ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ ਨੇ ਵਿਸ਼ਾਖਾਪਟਨਮ ਗੈਸ ਲੀਕ ਘਟਨਾ ਦੀ ਸਮੀਖਿਆ ਕੀਤੀ ਜ਼ਮੀਨੀ ਪੱਧਰ ’ਤੇ ਕਾਬੂ ਪਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ
Posted On:
07 MAY 2020 5:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਹੋਈ ਇੱਕ ਉੱਚ–ਪੱਧਰੀ ਮੀਟਿੰਗ ਵਿੱਚ ਵਿਸ਼ਾਖਾਪਟਨਮ ਗੈਸ ਲੀਕ ਘਟਨਾ ਦੀ ਪ੍ਰਤੀਕਿਰਿਆ ਵਿੱਚ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਦੇ ਨਾਲ–ਨਾਲ ਆਪਦਾ ਤੋਂ ਪ੍ਰਭਾਵਿਤ ਸਥਾਨ ਨੂੰ ਸੁਰੱਖਿਅਤ ਕਰਨ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਚਰਚਾ ਕੀਤੀ। ਇਸ ਮੀਟਿੰਗ ’ਚ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਇ ਤੇ ਸ਼੍ਰੀ ਜੀ. ਕਿਸ਼ਨ ਰੈੱਡੀ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਅੱਜ ਸਵੇਰੇ ਹਾਦਸੇ ਦੀ ਖ਼ਬਰ ਮਿਲਣ ’ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਤੇ ਹਾਲਾਤ ਨਾਲ ਨਿਪਟਣ ਲਈ ਕੇਂਦਰ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਹਾਲਾਤ ’ਤੇ ਲਗਾਤਰ ਤੇ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ।
ਮੀਟਿੰਗ ਦੇ ਤੁਰੰਤ ਬਾਅਦ ਕੈਬਿਨੇਟ ਸਕੱਤਰ ਨੇ ਜ਼ਮੀਨੀ ਪੱਧਰ ਉੱਤੇ ਹਾਲਾਤ ਦੇ ਇੰਤਜ਼ਾਮਾਂ ਵਿੱਚ ਸਹਿਯੋਗ ਲਈ ਵਿਸ਼ੇਸ਼ ਕਦਮਾਂ ਦਾ ਖਾਕਾ ਖਿੱਚਣ ਹਿਤ ਗ੍ਰਹਿ, ਵਾਤਾਵਰਣ, ਵਣ ਤੇ ਜਲਵਾਯੂ ਤਬਦੀਲੀ, ਰਸਾਇਣ ਤੇ ਪੈਟਰੋ–ਰਸਾਇਣ, ਔਸ਼ਧ, ਸੂਚਨਾ ਤੇ ਪ੍ਰਸਾਰਣ ਮੰਤਰਾਲਿਆਂ ਵਿੱਚ ਸਕੱਤਰ; ਕੌਮੀ ਆਪਦਾ ਪ੍ਰਬੰਧ ਅਥਾਰਟੀ (ਐੱਨਡੀਐੱਮਏ) ਦੇ ਮੈਂਬਰ ਅਤੇ ਕੌਮੀ ਆਪਦਾ ਪ੍ਰਤੀਕਿਰਿਆ ਬਲ (ਐੱਨਡੀਆਰਐੱਫ਼) ਵਿੱਚ ਡਾਇਰੈਕਟਰ ਜਨਰਲ (ਡੀਜੀ); ਸਿਹਤ ਸੇਵਾ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਅਤੇ ਡਾਇਰੈਕਟਰ ਏਮਸ (AIIMS) ਅਤੇ ਹੋਰ ਮੈਡੀਕਲ ਮਾਹਿਰਾਂ ਦੇ ਨਾਲ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੀ ਇਸ ਮੀਟਿੰਗ ’ਚ ਮੌਜੂਦ ਰਹੇ।
ਇਹ ਫ਼ੈਸਲਾ ਲਿਆ ਗਿਆ ਕਿ ਜ਼ਮੀਨੀ ਪੱਧਰ ਉੱਤੇ ਸੰਕਟ ਦੇ ਪ੍ਰਬੰਧ ਵਿੱਚ ਰਾਜ ਸਰਕਾਰ ਨੂੰ ਸਹਿਯੋਗ ਕਰਨ ਤੇ ਗੈਸ ਰਿਸਣ ਦੇ ਥੋੜ੍ਹ–ਚਿਰੇ ਅਤੇ ਦੀਰਘਕਾਲੀਨ ਸਿਹਤ ਪ੍ਰਭਾਵਾਂ ਦੇ ਹੱਲ ਲਈ ਕਦਮ ਚੁੱਕਣ ਲਈ ਪੁਣੇ ਤੋਂ ਐੱਨਡੀਆਰਐੱਫ਼ (NDRF) ਦੀ ਸੀਬੀਆਰਐੱਨ (CBRN – ਰਸਾਇਣ, ਜੈਵਿਕ, ਰੇਡੀਓਲੌਜੀਕਲ ਤੇ ਪ੍ਰਮਾਣੂ) ਇਕਾਈ ਦੇ ਨਾਲ ਕੌਮੀ ਵਾਤਾਵਰਣ ਇੰਜੀਨੀਅਰਿੰਗ ਖੋਜ ਸੰਸਥਾਨ (ਐੱਨਈਈਆਰਆਈ – NEERI), ਨਾਗਪੁਰ ਦੇ ਮਾਹਿਰਾਂ ਦੀ ਇੱਕ ਟੀਮ ਵਿਸ਼ਾਖਾਪਟਨਮ ਰਵਾਨਾ ਕੀਤੀ ਜਾਵੇਗੀ।
ਵਿਸ਼ਾਖਾਪਟਨਮ ਜ਼ਿਲ੍ਹੇ ਦੇ ਆਰਆਰ ਵੈਂਕਟਪੁਰਮ ਪਿੰਡ, ਗੋਪਾਲਪਟਨਮ ਮੰਡਲ ’ਚ ਅੱਜ ਸਵੇਰੇ 3 ਵਜੇ ਇੱਕ ਰਸਾਇਣ ਪਲਾਂਟ ਵਿੱਚ ਸਟਾਈਰੀਨ ਗੈਸ ਦੇ ਰਿਸਣ ਦੀ ਘਟਨਾ ਸਾਹਮਣੇ ਆਈ ਸੀ। ਇਸ ਨਾਲ ਨਰਾਵਾ, ਬੀਸੀ ਕਾਲੋਨੀ, ਬਾਪੂਜੀ ਨਗਰ, ਕੰਪਾਲਾਪਾਲੇਮ ਤੇ ਕ੍ਰਿਸ਼ਨਾ ਨਗਰ ਸਮੇਤ ਆਲੇ–ਦੁਆਲੇ ਦੇ ਪਿੰਡ ਪ੍ਰਭਾਵਿਤ ਹੋਏ। ਜ਼ਹਿਰੀਲੀ ਸਟਾਈਰੀਨ ਗੈਸ ਨਾਲ ਚਮੜੀ, ਅੱਖਾਂ ਵਿੱਚ ਜਲਣ ਹੋ ਸਕਦੀ ਹੈ ਅਤੇ ਸਾਹ ਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਰਾਜ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਸਹਾਇਤਾ ਲਈ ਵਿਸ਼ਾਖਾਪਟਨਮ ਤੋਂ ਕੌਮੀ ਆਪਦਾ ਪ੍ਰਤੀਕਿਰਿਆ ਬਲ (NDRF) ਦੇ ਨਾਲ ਹੀ ਸੀਬੀਆਰਐੱਨ (CBRN) ਕਰਮਚਾਰੀਆਂ ਦੀ ਇੱਕ ਟੀਮ ਨੂੰ ਰਵਾਨਾ ਕਰ ਦਿੱਤਾ ਸੀ। ਐੱਨਡੀਆਰਐੱਫ਼ ਦੀ ਟੀਮ ਨੇ ਘਟਨਾ ਸਥਾਨ ਦੇ ਆਲੇ–ਦੁਆਲੇ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਕੱਢਿਆ। ਪੁਣੇ ਤੋਂ ਮਾਹਿਰ ਸੀਬੀਆਰਐੱਨ (CBRN) ਇਕਾਈ ਤੇ ਨਾਗਪੁਰ ਤੋਂ ਐੱਨਈਈਆਰਆਈ (NEERI) ਦੇ ਮਾਹਿਰਾਂ ਦੀ ਟੀਮ ਵਿਸ਼ਾਖਾਪਟਨਮ ਰਵਾਨਾ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡੀਜੀਐੱਚਐੱਸ (DGHS) ਜ਼ਮੀਨੀ ਪੱਧਰ ਉੱਤੇ ਮੈਡੀਕਲ ਮਾਹਿਰਾਂ ਨੂੰ ਵਿਸ਼ੇਸ਼ ਮੈਡੀਕਲ ਸਲਾਹ ਉਪਲਬਧ ਕਰਵਾਏਗੀ।
ਗੈਸ ਲੀਕ ਹੋਣ ਕਾਰਨ ਨਿੱਕਲੇ ਤੱਤਾਂ ਦੇ ਗੁਣ, ਉਨ੍ਹਾਂ ਦੇ ਪ੍ਰਭਾਵ, ਲੋਕਾਂ ਉੱਤੇ ਆਮ ਲੱਛਣ, ਮੁਢਲੀ ਮੈਡੀਕਲ ਸਹਾਇਤਾ, ਸਾਵਧਾਨੀਆਂ, ਕੀ ਕਰਨ ਤੇ ਕੀ ਨਾ ਕਰਨ ਜਿਹੇ ਨੁਕਤਿਆਂ ਦੇ ਵੇਰਵੇ ਜਾਣਨ ਲਈ ਇੱਥੇ ਕਲਿੱਕ ਕਰੋ।
*****
ਵੀਜੀ/ਐੱਸਐੱਨਸੀ/ਵੀਐੱਮ
(Release ID: 1621955)
Visitor Counter : 192