ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ ਯੋਗ ਅਤੇ ਵੈੱਲਨੈੱਸ - "ਚੁਣੌਤੀ ਭਰੇ ਸਮੇਂ ਲਈ ਇੱਕ ਪੇਸ਼ਕਸ਼" ਸਿਰਲੇਖ ਵਾਲਾ 33ਵਾਂ ਵੈਬੀਨਾਰ ਆਯੋਜਿਤ ਕੀਤਾ
ਵੈਬੀਨਾਰ ਦਾ ਫੋਕਸ ਯੋਗ ਦੇ ਮੁਢਲੇ ਸਿਧਾਂਤਾਂ ਦੀ ਮਦਦ ਨਾਲ ਸਾਹ ਲੈਣ ਸਬੰਧੀ ਸਿਹਤ ਅਤੇ ਸਮੁੱਚੀ ਇਮਿਊਨਿਟੀ ਵਿੱਚ ਸੁਧਾਰ ਕਰਨ ਉੱਤੇ ਰਿਹਾ
Posted On:
20 JUN 2020 2:49PM by PIB Chandigarh
ਟੂਰਿਜ਼ਮ ਮੰਤਰਾਲਾ ਦੁਆਰਾ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ 33ਵਾਂ ਵੈਬੀਨਾਰ 19 ਜੂਨ, 2020 ਨੂੰ ਆਯੋਜਿਤ ਕੀਤਾ ਗਿਆ ਜਿਸ ਦਾ ਸਿਰਲੇਖ ਯੋਗ ਅਤੇ ਵੈੱਲਨੈੱਸ - "ਚੁਣੌਤੀ ਭਰੇ ਸਮੇਂ ਲਈ ਇੱਕ ਪੇਸ਼ਕਸ਼," ਸੀ। ਇਸ ਵਿੱਚ ਮੁੱਖ ਜ਼ੋਰ ਯੋਗ ਦੇ ਮੁੱਢਲੇ ਸਿਧਾਂਤਾਂ ਉੱਤੇ ਕੇਂਦ੍ਰਿਤ ਸੀ ਤਾਕਿ ਸਾਹ ਸੰਬੰਧੀ ਸਿਹਤ ਅਤੇ ਸਰੀਰ ਦੀ ਸਮੁੱਚੀ ਇਮਿਊਨਿਟੀ ਵਿੱਚ ਸੁਧਾਰ ਲਿਆਂਦਾ ਜਾ ਸਕੇ। ਇਸ ਵਿੱਚ ਦੋਵੇਂ ਮਹਾਮਾਰੀ ਦੌਰਾਨ ਇਨਫੈਕਸ਼ਨ ਤੋਂ ਬਚਣਾ ਅਤੇ ਠੀਕ ਹੋਣਾ ਸ਼ਾਮਲ ਹੁੰਦੇ ਹਨ। ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਦਰਸਾਉਣ ਦਾ ਯਤਨ ਹੈ।
ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਦਾ 19 ਜੂਨ, 2020 ਦਾ ਇਹ ਸੈਸ਼ਨ ਤਿੰਨ ਪ੍ਰਮੁੱਖ ਯੋਗ ਗੁਰੂਆਂ - ਯੋਗ ਗੁਰੂ ਭਰਤ ਠਾਕੁਰ - ਅੰਤਰਰਾਸ਼ਟਰੀ ਯੋਗ ਅਭਿਆਸੀ ਅਤੇ ਰੂਹਾਨੀ ਮਾਸਟਰ, ਡਾ. ਚਿਨਮਯੇ ਪਾਂਡੇ - ਪ੍ਰੋ-ਵਾਈਸ ਚਾਂਸਲਰ - ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਯ, ਡਾ. ਲਕਸ਼ਮੀ ਨਾਰਾਇਣ ਜੋਸ਼ੀ ਨਾੜੀ ਵਿਗਿਆਨ ਦੇ ਮਾਹਿਰ ਦੁਆਰਾ ਪੇਸ਼ ਕੀਤਾ ਗਿਆ। ਪੇਸ਼ਕਾਰਾਂ ਨੇ ਦੱਸਿਆ ਕਿ ਕਿਵੇਂ ਯੋਗ ਦਾ ਪੁਰਾਤਨ ਫਲਸਫਾ ਸਾਨੂੰ ਸਿਹਤਮੰਦ, ਖੁਸ਼ ਅਤੇ ਤਣਾਅ ਰਹਿਤ ਜੀਵਨ ਜਿਊਣ ਵਿੱਚ ਮਦਦ ਕਰ ਸਕਦਾ ਹੈ।
ਡਾ. ਲਕਸ਼ਮੀ ਨਾਰਾਇਣ ਜੋਸ਼ੀ ਨੇ ਆਪਣੀ ਪੇਸ਼ਕਸ਼ ਵਿੱਚ ਰਿਸ਼ੀਕੇਸ਼ ਨੂੰ ਵਿਸ਼ਵ ਦੀ ਯੋਗ ਰਾਜਧਾਨੀ ਵਜੋਂ ਪੇਸ਼ ਕੀਤਾ। ਉਨ੍ਹਾਂ ਨੇ ਨਾੜੀ ਵਿੱਦਿਆ ਬਾਰੇ ਦੱਸਿਆ ਜੋ ਕਿ ਆਯੁਰਵੇਦ ਵਿੱਚ ਇੱਕ ਪ੍ਰਸਿੱਧ ਸ਼ਬਦ ਹੈ। ਸੰਸਕ੍ਰਿਤ ਵਿੱਚ ਨਾੜੀ ਦਾ ਭਾਵ ਪਾਈਪ/ਟਿਊਬ ਹੈ। ਪਰ ਇਸ ਨੂੰ ਇੱਕ ਚੈਨਲ ਵਜੋਂ ਦਰਸਾਇਆ ਜਾਂਦਾ ਹੈ। ਇਸ ਲਈ ਇਸ ਨੂੰ ਊਰਜਾ ਚੈਨਲ ਵਜੋਂ ਜਾਣਿਆ ਜਾਂਦਾ ਹੈ ਜਿਸ ਵਿੱਚ ਕਿ ਪ੍ਰਾਣ ਹੁੰਦੇ ਹਨ, ਜੋ ਕਿ ਜੀਵਨ ਊਰਜਾ ਦੀ ਸ਼ਕਤੀ ਮੰਨੇ ਜਾਂਦੇ ਹਨ ਅਤੇ ਉਹ ਸਰੀਰ ਭਰ ਵਿੱਚ ਵਿਸ਼ੇਸ਼ ਪੁਆਇੰਟਾਂ ਉੱਤੇ ਮਿਲਦੇ ਹਨ ਜਿਸ ਨੂੰ ਕਿ ਨਾੜੀ ਚੱਕਰ ਕਿਹਾ ਜਾਂਦਾ ਹੈ। ਕੁੱਲ 72,000 ਨਾੜੀਆਂ ਹੁੰਦੀਆਂ ਹਨ ਪਰ ਇਨ੍ਹਾਂ ਵਿੱਚੋਂ 7 ਸਭ ਤੋਂ ਅਹਿਮ ਹੁੰਦੀਆਂ ਹਨ ਅਤੇ 3 ਤਾਂ ਬਹੁਤ ਹੀ ਜ਼ਿਆਦਾ ਅਹਿਮ ਹੁੰਦੀਆਂ ਹਨ। ਤਿੰਨ ਪ੍ਰਮੁੱਖ ਨਾੜੀਆਂ ਰੀੜ ਦੀ ਨਾੜੀ ਤੋਂ ਸਿਰ ਵੱਲ ਜਾਂਦੀਆਂ ਹਨ ਅਤੇ ਇਹ ਖੱਬੇ ਪਾਸੇ ਈੜਾ ਉੱਤੇ, ਕੇਂਦਰ ਵਿੱਚ ਸੁਸ਼ਮਨਾ ਅਤੇ ਸੱਜੇ ਪਾਸੇ ਪਿੰਗਲਾ ਹੁੰਦੀਆਂ ਹਨ। ਯੋਗ ਵਿੱਚ ਨਾੜੀਆਂ ਆਪਣੀ ਭੂਮਿਕਾ ਨਿਭਾਉਂਦੀਆਂ ਹਨ ਜਿਵੇਂ ਕਿ ਬਹੁਤ ਸਾਰੇ ਯੋਗ ਅਭਿਆਸਾਂ ਵਿੱਚ ਜਿਨ੍ਹਾਂ ਵਿੱਚ 'ਸ਼ਟਕਰਮ', 'ਮੁਦਰਾਵਾਂ' ਅਤੇ 'ਪ੍ਰਾਣਾਯਾਮ' ( ‘shatkarmas’, ‘mudras’ and ‘pranayama’) ਜ਼ਰੀਏ ਨਾੜੀਆਂ ਨੂੰ ਖੋਲ੍ਹਿਆ ਜਾਂਦਾ ਹੈ। ਸਰੀਰ ਦੀ ਸੇਧ, ਆਸਣ ਅਤੇ ਖੂਨ ਦੀ ਸਹੀ ਸਪਲਾਈ ਸਾਰੇ ਚੈਨਲਾਂ ਨੂੰ ਨਾੜੀ ਵਿੱਦਿਆ ਜ਼ਰੀਏ ਹੀ ਸੰਭਵ ਹੈ।
ਡਾ. ਚਿਨਮਯੇ ਪਾਂਡੇ ਨੇ ਆਪਣੇ ਵਿਚਾਰ ਮਨੁੱਖੀ ਮੁਹਾਰਤ ਬਾਰੇ ਇੱਕ ਟਿੱਪਣੀ ਤੋਂ ਸ਼ੁਰੂ ਕੀਤੇ । ਇਹ ਟਿੱਪਣੀ ਸੁਆਮੀ ਵਿਵੇਕਾਨੰਦ ਦੁਆਰਾ ਕੀਤੀ ਗਈ ਸੀ - "ਹਰ ਆਤਮਾ ਸਮਰੱਥਾ ਵਜੋਂ ਰੂਹਾਨੀ ਹੈ। ਬ੍ਰਹਿਮੰਡ ਦੀ ਸਾਰੀ ਸ਼ਕਤੀ ਪਹਿਲਾਂ ਹੀ ਸਾਡੀ ਹੈ। ਇਹ ਅਸੀਂ ਹਾਂ ਜਿਨ੍ਹਾਂ ਨੇ ਆਪਣੇ ਹੱਥ, ਆਪਣੀਆਂ ਅੱਖਾਂ ਸਾਹਮਣੇ ਰੱਖੇ ਹੋਏ ਹਨ ਅਤੇ ਪੁਕਾਰ ਰਹੇ ਹਾਂ ਕਿ ਇਥੇ ਹਨੇਰਾ ਹੈ।"
ਉਨ੍ਹਾਂ ਅਨੁਸਾਰ ਯੋਗ ਇੱਕ ਹਾਂ-ਪੱਖੀ ਦਿਸ਼ਾ ਹੈ ਅਤੇ ਵਿਅਕਤੀ ਦਾ ਪਰਿਵਰਤਨ ਹੈ। ਜੀਵਨ ਦਾ ਅਸਲ ਉਦੇਸ਼ ਸਵੈ-ਜਾਇਜ਼ਾ ਅਤੇ ਅੰਦਰੂਨੀ ਆਤਮਾ ਦੀ ਸ਼ੁੱਧਤਾ ਹੈ। ਇਹ ਇੱਕ ਦਿਨ ਵਿੱਚ ਨਹੀਂ ਹੋ ਜਾਂਦਾ, ਸਗੋਂ ਇਸ ਦੇ ਲਈ ਲਗਾਤਾਰ ਅਭਿਆਸ ਕਰਨ, ਚੌਕਸੀ ਵਰਤਣ ਅਤੇ ਧਿਆਨ ਲਗਾਉਣ ਦੀ ਲੋੜ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ - ਜੀਵਨ ਦਾ ਉਦੇਸ਼ ਕੀ ਹੈ ਅਤੇ ਅਸੀਂ ਇਸ ਧਰਤੀ ‘ਤੇ ਕਿਉਂ ਆਏ ਹਾਂ। ਵੱਖ-ਵੱਖ ਤਰ੍ਹਾਂ ਦੇ ਕਈ ਜੀਵਨ ਹੁੰਦੇ ਹਨ ਪਰ ਸਿਰਫ ਮਨੁੱਖੀ ਜੀਵਨ ਵਿੱਚ ਅਸੀਂ ਪਰਮ-ਆਤਮਾ ਬਾਰੇ ਮਹਿਸੂਸ ਕਰ ਸਕਦੇ ਹਾਂ, ਅਸਲ ਤਾਕਤ ਜੋ ਕਿ ਪੂਰੇ ਬ੍ਰਹਿਮੰਡ ਨੂੰ ਚਲਾਉਂਦੀ ਹੈ।
ਯੋਗ ਗੁਰੂ ਭਰਤ ਠਾਕੁਰ ਨੇ ਕਿਹਾ ਕਿ ਯੋਗ ਇੱਕ ਪੁਰਾਤਨ ਵਿਗਿਆਨ ਹੈ, 5,000 ਸਾਲ ਤੋਂ ਵੱਧ ਪੁਰਾਣਾ, ਜਿਸ ਦੀ ਖੋਜ ਯੋਗੀਆਂ ਦੁਆਰਾ ਕੀਤੀ ਗਈ ਜੋ ਕਿ ਜੀਵਨ ਅਤੇ ਉਸ ਤੋਂ ਬਾਅਦ ਕੀ ਹੈ, ਬਾਰੇ ਜਵਾਬ ਲੈਣ ਲਈ ਹਿਮਾਲਿਆ ਗਏ। ਅੱਜ ਬਹੁਤ ਸਾਰੇ ਲੋਕ ਸਰੀਰਕ, ਦਿਮਾਗੀ, ਭਾਵਨਾਤਮਕ ਅਤੇ ਰੂਹਾਨੀਅਤ ਬਾਰੇ ਜਵਾਬ ਲੈਣ ਲਈ ਯੋਗ ਵੱਲ ਮੁੜੇ ਹਨ ਕਿਉਂਕਿ ਇਸ ਦਾ ਅਭਿਆਸ ਕੋਈ ਵੀ ਕਰ ਸਕਦਾ ਹੈ - ਇੱਕ ਬੱਚੇ ਤੋਂ ਲੈ ਕੇ ਇੱਕ ਸੀਨੀਅਰ ਸਿਟੀਜ਼ਨ ਤੱਕ।
ਯੋਗ ਦਾ ਸੁਪਨਾ ਹਮੇਸ਼ਾ ਹੀ ਮਨੁੱਖ ਦਾ ਸਹੀ ਵਿਕਾਸ ਰਿਹਾ ਹੈ ਜਿਸ ਨਾਲ ਸਭ ਤੋਂ ਉੱਚੀ ਸਮਰੱਥਾ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਲਈ ਯੋਗ ਫਿਟਨਸ, ਸਿਹਤ ਅਤੇ ਤੰਦਰੁਸਤੀ ਦੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।
ਮੌਜੂਦਾ ਮਹਾਮਾਰੀ ਨਾਲ ਨਜਿੱਠਣ ਲਈ ਸ਼੍ਰੀ ਭਰਤ ਠਾਕੁਰ ਨੇ ਕਿਹਾ ਕਿ ਸੂਰਯ ਨਮਸਕਾਰ ਅਤੇ ਪ੍ਰਾਣਾਯਾਮ ਸਰੀਰ ਦੀ ਸੇਧ ਵਿੱਚ ਮਦਦ ਕਰਨਗੇ ਅਤੇ ਮਨੁੱਖ ਦੇ ਇਮਿਊਨ ਢਾਂਚੇ ਵਿੱਚ ਸੁਧਾਰ ਲਿਆਉਣਗੇ ਅਤੇ ਅਜਿਹਾ ਕਰਨ ਵੇਲੇ ਮੁੱਖ ਧਿਆਨ ਸਰੀਰਕ, ਦਿਮਾਗੀ ਅਤੇ ਰੂਹਾਨੀ ਵਿਕਾਸ ਉਚਾਈ ਵੱਲ ਹੋਣਾ ਚਾਹੀਦਾ ਹੈ।
ਦੇਖੋ ਅਪਨਾ ਦੇਸ਼ ਵੈਬੀਨਾਰਸ ਨੈਸ਼ਨਲ ਈ-ਗਵਰਨੈਂਸ ਡਵੀਜ਼ਨ (ਐੱਨਈਜੀਡੀ) ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਦੀ ਸਥਾਪਨਾ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਮੇਟੀ) ਦੁਆਰਾ ਕੀਤੀ ਗਈ।
ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/ ਉੱਤੇ ਮੁਹੱਈਆ ਹਨ ਅਤੇ ਨਾਲ ਹੀ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੇ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਦੇਖੇ ਜਾ ਸਕਦੇ ਹਨ।
ਟੂਰਿਜ਼ਮ ਮੰਤਰਾਲਾ ਦਾ ਦੇਖੋ ਅਪਨਾ ਦੇਸ਼ ਦਾ ਅਗਲਾ ਫੀਚਰ ਸਦਗੁਰੂ ਜੱਗੀ ਵਾਸੂਦੇਵ ਜੀ ਨਾਲ ਚਰਚਾ ਦਾ ਹੋਵੇਗਾ। ਇਹ ਸੈਸ਼ਨ 20 ਜੂਨ, 2020 ਨੂੰ 2 ਤੋਂ 3 ਵਜੇ ਤੱਕ ਹੋਵੇਗਾ ਅਤੇ ਇਸ ਦਾ ਸਿਰਲੇਖ : "ਭਾਰਤ ਇੱਕ ਸੱਭਿਆਚਾਰਕ ਖਜ਼ਾਨਾ" ਹੋਵੇਗਾ। ਇਸ ਚਰਚਾ ਦੀ ਅਗਵਾਈ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਕਰਨਗੇ ਅਤੇ 5 ਹੋਰ ਪ੍ਰਮੁੱਖ ਪੈਨਲਿਸਟ ਜਿਵੇਂ ਕਿ ਸ਼੍ਰੀ ਅਜੈ ਸਿੰਘ, ਸੀਐੱਮਡੀ ਸਪਾਈਸ ਜੈੱਟ, ਰਿਤੇਸ਼ ਅਗਰਵਾਲ ਓਵਾਈਓ, ਮਿਸ ਅਨੀਤਾ ਡੋਂਗਰੇ ਫੈਸ਼ਨ ਡਿਜ਼ਾਈਨਰ, ਸ਼੍ਰੀ ਰਣਵੀਰ ਬਰਾੜ ਉੱਘੇ ਸ਼ੈੱਫ, ਸੁਸ਼੍ਰੀ ਰੰਜੂ ਅਲੈਕਸ, ਮੀਤ ਪ੍ਰਧਾਨ ਮੈਰੀਅਟ ਮਾਰਕਿਟਿੰਗ ਇਸ ਵਿੱਚ ਸ਼ਾਮਲ ਹੋਣਗੇ।
ਇਹ ਸੈਸ਼ਨ ਇਨਕ੍ਰੈਡੀਬਲ ਇੰਡੀਆ ਸੋਸ਼ਲ ਮੀਡਆ ਉੱਤੇ ਲਾਈਵ ਹੋਵੇਗਾ ਅਤੇ ਫੇਸਬੁੱਕ.ਕਾਮ/ ਇਨਕ੍ਰੈ਼ਡੀਬਲ ਇੰਡੀਆ /ਅਤੇ ਯੂਟਿਊਬ.ਕਾਮ /ਇਨਕ੍ਰੈਡੀਬਲ ਇੰਡੀਆ ਉੱਤੇ ਵੀ ਦੇਖਿਆ ਜਾ ਸਕੇਗਾ।
*****
ਐੱਨਬੀ/ਏਕੇਜੇ/ਓਏ
(Release ID: 1633058)
Visitor Counter : 143