ਸੱਭਿਆਚਾਰ ਮੰਤਰਾਲਾ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਰੀਜਨਲ ਦਫ਼ਤਰ, ਚੰਡੀਗੜ੍ਹ ਨੇ ਏਕ ਭਾਰਤ ਸ਼੍ਰੇਸ਼ਠ ਭਾਰਤ ਬਾਰੇ ਵੈਬੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਜੋੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਕੇਰਲ ਦੇ ਸਮ੍ਰਿੱਧ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ

Posted On: 30 JUN 2020 7:43PM by PIB Chandigarh

ਭਾਰਤ ਸਰਕਾਰ ਦੀ ਵਿਲੱਖਣ ਪਹਿਲ ਏਕ ਭਾਰਤ, ਸ਼੍ਰੇਸ਼ਠ ਭਾਰਤ ਦਾ ਉਦੇਸ਼ ਦੂਰਦੁਰਾਡੇ ਦੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਅਜੋਕੇ ਸਮਿਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਪੁਨਰਜਾਗ੍ਰਿਤ ਕਰਨਾ ਹੈ। ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਵੱਲੋਂ ਆਯੋਜਿਤ ਏਕ ਭਾਰਤ, ਸ਼੍ਰੇਸ਼ਠ ਭਾਰਤ ਵਿਸ਼ੇ ਉੱਤੇ ਇੱਕ ਵੈਬੀਨਾਰ ਦੌਰਾਨ ਸਾਰੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਦੇਵਪ੍ਰੀਤ ਸਿੰਘ, ਐਡੀਸ਼ਨਲ ਡਾਇਰੈਕਟਰ ਜਨਰਲ (ਉੱਤਰੀ ਜ਼ੋਨ), ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਵਿਭਿੰਨਤਾਭਰਪੂਰ ਵਿਸ਼ਾਲ ਸਮਾਜਕ ਚਿੱਤਰਮਾਲਾ ਚ ਵੀ ਭਾਰਤ ਪੂਰੇ ਦੇਸ਼ ਵਿੱਚ ਮੌਜੂਦ ਇੱਕ ਅਜਿਹੇ ਧਾਗੇ ਨਾਲ ਆਪਸ ਚ ਇੰਨੀ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ ਕਿ ਜਿਸ ਨਾਲ ਇੱਕ ਸੰਗਠਿਤ ਰਾਸ਼ਟਰੀ ਪਹਿਚਾਣ ਬਣਦੀ ਹੈ।

 

ਏਕ ਭਾਰਤ, ਸ਼੍ਰੇਸ਼ਠ ਭਾਰਤ (ਈਬੀਐੱਸਬੀ) ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ, ਜਿਸ ਦੌਰਾਨ ਵਿਭਿੰਨ ਰਾਜਾਂ ਦੇ ਲੋਕਾਂ ਵਿਚਾਲੇ ਪਰਸਪਰ ਗੱਲਬਾਤ ਤੇ ਆਪਸੀ ਆਦਾਨਪ੍ਰਦਾਨ ਰਾਹੀਂ ਭਾਰਤ ਦੇ ਵਿਚਾਰ ਅਤੇ ਉਸ ਦੀ ਸੱਭਿਆਚਾਰਕ ਵਿਭਿੰਨਤਾ ਦੇ ਜਸ਼ਨ ਮਨਾਏ ਜਾਂਦੇ ਹਨ। ਇਸ ਪਹਿਲ ਦੇ ਹਿੱਸੇ ਵਜੋਂ, ‘ਏਕ ਭਾਰਤ, ਸ਼੍ਰੇਸ਼ਠ ਭਾਰਤ ਪਹਿਲ ਤਹਿਤ ਦੋ ਜੋੜੇ ਰਾਜਾਂ ਹਿਮਾਚਲ ਪ੍ਰਦੇਸ਼ ਤੇ ਕੇਰਲ ਦੇ ਸਮ੍ਰਿੱਧ ਸੱਭਿਆਚਾਰ ਤੇ ਵਿਰਾਸਤ ਸਾਂਝੀ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਉਦੇਸ਼ ਨਾਲ ਇੱਕ ਵੈਬੀਨਾਰ ਅੱਜ ਆਯੋਜਿਤ ਕੀਤਾ ਗਿਆ ਸੀ।

 

ਹਿਮਾਚਲ ਪ੍ਰਦੇਸ਼ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮਾਹਿਰ ਕਮੇਟੀ ਦੇ ਮੈਂਬਰ ਸੁਸ਼੍ਰੀ ਸ਼ੈਲਜਾ ਖੰਨਾ, ਜੋ ਵਿਸ਼ੇ ਦੇ ਮਾਹਿਰਾਂ ਵਿੱਚੋਂ ਇੱਕ ਸਨ, ਨੇ ਸੈਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਦੇ ਲੋਕਸੰਗੀਤ ਦੇ ਸਮ੍ਰਿੱਧ ਇਤਿਹਾਸ, ਇਸ ਨਾਲ ਜੁੜੇ ਸੰਗੀਤਕ ਯੰਤਰਾਂ ਤੇ ਉਨ੍ਹਾਂ ਦੀ ਵਿਲੱਖਣਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਸਾਦੇ, ਖ਼ੁਸ਼ਨੁਮਾ ਅਤੇ ਸੰਗੀਤਮਈ ਨਾਤੀ ਨ੍ਰਿਤ ਦੀ ਗੱਲ ਕਰਦਿਆਂ ਕਿਹਾ ਕਿ ਇਸ ਰਾਜ ਦੀ ਕੁਦਰਤੀ ਸੁੰਦਰਤਾ ਨੇ ਕਲਾ, ਕਾਰੀਗਰੀ, ਸੰਗੀਤ ਤੇ ਨ੍ਰਿਤ ਨੁੰ ਪ੍ਰੇਰਿਤ ਕੀਤਾ।

 

ਹਿਮਾਚਲ ਪ੍ਰਦੇਸ਼ ਸਰਕਾਰ ਦੇ ਸਾਬਕਾ ਸਕੱਤਰ, ਭਾਸ਼ਾ ਕਲਾ ਤੇ ਸੱਭਿਆਚਾਰ ਡਾ. ਪੂਰਣਿਮਾ ਚੌਹਾਨ ਨੇ ਦੋਵੇਂ ਰਾਜਾਂ ਦੀਆਂ ਸਾਂਝੀਆਂ ਗੱਲਾਂ ਉੱਤੇ ਜ਼ੋਰ ਦਿੱਤਾ।  ਉਨ੍ਹਾਂ ਕਿਹਾ ਕਿ ਦੋਵੇਂ ਰਾਜਾਂ ਵਿੱਚ ਅੰਤਾਂ ਦੀ ਕੁਦਰਤੀ ਸੁੰਦਰਤਾ ਹੈ ਤੇ ਇਹ ਦੋਵੇਂ ਭਾਰਤੀ ਉੱਪਮਹਾਂਦੀਪ ਦੇ ਦੋ ਸਿਰਿਆਂ ਉੱਤੇ ਸਥਿਤ ਹਨ ਅਤੇ ਇਨ੍ਹਾਂ ਰਾਜਾਂ ਨੇ ਮਾਨਵ ਵਿਕਾਸ ਦੇ ਸੂਚਕਾਂ ਉੱਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਵਿਭਿੰਨ ਸੱਭਿਆਚਾਰਕ ਪੱਖਾਂ ਦੀ ਵਿਆਖਿਆ ਕਰਦਿਆਂ ਉਨ੍ਹਾਂ ਨੇ ਇੱਥੇ ਮੌਜੂਦ ਬੋਧੀ ਕਨੈਕਸ਼ਨ ਅਤੇ ਇੱਥੋਂ ਦੇ ਬਸਤੀਵਾਦੀ ਅਤੀਤ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਪਿਤੀ ਵਿੱਚ ਟੈਬੋ ਮੱਠ ਨੂੰ ਪਹਾੜਾਂ ਦਾ ਅਜੰਤਾ ਮੰਨਿਆ ਜਾਂਦਾ ਹੈ, ਜਦ ਕਿ ਕਾਂਗੜਾ ਵਿੱਚ ਪਹਾੜ ਦੀ ਚਟਾਨ ਨੂੰ ਕੱਟ ਕੇ ਬਣਾਇਆ ਗਿਆ ਮਸਰੂਰ ਮੰਦਿਰ ਪਹਾੜਾਂ ਦਾ ਐਲੋਰਾ ਅਖਵਾਉਂਦਾ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਰਾਜ ਦੀਆਂ ਵਿਭਿੰਨ ਪਹਾੜੀ ਪੇਂਟਿੰਗ ਸ਼ੈਲੀਆਂ ਜਿਵੇਂ ਕਾਂਗੜਾ ਪੇਂਟਿੰਗਸ ਤੇ ਥਾਂਗਕਾ ਪੇਂਟਿੰਗਸ ਦਾ ਜ਼ਿਕਰ ਵੀ ਕੀਤਾ।

 

 

ਕੇਰਲ ਦੇ ਅਕਾਦਮੀਸ਼ੀਅਨ, ਖੋਜਕਾਰ ਤੇ ਸ਼ਾਸਤਰੀ ਨਰਤਕੀ ਡਾ. ਨੀਨਾ ਪ੍ਰਸਾਦ ਨੇ ਕੇਰਲ ਦੀਆਂ ਵਿਭਿੰਨ ਪ੍ਰਦਰਸ਼ਨ ਕਲਾ ਰਵਾਇਤਾਂ; ਜਿਵੇਂ ਕਿ ਕੇਰਲ ਦੀ ਪ੍ਰਾਚੀਨ ਸੰਸਕ੍ਰਿਤ ਰੰਗਮੰਚ ਕਲਾ – ‘ਕੁਟੀਯੱਤਮ ਅਤੇ ਕੇਰਲ ਦਾ ਇੱਕ ਸ਼ਾਸਤਰੀ ਨ੍ਰਿਤ – ‘ਮੋਹਿਨੀਯੱਤਮ ਦੇ ਵੇਰਵੇ ਵਿਸਤਾਰਪੂਰਬਕ ਦੱਸੇ। ਉਨ੍ਹਾਂ ਕੇਰਲ ਦੇ ਸਮ੍ਰਿੱਧ ਸੱਭਿਆਚਾਰ ਬਾਰੇ ਅੱਗੇ ਦੱਸਿਆ ਕਿ ਅਰਬਾਂ, ਪੁਰਤਗਾਲੀਆਂ, ਡੱਚ ਲੋਕਾਂ ਨਾਲ ਕੇਰਲ ਦਾ ਇਤਿਹਾਸਿਕ ਸਬੰਧ ਰਿਹਾ ਹੈ, ਜਿਸ ਨੇ ਸਾਂਝੇ ਮਲਿਆਲੀ ਸੱਭਿਆਚਾਰ ਨੂੰ ਵਿਕਸਿਤ ਕਰਨ ਵਿੱਚ ਮਦਦ ਕੀਤੀ।

 

ਉਨ੍ਹਾਂ ਇਹ ਵੀ ਕਿਹਾ ਕਿ ਕੇਰਲ ਮੰਦਿਰਾਂ ਦੀ ਧਰਤੀ ਹੈ ਅਤੇ ਹਰੇਕ ਮੰਦਿਰ ਵਿੱਚ ਆਪਣੇ ਇੱਕ ਵੱਖਰੇ ਤਰੀਕੇ ਨਾਲ ਤਿਉਹਾਰ ਮਨਾਏ ਜਾਂਦੇ ਹਨ। ਫ਼ਸਲਾਂ ਦੀ ਵਾਢੀ ਵੇਲੇ ਦਾ ਤਿਉਹਾਰ ਓਨਮ ਰਾਜ ਵਿੱਚ ਸਭ ਤੋਂ ਹਰਮਨਪਿਆਰਾ ਤਿਉਹਾਰ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਚਾਈਂਚਾਈਂ ਅਤੇ ਬਹੁਤ ਉਤਸ਼ਾਹ ਨਾਲ ਇਸ ਨੂੰ ਮਨਾਉਂਦੇ ਹਨ। ਉਨ੍ਹਾਂ ਕੇਰਲ ਦੇ ਕੰਧਚਿੱਤਰਾਂ, ਮਾਰਸ਼ਲ ਆਰਟ ਦੀ ਕਿਸਮ ਕਲਰੀਪਾਯਾਤੂ ਅਤੇ ਕੇਰਲ ਦੇ ਖਾਣਿਆਂ ਦੀ ਗੱਲ ਵੀ ਕੀਤੀ।

ਸ਼੍ਰੀ ਐੱਸ. ਵੈਂਕਟੇਸ਼ਵਰ, ਡਾਇਰੈਕਟਰ ਜਨਰਲ, ਦੱਖਣੀ ਜ਼ੋਨ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਜੋੜੇ ਰਾਜਾਂ ਦੇ ਲੋਕਾਂ ਨੂੰ ਇੱਕਦੂਜੇ ਨਾਲ ਅਕਸਰ ਮਿਲਦੇ ਰਹਿਣਾ ਚਾਹੀਦਾ ਹੈ ਤੇ ਸੱਭਿਆਚਾਰਕ ਵਿਭਿੰਨਤਾ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੋੜੇ ਰਾਜਾਂ ਦੇ ਵਿਦਿਆਰਥੀਆਂ ਦੇ ਲਾਹੇ ਲਈ ਅਦਾਨ-ਪ੍ਰਦਾਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ।

ਇਸ ਵੈਬੀਨਾਰ ਵਿੱਚ ਜੀ.ਡੀ. ਗੋਇਨਕਾ ਵਰਲਡ ਸਕੂਲ, ਹਰਿਆਣਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਇਸ ਸੈਸ਼ਨ ਅਤੇ ਮਹਿਮਾਨ ਬੁਲਾਰਿਆਂ ਦੀ ਵਿਜ਼ੁਅਲ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਬੇਹੱਦ ਜਾਣਕਾਰੀ ਨਾਲ ਭਰਪੂਰ ਅਤੇ ਸਿੱਖਿਆਦਾਇਕ ਕਰਾਰ ਦਿੱਤਾ।

ਸ਼੍ਰੀ ਅਸ਼ੀਸ਼ ਗੋਇਲ, ਡਾਇਰੈਕਟਰ, ਰੀਜਨਲ ਆਊਟਰੀਚ ਬਿਊਰੋ (ਆਰਓਬੀ) ਚੰਡੀਗੜ੍ਹ ਨੇ ਇਸ ਸੈਸ਼ਨ ਦੀ ਸਮਾਪਤੀ ਕਰਦਿਆਂ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ। ਸ਼੍ਰੀ ਅਨੁਜ ਚਾਂਡਕ, ਡਿਪਟੀ ਡਾਇਰੈਕਟਰ, ਆਰਓਬੀ ਚੰਡੀਗੜ੍ਹ ਅਤੇ ਇਸ ਖੇਤਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਹੋਰ ਅਧਿਕਾਰੀਆਂ ਨੇ ਇਸ ਵੈਬੀਨਾਰ ਵਿੱਚ ਹਿੱਸਾ ਲਿਆ।

 

****

 

ਐੱਨਬੀ/ਏਕੇਜੇ
 



(Release ID: 1635479) Visitor Counter : 153