Rural Prosperity

ਸਰਸ ਮੇਲਾ 2026

ਗ੍ਰਾਮੀਣ ਮਹਿਲਾਵਾਂ ਦੇ ਉੱਦਮਾਂ ਨੂੰ ਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਾਉਣਾ

Posted On: 21 OCT 2026 11:03AM

 

ਕੇਂਦਰ ਸਰਕਾਰ ਦੀ ਡੀਏਵਾਈ-ਐੱਨਆਰਐਲਐੱਮ (DAY-NRLM) ਯੋਜਨਾ ਅਧੀਨ ਆਯੋਜਿਤ ਸਰਸ ਮੇਲੇ, ਗ੍ਰਾਮੀਣ ਮਹਿਲਾ ਉੱਦਮੀਆਂ ਨੂੰ ਵੱਡੇ ਬਜ਼ਾਰਾਂ, ਖਰੀਦਦਾਰਾਂ ਅਤੇ ਵਪਾਰਕ ਮੌਕਿਆਂ ਨਾਲ ਜੋੜਦੇ ਹਨ। ਵਿਜੈਵਾੜਾ ਵਿੱਚ ਆਯੋਜਿਤ ਇਹ ਮੇਲਾ ਦਿੱਲੀ- NCR ਤੋਂ ਬਾਹਰ ਹੋਣ ਵਾਲਾ ਪਹਿਲਾ ਰਾਸ਼ਟਰੀ ਸਰਸ ਮੇਲਾ ਹੈ, ਜੋ 34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਮਹਿਲਾ ਉੱਦਮੀਆਂ ਨੂੰ ਇਕਜੁੱਟ ਕਰਦਾ ਹੈ। ਇਹ ਪਲੈਟਫਾਰਮ ਲਖਪਤੀ ਦੀਦੀ ਵਿਜ਼ਨ ਰਾਹੀਂ ਟਿਕਾਊ ਰੋਜ਼ੀ-ਰੋਟੀ ਨੂੰ ਉਤਸ਼ਾਹਿਤ ਕਰਨ ਅਤੇ ਆਮਦਨ ਵਧਾਉਣ ਲਈ ਡੀਏਵਾਈ-ਐੱਨਆਰਐੱਲਐੱਮ ਦੇ ਯਤਨਾਂ ਨੂੰ ਮਜ਼ਬੂਤ ​​ਕਰਦਾ ਹੈ। ਇੱਥੇ ਬਣੇ ਵਿਸ਼ੇਸ਼ ਮੰਡਪ, ਵਪਾਰਕ ਸਿਖਲਾਈ, ਸੰਸਥਾਗਤ ਸਹਾਇਤਾ ਅਤੇ ਉੱਦਮ ਵਿਕਾਸ ਲਈ ਮੌਕੇ ਪ੍ਰਦਾਨ ਕਰਦੇ ਹਨ। eSaras ਵਰਗੇ ਡਿਜੀਟਲ ਪਲੈਟਫਾਰਮ ਭੌਤਿਕ ਸਮਾਗਮਾਂ ਤੋਂ ਪਰੇ ਬਜ਼ਾਰ ਪਹੁੰਚ ਦਾ ਵਿਸਤਾਰ ਕਰਦੇ ਹਨ, ਗ੍ਰਾਮੀਣ ਮਹਿਲਾਵਾਂ ਨੂੰ ਆਪਣੇ ਉਤਪਾਦਾਂ ਨੂੰ ਵਿਸ਼ਾਲ ਬਜ਼ਾਰਾਂ ਵਿੱਚ ਪਹੁੰਚਾਉਣ ਵਿੱਚ ਮਦਦ ਕਰਦੇ ਹਨ।

 

ਜਿੱਥੇ ਗ੍ਰਾਮੀਣ ਉੱਦਮ ਨੂੰ ਨਵੇਂ ਮੌਕੇ ਮਿਲਦੇ ਹਨ

ਭਾਰਤ ਦੀ ਗ੍ਰਾਮੀਣ ਅਰਥਵਿਵਸਥਾ ਰਵਾਇਤੀ ਹੁਨਰਾਂ, ਦਸਤਕਾਰੀ ਅਤੇ ਉੱਦਮੀ ਪ੍ਰਤਿਭਾ ਨਾਲ ਭਰਪੂਰ ਹੈ। ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹ (SHGs) ਇਸ ਪ੍ਰਤਿਭਾ ਨੂੰ ਸਥਾਨਕ ਅਰਥਵਿਵਸਥਾਵਾਂ ਨਾਲ ਜੋੜਨ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੇ ਉਤਪਾਦ ਹੱਥ-ਖੱਡੀਆਂ ਅਤੇ ਦਸਤਕਾਰੀ ਤੋਂ ਲੈ ਕੇ ਪ੍ਰੋਸੈੱਸਡ ਫੂਡ ਅਤੇ ਹੋਰ ਸਥਾਨਕ ਤੌਰ 'ਤੇ ਤਿਆਰ ਕੀਤੇ ਗਏ ਸਮਾਨ ਤੱਕ ਹੁੰਦੇ ਹਨ। ਹਾਲਾਂਕਿ, ਕਿਸੇ ਇੱਕ ਉਤਪਾਦ ਦਾ ਨਿਰਮਾਣ ਕਰਨਾ ਸਿਰਫ਼ ਪਹਿਲਾ ਕਦਮ ਹੈ। ਗ੍ਰਾਮੀਣ ਉੱਦਮੀਆਂ ਨੂੰ ਗ੍ਰਾਹਕਾਂ, ਬਜ਼ਾਰ ਦੀ ਜਾਣਕਾਰੀ ਅਤੇ ਵਧਣ-ਫੁੱਲਣ ਲਈ ਨਵੇਂ ਮੌਕਿਆਂ ਦੀ ਵੀ ਲੋੜ ਹੁੰਦੀ ਹੈ। ਸਰਸ ਮੇਲੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਖਪਤਕਾਰਾਂ, ਖਰੀਦਦਾਰਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੇੜੇ ਲਿਆ ਕੇ ਇਸ ਪਾੜੇ ਨੂੰ ਪੂਰਾ ਕਰਦੇ ਹਨ। ਸਰਕਾਰ ਦੁਆਰਾ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਦੇ ਤਹਿਤ ਆਯੋਜਿਤ ਸਰਸ ਮੇਲੇ, ਪਿਛਲੇ ਲਗਭਗ ਤਿੰਨ ਦਹਾਕਿਆਂ ਵਿੱਚ ਮਹੱਤਵਪੂਰਨ ਤੌਰ 'ਤੇ ਵਿਕਸਿਤ ਹੋਏ ਹਨ। ਉਹ ਹੁਣ ਸਿਰਫ਼ ਪ੍ਰਦਰਸ਼ਨੀਆਂ ਨਹੀਂ ਹਨ। ਇਹ ਮੇਲੇ ਉਤਪਾਦ ਵੇਚਣ, ਖਪਤਕਾਰਾਂ ਦੀਆਂ ਤਰਜੀਹਾਂ ਨੂੰ ਸਮਝਣ, ਵਪਾਰਕ ਸਬੰਧ ਬਣਾਉਣ ਅਤੇ ਵੱਡੇ ਬਜ਼ਾਰਾਂ ਤੱਕ ਪਹੁੰਚ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੇ ਹਨ।

.

ਆਂਧਰ ਪ੍ਰਦੇਸ਼ ਦੇ ਵਿਜੈਵਾੜਾ ਵਿੱਚ ਰਾਸ਼ਟਰੀ ਸਰਸ ਮੇਲਾ, ਇਸ ਯਾਤਰਾ ਵਿੱਚ ਇੱਕ ਨਵਾਂ ਮੀਲ ਪੱਥਰ ਹੈ, ਕਿਉਂਕਿ ਇਹ ਦਿੱਲੀ-ਐੱਨਸੀਆਰ ਖੇਤਰ ਤੋਂ ਬਾਹਰ ਆਯੋਜਿਤ ਹੋਣ ਵਾਲਾ ਪਹਿਲਾ ਰਾਸ਼ਟਰੀ ਸਰਸ ਮੇਲਾ ਹੈ। ਇਹ ਸਮਾਗਮ 13 ਅਕਤੂਬਰ, 2026 ਤੋਂ 31 ਅਕਤੂਬਰ, 2026 ਤੱਕ ਵਿਜੈਵਾੜਾ ਦੇ ਪੁੰਨਾਮੀ ਘਾਟ ਵਿਖੇ ਹੋਣ ਵਾਲਾ ਹੈ। 34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲਗਭਗ 1,500 ਮਹਿਲਾ ਸਵੈ-ਸਹਾਇਤਾ ਸਮੂਹ (SHG) ਉੱਦਮੀ ਅਤੇ ਲਖਪਤੀ ਦੀਦੀਆਂ 650 ਤੋਂ ਵੱਧ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਮੇਲੇ ਵਿੱਚ ਖੇਤਰੀ ਟੈਕਸਟਾਈਲ, ਦਸਤਕਾਰੀ, ਕੁਦਰਤੀ ਅਤੇ ਪ੍ਰੋਸੈੱਸਡ ਫੂਡ ਅਤੇ ਹੋਰ ਗ੍ਰਾਮੀਣ ਉਤਪਾਦ ਸ਼ਾਮਲ ਹਨ। ਇਸ ਤੋਂ ਇਲਾਵਾ, ਇੱਕ ਇੰਡੀਆ ਫੂਡ ਕੋਰਟ, ਸੱਭਿਆਚਾਰਕ ਪ੍ਰਦਰਸ਼ਨ ਅਤੇ ਸਿੱਖਣ ਦੇ ਲਈ ਸਮਰਪਿਤ ਸਥਾਨ ਮੌਜੂਦ ਹਨ। ਜੋਂ ਇਸ ਅਨੁਭਵ ਨੂੰ ਹੋਰ ਵੀ ਵਧਾਉਂਦੇ ਹਨ।

ਰਾਸ਼ਟਰੀ ਸਰਸ ਮੇਲੇ ਦਾ ਵਿਕੇਂਦ੍ਰੀਕਰਣ ਇੱਕ ਵਿਆਪਕ ਵਿਕਾਸ ਪਹੁੰਚ ਨੂੰ ਦਰਸਾਉਂਦਾ ਹੈ: ਭਾਰਤ ਭਰ ਵਿੱਚ ਉਤਪਾਦਕਾਂ ਅਤੇ ਖਪਤਕਾਰਾਂ ਦੇ ਨੇੜੇ ਰਾਸ਼ਟਰੀ ਪਲੈਟਫਾਰਮ ਲਿਆਉਣਾ। ਇਹ ਸਥਾਨਕ ਹੁਨਰਾਂ ਨੂੰ ਨਵੇਂ ਬਜ਼ਾਰਾਂ ਨਾਲ ਜੋੜਦਾ ਹੈ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਇਹ ਸਮਾਗਮ ਹੋਰ ਰਾਸ਼ਟਰੀ ਸਮਾਗਮਾਂ ਦੇ ਵਿਕੇਂਦ੍ਰੀਕਰਣ ਲਈ ਰਾਹ ਪੱਧਰਾ ਕਰਦਾ ਹੈ। ਇਹ ਪਹੁੰਚ ਬ੍ਰਿਕਸ ਅਤੇ ਜੀ20 ਮੀਟਿੰਗਾਂ ਵਰਗੇ ਅੰਤਰਰਾਸ਼ਟਰੀ ਸਮਾਗਮਾਂ ਨੂੰ ਖੇਤਰੀ ਪੱਧਰ 'ਤੇ ਆਯੋਜਿਤ ਕਰਨ ਦੀ ਨੀਤੀ ਦੇ ਅਨੁਰੂਪ ਹੈ।

 

ਗ੍ਰਾਮੀਣ ਰੋਜ਼ੀ-ਰੋਟੀ ਤੋਂ ਬਜ਼ਾਰ ਪਹੁੰਚ ਤੱਕ: DAY-NRLM ਦੀ ਭੂਮਿਕਾ

DAY-NRLM ਸਰਕਾਰ ਦਾ ਗ੍ਰਾਮੀਣ ਗਰੀਬੀ ਘਟਾਉਣ ਅਤੇ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਮੁੱਖ ਪ੍ਰੋਗਰਾਮ ਹੈ । ਇਹ ਸਵੈ-ਸਹਾਇਤਾ ਸਮੂਹਾਂ ਅਤੇ ਉਨ੍ਹਾਂ ਦੇ ਫੈਡਰੇਸ਼ਨਾਂ ਰਾਹੀਂ ਕੰਮ ਕਰਦਾ ਹੈ ਅਤੇ ਨਾਲ ਹੀ ਵਿੱਤੀ ਸਮਾਵੇਸ਼ ਅਤੇ ਟਿਕਾਊ ਰੋਜ਼ੀ-ਰੋਟੀ ਦਾ ਸਮਰਥਨ ਕਰਦਾ ਹੈ। ਇਹ ਮਿਸ਼ਨ ਮਹਿਲਾਵਾਂ ਨੂੰ ਹੁਨਰ, ਵਿੱਤ, ਤਕਨਾਲੋਜੀ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ। ਇਹ ਉਤਪਾਦ ਦ੍ਰਿਸ਼ਟੀ, ਬ੍ਰਾਂਡਿੰਗ, ਅਤੇ ਭੌਤਿਕ, ਡਿਜੀਟਲ ਅਤੇ ਸੰਸਥਾਗਤ ਬਜ਼ਾਰਾਂ ਨਾਲ ਸਬੰਧਾਂ ਰਾਹੀਂ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਲਈ ਬਜ਼ਾਰ ਵਾਤਾਵਰਣ ਨੂੰ ਮਜ਼ਬੂਤ ​​ਬਣਾਉਂਦਾ ਹੈ।

.

ਬਜ਼ਾਰ ਨਾਲ ਸਬੰਧ ਬਹੁਤ ਮਹੱਤਵਪੂਰਨ ਹੈ ਕਿਉਂਕਿ ਕਿਸੇ ਉੱਦਮ ਦਾ ਵਿਕਾਸ ਸਿਰਫ਼ ਉਤਪਾਦਨ 'ਤੇ ਨਿਰਭਰ ਨਹੀਂ ਕਰਦਾ। ਮਹਿਲਾਵਾਂ ਨੂੰ ਆਪਣੇ ਸਥਾਨਕ ਭਾਈਚਾਰਿਆਂ ਤੋਂ ਬਾਹਰ ਆਪਣੇ ਉਤਪਾਦ ਵੇਚਣ ਦੇ ਮੌਕਿਆਂ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਵਧੇ ਹੋਏ ਗ੍ਰਾਹਕਾਂ ਦੇ ਫੀਡਬੈਕ, ਬਿਹਤਰ ਉਤਪਾਦ ਪੇਸ਼ਕਾਰੀ ਅਤੇ ਖਰੀਦਦਾਰਾਂ ਨਾਲ ਸਬੰਧਾਂ ਤੋਂ ਲਾਭ ਹੁੰਦਾ ਹੈ। ਸਰਸ ਮੇਲੇ ਇਨ੍ਹਾਂ ਜ਼ਰੂਰਤਾਂ ਅਤੇ ਬਜ਼ਾਰ ਦੇ ਮੌਕਿਆਂ ਵਿਚਕਾਰ ਇੱਕ ਵਿਵਹਾਰਕ ਪੁਲ ਦਾ ਕੰਮ ਕਰਦੇ ਹਨ। ਇਹ ਮੇਲੇ SHG ਉੱਦਮਾਂ, ਖਪਤਕਾਰਾਂ, ਸੰਸਥਾਗਤ ਖਰੀਦਦਾਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਕੱਠੇ ਕਰਦੇ ਹਨ। ਇੱਥੇ, ਉੱਦਮੀ ਆਪਣੇ ਉਤਪਾਦ ਸਿੱਧੇ ਵੇਚ ਸਕਦੇ ਹਨ, ਗ੍ਰਾਹਕਾਂ ਦੀਆਂ ਤਰਜੀਹਾਂ ਨੂੰ ਸਮਝ ਸਕਦੇ ਹਨ ਅਤੇ ਸਾਂਝੇਦਾਰੀ ਦੀ ਪੜਚੋਲ ਕਰ ਸਕਦੇ ਹਨ ਜੋ ਇਸ ਆਯੋਜਨ ਦੇ ਬਾਅਦ ਵੀ ਬਣੀ ਰਹਿ ਸਕਦੀਆਂ ਹਨ।

 

 

65 ਲਾਭਪਾਤਰੀਆਂ ਤੋਂ ਇੱਕ ਰਾਸ਼ਟਰੀ ਬਜ਼ਾਰ ਤੱਕ

ਸਰਸ ਮੇਲੇ ਦੀ ਯਾਤਰਾ 1999 ਵਿੱਚ ਸ਼ੁਰੂ ਹੋਈ ਸੀ, ਜਦੋਂ ਪਹਿਲਾ ਰਾਸ਼ਟਰੀ ਸਰਸ ਮੇਲਾ ਦਿੱਲੀ ਵਿੱਚ ਲਗਭਗ 65 ਭਾਗੀਦਾਰਾਂ ਨਾਲ ਆਯੋਜਿਤ ਕੀਤਾ ਗਿਆ ਸੀ। ਉਦੋਂ ਤੋਂ, ਪਲੈਟਫਾਰਮ ਰਾਸ਼ਟਰੀ, ਖੇਤਰੀ, ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਫੈਲ ਗਿਆ ਹੈ। ਹੁਣ ਤੱਕ, ਕੁੱਲ 117 ਰਾਸ਼ਟਰੀ ਸਰਸ ਮੇਲੇ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਤੋਂ 200 ਕਰੋੜ ਰੁਪਏ ਤੋਂ ਵੱਧ ਦੀ ਸਲਾਨਾ ਵਿਕਰੀ ਹੋਈ ਹੈ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਸਲਾਨਾ ਘੱਟੋ-ਘੱਟ ਦੋ ਰਾਜ-ਪੱਧਰੀ ਸਰਸ ਮੇਲੇ ਆਯੋਜਿਤ ਕਰਦੇ ਹਨ, ਜਿਸ ਨਾਲ ਦੇਸ਼ ਭਰ ਵਿੱਚ ਕੁੱਲ 50 ਅਜਿਹੇ ਸਮਾਗਮ ਹੁੰਦੇ ਹਨ। ਖੇਤਰੀ ਅਤੇ ਜ਼ਿਲ੍ਹਾ-ਪੱਧਰੀ ਸਮਾਗਮ ਸਥਾਨਕ ਉਤਪਾਦਕਾਂ ਨੂੰ ਆਪਣੇ ਉਤਪਾਦ ਵੇਚਣ ਲਈ ਬਿਹਤਰ ਮੌਕੇ ਪ੍ਰਦਾਨ ਕਰਦੇ ਹਨ। ਇਹ ਸਾਰੇ ਸਮਾਗਮ ਬਜ਼ਾਰ ਖੋਜ, ਬ੍ਰਾਂਡਿੰਗ, ਖਰੀਦਦਾਰ-ਵਿਕਰੇਤਾ ਸਬੰਧ ਬਣਾਉਣ ਅਤੇ ਉੱਦਮ ਵਿਕਾਸ ਵਿੱਚ ਮਦਦ ਕਰਦੇ ਹਨ।

 

ਲਖਪਤੀ ਦੀਦੀ: ਰੋਜ਼ੀ-ਰੋਟੀ ਨੂੰ ਹੋਰ ਟਿਕਾਊ ਬਣਾਉਣਾ

ਲਖਪਤੀ ਦੀਦੀ ਪਹਿਲਕਦਮੀ DAY-NRLM (ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਰੋਜ਼ੀ-ਰੋਟੀ ਮਿਸ਼ਨ) ਦੇ ਤਹਿਤ ਇੱਕ ਨਤੀਜਾ-ਮੁਖੀ ਆਜੀਵਿਕਾ ਸੁਧਾਰ ਪਹਿਲਕਦਮੀ ਹੈ। ਇਹ ਸਵੈ-ਸਹਾਇਤਾ ਸਮੂਹਾਂ ਅਤੇ ਉਨ੍ਹਾਂ ਦੇ ਫੈਡਰੇਸ਼ਨਾਂ ਰਾਹੀਂ ਜੁੜੀਆਂ ਮਹਿਲਾਵਾਂ ਦੇ ਇੱਕ ਨੈੱਟਵਰਕ 'ਤੇ ਅਧਾਰਿਤ ਹੈ। ਇਸਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਆਜੀਵਿਕਾ ਦੇ ਮੌਕਿਆਂ ਰਾਹੀਂ ਇੱਕ ਸਥਾਈ ਆਮਦਨ ਪੈਦਾ ਕਰਨ ਵਿੱਚ ਮਦਦ ਕਰਨਾ ਹੈ। ਇੱਕ ਲਖਪਤੀ ਦੀਦੀ ਨੂੰ ਇੱਕ ਸਵੈ-ਸਹਾਇਤਾ ਸਮੂਹ (SHG) ਦੇ ਮੈਂਬਰ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸਦੇ ਪਰਿਵਾਰ ਦੀ ਸਲਾਨਾ ਆਮਦਨ ਘੱਟੋ-ਘੱਟ 1 ਲੱਖ ਰੁਪਏ ਹੈ ਅਤੇ ਉਹ ਲਗਾਤਾਰ ਇਹ ਆਮਦਨ ਲਗਾਤਾਰ ਬਣੀ ਰਹੇ। ਇਹ ਆਮਦਨ ਘੱਟੋ-ਘੱਟ ਚਾਰ ਖੇਤੀਬਾੜੀ ਮੌਸਮਾਂ ਅਤੇ/ਜਾਂ ਵਪਾਰਕ ਚੱਕਰਾਂ ਵਿੱਚ ਮਾਪੀ ਜਾਂਦੀ ਹੈ। ਇਸ ਪਹਿਲਕਦਮੀ ਨੂੰ ਅਗਸਤ 2023 ਵਿੱਚ ਇੱਕ ਵੱਡਾ ਰਾਸ਼ਟਰੀ ਹੁਲਾਰਾ ਮਿਲਿਆ ਜਦੋਂ ਸਰਕਾਰ ਨੇ ਦੋ ਕਰੋੜ ਲੱਖਪਤੀ ਦੀਦੀਆਂ ਬਣਾਉਣ ਦਾ ਟੀਚਾ ਰੱਖਿਆ ਹੈ। ਅੰਤਰਿਮ ਬਜਟ 2024-25 ਵਿੱਚ ਇਸ ਟੀਚੇ ਨੂੰ ਵਧਾ ਕੇ ਤਿੰਨ ਕਰੋੜ ਕਰ ​​ਦਿੱਤਾ ਗਿਆ। ਇਸ ਤੋਂ ਬਾਅਦ, ਇਸ ਪਹਿਲਕਦਮੀ ਨੇ ਦਸੰਬਰ 2025 ਤੱਕ ਤਿੰਨ ਕਰੋੜ ਦਾ ਮੀਲ ਪੱਥਰ ਪ੍ਰਾਪਤ ਕੀਤਾ।

ਫਰਵਰੀ 2026 ਵਿੱਚ, ਸਰਕਾਰ ਨੇ ਲਖਪਤੀ ਦੀਦੀ ਯੋਜਨਾ ਦੇ ਤਹਿਤ ਛੇ ਕਰੋੜ ਦੇ ਵਧੇ ਹੋਏ ਟੀਚੇ ਦਾ ਐਲਾਨ ਕੀਤਾ। ਇਹ ਨਵਾਂ ਪੜਾਅ ਆਮਦਨੀ ਵਾਧੇ ਨੂੰ ਕਾਇਮ ਰੱਖਣ ਅਤੇ ਉੱਦਮਾਂ ਨੂੰ ਵਧਾਉਣ 'ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ। ਇਸ ਯਤਨ ਵਿੱਚ ਮਾਰਕਿਟ ਪਹੁੰਚ, ਉਤਪਾਦ ਦ੍ਰਿਸ਼ਟੀ, ਬ੍ਰਾਂਡਿੰਗ ਅਤੇ ਭਰੋਸੇਯੋਗ ਵਿਕਰੀ ਚੈਨਲ ਮਹੱਤਵਪੂਰਨ ਹਨ। ਸਰਸ ਮੇਲੇ ਆਜੀਵਿਕਾ ਦੀ ਸਿਰਜਣਾ ਤੋਂ ਉੱਦਮ ਵਿਕਾਸ ਤੱਕ ਦੀ ਇਸ ਯਾਤਰਾ ਨੂੰ ਸੁਚਾਰੂ ਬਣਾਉਂਦੇ ਹਨ। ਇਹ ਮੇਲੇ ਥੋਕ ਆਰਡਰ, ਸੰਸਥਾਗਤ ਵਿਕਰੀ ਅਤੇ ਲੰਬੇ ਸਮੇਂ ਦੇ ਬਜ਼ਾਰ ਸਬੰਧਾਂ ਲਈ ਵੀ ਮੌਕੇ ਪੈਦਾ ਕਰ ਸਕਦੇ ਹਨ। ਵਿਜੈਵਾੜਾ ਮੇਲਾ ਸਫਲ ਉੱਦਮੀਆਂ, ਕਾਰੋਬਾਰੀ ਸਿਖਲਾਈ ਅਤੇ ਸੰਸਥਾਗਤ ਸਹਾਇਤਾ ਲਈ ਇੱਕ ਸਮਰਪਿਤ ਜਗ੍ਹਾ ਰਾਹੀਂ ਇਨ੍ਹਾਂ ਸਬੰਧਾਂ ਨੂੰ ਸਾਕਾਰ ਕਰਦਾ ਹੈ। ਇੱਥੇ, ਮਹਿਲਾਵਾਂ ਆਪਣੇ ਅਨੁਭਵ ਸਾਂਝੇ ਕਰ ਸਕਦੀਆਂ ਹਨ, ਨਵੇਂ ਤਰੀਕੇ ਸਿੱਖ ਸਕਦੀਆਂ ਹਨ ਅਤੇ ਆਪਣੇ ਉੱਦਮਾਂ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ ਦੀ ਪੜਚੋਲ ਕਰ ਸਕਦੀਆਂ ਹਨ।

 

ਵਿਜੈਵਾੜਾ: ਖੇਤਰੀ ਪਹੁੰਚ ਵਾਲਾ ਇੱਕ ਰਾਸ਼ਟਰੀ ਬਜ਼ਾਰ

ਵਿਜੈਵਾੜਾ ਮੇਲਾ ਭਾਰਤ ਭਰ ਦੇ ਉਤਪਾਦਾਂ ਅਤੇ ਪਰੰਪਰਾਵਾਂ ਨੂੰ ਇੱਕ ਬਜ਼ਾਰ ਵਿੱਚ ਇਕੱਠਾ ਕਰਦਾ ਹੈ। ਟੂਰਿਸਟ ਪੰਜਾਬ ਤੋਂ ਫੁਲਕਾਰੀ, ਜੰਮੂ ਅਤੇ ਕਸ਼ਮੀਰ ਤੋਂ ਪਸ਼ਮੀਨਾ, ਤੇਲੰਗਾਨਾ ਤੋਂ ਇਕਤ ਅਤੇ ਤੇਲੀਆ ਟੈਕਸਟਾਈਲ ਅਤੇ ਮਿਜ਼ੋਰਮ ਤੋਂ ਪੂੰਚੇਈ ਵਰਗੇ ਉਤਪਾਦਾਂ ਨੂੰ ਦੇਖ ਸਕਦੇ ਹਨ। ਸਟਾਲਾਂ 'ਤੇ ਮੀਨਾਕਾਰੀ, ਡੋਕਰਾ ਕਲਾ, ਪਿੱਤਲ ਦਾ ਕੰਮ, ਲੱਕੜ ਦੀ ਨੱਕਾਸ਼ੀ ਅਤੇ ਰਵਾਇਤੀ ਪੇਂਟਿੰਗਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ।

.

ਮੇਲੇ ਦਾ ਇੱਕ ਮੁੱਖ ਆਕਰਸ਼ਣ 16 ਫੁੱਟ ਉੱਚੀ ਕਲਾਕਾਰੀ ਹੈ ਜਿਸ ਦਾ ਸਿਰਲੇਖ ਹੈ "ਸ਼ਕਤੀ - ਲਖਪਤੀ ਦੀਦੀ ਦੀ ਆਤਮਾ।" ਇਹ ਉਨ੍ਹਾਂ ਮਹਿਲਾਵਾਂ ਦੀ ਸਮੂਹਿਕ ਸ਼ਕਤੀ ਦਾ ਪ੍ਰਤੀਕ ਹੈ ਜੋ ਰਵਾਇਤੀ ਕਾਰੀਗਰੀ ਦੀ ਕਦਰ ਕਰਦੀਆਂ ਹਨ ਅਤੇ ਆਪਣੇ ਹੁਨਰ ਰਾਹੀਂ ਰੋਜ਼ੀ-ਰੋਟੀ, ਸਵੈ-ਨਿਰਭਰਤਾ ਅਤੇ ਖੁਸ਼ਹਾਲੀ ਪ੍ਰਾਪਤ ਕਰਦੀਆਂ ਹਨ।

ਇਸ ਮੇਲੇ ਨੂੰ ਸਰਕਾਰੀ ਭਾਈਵਾਲਾਂ ਦਾ ਸਮਰਥਨ ਪ੍ਰਾਪਤ ਹੈ, ਜਿਨ੍ਹਾਂ ਵਿੱਚ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਅਤੇ ਨੈਸ਼ਨਲ ਇੰਸਟੀਟਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ (NIRDPR) ਸ਼ਾਮਲ ਹਨ। ਇਸਦੇ ਡਿਜ਼ਾਈਨ ਵਿੱਚ ਸਿੱਧੀ ਵਿਕਰੀ ਦੇ ਨਾਲ-ਨਾਲ ਸਿੱਖਣ ਦੇ ਮੌਕੇ, ਪ੍ਰਦਰਸ਼ਨ ਅਤੇ ਵੱਖ-ਵੱਖ ਸੰਗਠਨਾਂ ਨਾਲ ਸੰਪਰਕ ਸ਼ਾਮਲ ਹਨ। ਇਸਦਾ ਉਦੇਸ਼ ਇਸ ਸਮਾਗਮ ਨੂੰ ਨਾ ਸਿਰਫ਼ ਆਉਣ ਵਾਲੇ ਲੋਕਾਂ ਲਈ, ਸਗੋਂ ਟਿਕਾਊ ਕਾਰੋਬਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਉੱਦਮੀਆਂ ਲਈ ਵੀ ਉਪਯੋਗੀ ਬਣਾਉਣਾ ਹੈ।

 

ਉਹ ਸਥਾਨ ਜੋ ਉਤਪਾਦਾਂ, ਹੁਨਰਾਂ ਅਤੇ ਮੌਕਿਆਂ ਨੂੰ ਜੋੜਦੇ ਹਨ

ਵਿਜੈਵਾੜਾ ਰਾਸ਼ਟਰੀ ਸਰਸ ਮੇਲਾ ਰਵਾਇਤੀ ਪ੍ਰਦਰਸ਼ਨੀ ਅਤੇ ਪ੍ਰਚੂਨ ਫਾਰਮੈਟ ਤੋਂ ਪਰੇ ਜਾ ਰਿਹਾ ਹੈ, ਖਾਸ ਵਿਸ਼ਿਆਂ, ਗਿਆਨ ਅਤੇ ਸ਼ਮੂਲੀਅਤ 'ਤੇ ਕੇਂਦ੍ਰਿਤ ਕਈ ਸਥਾਨ ਬਣਾਉਂਦਾ ਹੈ। ਇਹ ਸਥਾਨ ਉੱਦਮਾਂ ਨੂੰ ਪ੍ਰਦਰਸ਼ਨ ਕਰਨ, ਇੱਕ ਦੂਜੇ ਤੋਂ ਸਿੱਖਣ, ਗਿਆਨ ਦਾ ਅਦਾਨ-ਪ੍ਰਦਾਨ ਕਰਨ, ਸਰਕਾਰ ਅਤੇ ਮਾਰਕਿਟ ਹਿੱਸੇਦਾਰਾਂ ਨਾਲ ਜੁੜਨ, ਲਾਈਵ ਪ੍ਰਦਰਸ਼ਨਾਂ ਨੂੰ ਦੇਖਣ ਅਤੇ ਢਾਂਚਾਗਤ ਖਰੀਦਦਾਰ-ਵਿਕ੍ਰੇਤਾ ਆਪਸੀ ਤਾਲਮੇਲ ਦੀ ਸਹੂਲਤ ਪ੍ਰਦਾਨ ਕਰਦੇ ਹਨ।

ਲਖਪਤੀ ਦੀਦੀ ਪਵੇਲੀਅਨ: ਉੱਦਮੀਆਂ ਦੇ ਦੌਰੇ ਤੋਂ ਸਿੱਖਣਾ

ਲਖਪਤੀ ਦੀਦੀ ਪਵੇਲੀਅਨ ਵਿੱਚ ਉਹ ਮਹਿਲਾਵਾਂ ਹਨ ਜਿਨ੍ਹਾਂ ਨੇ ਸਫਲ ਉੱਦਮ ਬਣਾਏ ਹਨ। ਇਸ ਵਿੱਚ ਸਲਾਨਾ 10 ਲੱਖ ਰੁਪਏ ਤੋਂ ਵੱਧ ਕਮਾਉਣ ਵਾਲੇ ਉੱਦਮੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕੁਝ 1 ਕਰੋੜ ਰੁਪਏ ਤੋਂ ਵੱਧ ਵੀ ਕਮਾਉਂਦੇ ਹਨ। ਇਹ ਮਹਿਲਾਵਾਂ ਆਪਣੇ ਉੱਦਮੀ ਸਫ਼ਰ, ਉਤਪਾਦਾਂ, ਵਪਾਰਕ ਮਾਡਲਾਂ ਅਤੇ ਮਾਰਕਿਟ  ਰਣਨੀਤੀਆਂ ਨੂੰ ਹੋਰ SHG (ਸਵੈ-ਸਹਾਇਤਾ ਸਮੂਹ) ਮੈਂਬਰਾਂ ਨਾਲ ਸਾਂਝਾ ਕਰਦੀਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਉੱਦਮੀ ਦੇ ਵਿਕਾਸ ਦੇ ਵੱਖ-ਵੱਖ ਮਾਰਗਾਂ ਨੂੰ ਉਜਾਗਰ ਕਰਦੀਆਂ ਹਨ, ਜਿਸ ਵਿੱਚ ਖੇਤੀਬਾੜੀ, ਗੈਰ-ਖੇਤੀ ਰੋਜ਼ੀ-ਰੋਟੀ, ਫੂਡ ਪ੍ਰੋਸੈੱਸਿੰਗ, ਦਸਤਕਾਰੀ, ਹੱਥਖੱਡੀ ਅਤੇ ਸੇਵਾਵਾਂ ਸ਼ਾਮਲ ਹਨ। ਇੱਕ ਦੂਜੇ ਤੋਂ ਸਿੱਖਣਾ ਮਹਿਲਾਵਾਂ ਨੂੰ ਉਹਨਾਂ ਦੇ ਆਪਣੇ ਹੁਨਰਾਂ ਅਤੇ ਹਾਲਾਤਾਂ ਦੇ ਅਨੁਕੂਲ ਪਹੁੰਚ ਲੱਭਣ ਵਿੱਚ ਮਦਦ ਕਰ ਸਕਦਾ ਹੈ।

ਸਿਖਲਾਈ ਅਤੇ ਗਿਆਨ ਮੰਡਪ: ਕਿੱਤਾਮੁਖੀ ਹੁਨਰਾਂ ਦਾ ਨਿਰਮਾਣ

ਵਧੀਆ ਉਤਪਾਦਾਂ ਲਈ ਮਜ਼ਬੂਤ ​​ਕਾਰੋਬਾਰੀ ਅਭਿਆਸਾਂ ਦੀ ਲੋੜ ਹੁੰਦੀ ਹੈ। 'ਸਿਖਲਾਈ ਅਤੇ ਗਿਆਨ' ਮੰਡਪ SHG ਉੱਦਮੀਆਂ, ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (SRLM), ਖਰੀਦਦਾਰਾਂ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਵਰਕਸ਼ਾਪਾਂ, ਮਾਹਰ ਗੱਲਬਾਤ, ਮਾਸਟਰ ਕਲਾਸਾਂ ਅਤੇ ਅਨੁਭਵ-ਸਾਂਝਾਕਰਨ ਸੈਸ਼ਨਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੈਕੇਜਿੰਗ, ਬ੍ਰਾਂਡਿੰਗ, ਕਾਰੋਬਾਰੀ ਪ੍ਰਸਤਾਵ ਵਿਕਾਸ, ਈ-ਕਾਮਰਸ ਅਤੇ ਸੋਸ਼ਲ ਮੀਡੀਆ ਮਾਰਕਿਟਿੰਗ ਵਰਗੇ ਵਿਸ਼ੇ ਸ਼ਾਮਲ ਹਨ। ਜਨਤਕ ਸੰਸਥਾਵਾਂ ਅਤੇ ਨਿੱਜੀ ਖੇਤਰ ਦੇ ਸੰਗਠਨਾਂ ਨਾਲ ਰੁਝੇਵਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ NABARD, FICCI, CII, ITC, Hindustan Unilever , Amazon, ਅਤੇ Flipkart ਸ਼ਾਮਲ ਹਨ। ਅਜਿਹੇ ਆਪਸੀ ਪ੍ਰਭਾਵ ਉੱਦਮੀਆਂ ਨੂੰ ਆਪਣੇ ਉਤਪਾਦ ਪੇਸ਼ਕਾਰੀ ਨੂੰ ਬਿਹਤਰ ਬਣਾਉਣ ਅਤੇ ਗ੍ਰਾਹਕਾਂ ਤੱਕ ਪਹੁੰਚਣ ਦੇ ਵਿਹਾਰਕ ਤਰੀਕੇ ਸਿੱਖਣ ਵਿੱਚ ਮਦਦ ਕਰ ਸਕਦੇ ਹਨ।

ਕਨਵਰਜੈਂਸ ਪੈਵੇਲੀਅਨ: ਮਹਿਲਾਵਾਂ ਨੂੰ ਸਹਾਇਤਾ ਨਾਲ ਜੋੜਨਾ

ਕਿਸੇ ਉੱਦਮ ਨੂੰ ਵਧਾਉਣ ਲਈ ਅਕਸਰ ਸਿਰਫ਼ ਬਜ਼ਾਰ ਪਹੁੰਚ ਕਾਫ਼ੀ ਨਹੀਂ ਹੁੰਦੀ। ਉੱਦਮੀਆਂ ਨੂੰ ਕ੍ਰੈਡਿਟ, ਹੁਨਰ, ਤਕਨਾਲੋਜੀ, ਗੁਣਵੱਤਾ ਪ੍ਰਮਾਣੀਕਰਣ ਅਤੇ ਸਰਕਾਰੀ ਸਹਾਇਤਾ ਦੀ ਵੀ ਲੋੜ ਹੁੰਦੀ ਹੈ। ਕਨਵਰਜੈਂਸ ਪੈਵੇਲੀਅਨ ਸਵੈ-ਸਹਾਇਤਾ ਸਮੂਹਾਂ (SHGs ) ਨਾਲ ਜੁੜੀਆਂ ਮਹਿਲਾ ਉੱਦਮੀਆਂ ਨੂੰ ਸੰਬੰਧਿਤ ਵਿਭਾਗਾਂ, ਵਿੱਤੀ ਸੰਸਥਾਵਾਂ, ਵਿਕਾਸ ਏਜੰਸੀਆਂ ਅਤੇ ਤਕਨੀਕੀ ਸੰਸਥਾਵਾਂ ਨਾਲ ਜੋੜਦਾ ਹੈ। ਇਨ੍ਹਾਂ ਸੰਗਠਨਾਂ ਅਤੇ ਪਲੈਟਫਾਰਮਾਂ ਵਿੱਚ ਕਬਾਇਲੀ ਮਾਮਲਿਆਂ ਦਾ ਮੰਤਰਾਲਾ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲਾ, ਕੱਪੜਾ ਮੰਤਰਾਲਾ, ONDC, ਸਰਕਾਰੀ ਈ-ਮਾਰਕਿਟ ਪਲੇਸ (GeM ) ਅਤੇ TRIFED ਸ਼ਾਮਲ ਹਨ। ਪੈਵੇਲੀਅਨ ਦਾ ਉਦੇਸ਼ ਮਹਿਲਾਵਾਂ ਨੂੰ ਵੱਖ-ਵੱਖ ਯੋਜਨਾਵਾਂ, ਸੇਵਾਵਾਂ ਅਤੇ ਸਹਾਇਤਾ ਪ੍ਰਣਾਲੀਆਂ ਨੂੰ ਸਮਝਣ ਵਿੱਚ ਮਦਦ ਕਰਨਾ ਹੈ।

ਪ੍ਰਦਰਸ਼ਨ ਮੰਡਪ: ਉਤਪਾਦਾਂ ਦੀ ਨਿਰਮਾਣ ਪ੍ਰਕਿਰਿਆ ਦਾ ਪ੍ਰਦਰਸ਼ਨ

ਇੱਕ ਤਿਆਰ ਉਤਪਾਦ ਦੇ ਪਿੱਛੇ ਅਕਸਰ ਹੁਨਰ, ਸਮਾਂ ਅਤੇ ਤਕਨਾਲੋਜੀ ਦੀ ਕਹਾਣੀ ਛੁਪੀ ਹੁੰਦੀ ਹੈ। ਪ੍ਰਦਰਸ਼ਨ ਮੰਡਪ ਦੇ ਟੂਰਿਸਟ ਇਸ ਨਿਰਮਾਣ ਪ੍ਰਕਿਰਿਆ ਨੂੰ ਖੁਦ ਦੇਖ ਸਕਦੇ ਹਨ।

.

ਮਹਿਲਾ ਉੱਦਮੀ ਕਾਰੀਗਰ ਰਵਾਇਤੀ ਅਤੇ ਆਧੁਨਿਕ ਉਤਪਾਦਨ ਵਿਧੀਆਂ ਦੇ ਲਾਈਵ ਪ੍ਰਦਰਸ਼ਨ ਪੇਸ਼ ਕਰਦੇ ਹਨ। ਇਨ੍ਹਾਂ ਗਤੀਵਿਧੀਆਂ ਵਿੱਚ ਮਿੱਟੀ ਦੇ ਭਾਂਡੇ, ਸੂਈ ਦਾ ਕੰਮ ਅਤੇ ਸ਼ੀਸ਼ੇ ਦੀ ਕਢਾਈ ਸ਼ਾਮਲ ਹੈ। ਲਖਪਤੀ ਦੀਦੀਆਂ ਦੁਆਰਾ ਲਾਈਵ ਪ੍ਰਦਰਸ਼ਨ ਵਿਵਹਾਰਕ ਸਿੱਖਣ (ਪ੍ਰੈਕਟਿਕਲ ਲਰਨਿੰਗ) ਅਤੇ ਗਿਆਨ ਸਾਂਝਾ ਕਰਨ ਦੇ ਮੌਕੇ ਪ੍ਰਦਾਨ ਕਰਦੇ ਹਨ। ਇਹ ਟੂਰਿਸਟਾਂ ਨੂੰ ਹੱਥ ਨਾਲ ਬਣੀਆਂ ਚੀਜ਼ਾਂ ਦੇ ਪਿੱਛੇ ਦੀ ਕਾਰੀਗਰੀ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਅਤੇ ਡੈਮੋ ਅਤੇ ਲਾਈਵ ਸਿਖਲਾਈ ਖੇਤਰ ਇੱਕ ਵਿਲੱਖਣ ਅਨੁਭਵ ਪ੍ਰਦਾਨ ਕਰਦਾ ਹੈ।

 

ਇੰਡੀਆ ਫੂਡ ਕੋਰਟ: ਰੀਜਨਲ ਫਲੇਵਰਸ ਐਂਡ ਵੂਮੈਨ ਐਂਟਰਪ੍ਰਾਈਜ਼

ਭੋਜਨ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਗ੍ਰਾਮੀਣ ਉੱਦਮ ਖਪਤਕਾਰਾਂ ਤੱਕ ਪਹੁੰਚਦੇ ਹਨ। ਇੰਡੀਆ ਫੂਡ ਕੋਰਟ ਵਿੱਚ  50 ਫੂਡ ਸਟਾਲ ਹਨ ਜੋ ਰਵਾਇਤੀ ਤੌਰ 'ਤੇ ਸ਼ੁੱਧ ਮਸਾਲਿਆਂ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਖੇਤਰੀ ਪਕਵਾਨਾਂ ਦੀ ਸੇਵਾ ਕਰਦੇ ਹਨ। ਇਸ ਪ੍ਰੋਗਰਾਮ ਵਿੱਚ 28 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 200 ਤੋਂ ਵੱਧ ਮਹਿਲਾ ਉੱਦਮੀਆਂ ਸ਼ਾਮਲ ਹਨ, ਜੋ ਪਹਿਲੀ ਵਾਰ ਫੂਡ ਸਰਵਿਸ ਉੱਦਮੀ ਹਨ। ਟੂਰਿਸਟ ਗੋਲਗੱਪਾ, ਚਾਟ ਅਤੇ ਕਬਾਬ ਵਰਗੇ ਪ੍ਰਸਿੱਧ ਸਟ੍ਰੀਟ ਫੂਡ ਦਾ ਆਨੰਦ ਲੈ ਸਕਦੇ ਹਨ। ਖੇਤਰੀ ਪਕਵਾਨਾਂ ਵਿੱਚ ਬਿਹਾਰ ਤੋਂ ਲਿੱਟੀ-ਚੋਖਾ, ਹੈਦਰਾਬਾਦੀ ਦਮ ਬਿਰਿਆਨੀ, ਅਸਾਮ ਤੋਂ ਮਸ਼ਰੂਮ ਪੀਠਾ ਅਤੇ ਪੰਜਾਬ ਤੋਂ ਮੱਕੀ ਦੀ ਰੋਟੀ ਅਤੇ ਸਾਗ ਸ਼ਾਮਲ ਹਨ। ਕੇਰਲਾ ਦੇ ਅਟੱਪਾਡੀ ਤੋਂ ਵਾਨਾ ਸੁੰਦਰੀ ਅਤੇ ਛੱਤੀਸਗੜ੍ਹ ਤੋਂ ਚੌਸੇਲਾ ਵੀ ਉਪਲਬਧ ਹਨ। ਇਹ ਫੂਡ ਕੋਰਟ ਮਹਿਲਾਵਾਂ ਨੂੰ ਰਾਸ਼ਟਰੀ ਪੱਧਰ 'ਤੇ ਆਪਣੇ ਖੇਤਰੀ ਪਕਵਾਨਾਂ ਅਤੇ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਭੋਜਨ ਤਿਆਰੀ ਅਤੇ ਸੇਵਾ ਕਾਰੋਬਾਰ ਨੂੰ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਤਾ ਦੇ ਵਿਸ਼ਾਲ ਦਾਇਰੇ ਨਾਲ ਵੀ ਜੋੜਦਾ ਹੈ।

.

 

ਸੱਭਿਆਚਾਰਕ ਪ੍ਰਦਰਸ਼ਨ: ਭਾਰਤ ਦੀ ਵਿਭਿੰਨਤਾ ਦਾ ਜਸ਼ਨ

ਸੱਭਿਆਚਾਰਕ ਪ੍ਰੋਗਰਾਮ ਵੱਖ-ਵੱਖ ਖੇਤਰਾਂ ਤੋਂ ਪਰੰਪਰਾਗਤ ਕਲਾ, ਦਸਤਕਾਰੀ, ਕੱਪੜਾ, ਸੰਗੀਤ ਅਤੇ ਨਾਚ ਨੂੰ ਪ੍ਰਦਰਸ਼ਿਤ ਕਰਦੇ ਹਨ, ਜੋ ਟੂਰਿਸਟਾਂ ਨੂੰ ਇੱਕ ਅਮੀਰ ਰਾਸ਼ਟਰੀ ਅਨੁਭਵ ਪ੍ਰਦਾਨ ਕਰਦੇ ਹਨ। ਇਹ ਪ੍ਰਦਰਸ਼ਨੀਆਂ ਪ੍ਰਦਰਸ਼ਿਤ ਕੀਤੇ ਗਏ ਬਹੁਤ ਸਾਰੇ ਉਤਪਾਦਾਂ ਦੇ ਪਿੱਛੇ ਵਿਰਾਸਤ ਦਾ ਜਸ਼ਨ ਮਨਾਉਂਦੀਆਂ ਹਨ। ਇਹ ਵੱਖ-ਵੱਖ ਰਾਜਾਂ ਨੂੰ ਆਪਣੀ ਵਿਲੱਖਣ ਸੱਭਿਆਚਾਰਕ ਪਛਾਣ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਵੀ ਪ੍ਰਦਾਨ ਕਰਦੇ ਹਨ।

 

ਡਿਜੀਟਲ ਏਕੀਕਰਣ: ਭੌਤਿਕ ਸਟਾਲਾਂ ਤੋਂ ਡਿਜੀਟਲ ਬਜ਼ਾਰਾਂ ਤੱਕ

ਸਰਸ ਮੇਲੇ ਵਿੱਚ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਡਿਜੀਟਲ ਭੁਗਤਾਨ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। UPI ਰਾਹੀਂ ਭੁਗਤਾਨ ਸੁਵਿਧਾਜਨਕ ਅਤੇ ਪਾਰਦਰਸ਼ੀ ਹਨ ਅਤੇ ਫੂਡ ਕੋਰਟ ਮੁੱਖ ਤੌਰ 'ਤੇ ਨਕਦ ਰਹਿਤ ਲੈਣ-ਦੇਣ ਚਲਾਉਂਦਾ ਹੈ। ਇਸ ਤੋਂ ਇਲਾਵਾ, ਸੀਨੀਅਰ ਨਾਗਰਿਕਾਂ ਅਤੇ ਨਕਦ ਭੁਗਤਾਨਾਂ ਨੂੰ ਤਰਜੀਹ ਦੇਣ ਵਾਲਿਆਂ ਲਈ ਕੂਪਨ-ਅਧਾਰਿਤ ਨਕਦ ਭੁਗਤਾਨ ਉਪਲਬਧ ਹਨ। ਇਹ ਹਰੇਕ ਲਈ ਇੱਕ ਸੰਮਲਿਤ ਅਤੇ ਸੁਵਿਧਾਜਨਕ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ। 

.

ਇਸ ਤੋਂ ਇਲਾਵਾ, ਬਜ਼ਾਰ ਦੇ ਮੌਕੇ ਨੂੰ ਮੇਲੇ ਦੇ ਅੰਤ ਨਾਲ ਖਤਮ ਨਹੀਂ ਹੋਣਾ ਚਾਹੀਦਾ। ਡਿਜੀਟਲ ਚੈਨਲ ਉੱਦਮਾਂ ਨੂੰ ਸਥਾਨ ਅਤੇ ਭੂਗੋਲਿਕ ਸੀਮਾਵਾਂ ਤੋਂ ਪਰੇ ਗ੍ਰਾਹਕਾਂ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੇ ਹਨ। ਇਸ ਲਈ, ਸਰਸ ਈਕੋਸਿਸਟਮ ਵਿੱਚ ਭੌਤਿਕ ਮੇਲੇ, ਨਾਲ ਹੀ ਸਰਸ ਗੈਲਰੀਆਂ ਅਤੇ ਈ-ਕਾਮਰਸ ਚੈਨਲ ਸ਼ਾਮਲ ਹਨ। ਈਸਰਸ (eSARAS) ਪਲੈਟਫਾਰਮ ਗ੍ਰਾਹਕਾਂ ਨੂੰ SHG ਉੱਦਮੀਆਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਖੋਜਣ ਅਤੇ ਖਰੀਦਣ ਦਾ ਇੱਕ ਔਨਲਾਈਨ ਤਰੀਕਾ ਪ੍ਰਦਾਨ ਕਰਦਾ ਹੈ। ਇਹ ਆਹਮੋ-ਸਾਹਮਣੇ ਵਿਕਰੀ ਤੋਂ ਪਰੇ ਬਜ਼ਾਰ ਪਹੁੰਚ ਨੂੰ ਵਧਾਉਂਦਾ ਹੈ ਅਤੇ ਮੇਲੇ ਤੋਂ ਬਾਅਦ ਵੀ ਉਤਪਾਦ ਦੀ ਦਿੱਖ ਨੂੰ ਯਕੀਨੀ ਬਣਾਉਂਦਾ ਹੈ।      

2025 ਵਿੱਚ, ਇੱਕ ਸਮਰਪਿਤ ਸਰਸ ਮੇਲਾ ਡਿਜੀਟਲ ਐਪ ਪੇਸ਼ ਕੀਤਾ ਗਿਆ ਸੀ। ਇਹ ਐਪ SHG ਨਾਮਾਂਕਣ, ਹਾਜ਼ਰੀ ਪ੍ਰਬੰਧਨ ਅਤੇ ਪ੍ਰੋਗਰਾਮ ਨਾਲ ਸਬੰਧਿਤ ਜਾਣਕਾਰੀ ਸਾਂਝੀ ਕਰਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ, ਭੌਤਿਕ ਸਮਾਗਮ ਅਤੇ ਡਿਜੀਟਲ ਮੀਡੀਆ ਪੂਰਕ ਮਾਰਕਿਟ ਪਹੁੰਚ ਪ੍ਰਦਾਨ ਕਰਦੇ ਹਨ। ਸਰਸ ਮੇਲਾ ਗ੍ਰਾਹਕਾਂ ਅਤੇ ਖਰੀਦਦਾਰਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਦਾ ਹੈ। ਇਸ ਦੌਰਾਨ, ਔਨਲਾਈਨ ਚੈਨਲ ਪ੍ਰੋਗਰਾਮ ਤੋਂ ਬਾਅਦ ਵੀ ਉਤਪਾਦ ਦੀ ਪਹੁੰਚ ਅਤੇ ਵਿਕਰੀ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ।    

 

ਵੱਖ-ਵੱਖ ਖੇਤਰਾਂ ਤੱਕ ਰਾਸ਼ਟਰੀ ਬਜ਼ਾਰ ਪਹੁੰਚ ਦਾ ਵਿਸਤਾਰ ਕਰਨਾ

ਵਿਜੈਵਾੜਾ ਵਿੱਚ ਆਯੋਜਿਤ ਰਾਸ਼ਟਰੀ ਸਰਸ ਮੇਲਾ ਇਸ ਬਜ਼ਾਰ ਪਹੁੰਚ ਪਲੈਟਫਾਰਮ ਨੂੰ ਇੱਕ ਨਵੇਂ ਖੇਤਰ ਵਿੱਚ ਫੈਲਾਉਂਦਾ ਹੈ। ਵੱਖ-ਵੱਖ ਥਾਵਾਂ 'ਤੇ ਅਜਿਹੇ ਰਾਸ਼ਟਰੀ ਪੱਧਰ ਦੇ ਸਮਾਗਮਾਂ ਦਾ ਆਯੋਜਨ ਕਰਕੇ, ਇਹ ਸਮਾਗਮ ਉਨ੍ਹਾਂ ਨੂੰ ਸਥਾਨਕ ਖਪਤਕਾਰਾਂ, ਖਰੀਦਦਾਰਾਂ ਅਤੇ ਸੰਸਥਾਗਤ ਭਾਈਵਾਲਾਂ ਦੇ ਨੇੜੇ ਲਿਆਉਂਦੇ ਹਨ। ਇਹ ਵੱਖ-ਵੱਖ ਰਾਜਾਂ ਦੇ ਉਤਪਾਦਕਾਂ ਨੂੰ ਵੱਡੇ ਬਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹ ਪਹੁੰਚ DAY-NRLM ਅਤੇ ਲਖਪਤੀ ਦੀਦੀ ਪਹਿਲਕਦਮੀ ਦੇ ਵਿਆਪਕ ਉਦੇਸ਼ਾਂ ਦਾ ਸਮਰਥਨ ਕਰਦੀ ਹੈ। ਮਹਿਲਾਵਾਂ ਨੂੰ ਨਾ ਸਿਰਫ਼ ਟਿਕਾਊ ਰੋਜ਼ੀ-ਰੋਟੀ ਦੀ ਲੋੜ ਹੁੰਦੀ ਹੈ, ਸਗੋਂ ਉਨ੍ਹਾਂ ਦੇ ਉਤਪਾਦਾਂ ਦੇ ਮੁੱਲ ਨੂੰ ਵਧਾਉਣ ਅਤੇ ਉਨ੍ਹਾਂ ਦੀ ਵਿਕਰੀ ਨੂੰ ਵਧਾਉਣ ਦੇ ਤਰੀਕਿਆਂ ਦੀ ਵੀ ਲੋੜ ਹੁੰਦੀ ਹੈ। ਪਲੈਟਫਾਰਮ ਜੋ ਵਿਕਰੀ, ਸਿੱਖਣ ਦੇ ਮੌਕਿਆਂ ਅਤੇ ਸੰਸਥਾਗਤ ਸਬੰਧਾਂ ਨੂੰ ਜੋੜਦੇ ਹਨ, ਇਸ ਪ੍ਰਕਿਰਿਆ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।

ਇਹ ਰਾਸ਼ਟਰੀ ਸਰਸ ਮੇਲਾ, ਜੋ ਕਿ ਦਿੱਲੀ-ਐੱਨਸੀਆਰ ਖੇਤਰ ਤੋਂ ਬਾਹਰ ਆਯੋਜਿਤ ਕੀਤਾ ਜਾ ਰਿਹਾ ਹੈ, 2 ਅਕਤੂਬਰ , 2026 ਤੋਂ ਸ਼ੁਰੂ ਹੋ ਰਹੇ ਸੇਵਾ ਪਖਵਾੜੇ ਦੌਰਾਨ ਸਰਕਾਰ ਦੁਆਰਾ ਕੀਤੀ ਗਈ ਇੱਕ ਮਹੱਤਵਪੂਰਨ ਪਹਿਲ ਹੈ। ਸਰਸ ਮੇਲੇ ਵੋਕਲ ਫਾਰ ਲੋਕਲ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਵੀ ਉਤਸ਼ਾਹਿਤ ਕਰਦੇ ਹਨ। ਇਹ ਖਪਤਕਾਰਾਂ ਨੂੰ ਗ੍ਰਾਮੀਣ ਉਤਪਾਦਾਂ ਬਾਰੇ ਸਿੱਖਣ ਅਤੇ ਉਨ੍ਹਾਂ ਨੂੰ ਬਣਾਉਣ ਵਾਲੀਆਂ ਮਹਿਲਾ ਉੱਦਮੀਆਂ ਨਾਲ ਸਿੱਧੇ ਮਿਲਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹ ਮੇਲੇ ਰਵਾਇਤੀ ਹੁਨਰਾਂ ਨੂੰ ਸੁਰੱਖਿਅਤ ਰੱਖਣ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਮਜ਼ਬੂਤ ​​ਕਰਨ ਦੇ ਮੌਕੇ ਪੈਦਾ ਕਰਦੇ ਹਨ। ਅਸਲ ਵਿੱਚ , ਰਾਸ਼ਟਰੀ ਸਰਸ ਮੇਲਾ ਹਰ ਉਤਪਾਦ, ਸ਼ਿਲਪਕਾਰੀ ਅਤੇ ਉੱਦਮ ਦੇ ਪਿੱਛੇ ਮਹਿਲਾਵਾਂ ਬਾਰੇ ਵਿੱਚ ਹੈ। ਇਹ ਹੁਨਰ ਤੋਂ ਉੱਦਮ, ਉੱਦਮ ਤੋਂ ਬਜ਼ਾਰ ਅਤੇ ਬਜ਼ਾਰ ਤੋਂ ਇੱਕ ਟਿਕਾਊ ਰੋਜ਼ੀ-ਰੋਟੀ ਤੱਕ ਦੀ ਯਾਤਰਾ ਨੂੰ ਦਰਸਾਉਂਦਾ ਹੈ।

 

 

ਹਵਾਲਾ

ਗ੍ਰਾਮੀਣ ਵਿਕਾਸ ਮੰਤਰਾਲਾ

https://www.esaras.in/

https://x.com/esarasaajeevika?lang=en

https://www.pib.gov.in/PressReleaseDetail.aspx?PRID=2322458®=48&lang=1

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ

https://play.google.com/store/apps/details?id=com.esaras&hl=en_IN

ਰਾਸ਼ਟਰਪਤੀ ਸਕੱਤਰੇਤ

https://www.pib.gov.in/PressReleaseIframePage.aspx?PRID=2323813®=48&lang=2

ਤੇਲੰਗਾਨਾ ਸਰਕਾਰ

https://www.efms.serp.telangana.gov.in/Livelihoods/SARAS/Views/SarasHome.aspx

 

ਪੀਡੀਐਫ ਦੇਖਣ ਲਈ ਕਲਿੱਕ ਕਰੋ

 

ਪੀਆਈਬੀ ਖੋਜ

*********

ਪੀਆਈਬੀ

(Explainer ID: 160647) आगंतुक पटल : 15
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Assamese , Bengali , Tamil , Telugu_Vw , Telugu , Kannada , Malayalam