Infrastructure

ਹਰੇ-ਭਰੇ ਰਾਸ਼ਟਰੀ ਰਾਜਮਾਰਗ

ਟਿਕਾਊ ਸੜਕ ਬੁਨਿਆਦੀ ਢਾਂਚੇ ਵੱਲ ਭਾਰਤ ਦੇ ਵਧਦੇ ਕਦਮ

Posted On: 28 SEP 2026 6:35PM

ਭਾਰਤ ਦੀ ਗ੍ਰੀਨ ਹਾਈਵੇਅ ਪਹੁੰਚ ਪੌਦੇ ਲਗਾਉਣ, ਜਲਵਾਯੂ-ਲਚਕਤਾ ਡਿਜ਼ਾਈਨ ਅਤੇ ਸਰੋਤ-ਕੁਸ਼ਲ ਨਿਰਮਾਣ ਰਾਹੀਂ ਸੜਕ ਬੁਨਿਆਦੀ ਢਾਂਚੇ ਨੂੰ ਬਦਲ ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਲਗਭਗ 1.32 ਲੱਖ ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ’ਤੇ 3.61 ਕਰੋੜ ਤੋਂ ਵੱਧ ਬੂਟੇ ਲਗਾਏ ਗਏ ਹਨ। ਮਿਆਵਾਕੀ ਜੰਗਲਾਂ ਤੋਂ ਲੈ ਕੇ ਰੀਸਾਈਕਲ ਕੀਤੀ ਨਿਰਮਾਣ ਸਮੱਗਰੀ ਅਤੇ ਦੇਸੀ ਬਾਇਓ-ਬਿਟੂਮਨ ਤਕਨਾਲੋਜੀ ਤੱਕ, ਹਰੇ-ਭਰੇ ਢੰਗ ਰਾਜਮਾਰਗਾਂ ਦੇ ਵਿਕਾਸ ਨੂੰ ਆਕਾਰ ਦੇ ਰਹੇ ਹਨ। ਨੈਸ਼ਨਲ ਹਾਈਵੇਜ਼ ਗ੍ਰੀਨ ਕਵਰ ਇੰਡੈਕਸ ਰਾਹੀਂ ਸੈਟੇਲਾਈਟ-ਅਧਾਰਿਤ ਨਿਗਰਾਨੀ ਹਰੇ-ਭਰੇ ਖੇਤਰ ਦੇ ਵਿਗਿਆਨਕ ਮੁਲਾਂਕਣ ਨੂੰ ਮਜ਼ਬੂਤ ਕਰ ਰਹੀ ਹੈ। ਭਾਈਚਾਰਕ ਪਹਿਲਕਦਮੀਆਂ ਅਤੇ ਪਰਾਗਣਕਾਰੀ ਜੀਵਾਂ ਲਈ ਕੌਰੀਡੋਰ ਵੀ ਵਿਆਪਕ ਵਾਤਾਵਰਣਕ ਪੱਖ ਨੂੰ ਮਜ਼ਬੂਤ ਕਰ ਰਹੇ ਹਨ।

ਸੜਕਾਂ ਦਾ ਨਿਰਮਾਣ, ਹਰਿਆਲੀ 'ਚ ਵਾਧਾ 

ਭਾਰਤ ਦੇ ਰਾਜਮਾਰਗ ਹੁਣ ਸਿਰਫ਼ ਸੰਪਰਕ ਦੇ ਮਾਰਗ ਨਹੀਂ ਰਹੇ। ਇਹ ਦੇਸ਼ ਦੇ ਵਿਆਪਕ ਬੁਨਿਆਦੀ ਢਾਂਚਾਗਤ ਬਦਲਾਅ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਰਹੇ ਹਨ। ਜਿਵੇਂ-ਜਿਵੇਂ ਸੜਕ ਬੁਨਿਆਦੀ ਢਾਂਚਾ ਵਧ ਰਿਹਾ ਹੈ, ਧਿਆਨ ਹੁਣ ਅਜਿਹੇ ਕੌਰੀਡੋਰ ਬਣਾਉਣ ਵੱਲ ਵੀ ਵਧ ਰਿਹਾ ਹੈ ਜੋ ਕੁਸ਼ਲ, ਲਚਕੀਲੇ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਹੋਣ।

ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਦੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਵਿੱਚ ਲਗਭਗ 61% ਦਾ ਵਾਧਾ ਹੋਇਆ ਹੈ। ਇਹ 2014 ਵਿੱਚ 91,287 ਕਿਲੋਮੀਟਰ ਤੋਂ ਵਧ ਕੇ ਮਾਰਚ 2026 ਤੱਕ 1,46,572 ਕਿਲੋਮੀਟਰ ਹੋ ਗਿਆ ਹੈ। ਇਸ ਤੇਜ਼ ਵਿਕਾਸ ਨੇ ਸੰਪਰਕ ਨੂੰ ਮਜ਼ਬੂਤ ਕੀਤਾ ਹੈ, ਬਾਜ਼ਾਰਾਂ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਹੈ ਅਤੇ ਲੋਕਾਂ ਤੇ ਵਸਤੂਆਂ ਦੀ ਤੇਜ਼ ਆਵਾਜਾਈ ਵਿੱਚ ਸਹਾਇਤਾ ਕੀਤੀ ਹੈ। ਜਿਵੇਂ-ਜਿਵੇਂ ਸੜਕ ਬੁਨਿਆਦੀ ਢਾਂਚਾ ਵਧ ਰਿਹਾ ਹੈ, ਧਿਆਨ ਹੁਣ ਅਜਿਹੇ ਕੌਰੀਡੋਰ ਬਣਾਉਣ ਵੱਲ ਵੀ ਵਧ ਰਿਹਾ ਹੈ ਜੋ ਕੁਸ਼ਲ, ਲਚਕੀਲੇ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਹੋਣ। ਰਾਸ਼ਟਰੀ ਰਾਜਮਾਰਗਾਂ (ਐੱਨਐੱਚ) ਦੇ ਨਾਲ ਵੱਡੇ ਪੱਧਰ ’ਤੇ ਪੌਦੇ ਲਗਾਉਣਾ, ਰੀਸਾਈਕਲ ਕੀਤੀ ਅਤੇ ਰਹਿੰਦ-ਖੂੰਹਦ ਤੋਂ ਪ੍ਰਾਪਤ ਸਮੱਗਰੀ ਦੀ ਵਰਤੋਂ, ਊਰਜਾ-ਕੁਸ਼ਲ ਨਿਰਮਾਣ ਤਰੀਕੇ ਅਤੇ ਹਰੇ-ਭਰੇ ਖੇਤਰ ਦੀ ਸੈਟੇਲਾਈਟ-ਅਧਾਰਿਤ ਨਿਗਰਾਨੀ ਵਧੇਰੇ ਟਿਕਾਊ ਰਾਜਮਾਰਗ ਨੈੱਟਵਰਕ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ।

ਗ੍ਰੀਨ ਹਾਈਵੇਜ਼ ਨੀਤੀ, 2015: ਨੀਤੀ ਦਾ ਵਿਕਾਸ

ਭਾਰਤ ਦੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਨੂੰ ਹਰਾ-ਭਰਾ ਬਣਾਉਣ ਦਾ ਕੰਮ ਗ੍ਰੀਨ ਹਾਈਵੇਜ਼ (ਪੌਦੇ ਲਗਾਉਣਾ, ਪੌਦਿਆਂ ਦਾ ਸਥਾਨਾਂਤਰਨ, ਸੁੰਦਰੀਕਰਨ ਅਤੇ ਰੱਖ-ਰਖਾਅ) ਨੀਤੀ, 2015 ਰਾਹੀਂ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਨੀਤੀ ਹੇਠ ਲਿਖੇ ਮੰਤਵਾਂ ਲਈ ਤਿਆਰ ਕੀਤੀ ਗਈ ਸੀ:

* ਰਾਸ਼ਟਰੀ ਰਾਜਮਾਰਗਾਂ ਦੇ ਨਾਲ ਪੌਦੇ ਲਗਾਉਣ ਲਈ ਇੱਕ ਨੀਤੀ ਢਾਂਚਾ ਵਿਕਸਿਤ ਕਰਨਾ।

* ਹਵਾ ਪ੍ਰਦੂਸ਼ਣ ਅਤੇ ਧੂੜ ਦੇ ਪ੍ਰਭਾਵ ਨੂੰ ਘਟਾਉਣਾ, ਕਿਉਂਕਿ ਰੁੱਖ ਅਤੇ ਝਾੜੀਆਂ ਹਵਾ ਪ੍ਰਦੂਸ਼ਕਾਂ ਲਈ ਕੁਦਰਤੀ ਸੋਖਕ ਵਜੋਂ ਜਾਣੇ ਜਾਂਦੇ ਹਨ।

* ਢਲਾਣ ਵਾਲੇ ਮਿੱਟੀ ਦੇ ਕੰਢਿਆਂ ’ਤੇ ਮਿੱਟੀ ਦੇ ਕਟਾਅ ਨੂੰ ਰੋਕਣਾ।

* ਹਵਾ ਅਤੇ ਰੇਡੀਏਸ਼ਨ ਦੇ ਪ੍ਰਭਾਵ ਨੂੰ ਨਿਯੰਤਰਿਤ ਕਰਨਾ।

* ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ।

 

ਨੀਤੀ ਨੂੰ ਲਾਗੂ ਕਰਨ ਵਿੱਚ ਕਈ ਹਿੱਸੇਦਾਰ ਇਕੱਠੇ ਕੰਮ ਕਰਦੇ ਹਨ। ਪੌਦੇ ਲਗਾਉਣ ਦੀਆਂ ਗਤੀਵਿਧੀਆਂ ਸਵੈ-ਸਹਾਇਤਾ ਸਮੂਹਾਂ, ਨਿੱਜੀ ਏਜੰਸੀਆਂ, ਰਾਜ ਜੰਗਲਾਤ ਵਿਭਾਗਾਂ, ਜੰਗਲਾਤ ਨਿਗਮਾਂ ਅਤੇ ਠੇਕੇਦਾਰਾਂ ਵਲੋਂ ਮਨਜ਼ੂਰਸ਼ੁਦਾ ਕੰਮਾਂ ਦੇ ਦਾਇਰੇ ਅਨੁਸਾਰ ਕੀਤੀਆਂ ਜਾਂਦੀਆਂ ਹਨ। ਸਮੁੱਚੀ ਨਿਗਰਾਨੀ ਲਈ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੇ ਖੇਤਰੀ ਦਫ਼ਤਰਾਂ ਅਤੇ ਹੋਰ ਏਜੰਸੀਆਂ ਰਾਹੀਂ ਇੱਕ 'ਪਲਾਂਟੇਸ਼ਨ ਸੈੱਲ' ਸਥਾਪਿਤ ਕੀਤਾ ਗਿਆ ਹੈ।

ਕੌਰੀਡੋਰਾਂ ਨੂੰ ਹਰਾ-ਭਰਾ ਬਣਾਉਣਾ: ਪੌਦੇ ਲਗਾਉਣਾ ਅਤੇ ਵਣੀਕਰਨ

ਰਾਸ਼ਟਰੀ ਰਾਜਮਾਰਗਾਂ ਨੂੰ ਹਰਾ-ਭਰਾ ਬਣਾਉਣ ਦਾ ਮੁਲਾਂਕਣ ਹੁਣ ਲਗਾਏ ਗਏ ਬੂਟਿਆਂ ਦੀ ਗਿਣਤੀ, ਉਨ੍ਹਾਂ ਦੇ ਬਚਾਅ, ਵਿਕਾਸ ਅਤੇ ਰਾਜਮਾਰਗ ਕੌਰੀਡੋਰਾਂ ਦੇ ਨਾਲ ਉਨ੍ਹਾਂ ਦੀ ਵੰਡ ਦੇ ਆਧਾਰ ’ਤੇ ਵੱਧ ਤੋਂ ਵੱਧ ਕੀਤਾ ਜਾ ਰਿਹਾ ਹੈ। ਜੁਲਾਈ 2026 ਤੱਕ, ਪਿਛਲੇ ਪੰਜ ਸਾਲਾਂ ਦੌਰਾਨ ਲਗਭਗ 1.32 ਲੱਖ ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦੇ ਨਾਲ 3.61 ਕਰੋੜ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ। ਇਸ ਪਹੁੰਚ ਦਾ ਵਿਸਤਾਰ ਪੌਦੇ ਲਗਾਉਣ ਤੋਂ ਅੱਗੇ ਵਧ ਕੇ ਵਿਆਪਕ ਵਾਤਾਵਰਣ ਪ੍ਰਬੰਧਨ ਤੱਕ ਹੋ ਗਿਆ ਹੈ। ਪਹਿਲਾਂ ਪੌਦੇ ਲਗਾਉਣ ਦੀ ਨਿਗਰਾਨੀ ਮੁੱਖ ਤੌਰ ’ਤੇ ਮੈਦਾਨੀ ਕਰਮਚਾਰੀਆਂ ਵੱਲੋਂ ਸਥਾਨ ’ਤੇ ਜਾ ਕੇ ਕੀਤੀ ਜਾਂਦੀ ਸੀ। ਅੱਜ ਇਸ ਨੂੰ ਡਰੋਨ ਅਤੇ ਸੈਟੇਲਾਈਟ-ਅਧਾਰਿਤ ਨਿਗਰਾਨੀ ਰਾਹੀਂ ਪੂਰਕ ਬਣਾਇਆ ਜਾ ਰਿਹਾ ਹੈ। ਹਰੇ-ਭਰੇ ਖੇਤਰ ਨੂੰ ਵਧਾਉਣ ਲਈ ਪੌਦੇ ਲਗਾਉਣ ਦੀ ਮਿਆਵਾਕੀ ਤਕਨੀਕ ਵੀ ਲਾਗੂ ਕੀਤੀ ਗਈ ਹੈ। ਜਿੱਥੇ ਰਾਜਮਾਰਗ ਦੇ ਵਿਕਾਸ ਲਈ ਰੁੱਖਾਂ ਦੀ ਕਟਾਈ ਜ਼ਰੂਰੀ ਹੁੰਦੀ ਹੈ, ਉੱਥੇ ਮੁਆਵਜ਼ੇ ਵਜੋਂ ਵਣੀਕਰਨ ਅਤੇ ਰੁੱਖਾਂ ਦਾ ਸਥਾਨਾਂਤਰਨ ਕੀਤਾ ਜਾਂਦਾ ਹੈ।

 

ਮਿਆਵਾਕੀ ਤਕਨੀਕ ਸੀਮਤ ਥਾਵਾਂ ਵਿੱਚ ਸੰਘਣੇ ਜੰਗਲ ਬਣਾਉਣ ਦੀ ਇੱਕ ਵਿਧੀ ਹੈ। ਇਸ ਨੂੰ ‘ਪੌਟ ਪਲਾਂਟੇਸ਼ਨ ਵਿਧੀ’ ਵੀ ਕਿਹਾ ਜਾਂਦਾ ਹੈ। ਇਸ ਵਿੱਚ ਰੁੱਖਾਂ ਅਤੇ ਝਾੜੀਆਂ ਨੂੰ ਇੱਕ-ਦੂਜੇ ਦੇ ਨੇੜੇ ਲਗਾਇਆ ਜਾਂਦਾ ਹੈ ਤਾਂ ਜੋ ਤੇਜ਼ੀ ਨਾਲ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਘੱਟ ਸਮੇਂ ਵਿੱਚ ਜੰਗਲ ਵਰਗੇ ਵਾਤਾਵਰਣਕ ਤੰਤਰ ਸਥਾਪਿਤ ਕੀਤੇ ਜਾ ਸਕਣ। ਇਸ ਵਿਧੀ ਤਹਿਤ ਪੌਦੇ 10 ਗੁਣਾ ਤੱਕ ਤੇਜ਼ੀ ਨਾਲ ਵਧ ਸਕਦੇ ਹਨ, ਜਿਸ ਕਾਰਨ ਇਹ ਖ਼ਾਸ ਤੌਰ ’ਤੇ ਸੀਮਤ ਥਾਂ ਵਾਲੇ ਸ਼ਹਿਰੀ ਖੇਤਰਾਂ ਵਿੱਚ ਹਰੇ-ਭਰੇ ਖੇਤਰ ਨੂੰ ਵਧਾਉਣ ਲਈ ਢੁਕਵੀਂ ਹੈ।

ਪੌਦੇ ਲਗਾਉਣਾ ਅਤੇ ਲੈਂਡਸਕੇਪਿੰਗ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਅਤੇ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਅਟੁੱਟ ਹਿੱਸਾ ਬਣ ਗਏ ਹਨ। ਸਤੰਬਰ 2026 ਵਿੱਚ ਐੱਨਐੱਚਏਆਈ ਦੇ ਦਿਸ਼ਾ-ਨਿਰਦੇਸ਼ ਇਸ ਪਹੁੰਚ ਨੂੰ ਹੋਰ ਮਜ਼ਬੂਤ ਕਰਦੇ ਹਨ। ਪੌਦੇ ਲਗਾਉਣ ਦੇ ਕੰਮਾਂ ਨੂੰ ਆਰਜ਼ੀ ਪੂਰਨਤਾ ਪ੍ਰਮਾਣ-ਪੱਤਰ ਲਈ ਤਦ ਹੀ ਅਨੁਕੂਲ ਮੰਨਿਆ ਜਾਵੇਗਾ ਜਦੋਂ ਪੌਦੇ ਲਗਾਉਣ ਲਈ ਨਿਰਧਾਰਤ ਉਪਲਬਧ ਰਾਈਟ ਆਫ਼ ਵੇਅ (ਆਰਓਡਬਲਿਊ) ਦੇ ਘੱਟੋ-ਘੱਟ 80% ਹਿੱਸੇ ਨੂੰ ਕਵਰ ਕੀਤਾ ਗਿਆ ਹੋਵੇ। ਆਰਓਡਬਲਿਊ ਦਾ ਅਰਥ ਉਸ ਨਿਰਧਾਰਤ ਜ਼ਮੀਨੀ ਖੇਤਰ ਤੋਂ ਹੈ ਜੋ ਰਾਜਮਾਰਗ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ, ਸੰਚਾਲਨ ਅਤੇ ਰੱਖ-ਰਖਾਅ ਲਈ ਕਾਨੂੰਨੀ ਤੌਰ ’ਤੇ ਲੋੜੀਂਦਾ ਹੁੰਦਾ ਹੈ। ਲਗਾਏ ਗਏ ਬੂਟਿਆਂ ਦੀ ਜਾਂਚ ਦੇ ਸਮੇਂ ਅਧਿਕਾਰੀਆਂ ਵੱਲੋਂ ਘੱਟੋ-ਘੱਟ 90% ਬਚਾਅ ਦਰ ਵੀ ਹੋਣੀ ਚਾਹੀਦੀ ਹੈ। ਇਹੀ ਬਚਾਅ ਮਾਪਦੰਡ ਸੰਚਾਲਨ ਅਤੇ ਰੱਖ-ਰਖਾਅ ਦੀ ਮਿਆਦ ਦੌਰਾਨ ਵੀ ਲਾਗੂ ਹੋਵੇਗਾ ਅਤੇ ਜਿਹੜੇ ਪੌਦੇ ਨਹੀਂ ਬਚਦੇ, ਉਨ੍ਹਾਂ ਨੂੰ ਸਮੇਂ ਸਿਰ ਬਦਲਣ ਦੀ ਵਿਵਸਥਾ ਹੋਵੇਗੀ।

ਚੰਗੀਆਂ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ਲਈ ਐੱਨਐੱਚਏਆਈ ਨੇ 2025 ਵਿੱਚ ਗ੍ਰੀਨ ਹਾਈਵੇਜ਼ ਐਕਸੀਲੈਂਸ ਐਵਾਰਡਜ਼ ਦੀ ਸ਼ੁਰੂਆਤ ਕੀਤੀ। 2026 ਦੇ ਪੁਰਸਕਾਰਾਂ ਵਿੱਚ ਪੌਦਿਆਂ ਦੇ ਬਚਾਅ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਗਿਆ, ਇਸ ਤੋਂ ਇਲਾਵਾ ਪ੍ਰਜਾਤੀਆਂ ਦੀ ਭਿੰਨਤਾ, ਦੇਸੀ ਪ੍ਰਜਾਤੀਆਂ ਦੀ ਵਰਤੋਂ, ਸਥਾਨ-ਵਿਸ਼ੇਸ਼ ਯੋਜਨਾਵਾਂ ਅਤੇ ਸੁਰੱਖਿਆ ਉਪਰਾਲਿਆਂ ਨੂੰ ਵੀ ਮਹੱਤਵ ਦਿੱਤਾ ਗਿਆ।

ਐਵੇਨਿਊ ਪਲਾਂਟੇਸ਼ਨ ਸ਼੍ਰੇਣੀ ਵਿੱਚ ਆਂਧਰਾ ਪ੍ਰਦੇਸ਼ ਵਿੱਚ ਐੱਨਐੱਚ-16 ’ਤੇ ਚਿਲਕਾਲੂਰੀਪੇਟ ਬਾਈਪਾਸ ਦੇ ਛੇ-ਲੇਨਿੰਗ ਪ੍ਰੋਜੈਕਟ ਨੇ ਪਹਿਲਾ ਇਨਾਮ ਹਾਸਲ ਕੀਤਾ।

ਮੀਡੀਅਨ ਪਲਾਂਟੇਸ਼ਨ ਸ਼੍ਰੇਣੀ ਵਿੱਚ ਐੱਨਐੱਚ-163 ਦੇ ਹੈਦਰਾਬਾਦ–ਯਾਦਗਿਰੀ ਸੈਕਸ਼ਨ ਦੇ ਚਾਰ-ਲੇਨਿੰਗ ਪ੍ਰੋਜੈਕਟ ਨੂੰ ਪਹਿਲਾ ਇਨਾਮ ਦਿੱਤਾ ਗਿਆ।

ਪਲਾਂਟੇਸ਼ਨ ਇਨ ਲੈਂਡ ਪਾਰਸਲਜ਼ ਸ਼੍ਰੇਣੀ ਵਿੱਚ ਐੱਨਐੱਚ-44, ਨਾਗਪੁਰ ’ਤੇ ਜਮਠਾ ਕਲੋਵਰ ਲੀਫ਼ ਆਕਸੀਜਨ ਬਰਡ ਪਾਰਕ ਨੂੰ ਪਹਿਲਾ ਇਨਾਮ ਮਿਲਿਆ।

ਇਹ ਪੁਰਸਕਾਰ ਜੇਤੂ ਯਤਨ ਦਰਸਾਉਂਦੇ ਹਨ ਕਿ ਰਾਜਮਾਰਗ ਦਾ ਹਰ ਹਿੱਸਾ ਹਰਿਆਲੀ ਜੋੜਨ ਅਤੇ ਆਲੇ-ਦੁਆਲੇ ਦੇ ਭੂ-ਦ੍ਰਿਸ਼ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਬਣ ਸਕਦਾ ਹੈ।

ਰਾਸ਼ਟਰੀ ਰਾਜਮਾਰਗ – ਗ੍ਰੀਨ ਕਵਰ ਇੰਡੈਕਸ (ਐੱਨਐੱਚ-ਜੀਸੀਆਈ)

ਟਿਕਾਊ ਰਾਜਮਾਰਗ ਵਿਕਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋਏ, ਨੈਸ਼ਨਲ ਹਾਈਵੇਜ਼ ਗ੍ਰੀਨ ਕਵਰ ਇੰਡੈਕਸ (ਐੱਨਐੱਚ-ਜੀਸੀਆਈ) 2025–26 ਬਾਰੇ ਪਹਿਲੀ ਸਾਲਾਨਾ ਰਿਪੋਰਟ ਜਾਰੀ ਕੀਤੀ ਗਈ ਹੈ। ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਹ ਰਿਪੋਰਟ ਰਾਸ਼ਟਰੀ ਰਾਜਮਾਰਗਾਂ ਦੇ ਆਰਓਡਬਲਿਊ ਦੇ ਅੰਦਰ ਹਰੇ-ਭਰੇ ਖੇਤਰ ਦਾ ਦੇਸ਼ ਦਾ ਪਹਿਲਾ ਵਿਗਿਆਨਕ ਅਤੇ ਮਾਤਰਾਤਮਕ ਮੁਲਾਂਕਣ ਪੇਸ਼ ਕਰਦੀ ਹੈ। ਇਹ ਮੁਲਾਂਕਣ 24 ਰਾਜਾਂ ਵਿੱਚ ਓਪਰੇਸ਼ਨ ਅਤੇ ਮੇਨਟੇਨੈਂਸ (ਓ&ਐੱਮ) ਪੜਾਅ ਅਧੀਨ ਲਗਭਗ 30,000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਨੂੰ ਕਵਰ ਕਰਦਾ ਹੈ। ਇਸ ਵਿੱਚ ਮਾਨਸੂਨ ਰੁੱਤ ਤੋਂ ਪਹਿਲਾਂ ਅਤੇ ਬਾਅਦ ਦਰਜ ਕੀਤੇ ਗਏ ਨਿਰੀਖਣ ਸ਼ਾਮਲ ਹਨ। ਉੱਨਤ ਪੁਲਾੜ-ਅਧਾਰਿਤ ਤਕਨਾਲੋਜੀਆਂ ਦੀ ਵਰਤੋਂ ਕਰਦਿਆਂ, ਇਹ ਸੜਕ ਕਿਨਾਰੇ ਪੌਦੇ ਲਗਾਉਣ ਦੀ ਨਿਗਰਾਨੀ ਅਤੇ ਉਸ ਨੂੰ ਬਿਹਤਰ ਬਣਾਉਣ ਲਈ ਇੱਕ ਭਰੋਸੇਯੋਗ ਆਧਾਰ-ਰੇਖਾ ਸਥਾਪਿਤ ਕਰਦਾ ਹੈ। ਮੁਲਾਂਕਣ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਹਰੇ-ਭਰੇ ਖੇਤਰ ਵਿੱਚ ਮਹੱਤਵਪੂਰਨ ਭਿੰਨਤਾ ਸਾਹਮਣੇ ਆਈ ਹੈ। ਇਹ ਨਤੀਜੇ ਬਿਹਤਰ ਪੌਦੇ ਲਗਾਉਣ ਪ੍ਰਬੰਧਨ ਲਈ ਤੁਲਨਾ, ਦਰਜਾਬੰਦੀ ਅਤੇ ਨਿਸ਼ਾਨਾਬੱਧ ਦਖ਼ਲ ਨੂੰ ਸਮਰੱਥ ਬਣਾਉਂਦੇ ਹਨ।

A highway with trees and bushesAI-generated content may be incorrect.

ਟਿਕਾਊ ਸਮੱਗਰੀ ਵੱਲ ਬਦਲਾਅ ਨੂੰ ਅੱਗੇ ਵਧਾਉਣਾ

ਭਾਰਤ ਦੇ ਰਾਜਮਾਰਗ ਵੀ ਜੀਵਾਸ਼ਮ-ਈਂਧਨ ਅਧਾਰਿਤ ਸਮੱਗਰੀਆਂ ਤੋਂ ਬਾਇਓ-ਅਧਾਰਿਤ, ਪੁਨਰਜੀਵਿਤ ਹੱਲਾਂ ਵੱਲ ਤਬਦੀਲ ਹੋ ਰਹੇ ਹਨ। ਜਨਵਰੀ 2026 ਵਿੱਚ ਖੇਤੀਬਾੜੀ ਰਹਿੰਦ-ਖੂੰਹਦ ਦੇ ਪਾਇਰੋਲਿਸਿਸ ਰਾਹੀਂ ਤਿਆਰ ਕੀਤੇ ਗਏ ਬਾਇਓ-ਬਿਟੂਮਨ ਦੀ ਤਕਨਾਲੋਜੀ ਹਸਤਾਂਤਰਨ ਦੇ ਨਾਲ ਇੱਕ ਵੱਡੀ ਵਿਗਿਆਨਕ ਸਫਲਤਾ ਦਾ ਐਲਾਨ ਕੀਤਾ ਗਿਆ ਸੀ। ਤਕਨਾਲੋਜੀ ਹਸਤਾਂਤਰਨ (ਟੀਟੀ) ਇੱਕ ਅਜਿਹੀ ਪ੍ਰਕਿਰਿਆ ਹੈ ਜੋ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਵਿਗਿਆਨਕ ਖੋਜਾਂ, ਗਿਆਨ ਅਤੇ ਬੌਧਿਕ ਸੰਪਦਾ ਨੂੰ ਸਰਕਾਰੀ ਅਤੇ ਨਿੱਜੀ ਉਪਭੋਗਤਾਵਾਂ ਤੱਕ ਪਹੁੰਚਾਉਣ ਦੀ ਆਗਿਆ ਦਿੰਦੀ ਹੈ।

“ਬਾਇਓ-ਬਿਟੂਮਨ ਵਾਇਆ ਪਾਇਰੋਲਿਸਿਸ: ਫਾਰਮ ਰੈਜ਼ਿਡਿਊ ਟੂ ਰੋਡਜ਼” ਨਾਮਕ ਇਸ ਨਵੀਨਤਾ ਨੂੰ ਸੀਐੱਸਆਈਆਰ-ਸੈਂਟਰਲ ਰੋਡ ਰਿਸਰਚ ਇੰਸਟੀਚਿਊਟ (ਸੀਐੱਸਆਈਆਰ-ਸੀਆਰਆਰਆਈ), ਨਵੀਂ ਦਿੱਲੀ, ਅਤੇ ਸੀਐੱਸਆਈਆਰ-ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ (ਸੀਐੱਸਆਈਆਰ-ਆਈਆਈਪੀ), ਦੇਹਰਾਦੂਨ ਨੇ ਸਾਂਝੇ ਤੌਰ ’ਤੇ ਵਿਕਸਿਤ ਕੀਤਾ ਹੈ। ਬਿਟੂਮਨ ਜੈਵਿਕ ਤਰਲ ਪਦਾਰਥਾਂ ਅਤੇ ਹਾਈਡ੍ਰੋਕਾਰਬਨਾਂ ਦਾ ਮਿਸ਼ਰਣ ਹੈ, ਜਿਸ ਦੀ ਵਰਤੋਂ ਸੜਕਾਂ ਦੀ ਪੇਵਿੰਗ ਲਈ ਕੀਤੀ ਜਾਂਦੀ ਹੈ ਅਤੇ ਪੇਵਮੈਂਟ ਉਦਯੋਗ ਵਿੱਚ ਇਸ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਇਸ ਸਮੇਂ ਭਾਰਤ ਆਪਣੀ ਬਿਟੂਮਨ ਦੀ ਲੋੜ ਦਾ ਲਗਭਗ 50% ਆਯਾਤ ਰਾਹੀਂ ਪੂਰਾ ਕਰਦਾ ਹੈ। ਬਾਇਓ-ਬਿਟੂਮਨ ਵਰਗੀਆਂ ਨਵੀਨਤਾਵਾਂ ਆਯਾਤ ’ਤੇ ਨਿਰਭਰਤਾ ਘਟਾਉਣ ਦੇ ਨਾਲ-ਨਾਲ ਘਰੇਲੂ ਉਤਪਾਦਨ ਸਮਰੱਥਾਵਾਂ ਨੂੰ ਮਜ਼ਬੂਤ ਕਰ ਸਕਦੀਆਂ ਹਨ।

ਇਹ ਪ੍ਰਕਿਰਿਆ ਵਾਢੀ ਤੋਂ ਬਾਅਦ ਬਚੀ ਹੋਈ ਝੋਨੇ ਦੀ ਪਰਾਲੀ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ ਅਤੇ ਪਾਇਰੋਲਿਸਿਸ ਰਾਹੀਂ ਬਾਇਓ-ਆਇਲ ਤਿਆਰ ਕਰਦੀ ਹੈ।

ਇਸ ਤੋਂ ਬਾਅਦ ਬਾਇਓ-ਆਇਲ ਨੂੰ ਰਵਾਇਤੀ ਬਿਟੂਮਨ ਨਾਲ ਮਿਲਾ ਕੇ ਬਾਇਓ-ਬਿਟੂਮਨ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਇਹ ਤਕਨਾਲੋਜੀ ਬਾਇਓਮਾਸ ਪਾਇਰੋਲਿਸਿਸ ਦੀ ਵਰਤੋਂ ਕਰਕੇ ਕਈ ਮੁੱਲ ਵਾਧਾ ਉਤਪਾਦ ਤਿਆਰ ਕਰਦੀ ਹੈ, ਜਿਨ੍ਹਾਂ ਵਿੱਚ ਸੜਕਾਂ ਲਈ ਬਾਇਓ-ਬਾਈਂਡਰ, ਊਰਜਾ-ਕੁਸ਼ਲ ਗੈਸੀ ਇੰਧਨ, ਬਾਇਓ-ਕੀਟਨਾਸ਼ਕ ਹਿੱਸੇ ਅਤੇ ਉੱਚ-ਗੁਣਵੱਤਾ ਵਾਲਾ ਕਾਰਬਨ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੀ ਵਰਤੋਂ ਬੈਟਰੀਆਂ, ਪਾਣੀ ਦੀ ਸ਼ੁੱਧਤਾ ਅਤੇ ਉੱਨਤ ਸਮੱਗਰੀਆਂ ਵਿੱਚ ਕੀਤੀ ਜਾ ਸਕਦੀ ਹੈ। ਇਹ ਭਵਿੱਖ ਲਈ ਨਿਕਾਸ-ਰਹਿਤ ਅਤੇ ਲਾਗਤ-ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੇ ਹਨ।

ਮੇਘਾਲਿਆ ਵਿੱਚ ਜੋਰਾਬਾਟ–ਸ਼ਿਲਾਂਗ ਐਕਸਪ੍ਰੈਸਵੇਅ (ਐੱਨਐੱਚ-40) ’ਤੇ ਬਾਇਓ-ਬਿਟੂਮਨ ਦੀ ਵਰਤੋਂ ਕਰਕੇ 100 ਮੀਟਰ ਲੰਬਾ ਪ੍ਰਯੋਗਾਤਮਕ ਸੜਕੀ ਹਿੱਸਾ ਸਫਲਤਾਪੂਰਵਕ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਵਿਹਾਰਕਤਾ ਸਾਬਤ ਹੋਈ ਹੈ। ਇਹ ਤਕਨਾਲੋਜੀ ਖੇਤੀਬਾੜੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਵੀ ਸਹਾਇਤਾ ਕਰਦੀ ਹੈ। ਇਸ ਨੂੰ ਰਾਸ਼ਟਰੀ ਰਾਜਮਾਰਗ ਨਿਰਮਾਣ ਮਾਪਦੰਡਾਂ ਵਿੱਚ ਸ਼ਾਮਲ ਕਰਨ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ, ਭਾਰਤ ਉਸੇ ਸਾਲ ਬਾਇਓ-ਬਿਟੂਮਨ ਤਕਨਾਲੋਜੀ ਨੂੰ ਉਦਯੋਗਿਕ ਅਤੇ ਵਪਾਰਕ ਪੱਧਰ ਤੱਕ ਲਿਜਾਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

ਵਿਕਲਪਕ ਸਮੱਗਰੀਆਂ ਵੱਲ ਬਦਲਾਅ ਰਾਜਮਾਰਗ ਨਿਰਮਾਣ ਵਿੱਚ ਰੀਸਾਈਕਲ ਕੀਤੀ ਸਮੱਗਰੀ ਅਤੇ ਉਦਯੋਗਿਕ ਉਪ-ਉਤਪਾਦਾਂ ਦੀ ਵਿਆਪਕ ਵਰਤੋਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਫਲਾਈ ਐਸ਼, ਜੋ ਥਰਮਲ ਪਾਵਰ ਪਲਾਂਟਾਂ ਦਾ ਉਪ-ਉਤਪਾਦ ਹੈ, ਅਤੇ ਪੌਂਡ ਐਸ਼ ਦੀ ਵਰਤੋਂ ਬੰਨ੍ਹਾਂ ਅਤੇ ਢਾਂਚਾਗਤ ਕੰਮਾਂ ਵਿੱਚ ਵਧ ਰਹੀ ਹੈ। ਰੀਕਲੇਮਡ ਐਸਫਾਲਟ ਪੇਵਮੈਂਟ (ਆਰਏਪੀ), ਨਿਰਮਾਣ ਅਤੇ ਢਹਿ-ਢੁਹਾਈ ਤੋਂ ਨਿਕਲਣ ਵਾਲਾ ਕੂੜਾ (ਸੀ&ਡੀ ਵੇਸਟ) ਅਤੇ ਰੀਸਾਈਕਲ ਕੀਤੇ ਐਗਰੀਗੇਟਸ ਦੀ ਵਰਤੋਂ ਵੀ ਤਕਨੀਕੀ ਵਿਸ਼ੇਸ਼ਤਾਵਾਂ ਅਨੁਸਾਰ ਢੁਕਵੇਂ ਰਾਜਮਾਰਗ ਕੰਮਾਂ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਹੋਰ ਸਮੱਗਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਪਲਾਸਟਿਕ ਕਚਰਾ, ਸਲੈਗ, ਕਰੰਬ ਰਬੜ, ਬਾਇਓ-ਬਿਟੂਮਨ ਅਤੇ ਹੋਰ ਰੀਸਾਈਕਲ ਕੀਤੇ ਜਾਂ ਉਦਯੋਗਿਕ ਉਪ-ਉਤਪਾਦ ਸ਼ਾਮਲ ਹਨ। ਇਹ ਸਾਰੇ ਤਰੀਕੇ ਮਿਲ ਕੇ ਸਰੋਤਾਂ ਦੀ ਕੁਸ਼ਲ ਵਰਤੋਂ ਵਿੱਚ ਸੁਧਾਰ ਕਰਦੇ ਹਨ, ਕੁਦਰਤੀ ਸਰੋਤਾਂ ਦੀ ਸੰਭਾਲ ਕਰਦੇ ਹਨ ਅਤੇ ਰਾਜਮਾਰਗ ਨਿਰਮਾਣ ਨਾਲ ਜੁੜੀਆਂ ਵਾਤਾਵਰਣਕ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਭਾਈਚਾਰਕ ਭਾਗੀਦਾਰੀ ਅਤੇ ਲੋਕ ਜਾਗਰੂਕਤਾ

ਗ੍ਰੀਨ ਹਾਈਵੇਅ ਪਹਿਲਕਦਮੀਆਂ ਦਾ ਪ੍ਰਭਾਵ ਜ਼ਮੀਨੀ ਪੱਧਰ ’ਤੇ ਸਭ ਤੋਂ ਵੱਧ ਦਿਖਾਈ ਦਿੰਦਾ ਹੈ, ਜਿੱਥੇ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਨੂੰ ਜੈਵ-ਭਿੰਨਤਾ ਅਤੇ ਭਾਈਚਾਰਕ ਭਾਗੀਦਾਰੀ ਨਾਲ ਜੋੜਿਆ ਜਾ ਰਿਹਾ ਹੈ। ਵੱਖ-ਵੱਖ ਰਾਜਾਂ ਦੇ ਤਜਰਬੇ ਦਰਸਾਉਂਦੇ ਹਨ ਕਿ ਰਾਜਮਾਰਗਾਂ ਦੀਆਂ ਥਾਵਾਂ ਵਿਆਪਕ ਵਾਤਾਵਰਣਕ ਕਾਰਵਾਈ ਲਈ ਮੰਚ ਬਣ ਸਕਦੀਆਂ ਹਨ।

ਰਾਜਮਾਰਗਾਂ ਦੀ ਹਰਿਆਲੀ ਨੂੰ ਪਰਾਗਣਕਾਰੀ ਜੀਵਾਂ ਲਈ ਕੌਰੀਡੋਰ ਵਿੱਚ ਬਦਲਣਾ

ਰਾਜਮਾਰਗਾਂ ਦੇ ਨਾਲ ਹਰੇ-ਭਰੇ ਕੌਰੀਡੋਰ ਸਿਰਫ਼ ਛਾਂ ਅਤੇ ਲੈਂਡਸਕੇਪ ਨੂੰ ਬਿਹਤਰ ਬਣਾਉਣ ਤੋਂ ਇਲਾਵਾ ਹੋਰ ਮੰਤਵਾਂ ਲਈ ਵੀ ਕੰਮ ਕਰ ਸਕਦੇ ਹਨ। ਦਿੱਲੀ–ਅੰਮ੍ਰਿਤਸਰ–ਕਟਰਾ ਐਕਸਪ੍ਰੈਸਵੇਅ ਦੇ ਚਿੰਨ੍ਹਿਤ ਹਿੱਸਿਆਂ ਦੇ ਨਾਲ “ਟ੍ਰੀਜ਼ ਫਾਰ ਬੀਜ਼" (Trees for Bees) ਮੁਹਿੰਮ ਤਹਿਤ ਪਰਾਗਣਕਾਰੀ ਜੀਵਾਂ ਲਈ ਕੌਰੀਡੋਰ ਵਿਕਸਿਤ ਕੀਤੇ ਜਾ ਰਹੇ ਹਨ। ਇਸ ਪਹਿਲਕਦਮੀ ਵਿੱਚ ਫੁੱਲਦਾਰ ਅਤੇ ਸਥਾਨਕ ਤੌਰ ’ਤੇ ਢੁਕਵੀਆਂ ਪ੍ਰਜਾਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਵੱਖ-ਵੱਖ ਮੌਸਮਾਂ ਦੌਰਾਨ ਰਸ ਅਤੇ ਪਰਾਗ ਉਪਲਬਧ ਰਹੇ ਅਤੇ ਮੱਖੀਆਂ ਤੇ ਹੋਰ ਪਰਾਗਣਕਾਰੀ ਜੀਵਾਂ ਲਈ ਲਗਾਤਾਰ ਆਵਾਸ ਤਿਆਰ ਕੀਤਾ ਜਾ ਸਕੇ।

ਹਰੇ-ਭਰੇ ਖੇਤਰ ਨੂੰ ਕਾਇਮ ਰੱਖਣਾ

ਆਂਧਰਾ ਪ੍ਰਦੇਸ਼ ਵਿੱਚ ਇਸ ਦੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਦੇ ਨਾਲ ਲਗਾਤਾਰ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। 2010 ਤੋਂ 2025 ਦਰਮਿਆਨ ਐਵੇਨਿਊ ਅਤੇ ਮੀਡੀਅਨ ਪਲਾਂਟੇਸ਼ਨ ਰਾਹੀਂ ਲਗਭਗ 18 ਲੱਖ ਬੂਟੇ ਲਗਾਏ ਗਏ। ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਅਤੇ ਰਾਜਮਾਰਗਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਲਈ ਇਨ੍ਹਾਂ ਪੌਦਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ।

2026–27 ਲਈ ਰਾਜ ਭਰ ਵਿੱਚ ਐਵੇਨਿਊ ਅਤੇ ਮੀਡੀਅਨ ਪਲਾਂਟੇਸ਼ਨ ਲਈ ਹੋਰ 3.86 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਵਿਸ਼ਵ ਵਾਤਾਵਰਣ ਦਿਵਸ 2026 ਮੌਕੇ “ਏਕ ਪੇੜ ਮਾਂ ਕੇ ਨਾਮ” ਪਹਿਲਕਦਮੀ ਤਹਿਤ ਆਂਧਰਾ ਪ੍ਰਦੇਸ਼ ਭਰ ਵਿੱਚ ਲਗਭਗ 3,200 ਬੂਟੇ ਲਗਾਏ ਗਏ।

ਇਹ ਸਾਰੇ ਯਤਨ ਮਿਲ ਕੇ ਰਾਜਮਾਰਗਾਂ ਦੇ ਨਾਲ ਸਿਰਫ਼ ਰੁੱਖ ਲਗਾਉਣ ਤੋਂ ਅੱਗੇ ਵਧ ਕੇ ਅਜਿਹੇ ਹਰੇ-ਭਰੇ ਕੌਰੀਡੋਰ ਵਿਕਸਿਤ ਕਰਨ ਵੱਲ ਬਦਲਾਅ ਨੂੰ ਦਰਸਾਉਂਦੇ ਹਨ, ਜਿਨ੍ਹਾਂ ਨੂੰ ਭਾਈਚਾਰੇ ਸਮੇਂ ਦੇ ਨਾਲ ਕਾਇਮ ਰੱਖਣ ਵਿੱਚ ਸਹਾਇਤਾ ਕਰ ਸਕਦੇ ਹਨ।

ਭਵਿੱਖ ਦੇ ਰਾਜਮਾਰਗਾਂ ਦਾ ਨਿਰਮਾਣ

ਭਾਰਤ ਦਾ ਰਾਜਮਾਰਗ ਖੇਤਰ ਅੱਜ ਵੱਡੇ ਪੱਧਰ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਾਤਾਵਰਣ ਸੰਭਾਲ ਦੇ ਸੁਮੇਲ ’ਤੇ ਖੜ੍ਹਾ ਹੈ। ਜ਼ਮੀਨੀ ਪੱਧਰ ’ਤੇ ਪੌਦੇ ਲਗਾਉਣ ਤੋਂ ਲੈ ਕੇ ਦੇਸੀ ਬਾਇਓ-ਬਿਟੂਮਨ ਤੱਕ ਹਰ ਪਹਿਲਕਦਮੀ ਇੱਕ ਸਾਂਝੇ ਵਿਚਾਰ ਨੂੰ ਦਰਸਾਉਂਦੀ ਹੈ। ਵਿਕਾਸ ਲਈ ਹਰੇ-ਭਰੇ ਖੇਤਰ ਦੀ ਕੀਮਤ ਚੁਕਾਉਣੀ ਲਾਜ਼ਮੀ ਨਹੀਂ ਹੈ। ਗ੍ਰੀਨ ਹਾਈਵੇਜ਼ ਦੀ ਕਹਾਣੀ ਭਾਰਤ ਦੀਆਂ ਵੱਡੀਆਂ ਰਾਸ਼ਟਰੀ ਤਰਜੀਹਾਂ ਨਾਲ ਜੁੜੀ ਹੋਈ ਹੈ। ਇਨ੍ਹਾਂ ਵਿੱਚ ਜਲਵਾਯੂ ਕਾਰਵਾਈ, ਆਤਮਨਿਰਭਰਤਾ ਅਤੇ ਸੰਮਲਿਤ ਵਿਕਾਸ ਸ਼ਾਮਲ ਹਨ। ਇਹ ਟਿਕਾਊ ਅਤੇ ਤਕਨਾਲੋਜੀ-ਸਮਰਥਿਤ ਬੁਨਿਆਦੀ ਢਾਂਚੇ ਰਾਹੀਂ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਹੈ। ਜਿਵੇਂ-ਜਿਵੇਂ ਭਾਰਤ ਦਾ ਰਾਜਮਾਰਗ ਨੈੱਟਵਰਕ ਵਧ ਰਿਹਾ ਹੈ, ਉਸ ਦੇ ਨਾਲ-ਨਾਲ ਇਸ ਦਾ ਹਰਾ-ਭਰਾ ਖੇਤਰ ਵੀ ਵਧ ਰਿਹਾ ਹੈ।

ਹਵਾਲੇ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ / ਐੱਨਐੱਚਏਆਈ 

https://www.pib.gov.in/PressReleasePage.aspx?PRID=2272639&reg=48&lang=2

https://www.pib.gov.in/newsite/PrintRelease.aspx?relid=128298&reg=3&lang=2

https://www.pib.gov.in/PressReleasePage.aspx?PRID=2291229&reg=3&lang=1

https://www.pib.gov.in/PressReleasePage.aspx?PRID=1794693&reg=48&lang=2

https://www.pib.gov.in/PressReleasePage.aspx?PRID=2145745&reg=48&lang=2

https://www.pib.gov.in/PressReleasePage.aspx?PRID=2226651&reg=1&lang=1

https://www.pib.gov.in/PressReleaseIframePage.aspx?PRID=2042496&reg=48&lang=2

https://www.pib.gov.in/Pressreleaseshare.aspx?PRID=2145745&reg=3&lang=2

https://pib.gov.in/PressReleasePage.aspx?PRID=2086035

https://www.pib.gov.in/PressReleasePage.aspx?PRID=2039982&reg=48&lang=2

https://nhai.gov.in/nhai/sites/default/files/mix_file/NRSC_NH-GCI_FinalReport_09Dec2025.pdf

https://www.pib.gov.in/PressReleasePage.aspx?PRID=2237080&reg=3&lang=1

https://www.pib.gov.in/PressReleasePage.aspx?PRID=2269433&reg=48&lang=2

https://nhai.gov.in/nhai/sites/default/files/mix_file/NRSC_NH-GCI_FinalReport_09Dec2025.pdf

ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ / ਸੀਐੱਸਆਈਆਰ 

https://www.pib.gov.in/PressReleasePage.aspx?PRID=2212118&lang=1&reg=1

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ https://www.pib.gov.in/PressReleasePage.aspx?PRID=2246872&reg=20&lang=1

 ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ 

*****

ਪੀਆਈਬੀ ਰਿਸਰਚ

(Explainer ID: 160321) आगंतुक पटल : 95
Provide suggestions / comments
इस विज्ञप्ति को इन भाषाओं में पढ़ें: English , हिन्दी , Bengali , Tamil , Telugu , Kannada , Malayalam