ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ’ਚ ਉੱਚ ਸਿੱਖਿਆ ਸੰਸਥਾਨਾਂ ਲਈ ‘ਯੁਕਤੀ 2.0’ ਪਲੈਟਫ਼ਾਰਮ ਵਰਚੁਅਲੀ ਲਾਂਚ ਕੀਤਾ
‘ਯੁਕਤੀ’ ਦੇ ਪਹਿਲੇ ਸੰਸਕਰਣ ਦੇ ਨਤੀਜੇ ਛੇਤੀ ਜਾਰੀ ਕੀਤੇ ਜਾਣਗੇ – ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
Posted On:
23 JUN 2020 6:14PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ‘ਯੁਕਤੀ 2.0’ (YUKTI 2.0) ਨਾਂਅ ਦੀ ਇੱਕ ਪਹਿਲ ਦੀ ਸ਼ੁਰੂਆਤ ਕੀਤੀ, ਜਿਸ ਰਾਹੀਂ ਸਾਡੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਪੁੰਗਰ ਰਹੀਆਂ ਨਵੀਂਆਂ ਸਟਾਰਟ–ਅੱਪ ਕੰਪਨੀਆਂ ਦੀਆਂ ਵਪਾਰਕ ਸੰਭਾਵਨਾਵਾਂ ਤੇ ਉਨ੍ਹਾਂ ਬਾਰੇ ਜਾਣਕਾਰੀ ਵਾਲੀਆਂ ਟੈਕਨੋਲੋਜੀਆਂ ਪ੍ਰਣਾਲੀਬੱਧ ਤਰੀਕੇ ਨਾਲ ਇਕੱਠੀਆਂ ਕਰਨ ਵਿੱਚ ਮਦਦ ਮਿਲੇਗੀ। ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੈ ਸ਼ਾਮਰਾਓਧੋਤ੍ਰੇ, ਵਧੀਕ ਸਕੱਤਰ (ਉੱਚ ਸਿੱਖਿਆ), ਸ਼੍ਰੀ ਰਾਕੇਸ਼ ਰੰਜਨ, ਚੇਅਰਮੈਨ, ਏਆਈਸੀਟੀਈ (AICTE) ਪ੍ਰੋ. ਅਨਿਲ ਸਹਸਰਬੁੱਧੇ, ਮੈਂਬਰ ਸਕੱਤਰ, ਏਆਈਸੀਟੀਈ (AICTE), ਡਾ. ਰਾਜੀਵ ਕੁਮਾਰ ਅਤੇ ਚੀਫ਼ ਇਨੋਵੇਸ਼ਨ ਆਫ਼ੀਸਰ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦਾ ਇਨੋਵੇਸ਼ਨ ਸੈੱਲ ਡਾ. ਅਭੇਲੇਰੇ ਵੀ ਔਨਲਾਈਨ ਮਾਧਿਅਮ ਰਾਹੀਂ ਇਸ ਮੌਕੇ ’ਤੇ ਮੌਜੂਦ ਸਨ।
https://twitter.com/DrRPNishank/status/1275319548594417669
ਇਸ ਤੋਂ ਪਹਿਲਾਂ ਮੰਤਰੀ ਨੇ ‘ਯੁਕਤੀ’ (YUKTI) (ਯੰਗ ਇੰਡੀਆ ਕੰਬੈਟਿੰਗ ਕੋਵਿਡ ਵਿਦ ਨੌਲੇਜ, ਟੈਕਨੋਲੋਜੀ ਐਂਡ ਇਨੋਵੇਸ਼ਨ – ਗਿਆਨ, ਟੈਕਨੋਲੋਜੀ ਤੇ ਨਵੀਂਆਂ ਖੋਜਾਂ ਨਾਲ ਕੋਵਿਡ ਨਾਲ ਲੜ ਰਿਹਾ ਯੁਵਾ ਭਾਰਤ) ਵੈੱਬ ਪੋਰਟਲ 11 ਅਪ੍ਰੈਲ, 2020 ਨੂੰ ਲਾਂਚ ਕੀਤਾ ਸੀ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਰੋਨਾਵਾਇਰਸ ਕਾਰਨ ਇਹ ਪੋਰਟਲ ਤਿਆਰ ਕੀਤਾ ਸੀ। ਇਸ ਪੋਰਟਲ ਦਾ ਉਦੇਸ਼ ਕੋਵਿਡ–19 ਦੀਆਂ ਚੁਣੌਤੀਆਂ ਦੇ ਵਿਭਿੰਨ ਪਾਸਾਰਾਂ ਨਾਲ ਬਹੁਤ ਸਮੂਹਕ ਤੇ ਵਿਆਪਕ ਢੰਗ ਨਾਲ ਨਿਪਟਣਾ ਹੈ। ਇਸ ਪੋਰਟਲ ਰਾਹੀਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਇਹ ਕੋਸ਼ਿਸ਼ ਹੋਵੇਗੀ ਕਿ ਉੱਚ ਸਿੱਖਿਆ ਸੰਸਥਾਨਾਂ ਨਾਲ ਜੁੜੇ ਵਿਦਿਆਰਥੀਆਂ, ਅਧਿਆਪਕਾਂ ਤੇ ਖੋਜਕਾਰਾਂ ਨੂੰ ਉਹ ਵਾਜਬ ਸਹਾਇਤਾ ਯਕੀਨੀ ਤੌਰ ’ਤੇ ਮਿਲੇ, ਜਿਸ ਨਾਲ ਉਹ ਆਪਣੀਆਂ ਟੈਕਨੋਲੋਜੀਆਂ ਤੇ ਨਵੀਂਆਂ ਖੋਜਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕਣ।
ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਯੁਕਤੀ 2.0 (YUKTI 2.0) ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਪਹਿਲ ‘ਯੁਕਤੀ’ ਦੇ ਪਿਛਲੇ ਸੰਸਕਰਣ ਦਾ ਤਰਕਪੂਰਨ ਵਿਸਥਾਰ ਹੈ, ਜਿਸ ਰਾਹੀਂ ਕੋਵਿਡ ਮਹਾਮਾਰੀ ਨਾਲ ਸਬੰਧਿਤ ਵਾਜਬ ਵਿਚਾਰਾਂ ਦੀ ਸ਼ਨਾਖ਼ਤ ਹੋਵੇਗੀ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ‘ਯੁਕਤੀ’ ਦੇ ਪਿਛਲੇ ਸੰਸਕਰਣ ਦੇ ਸਾਰੇ ਨਤੀਜੇ ਛੇਤੀ ਜਾਰੀ ਕੀਤੇ ਜਾਣਗੇ।
ਮੰਤਰੀ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਮਿਸ਼ਨ ਦਿੱਤਾ ਹੈ ਅਤੇ ਯੁਕਤੀ 2.0 ਪਹਿਲ ਇਸ ਦਿਸ਼ਾ ਵਿੱਚ ਇੱਕ ਬਹੁਤ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਨਵੇਂ ਤੇ ਮੌਲਿਕ ਤਰੀਕੇ ਸੋਚਣ ਦੇ ਬਹੁਤ ਜ਼ਿਆਦਾ ਸਮਰੱਥ ਹਨ ਅਤੇ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਉੱਦਮਾਂ ਵਿੱਚ ਤਬਦੀਲ ਕਰਨ ਵਿੱਚ ਹਰ ਸੰਭਵ ਜਤਨ ਕਰਨਾ ਚਾਹੀਦਾ ਹੈ। ਇਸ ਤੋਂ ਵੀ ਅਹਿਮ ਗੱਲ ਇਹ ਕਿ ਯੁਕਤੀ 2.0 ਜਿਹੀ ਪਹਿਲ ਸਾਡੇ ਅਕਾਦਮਿਕ ਸੰਸਥਾਨਾਂ ਵਿੱਚ ਨਵੀਨਤਾ ਤੇ ਉੱਦਮਤਾ ਦਾ ਸਭਿਆਚਾਰ ਪਨਪਣ ਵਿੱਚ ਵੀ ਮਦਦ ਕਰੇਗੀ।’
ਮੰਤਰੀ ਨੇ ਯੁਕਤੀ ਪੋਰਟਲ ਦੀ ਲਾਂਚਿੰਗ ਮੌਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕ ਵਰਗ ਦੇ ਮੈਂਬਰਾਂ ਸਟਾਰਟਅੱਪਸ ਤੇ ਉੱਚ ਸਿੱਖਿਆ ਸੰਸਥਾਨਾਂ ਨਾਲ ਸਬੰਧਿਤ ਹੋਰ ਧਿਰਾਂ ਨੂੰ ਯੁਕਤੀ ਪੋਰਟਲ ਉੱਤੇ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣੀਆਂ ਟੈਕਨੋਲੋਜੀਆਂ ਅਤੇ ਨਵੀਂਆਂ ਮੌਲਿਕ ਖੋਜਾਂ ਸਾਂਝੀਆਂ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਸ ਡਾਟਾਬੇਸ ਨਾਲ ਸਾਡੇ ਉੱਚ ਵਿਦਿਅਕ ਸੰਸਥਾਨਾਂ ਦੇ ਨਵੀਨ ਈਕੋਸਿਸਟਮ ਦੀ ਸਥਿਤੀ ਦੀ ਸਪੱਸ਼ਟ ਤਸਵੀਰ ਮਿਲੇਗੀ। ਇਸ ਨਾਲ ਸਰਕਾਰ ਨੂੰ ਅੜਿੱਕਿਆਂ ਦੀ ਸ਼ਨਾਖ਼ਤ ਕਰਨ ਅਤੇ ਦੇਸ਼ ਵਿੱਚ ਨਵੀਂਆਂ ਖੋਜਾਂ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਾਜਬ ਨੀਤੀਆਂ ਉਲੀਕਣ ਵਿੱਚ ਮਦਦ ਮਿਲੇਗੀ। ਸਮਾਜ ਦੀ ਮਦਦ ਲਈ ਮੰਤਰਾਲਾ ਸਿਰਜਣਾਤਮਕ ਨਵੀਆਂ ਖੋਜਾਂ ਤੇ ਟੈਕਨੋਲੋਜੀਆਂ ਦੀ ਹਰ ਸੰਭਵ ਵਧੀਆ ਤੋਂ ਵਧੀਆ ਤਰੀਕੇ ਨਾਲ ਸਹਾਇਤਾ ਕਰੇਗਾ। ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਪੋਰਟਲ ਸਾਡੀ ਉੱਚ ਸਿੱਖਿਆ ਪ੍ਰਣਾਲੀ ਵਿੱਚ ਨਵੀਂਆਂ ਖੋਜਾਂ ਤੇ ਉੱਦਮਤਾ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਇੱਕ ਮੀਲ–ਪੱਥਰ ਸਿੱਧ ਹੋਵੇਗਾ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨ ਸ਼ਾਮਲ ਹੋਣਗੇ।
ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੈ ਧੋਤ੍ਰੇ ਨੇ ਵੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਏਆਈਸੀਟੀਈ (AICTE) ਨੂੰ ਇਸ ਵਿਲੱਖਣ ਪਹਿਲ ਲਈ ਸਮੁੱਚੀ ਟੀਮ ਨੂੰ ਮੁਬਾਰਕਬਾਦ ਵੀ ਦਿੱਤੀ। ਉਨ੍ਹਾਂ ਕਿਹਾ ਕਿ ‘ਮੈਡੀਕਲ ਖੇਤਰ ਵਿੱਚ ਇੰਜੀਨੀਅਰਾਂ ਵੱਲੋਂ ਵਿਕਸਤ ਕੀਤੀਆਂ ਨਵੀਂਆਂ ਖੋਜਾਂ ਨਾਲ ਨਵੀਨ ਟੈਕਨੋਲੋਜੀਆਂ ਸਾਹਮਣੇ ਆਈਆਂ ਹਨ।’ ਮੰਤਰੀ ਨੇ ਆਸ ਪ੍ਰਗਟਾਈ ਕਿ ‘ਯੁਕਤੀ 2.0 ਨਾਲ ਸਾਡੇ ਉੱਚ ਤੇ ਤਕਨੀਕੀ ਸੰਸਥਾਨਾਂ ਤੋਂ ਹੋਰ ਬਹੁਤ ਸਾਰੇ ਨਵੀਨ ਸਮਾਧਾਨਾਂ ਦੀ ਸ਼ਨਾਖ਼ਤ ਕਰਨ ਵਿੱਚ ਮਦਦ ਮਿਲੇਗੀ।’
ਚੇਅਰਮੈਨ ਏਆਈਸੀਟੀਈ (AICTE) ਪ੍ਰੋ. ਅਨਿਲ ਸਹਸ੍ਰਬੁੱਧੇ ਨੇ ਅਜਿਹੇ ਪਲੈਟਫ਼ਾਰਮ ਦੀ ਜ਼ਰੂਰਤ ਬਾਰੇ ਸੂਚਿਤ ਕਰਦਿਆਂ ਅਜਿਹੇ ਵਿਦਿਆਰਥੀ ਉੱਦਮੀਆਂ ਦੀ ਮਦਦ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਜਿਹੜੇ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਆਪਣੇ ਸਟਾਰਟਅੱਪਸ ਚਲਾਉਣ ਦੇ ਇੱਛੁਕ ਹਨ; ਸ਼੍ਰੀ ਰਾਕੇਸ਼ ਰਾਜਨ, ਵਧੀਕ ਸਕੱਤਰ, ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨੇ ਕਿਹਾ ਕਿ ਯੁਕਤੀ 2.0 ਨੂੰ ਨਵੇਂ ਖੋਜਕਾਰਾਂ ਨੂੰ ਨਿਵੇਸ਼ਕਾਂ ਨਾਲ ਜੋੜਨ ਲਈ ਇੱਕ ਬਜ਼ਾਰ ਵਜੋਂ ਉੱਭਰਨ ਦੀ ਲੋੜ ਹੈ, ਤਾਂ ਜੋ ਵਪਾਰੀਕਰਣ ਲਈ ਨਵੀਆਂ ਟੈਕਨੋਲੋਜੀਆਂ ਨੂੰ ਅੱਗੇ ਲਿਆਂਦਾ ਜਾ ਸਕੇ।
ਹੋਰ ਵੇਰਵਿਆਂ ਲਈ ਇਸ ਵੈੱਬਸਾਈਟ ਉੱਤੇ ਜਾਓ: www.mind.mic.gov.in.
******
ਐੱਨਬੀ/ਏਕੇਜੇ/ਏਕੇ
(Release ID: 1633760)