ਰੇਲ ਮੰਤਰਾਲਾ

ਭਾਰਤੀ ਰੇਲਵੇਜ਼ ਨੇ 10 ਬ੍ਰੌਡ ਗੇਜ ਰੇਲ–ਇੰਜਣ ਬੰਗਲਾਦੇਸ਼ ਨੂੰ ਸੌਂਪੇ
ਇਹ ਇੰਜਣ ਬੰਗਲਾਦੇਸ਼ ਵਿੱਚ ਯਾਤਰੀਆਂ ਦੀ ਵਧ ਰਹੀ ਗਿਣਤੀ ਨਾਲ ਨਿਪਟਣ ਤੇ ਮਾਲ–ਗੱਡੀਆਂ ਦੇ ਸੰਚਾਲਨ ਵਿੱਚ ਮਦਦ ਕਰਨਗੇ

ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਨੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਆਪਸੀ ਵਿਸ਼ਵਾਸ ਤੇ ਸਤਿਕਾਰ ਉੱਤੇ ਆਧਾਰਤ ਸਬੰਧਾਂ ਦੀ ਸਮੇਂ ਨਾਲ ਪਰਖੀ ਡੂੰਘਾਈ ਨੂੰ ਉਜਾਗਰ ਕੀਤਾ

ਰੇਲਵੇਜ਼ ਅਤੇ ਵਣਜ ਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਬੰਗਲਾਦੇਸ਼ ਦੇ ਰੇਲ ਨੈੱਟਵਰਕ ਦੇ ਵਿਕਾਸ ਵਿੱਚ ਬੰਗਲਾਦੇਸ਼ ਦੀ ਮੁਕੰਮਲ, ਭਰਪੂਰ ਤੇ ਅਸੀਮਤ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ

Posted On: 27 JUL 2020 4:21PM by PIB Chandigarh

ਵਿਦੇਸ਼ ਮੰਤਰੀ, ਡਾ. ਐੱਸ. ਜੈਸ਼ੰਕਰ ਅਤੇ ਰੇਲ ਮੰਤਰੀ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ 10 ਬ੍ਰੌਡ ਗੇਜ ਰੇਲ–ਇੰਜਣਾਂ ਨੂੰ ਵਰਚੁਅਲ ਝੰਡੀ ਵਿਖਾ ਕੇ ਬੰਗਲਾਦੇਸ਼ ਨੂੰ ਰਵਾਨਾ ਕਰਨ ਦੀ ਰਸਮ ਨਿਭਾਈ । ਇਸ ਸਮਾਰੋਹ ਵਿੱਚ ਰੇਲ ਰਾਜ ਮੰਤਰੀ, ਸ਼੍ਰੀ ਸੁਰੇਸ਼ ਸੀ. ਅੰਗੜੀ (Suresh C. Angadi) ਵੀ ਮੌਜੂਦ ਸਨ। ਬੰਗਲਾਦੇਸ਼ ਵਾਲੇ ਪਾਸੇ, ਰੇਲ ਮੰਤਰੀ ਮੁਹੰਮਦ ਨੂਰੁਲ ਇਸਲਾਮ ਸੁਜਨ (Md. Nurul Islam Sujan) ਅਤੇ ਵਿਦੇਸ਼ ਮੰਤਰੀ ਡਾ. ਅਬੁਲ ਕਲਾਮ ਮੋਮਿਨ (Dr Abul Kalam Abdul Momen) ਨੇ ਬੰਗਲਾਦੇਸ਼ ਸਰਕਾਰ ਦੀ ਤਰਫ਼ੋਂ ਇਹ ਇੰਜਣ ਹਾਸਲ ਕੀਤੇ।

ਭਾਰਤ ਸਰਕਾਰ ਵੱਲੋਂ ਅਨੁਦਾਨ ਸਹਾਇਤਾ ਅਧੀਨ ਸੌਂਪੇ ਗਏ ਇਹ ਰੇਲ–ਇੰਜਣ ਅਕਤੂਬਰ 2019 ’ਚ ਬੰਗਲਾਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਭਾਰਤ ਦੌਰੇ ਦੌਰਾਨ ਕੀਤੀ ਗਈ ਵਚਨਬੱਧਤਾ ਦੀ ਪੂਰਤੀ ਕਰਦੇ ਹਨ । ਬੰਗਲਾਦੇਸ਼ ਰੇਲਵੇ ਦੀਆਂ ਲੋੜਾਂ ਦਾ ਖ਼ਿਆਲ ਰੱਖਦਿਆਂ ਇਨ੍ਹਾਂ ਰੇਲ–ਇੰਜਣਾਂ ਨੂੰ ਭਾਰਤ ਵਿੱਚ ਹੀ ਵਾਜਬ ਤਰੀਕੇ ਨਾਲ ਸੋਧਿਆ ਗਿਆ ਹੈ। ਇਹ ਰੇਲ–ਇੰਜਣ ਯਾਤਰੀਆਂ ਦੀ ਗਿਣਤੀ ਵਿੱਚ ਨਿਰੰਤਰ ਹੋ ਰਹੇ ਵਾਧੇ ਨਾਲ ਨਿਪਟਣ ਅਤੇ ਬੰਗਲਾਦੇਸ਼ ਵਿੱਚ ਮਾਲ–ਗੱਡੀਆਂ ਦੇ ਸੰਚਾਲਨ ਵਿੱਚ ਮਦਦ ਕਰਨਗੇ।

ਇਸ ਮੌਕੇ ਬੋਲਦਿਆਂ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ,‘ਮੈਂ ਬੰਗਲਾਦੇਸ਼ ਨੂੰ 10 ਰੇਲ–ਇੰਜਣ ਸੌਂਪਣ ਦੀ ਰਸਮ ਵਿੱਚ ਸ਼ਾਮਲ ਹੋ ਕੇ ਪ੍ਰਸੰਨ ਹਾਂ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਪਾਰਸਲ ਤੇ ਕੰਟੇਨਰ ਰੇਲ–ਗੱਡੀਆਂ ਚੱਲ ਪਈਆਂ ਹਨ। ਇਸ ਨਾਲ ਸਾਡੇ ਕਾਰੋਬਾਰਾਂ ਲਈ ਨਵੇਂ ਮੌਕੇ ਖੁੱਲ੍ਹਣਗੇ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਰੇਲਾਂ ਦੀ ਆਵਾਜਾਈ ਜ਼ਰੀਏ ਕਾਰੋਬਾਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਕੋਵਿਡ–19 ਮਹਾਮਾਰੀ ਦੌਰਾਨ, ਖਾਸ ਕਰਕੇ ਰਮਜ਼ਾਨ ਦੇ ਮਹੀਨੇ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਗਈ ਸੀ।’ ਉਨ੍ਹਾਂ ਆਪਸੀ ਵਿਸ਼ਵਾਸ ਤੇ ਸਤਿਕਾਰ ਦੇ ਆਧਾਰ ਉੱਤੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸਮੇਂ ਨਾਲ ਪਰਖੇ ਸਬੰਧਾਂ ਦੀ ਡੂੰਘਾਈ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਕੋਵਿਡ ਮਹਾਮਾਰੀ ਨੇ ਦੁਵੱਲੇ ਸਹਿਯੋਗ ਦੀ ਰਫ਼ਤਾਰ ਨੂੰ ਘਟਾਇਆ ਨਹੀਂ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਵੇਲੇ ਚੱਲ ਰਹੇ ਇਤਿਹਾਸਕ ‘ਮੁਜੀਬ ਬਰਸ਼ੋ’ (Mujib Barsho) ਜਿਹੇ ਹੋਰ ਮੀਲ–ਪੱਥਰ ਸਥਾਪਤ ਕੀਤੇ ਜਾਦਗੇ।

ਇਸ ਮੌਕੇ ਬੋਲਦਿਆਂ ਰੇਲ ਅਤੇ ਵਣਜ ਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਕਿਹਾ,‘ਬੰਗਲਾਦੇਸ਼ ਰੇਲਵੇਜ਼ ਦੀ ਵਰਤੋਂ ਲਈ 10 ਬ੍ਰੌਡ ਗੇਜ ਰੇਲ–ਇੰਜਣ ਸੌਂਪਦਿਆਂ ਮੈਨੂੰ ਅਥਾਹ ਖ਼ੁਸ਼ੀ ਹੋ ਰਹੀ ਹੈ। ਇਹ ਰੇਲ–ਇੰਜਣ ਭਾਰਤ ਤੇ ਬੰਗਲਾਦੇਸ਼ ਵਿਚਾਲੇ ਚੱਲ ਰਹੀਆਂ ਮਾਲ–ਗੱਡੀਆਂ ਦੇ ਸੰਚਾਲਨ ਵਿੱਚ ਲਾਹੇਵੰਦ ਰਹਿਣਗੇ। ਬੰਗਲਾਦੇਸ਼ ਵਿੱਚ ਇਨ੍ਹਾਂ ਰੇਲ–ਇੰਜਣਾਂ ਦੀ ਵਰਤੋਂਯੋਗਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਸੋਧਿਆ ਗਿਆ ਹੈ। ਅਸੀਂ ਵਿਕਾਸ ਤੇ ਪ੍ਰਗਤੀ ਹਾਸਲ ਕਰਨ ਲਈ ਆਪਣੀਆਂ ਸਬੰਧਤ ਕੋਸ਼ਿਸ਼ਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਭਾਰਤ ਅਤੇ ਬੰਗਲਾਦੇਸ਼ ਪਿਛਲੇ ਕੁਝ ਸਾਲਾਂ ਦੌਰਾਨ ਕਾਫ਼ੀ ਅੱਗੇ ਵਧੇ ਹਨ। ਅੱਜ ਸਾਡੇ ਦੁਵੱਲੇ ਸਬੰਧ ਬੇਹੱਦ ਸਰਬੋਤਮ ਹਨ। ਸਾਡੀ ਗੁਆਂਢੀ ਦੇਸ਼ਾਂ ਲਈ ਨੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੂਰ–ਦ੍ਰਿਸ਼ਟੀ ਉੱਤੇ ਆਧਾਰਤ ਹੈ। ਭਾਰਤ ਤੇ ਬੰਗਲਾਦੇਸ਼ ਦੀਆਂ ਲੀਡਰਸ਼ਿਪਸ ਦੋਵੇਂ ਦੇਸ਼ਾਂ ਵਿਚਾਲੇ 1965 ਤੋਂ ਪਹਿਲਾਂ ਦੇ ਰੇਲਵੇ ਕੁਨੈਕਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਤੀਬੱਧ ਹਨ। ਉਦੋਂ ਮੌਜੂਦ 7 ਰੇਲ ਲਿੰਕਸ ਵਿੱਚੋਂ ਹੁਣ 4 ਚੱਲ ਰਹੇ ਹਨ। ਇਸ ਖੇਤਰ ਵਿੱਚ ਰੇਲ ਕੁਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਵਿੱਚ ਅਗਰਤਲਾ ਅਤੇ ਬੰਗਲਾਦੇਸ਼ ਵਿੱਚ ਅਖੌਰਾ ਵਿਚਾਲੇ ਨਵੇਂ ਰੇਲ ਲਿੰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਭਾਰਤ ਦੀ ਅਨੁਦਾਨ ਸਹਾਇਤਾ ਅਧੀਨ ਵਿੱਤ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੋਵਿਡ–19 ਦੌਰਾਨ, ਦੋਵੇਂ ਰੇਲਵੇਜ਼ ਨੇ ਇਸ ਸੰਕਟ ਨਾਲ ਨਿਪਟਣ ਲਈ ਬੇਮਿਸਾਲ ਦੂਰ–ਦ੍ਰਿਸ਼ਟੀ ਵਿਖਾਈ ਹੈ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਵਿੱਚ ਵਾਧਾ ਕਰ ਕੇ ਸਪਲਾਈ–ਲੜੀ ਨੂੰ ਕਾਇਮ ਰੱਖਿਆ ਹੈ। ਪਾਰਸਲ ਰੇਲ ਤੇ ਕੰਟੇਨਰ ਰੇਲ ਸੇਵਾਵਾਂ ਦੀ ਸ਼ੁਰੂਆਤ ਬਰਾਸਤਾ ਬੰਗਲਾਦੇਸ਼ ਦੇ ਬੇਨਾਪੋਲ ਤੋਂ ਕੀਤੀ ਗਈ ਹੈ। ਇਹ ਦੋਵੇਂ ਸੇਵਾਵਾਂ ਪਹਿਲਾਂ ਹੀ ਜੁਲਾਈ ਦੇ ਮਹੀਨੇ ਸ਼ੁਰੂ ਹੋ ਚੁੱਕੀਆਂ ਹਨ। ਇਸ ਨਾਲ ਦੋਵੇਂ ਪਾਸਿਆਂ ਤੋਂ ਵੱਡੀ ਗਿਣਤੀ ਵਿੱਚ ਉਤਪਾਦਾਂ ਦੀ ਆਵਾਜਾਈ ਯੋਗ ਹੋਈ ਹੈ। ਰੇਲਵੇਜ਼ ਨੇ ਯਕੀਨੀ ਬਣਾਇਆ ਹੈ ਕਿ ਦੋਵੇਂ ਦੇਸ਼ ਬਿਨਾ ਕਿਸੇ ਰੁਕਾਵਟ ਤੇ ਸਿਹਤ ਖ਼ਤਰੇ ਦੇ ਦੁਵੱਲਾ ਵਪਾਰ ਜਾਰੀ ਰੱਖ ਸਕਦੇ ਹਨ। ਦੋਵੇਂ ਰੇਲਵੇਜ਼ ਲੋਕਾਂ ਲਈ ਇੱਕ ਬਿਹਤਰ ਭਵਿੱਖ ਯਕੀਨੀ ਬਣਾ ਰਹੇ ਹਨ।’ ਭਾਰਤੀ ਰੇਲਵੇਜ਼ ਦੀ ਤਰਫ਼ੋਂ ਆਪਣੇ ਸੰਬੋਧਨ ਦੌਰਾਨ ਸ਼੍ਰੀ ਪੀਯੂਸ਼ ਗੋਇਲ ਨੇ ਬੰਗਲਾਦੇਸ਼ ਦੇ ਰੇਲ ਨੈੱਟਵਰਕ ਵਿੱਚ ਮੁਕੰਮਲ, ਵੱਡੀ ਮਾਤਰਾ ਵਿੱਚ ਅਤੇ ਅਸੀਮਤ ਸਹਿਯੋਗ ਦੀ ਪ੍ਰਤੀਬੱਧਤਾ ਵੀ ਪ੍ਰਗਟਾਈ। ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਅਤੇ ਕੁਨੈਕਟੀਵਿਟੀ ਵਧਾਉਣ ਲਈ ਅਤੇ ਆਰਥਿਕ ਭਾਈਵਾਲੀ ਵਧਾਉਣ ’ਚ ਰੇਲਵੇ ਸਹਿਯੋਗ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

ਪਿਛਲੇ ਕੁਝ ਸਮੇਂ ਦੌਰਾਨ, ਭਾਰਤ ਤੇ ਬੰਗਲਾਦੇਸ਼ ਨੇ ਕੋਵਿਡ–19 ਮਹਾਮਾਰੀ ਦਾ ਅਸਰ ਘਟਾਉਣ ਲਈ ਆਪਣਾ ਰੇਲ ਸਹਿਯੋਗ ਵਧਾਇਆ ਹੈ ਕਿਉਕਿ ਜ਼ਮੀਨੀ ਸਰਹੱਦ ਰਾਹੀਂ ਹੋਣ ਵਾਲੇ ਕਾਰੋਬਾਰ ਵਿੱਚ ਕੁਝ ਅੜਿੱਕੇ ਪੈ ਰਹੇ ਸਨ। ਇੱਕ ਸਸਤੇ ਤੇ ਵਾਤਾਵਰਣ–ਪੱਖੀ ਹੱਲ ਵਜੋਂ ਰੇਲ ਨੇ ਸਰਹੱਦ ਪਾਰ ਜ਼ਰੂਰੀ ਵਸਤਾਂ ਦੀ ਆਵਾਜਾਈ ਵਿੱਚ ਮਦਦ ਕੀਤੀ ਹੈ। ਦੋਵੇਂ ਧਿਰਾਂ ਨੇ ਜੂਨ ਮਹੀਨੇ ਦੌਰਾਨ ਮਾਲ ਗੱਡੀਆਂ ਦਾ ਸਭ ਤੋਂ ਵੱਧ ਆਦਾਨ–ਪ੍ਰਦਾਨ ਵੇਖਿਆ। ਜ਼ਰੂਰੀ ਵਸਤਾਂ ਤੇ ਕੱਚਾ ਮਾਲ ਲਿਜਾਣ ਲਈ ਕੁੱਲ 103 ਮਾਲ ਗੱਡੀਆਂ ਦਾ ਉਪਯੋਗ ਕੀਤਾ ਗਿਆ ਸੀ।

ਪਿੱਛੇ ਜਿਹੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਪਾਰਸਲ ਅਤੇ ਕੰਟੇਨਰ ਰੇਲ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਸ ਨਾਲ ਦੁਵੱਲੇ ਵਪਾਰ ਵਿੱਚ ਵਰਨਣਯੋਗ ਵਾਧਾ ਹੋਣ ਦੀ ਸੰਭਾਵਨਾ ਹੈ।

***

ਡੀਜੇਐੱਨ/ਐੱਮਕੇਵੀ(Release ID: 1641709) Visitor Counter : 6