ਕਾਰਨ ਯਾਤਰੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਲਾਰਪੁਰ, ਕੋਠਾਰੀ, ਗੋਂਡਾਪਿੰਪਰੀ ਅਤੇ ਆਸ਼ਟੀ ਵਰਗੇ ਆਦਿਵਾਸੀ ਬਹੁਤਾਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੋਜਗਾਰ ਦੇ ਮੌਕਿਆਂ, ਖੇਤੀਬਾੜੀ ਉਤਪਾਦਾਂ ਦੇ ਆਯਾਤ ਅਤੇ ਨਿਰਯਾਤ, ਬਜ਼ਾਰ ਤੱਕ ਪਹੁੰਚ, ਮੈਡੀਕਲ ਸੁਵਿਧਾਵਾਂ ਅਤੇ ਆਵਾਜਾਈ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਖਤਮ ਕਰਨ ਲਈ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਸ਼ਟਰੀ ਰਾਜਮਾਰਗ 353 ਬੀ ਨਾਲ ਵੈਨਗੰਗਾ ਨਦੀ ’ਤੇ 99 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਪੁਲ਼ ਬਣਾਉਣ ਦੀ ਇੱਕ ਖਹਾਇਸ਼ੀ ਯੋਜਨਾ ਦਾ ਪ੍ਰਸਤਾਵ ਦਿੱਤਾ ਹੈ ਜਿਸ ਨੂੰ ਐੱਨਐੱਚਆਈ ਅਤੇ ਪੀਡਬਲਿਊਡੀ ਵੱਲੋਂ ਪੂਰਾ ਕੀਤਾ ਜਾਣਾ ਹੈ। ਇਹ ਪ੍ਰਸਤਾਵਿਤ ਪੁਲ਼ ਗੜ੍ਹਚਿਰੌਲੀ ਅਤੇ ਚੰਦਰਪੁਰ ਜ਼ਿਲ੍ਹਿਆਂ ਦੇ ਛੋਟੇ ਪਿੰਡਾਂ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ।
****
(Release ID: 1649929)
Visitor Counter : 196