Infrastructure
ਭਾਰਤ ਵਿੱਚ ਸ਼ਿਪ ਰੀਸਾਈਕਲਿੰਗ: ਰੈਗੂਲੇਟਰੀ ਟ੍ਰਾਂਸਫਾਰਮੇਸ਼ਨ ਅਤੇ ਗਲੋਬਲ ਲੀਡਰਸ਼ਿਪ
Posted On:
11 AUG 2026 1:41PM
ਭਾਰਤ ਦਾ ਸ਼ਿਪ ਰੀਸਾਈਕਲਿੰਗ ਸੈਕਟਰ ਆਧੁਨਿਕ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਅਲਾਇੰਡ ਇੰਡਸਟ੍ਰੀ ਵਜੋਂ ਵਿਕਸਿਤ ਹੋਇਆ ਹੈ। 2025 ਵਿੱਚ, ਭਾਰਤ ਵਿਸ਼ਵ ਦਾ ਮੋਹਰੀ ਸ਼ਿਪ ਰੀਸਾਈਕਲਿੰਗ ਰਾਸ਼ਟਰ ਬਣ ਗਿਆ। ਆਲਮੀ ਬਜ਼ਾਰ ਵਿੱਚ ਇਸ ਦੀ ਭਾਈਵਾਲੀ 2024 ਦੇ 30.1 ਪ੍ਰਤੀਸ਼ਤ ਤੋਂ ਵਧ ਕੇ 2025 ਵਿੱਚ 35.4 ਪ੍ਰਤੀਸ਼ਤ ਹੋ ਗਈ। ਸ਼ਿਪ ਰੀਸਾਈਕਲਿੰਗ ਦੀ ਮਾਤਰਾ ਵੀ 1.86 ਮਿਲੀਅਨ ਗ੍ਰੌਸ ਟਨਸ ਤੋਂ ਵਧ ਕੇ 2.99 ਮਿਲੀਅਨ ਗ੍ਰੌਸ ਟਨ ਹੋ ਗਈ। ਇਹ ਰੀਸਾਈਕਲਿੰਗ ਮਾਤਰਾ ਵਿੱਚ ਲਗਭਗ 60 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਅਲੰਗ-ਸੋਸੀਆ ਕਲਸਟਰ ਭਾਰਤ ਦੀ ਰੀਸਾਈਕਲਿੰਗ ਸਮਰੱਥਾ ਦੀ ਰੀੜ੍ਹ ਦੀ ਹੱਡੀ ਬਣਿਆ ਹੋਇਆ ਹੈ। ਵਿਆਪਕ ਕਾਨੂੰਨ, ਹਾਂਗਕਾਂਗ ਅੰਤਰਰਾਸ਼ਟਰੀ ਸਮਝੌਤੇ ਦੇ ਨਾਲ ਇਕਸਾਰਤਾ ਅਤੇ ਯਾਰਡ ਆਧੁਨਿਕੀਕਰਣ ਨੇ ਸੁਰੱਖਿਆ, ਪਾਲਣਾ ਅਤੇ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕੀਤਾ ਹੈ।
ਉਭਰਦਾ ਸਮੁੰਦਰੀ ਉਦਯੋਗ ਦ੍ਰਿਸ਼
ਇੱਕ ਮਜ਼ਬੂਤ ਸਮੁੰਦਰੀ ਈਕੋਸਿਸਟਮ ਜਹਾਜ਼ ਨਿਰਮਾਣ ਅਤੇ ਬੰਦਰਗਾਹ ਪ੍ਰਚਾਲਨ ਤੋਂ ਅੱਗੇ ਤੱਕ ਫੈਲਿਆ ਹੋਇਆ ਹੈ। ਇਸ ਲਈ ਉਨ੍ਹਾਂ ਦੀ ਸੇਵਾ ਦੇ ਅੰਤ ਵਿੱਚ ਜਹਾਜ਼ਾਂ ਦੇ ਜ਼ਿੰਮੇਵਾਰ ਪ੍ਰਬੰਧਨ ਦੀ ਵੀ ਲੋੜ ਹੁੰਦੀ ਹੈ। ਸ਼ਿਪ ਰੀਸਾਈਕਲਿੰਗ ਸਮੁੰਦਰੀ ਜੀਵਨਚੱਕਰ ਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਜਹਾਜ਼ਾਂ ਨੂੰ ਉਨ੍ਹਾਂ ਦੇ ਸੰਚਾਲਨ ਜੀਵਨ ਦੇ ਅੰਤ ਵਿੱਚ ਸੁਰੱਖਿਅਤ, ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਮਜ਼ਬੂਤ ਅਤੇ ਸੰਸਾਧਨ-ਕੁਸ਼ਲ ਨਿਪਟਾਰੇ ਨੂੰ ਸਮਰੱਥ ਬਣਾਉਂਦੀ ਹੈ। ਜਦੋਂ ਇਹ ਇੱਕ ਮਜ਼ਬੂਤ ਰੈਗੂਲੇਟਰੀ ਫ੍ਰੇਮਵਰਕ ਅਰਥਵਿਵਸਥਾ ਦੇ ਉਦੇਸ਼ਾਂ ਵਿੱਚ ਸਹਾਇਤਾ ਕਰਦੀ ਹੈ। ਇਹ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਵਾਤਾਵਰਣ ਦੀ ਵੀ ਰੱਖਿਆ ਕਰਦੀ ਹੈ।
ਮਜ਼ਬੂਤ ਕਾਨੂੰਨ ਅਤੇ ਵਧੀ ਹੋਈ ਸੰਸਥਾਗਤ ਨਿਗਰਾਨੀ ਨੇ ਰਵਾਇਤੀ ਨਿਪਟਾਰਾ ਕਾਰਜ ਪ੍ਰਣਾਲੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਇਕਸਾਰ ਉਦਯੋਗ ਵਿੱਚ ਤਬਦੀਲ ਕਰਨ ਲਈ ਪ੍ਰੇਰਿਤ ਕੀਤਾ ਹੈ। ਅਨੁਪਾਲਣਾ, ਸਥਿਰਤਾ ਅਤੇ ਕਾਮਿਆਂ ਦੀ ਸੁਰੱਖਿਆ ਹੁਣ ਇਸ ਦੇ ਸੰਚਾਲਨ ਕੇਂਦਰ ਵਿੱਚ ਹਨ। ਇਨ੍ਹਾਂ ਸੁਧਾਰਾਂ ਨੇ ਭਾਰਤ ਦੀ ਆਲਮੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਅੱਜ ਭਾਰਤ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਮਜ਼ਬੂਤ ਸ਼ਿਪ ਰੀਸਾਈਕਲਿੰਗ ਲਈ ਇੱਕ ਮੋਹਰੀ ਮੰਜਿਲ ਵਜੋਂ ਉਭਰਿਆ ਹੈ।
ਸ਼ਿਪ ਰੀਸਾਈਕਲਿੰਗ ਕਿਉਂ ਮਾਇਨੇ ਰੱਖਦੀ ਹੈ?
ਸ਼ਿਪ ਰੀਸਾਈਕਲਿੰਗ ਭਾਰਤ ਦੀ ਸੰਸਾਧਨ ਸੁਰੱਖਿਆ, ਆਰਥਿਕ ਵਿਕਾਸ ਅਤੇ ਵਾਤਾਵਰਣ-ਅਧਾਰਿਤ ਸਥਿਰਤਾ ਲਈ ਰਣਨੀਤਕ ਪੱਖੋਂ ਮਹੱਤਵਪੂਰਨ ਹੈ।
ਵਾਤਾਵਰਣ-ਅਧਾਰਿਤ ਮਹੱਤਵ
- ਨਿਯਮਿਤ ਸ਼ਿਪ ਰੀਸਾਈਕਲਿੰਗ ਜੀਵਨ ਦੇ ਅੰਤ ਵਾਲੇ ਜਹਾਜ਼ਾਂ ਦੇ ਅਸੁਰੱਖਿਅਤ ਨਿਪਟਾਰੇ ਨੂੰ ਰੋਕਦੀ ਹੈ। ਇਹ ਸਮੁੰਦਰੀ ਅਤੇ ਤਟਵਰਤੀ ਪ੍ਰਦੂਸ਼ਣ ਦੇ ਜੋਖਮ ਨੂੰ ਘਟਾਉਂਦੀ ਹੈ।
- ਉਚਿਤ ਰੀਸਾਈਕਲਿੰਗ ਪ੍ਰਥਾਵਾਂ ਸਖਤ ਰੈਗੂਲੇਟਰੀ ਸਰਵੇ ਅਧੀਨ ਖਤਰਨਾਕ ਸਮੱਗਰੀਆਂ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਂਦੀਆਂ ਹਨ।
ਸੰਸਾਧਨ ਮਹੱਤਵ
- ਸ਼ਿਪ ਰੀਸਾਈਕਲਿੰਗ ਘਰੇਲੂ ਸਟੀਲ ਉਦਯੋਗ ਲਈ ਲੋਹੇ ਦੇ ਸਕ੍ਰੈਪ ਦਾ ਇੱਕ ਮਹੱਤਵਪੂਰਨ ਸਰੋਤ ਪ੍ਰਦਾਨ ਕਰਦੀ ਹੈ। ਇਹ ਆਯਾਤ ਕੀਤੇ ਕੱਚੇ ਮਾਲ ‘ਤੇ ਨਿਰਭਰਤਾ ਨੂੰ ਘਟਾਉਂਦੀ ਹੈ ਅਤੇ ਸਪਲਾਈ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ।
- ਸਟੀਲ ਦੀ ਮੁੜ-ਪ੍ਰਾਪਤੀ ਅਤੇ ਮੁੜ-ਵਰਤੋਂ ਕੁਸ਼ਲ ਸੰਸਾਧਨ ਉਪਯੋਗ ਵਿੱਚ ਸਹਾਇਤਾ ਕਰਦੀ ਹੈ ਅਤੇ ਇੱਕ ਚੱਕਰੀ ਅਰਥਵਿਵਸਥਾ ਨੂੰ ਹੁਲਾਰਾ ਦਿੰਦੀ ਹੈ।
- ਰੀਸਾਈਕਲ ਕੀਤੇ ਸਟੀਲ ਨੂੰ ਪ੍ਰਾਇਮਰੀ ਸਟੀਲ ਦੇ ਉਤਪਾਦਨ ਦੀ ਤੁਲਨਾ ਵਿੱਚ ਬਹੁਤ ਘੱਟ ਊਰਜਾ ਦੀ ਲੋੜ ਹੁੰਦੀ ਹੈ। ਇਸ ਦੇ ਨਤੀਜੇ ਗ੍ਰੀਨ ਹਾਊਸ ਗੈਸ ਐਮੀਸ਼ਨ ਵੀ ਘੱਟ ਹੁੰਦਾ ਹੈ, ਜੋ ਕਿ ਭਾਰਤ ਦੀ ਸਥਿਰਤਾ ਅਤੇ ਡੀਕਾਰਬੋਨਾਈਜ਼ੇਸ਼ਨ ਉਦੇਸ਼ਾਂ ਵਿੱਚ ਮਦਦ ਕਰਦਾ ਹੈ।
ਆਰਥਿਕ ਅਤੇ ਉਦਯੋਗਿਕ ਮਹੱਤਵ
- ਸ਼ਿਪ ਰੀਸਾਈਕਲਿੰਗ ਸੈਕਟਰ ਵਿਆਪਕ ਪੱਧਰ ‘ਤੇ ਰੁਜ਼ਗਾਰ ਪੈਦਾ ਕਰਦਾ ਹੈ। ਇਹ ਨਿਪਟਾਉਣ, ਪ੍ਰੋਸੈੱਸਿੰਗ ਅਤੇ ਸਮੱਗਰੀ ਮੁੜ-ਪ੍ਰਾਪਤੀ ਗਤੀਵਿਧੀਆਂ ਵਿੱਚ ਸ਼ਾਮਲ ਕਾਮਿਆਂ ਦੀ ਰੋਜ਼ੀ-ਰੋਟੀ ਵਿੱਚ ਸਹਾਇਤਾ ਕਰਦੀ ਹੈ।
- ਇਹ ਸਬੰਧਿਤ ਉਦਯੋਗਾਂ ਦੇ ਇੱਕ ਵਿਸਤ੍ਰਿਤ ਨੈੱਟਵਰਕ ਨੂੰ ਬਣਾਈ ਰੱਖਦੀ ਹੈ। ਇਸ ਵਿੱਚ ਟ੍ਰਾਂਸਪੋਰਟ, ਰੀ-ਰੋਲਿੰਗ ਮਿਲਜ਼, ਉਪਕਰਣ ਸਪਲਾਇਰ ਅਤੇ ਵੇਸਟ ਮੈਨੇਜਮੈਂਟ ਸੇਵਾਵਾਂ ਸ਼ਾਮਲ ਹਨ।
- ਰੀਕਵਰ ਕੀਤਾ ਗਿਆ ਸਟੀਲ ਅਤੇ ਮੁੜ ਵਰਤੋਂ ਯੋਗ ਕੰਪੋਨੈਂਟ ਘਰੇਲੂ ਨਿਰਮਾਣ ਅਤੇ ਉਦਯੋਗਿਕ ਉਤਪਾਦਨ ਵਿੱਚ ਸਹਾਇਤਾ ਕਰਦੇ ਹਨ। ਇਹ 'ਮੇਕ ਇਨ ਇੰਡੀਆ' ਅਤੇ 'ਆਤਮਨਿਰਭਰ ਭਾਰਤ' ਵਰਗੀਆਂ ਰਾਸ਼ਟਰੀ ਪਹਿਲਕਦਮੀਆਂ ਦੇ ਅਨੁਸਾਰ ਹੈ।
ਭਾਰਤ ਸਭ ਤੋਂ ਅੱਗੇ
ਭਾਰਤ ਦੇ ਜਹਾਜ਼ ਰੀਸਾਈਕਲਿੰਗ ਸੈਕਟਰ ਵਿੱਚ ਹਾਲ ਦੇ ਵਰ੍ਹਿਆਂ ਵਿੱਚ ਨਿਰੰਤਰ ਵਾਧਾ ਦੇਖਿਆ ਗਿਆ ਹੈ। ਵਪਾਰ ਅਤੇ ਵਿਕਾਸ ਬਾਰੇ ਸੰਯੁਕਤ ਰਾਸ਼ਟਰ ਸੰਮੇਲਨ (UNCTAD) ਦੀ ਨਵੀਂ ਰਿਪੋਰਟ ਮੁਤਾਬਕ, ਭਾਰਤ 2025 ਵਿੱਚ ਸ਼ਿਪ ਰੀਸਾਈਕਲਿੰਗ ਵਿੱਚ ਵਿਸ਼ਵ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਿਹਾ। ਆਲਮੀ ਸ਼ਿਪ ਰੀਸਾਈਕਲਿੰਗ ਵਿੱਚ ਭਾਰਤ ਦੀ ਹਿੱਸੇਦਾਰੀ 2024 ਵਿੱਚ 30.1 ਪ੍ਰਤੀਸ਼ਤ ਤੋਂ ਵਧ ਕੇ 2025 ਵਿੱਚ 35.4 ਪ੍ਰਤੀਸ਼ਤ ਹੋ ਗਈ। ਇਹ ਦੇਸ਼ ਦੇ ਸਮੁੰਦਰੀ ਅਤੇ ਉਦਯੋਗਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਭਾਰਤ ਵਿੱਚ ਸ਼ਿਪ ਰੀਸਾਈਕਲਿੰਗ ਦੀ ਮਾਤਰਾ ਵੀ 2024 ਵਿੱਚ 1.86 ਮਿਲੀਅਨ ਗ੍ਰੌਸ ਟਨ (ਜੀਟੀ) ਤੋਂ ਵਧ ਕੇ 2025 ਵਿੱਚ 2.99 ਮਿਲੀਅਨ ਜੀਟੀ ਹੋ ਗਈ। ਇਹ ਰੀਸਾਈਕਲਿੰਗ ਵੌਲਿਊਮ ਵਿੱਚ ਲਗਭਗ 60 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਇਹ ਵਾਧਾ ਭਾਰਤ ਦੀ ਵਧਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ਆਲਮੀ ਬਜ਼ਾਰ ਵਿੱਚ ਭਾਰਤੀ ਸ਼ਿਪ ਰੀਸਾਈਕਲਿੰਗ ਯਾਰਡ ਦੀ ਵਧਦੀ ਮੁਕਾਬਲੇਬਾਜ਼ੀ ਨੂੰ ਉਜਾਗਰ ਕਰਦਾ ਹੈ। ਮੈਰੀਟਾਈਮ ਇੰਡੀਆ ਵਿਜ਼ਨ (MIV) 2030 ਦੇ ਤਹਿਤ ਦੁਨੀਆ ਦਾ ਮੋਹਰੀ ਸ਼ਿਪ ਰੀਸਾਈਕਲਿੰਗ ਰਾਸ਼ਟਰ ਬਣਨ ਦਾ ਟੀਚਾ ਨਿਰਧਾਰਿਤ ਸਮੇਂ ਤੋਂ ਪੰਜ ਵਰ੍ਹੇ ਪਹਿਲਾਂ ਹੀ ਹਾਸਲ ਕਰ ਲਿਆ ਗਿਆ ਹੈ।

ਅਲੰਗ-ਸੋਸੀਆ- ਭਾਰਤ ਦੇ ਸ਼ਿਪ ਰੀਸਾਈਕਲਿੰਗ ਸੈਕਟਰ ਨੂੰ ਸ਼ਕਤੀ ਪ੍ਰਦਾਨ ਕਰਨਾ
ਗੁਜਰਾਤ ਵਿੱਚ ਅਲੰਗ-ਸੋਸੀਆ ਸ਼ਿਪ ਰੀਸਾਈਕਲਿੰਗ ਕਲਸਟਰ ਭਾਰਤ ਦੀ ਰੀਸਾਈਕਲਿੰਗ ਸਮਰੱਥਾ ਦੀ ਰੀੜ੍ਹ ਦੀ ਹੱਡੀ ਹੈ। ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਸ਼ਿਪ ਰੀਸਾਈਕਲਿੰਗ ਹੱਬ ਵਜੋਂ ਮਾਨਤਾ ਪ੍ਰਾਪਤ ਹੈ। ਇਹ ਕਲਸਟਰ ਭਾਰਤ ਦੀ ਸ਼ਿਪ ਰੀਸਾਈਕਲਿੰਗ ਗਤੀਵਿਧੀ ਦਾ ਲਗਭਗ 98 ਪ੍ਰਤੀਸ਼ਤ ਹਿੱਸਾ ਹੈ। ਇਸ ਦੀ ਸਲਾਨਾ ਰੀਸਾਈਕਲਿੰਗ ਸਮਰੱਥਾ ਲਗਭਗ 6 ਮਿਲੀਅਨ ਜੀਟੀ ਹੈ। ਅਲੰਗ ਵਿੱਚ ਕੁਦਰਤੀ ਸੰਸਾਧਨਾਂ ਦਾ ਦੋਹਨ ਕੀਤੇ ਬਗੈਰ ਹਰ ਵਰ੍ਹੇ ਲਗਭਗ 350 ਮਿਲੀਅਨ ਮੀਟ੍ਰਿਕ ਟਨ (MMT) ਸਟੀਲ ਦਾ ਉਤਪਾਦਨ ਕੀਤਾ ਜਾਂਦਾ ਹੈ। ਇਹ ਆਥੋਰਾਈਜ਼ਡ ਸ਼ਿਪ ਰੀਸਾਈਕਲਿੰਗ ਯਾਰਡ, ਡਾਉਨਸਟ੍ਰੀਮ ਰੀ-ਰੋਲਿੰਗ ਮਿਲਜ਼ ਅਤੇ ਵੇਸਟ ਮੈਨੇਜਮੈਂਟ ਇਨਫ੍ਰਾਸਟ੍ਰਕਚਰ ਦੁਆਰਾ ਸਮਰਥਿਤ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ, ਕਲਸਟਰ ਦਾ ਵਿਆਪਕ ਆਧੁਨਿਕੀਕਰਣ ਹੋਇਆ ਹੈ ਅਤੇ ਇਹ ਗਲੋਬਲ ਸ਼ਿਪ ਰੀਸਾਈਕਲਿੰਗ ਬਜ਼ਾਰ ਦੇ ਨਾਲ ਭਾਰਤ ਦੇ ਪ੍ਰਾਇਮਰੀ ਇੰਟਰਫੇਸ ਦੀ ਪ੍ਰਤੀਨਿਧਤਾ ਕਰਦਾ ਹੈ।
ਭਾਰਤ ਦਾ ਟੀਚਾ ਆਪਣੀ ਸ਼ਿਪ ਰੀਸਾਈਕਲਿੰਗ ਸਮਰੱਥਾ ਨੂੰ ਲਗਭਗ ਦੁੱਗਣਾ ਕਰਕੇ ਲਗਭਗ 9 ਮਿਲੀਅਨ ਲਾਈਟ ਡਿਸਪਲੇਸਮੈਂਟ ਟਨ (LDT) ਕਰਨਾ ਹੈ। ਇਹ ਵਿਸਤਾਰ ਅਲੰਗ ਸ਼ਿਪ ਰੀਸਾਈਕਲਿੰਗ ਯਾਰਡ ਦੇ ਨਿਯੋਜਿਤ ਵਿਕਾਸ ਰਾਹੀਂ ਪ੍ਰਾਪਤ ਕੀਤਾ ਜਾਵੇਗਾ। ਭਵਿੱਖ ਦੀ ਮੰਗ ਨੂੰ ਪੂਰਾ ਕਰਨ ਲਈ ਇੱਕ ਵਿਆਪਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ। ਇਹ ਯੋਜਨਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸ਼ਿਪ ਰੀਸਾਈਕਲਿੰਗ ਬਜ਼ਾਰ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਹੈ।
ਅਲੰਗ-ਸੋਸੀਆ ਸ਼ਿਪ ਰੀਸਾਈਕਲਿੰਗ ਯਾਰਡ ਵਿੱਚ ਸੁਰੱਖਿਆ ਸਿਖਲਾਈ ਅਤੇ ਕਿਰਤ ਭਲਾਈ ਸੰਸਥਾਨ ਨੇ ਕੁੱਲ ਮਿਲਾ ਕੇ 1.5 ਲੱਖ ਤੋਂ ਵੱਧ ਕਾਮਿਆਂ ਨੂੰ ਟ੍ਰੇਨਿੰਗ ਦਿੱਤੀ ਹੈ। ਟ੍ਰੇਨਿੰਗ ਵਿੱਚ ਕਿੱਤਾਮੁਖੀ ਸੁਰੱਖਿਆ, ਖਤਰਨਾਕ ਸਮੱਗਰੀ ਪ੍ਰਬੰਧਨ ਅਤੇ ਐਮਰਜੈਂਸੀ ਪ੍ਰਤੀਕਿਰਿਆ ਸ਼ਾਮਲ ਹੈ। ਇਸ ਤੋਂ ਇਲਾਵਾ, ਭਾਰਤ ਕੋਲ ਕੋਲਕਾਤਾ ਵਿਖੇ ਅਮਰ ਆਇਰਨ ਉਦਯੋਗ ਵਿੱਚ ਅਤੇ ਕੇਰਲ ਵਿੱਚ ਸਟੀਲ ਇੰਡਸਟ੍ਰੀਅਲਸ ਕੇਰਲ ਲਿਮਿਟੇਡ (SILK) ਵਿੱਚ ਇੱਕ ਹੋਰ ਸ਼ਿਪ ਰੀਸਾਈਕਲਿੰਗ ਯਾਰਡ ਹੈ।


ਅਲੰਗ-ਸੋਸੀਆ ਸ਼ਿਪ ਰੀਸਾਈਕਲਿੰਗ ਯਾਰਡ
ਹਾਲ ਦੇ ਵਰ੍ਹਿਆਂ ਵਿੱਚ ਭਾਰਤੀ ਸ਼ਿਪ ਰੀਸਾਈਕਲਿੰਗ ਯਾਰਡਾਂ ਦਾ ਵੱਡੇ ਪੱਧਰ ‘ਤੇ ਅਪਗ੍ਰੇਡੇਸ਼ਨ ਕੀਤਾ ਗਿਆ ਹੈ। ਉਹ ਹੁਣ ਹੇਠ ਲਿਖੀਆਂ ਸਹੂਲਤਾਂ ਅਤੇ ਵਿਵਸਥਾਵਾਂ ਦੇ ਨਾਲ ਕੰਮ ਕਰਦੇ ਹਨ:
- ਇੰਜੀਨੀਅਰਡ ਅਤੇ ਸੀਮਤ ਰੀਸਾਈਕਲਿੰਗ ਪਲਾਟ।
- ਅਭੇਦ ਕੰਮ ਕਰਨ ਵਾਲੀਆਂ ਸਤਹਾਂ ਅਤੇ ਡਰੇਨੇਜ ਸਿਸਟਮ।
- ਮਸ਼ੀਨੀ ਸਮੱਗਰੀ ਹੈਂਡਲਿੰਗ ਅਤੇ ਲਿਫਟਿੰਗ ਉਪਕਰਣ।
- ਵੱਖਰਾ ਖਤਰਨਾਕ ਰਹਿੰਦ-ਖੂੰਹਦ ਭੰਡਾਰਣ ਖੇਤਰ।
- ਅਧਿਕਾਰਤ ਡਾਊਨਸਟ੍ਰੀਮ ਰਹਿੰਦ-ਖੂੰਹਦ ਉਪਚਾਰ ਅਤੇ ਨਿਪਟਾਰਾ ਲਿੰਕੇਜ।
- ਢਾਂਚਾਗਤ ਸੁਰੱਖਿਆ, ਸਿਹਤ ਅਤੇ ਐਮਰਜੈਂਸੀ ਪ੍ਰਤੀਕਿਰਿਆ ਵਿਵਸਥਾ।
ਇਨ੍ਹਾਂ ਸੁਧਾਰਾਂ ਨੇ ਭਾਰਤੀ ਸ਼ਿਪ ਰੀਸਾਈਕਲਿੰਗ ਯਾਰਡ ਦੀ ਸੁਰੱਖਿਆ, ਵਾਤਾਵਰਣ-ਅਨੁਪਾਲਣ ਅਤੇ ਸੰਚਾਲਨ ਕੁਸ਼ਲਤਾ ਨੂੰ ਮਜ਼ਬੂਤ ਕੀਤਾ ਹੈ।
ਰੈਗੂਲੇਟਰੀ ਅਤੇ ਅਨੁਪਾਲਣਾ ਢਾਂਚਾ
ਭਾਰਤ ਨੇ ਸ਼ਿਪ ਰੀਸਾਈਕਲਿੰਗ ਗਤੀਵਿਧੀਆਂ ਲਈ ਇੱਕ ਵਿਆਪਕ ਕਾਨੂੰਨੀ ਅਤੇ ਰੈਗੂਲੇਟਰੀ ਢਾਂਚਾ ਸਥਾਪਿਤ ਕੀਤਾ ਹੈ। ਇਹ ਢਾਂਚਾ ਅੰਤਰਰਾਸ਼ਟਰੀ ਸੰਮੇਲਨਾਂ ਅਤੇ ਮਾਨਤਾ ਪ੍ਰਾਪਤ ਆਲਮੀ ਸਰਬੋਤਮ ਅਭਿਆਸਾਂ ਨਾਲ ਜੁੜਿਆ ਹੋਇਆ ਹੈ। ਇਹ ਪੂਰੇ ਸ਼ਿਪ ਰੀਸਾਈਕਲਿੰਗ ਜੀਵਨ ਚੱਕਰ ਨੂੰ ਕੰਟਰੋਲ ਕਰਦਾ ਹੈ। ਇਸ ਵਿੱਚ ਜਹਾਜ਼ ਦੀ ਤਿਆਰੀ, ਪ੍ਰਮਾਣਨ, ਯਾਰਡ ਆਥੋਰਾਈਜੇਸ਼ਨ, ਸੰਚਾਲਨ ਅਤੇ ਅਨੁਪਾਲਣ ਨਿਗਰਾਨੀ ਸ਼ਾਮਲ ਹਨ।
ਕਾਨੂੰਨੀ ਅਤੇ ਸੰਸਥਾਗਤ ਵਾਸਤੂਕਲਾ
- ਸ਼ਿਪ ਰੀਸਾਈਕਲਿੰਗ ਐਕਟ, 2019: ਇਹ ਐਕਟ ਭਾਰਤ ਵਿੱਚ ਸ਼ਿਪ ਰੀਸਾਈਕਲਿੰਗ ਨੂੰ ਨਿਯਮਿਤ ਕਰਨ ਲਈ ਪ੍ਰਾਇਮਰੀ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ। ਇਹ ਅੰਤਰਰਾਸ਼ਟਰੀ ਮਿਆਰਾਂ ਨੂੰ ਘਰੇਲੂ ਪ੍ਰਭਾਵ ਦਿੰਦਾ ਹੈ। ਇਹ ਡਾਇਰੈਕਟੋਰੇਟ ਜਨਰਲ ਆਫ ਸ਼ਿਪਿੰਗ ਨੂੰ ਨੈਸ਼ਨਲ ਅਥਾਰਿਟੀ ਵਜੋਂ ਵੀ ਨਾਮਜ਼ਦ ਕਰਦਾ ਹੈ। ਵਿਧਾਨਕ ਅਥਾਰਿਟੀ, ਪ੍ਰਮਾਣਨ, ਨਿਰੀਖਣ ਅਤੇ ਇਨਫੋਰਸਮੈਂਟ ਮਕੈਨੀਜ਼ਮ ਨੂੰ ਲਾਜ਼ਮੀ ਕਰਦਾ ਹੈ।
- ਸ਼ਿਪ ਰੀਸਾਈਕਲਿੰਗ ਰੂਲਜ਼ 2021: ਨਿਯਮ ਪ੍ਰਕਿਰਿਆਤਮਕ ਅਤੇ ਤਕਨੀਕੀ ਜ਼ਰੂਰਤਾਂ ਨੂੰ ਨਿਰਧਾਰਿਤ ਕਰਕੇ ਐਕਟ ਨੂੰ ਲਾਗੂ ਕਰਦੇ ਹਨ। ਇਨ੍ਹਾਂ ਵਿੱਚ ਸੁਵਿਧਾ ਅਥਾਰਿਟੀ, ਜਹਾਜ਼ ਰੀਸਾਈਕਲਿੰਗ ਯੋਜਨਾਵਾਂ, ਖਤਰਨਾਕ ਸਮੱਗਰੀ ਪ੍ਰਬੰਧਨ, ਕਰਮਚਾਰੀਆਂ ਦੀ ਸੁਰੱਖਿਆ, ਟ੍ਰੇਨਿੰਗ ਅਤੇ ਰਿਪੋਰਟਿੰਗ ਜ਼ਿੰਮੇਵਾਰੀਆਂ ਸ਼ਾਮਲ ਹਨ।
- ਸ਼ਿਪ ਰੀਸਾਈਕਲਿੰਗ ਰੈਗੂਲੇਸ਼ਨਜ਼ 2026: ਨਿਯਮ ਵਿਸਤ੍ਰਿਤ ਸੰਚਾਲਨ, ਸੁਰੱਖਿਆ ਅਤੇ ਵਾਤਾਵਰਣ ਸਬੰਧੀ ਮਿਆਰਾਂ ਰਾਹੀਂ ਲਾਗੂਕਰਨ ਨੂੰ ਮਜ਼ਬੂਤ ਕਰਦੇ ਹਨ। ਉਹ ਸ਼ਿਪ ਰੀਸਾਈਕਲਿੰਗ ਸਹੂਲਤਾਂ ਵਿੱਚ ਬਰਾਬਰ ਅਨੁਪਾਲਣ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਦਾ ਸਮਰਥਨ ਕਰਦੇ ਹਨ।
ਇਕੱਠੇ ਮਿਲ ਕੇ, ਐਕਟ, ਰੂਲਜ਼ ਅਤੇ ਰੈਗੂਲੇਸ਼ਨਜ਼ ਭਾਰਤ ਵਿੱਚ ਸ਼ਿਪ ਰੀਸਾਈਕਲਿੰਗ ਲਈ ਇੱਕ ਢਾਂਚਾਗਤ ਅਤੇ ਲਾਗੂ ਕਰਨ ਯੋਗ ਰੈਗੂਲੇਟਰੀ ਫ੍ਰੇਮਵਰਕ ਨੂੰ ਸਥਾਪਿਤ ਕਰਦੇ ਹਨ। ਇਹ ਢਾਂਚਾ ਅੰਤਰਰਾਸ਼ਟਰੀ ਪੱਧਰ ‘ਤੇ ਮਨਜ਼ੂਰ ਮਿਆਰਾਂ ਦੇ ਨਾਲ ਘਰੇਲੂ ਅਭਿਆਸਾਂ ਨੂੰ ਵੀ ਇਕਸਾਰ ਕਰਦਾ ਹੈ।
ਹਾਂਗਕਾਂਗ ਅੰਤਰਰਾਸ਼ਟਰੀ ਸੰਮੇਲਨ (HKC) ਨਾਲ ਇਕਸਾਰਤਾ
ਜਹਾਜ਼ਾਂ ਨੂੰ ਸੁਰੱਖਿਅਤ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਅਨੁਕੂਲ ਰੀਸਾਈਕਲਿੰਗ ਲਈ ਹਾਂਗਕਾਂਗ ਅੰਤਰਰਾਸ਼ਟਰੀ ਸਮਝੌਤਾ ਸ਼ਿਪ ਰੀਸਾਈਕਲਿੰਗ ਨੂੰ ਕੰਟਰੋਲ ਕਰਨ ਵਾਲਾ ਪ੍ਰਮੁੱਖ ਅੰਤਰਰਾਸ਼ਟਰੀ ਜ਼ਰੀਆ ਹੈ। ਇਹ ਜਹਾਜ਼ਾਂ ਅਤੇ ਰੀਸਾਈਕਲਿੰਗ ਸਹੂਲਤਾਂ ਲਈ ਕਾਨੂੰਨੀ ਤੌਰ ‘ਤੇ ਲਾਜ਼ਮੀ ਜ਼ਰੂਰਤਾਂ ਨੂੰ ਨਿਰਧਾਰਿਤ ਕਰਦਾ ਹੈ। ਇਹ ਸਮਝੌਤਾ 26 ਜੂਨ, 2025 ਨੂੰ ਲਾਗੂ ਹੋਇਆ। ਇਸ ਮਿਤੀ ਤੋਂ, ਅਨੁਪਾਲਣਾ ਲਾਜ਼ਮੀ ਹੋ ਗਈ। ਭਾਰਤ ਨੇ ਸ਼ਿਪ ਰੀਸਾਈਕਲਿੰਗ ਐਕਟ, ਰੂਲਜ਼ ਅਤੇ ਰੈਗੂਲੇਸ਼ਨਾਂ ਰਾਹੀਂ ਆਪਣੇ ਘਰੇਲੂ ਢਾਂਚੇ ਨੂੰ ਇਕਸਾਰ ਕੀਤਾ ਹੈ। ਸ਼ਿਪ ਰੀਸਾਈਕਲਿੰਗ ਯਾਰਡ ਦੇ ਆਧੁਨਿਕੀਕਰਣ ਲਈ 53.5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਸਮਰਥਨ ਨੇ 115 ਸੁਵਿਧਾ ਕੇਂਦਰਾਂ ਨੂੰ ਹਾਂਗਕਾਂਗ ਸਮਝੌਤੇ ਦੇ ਅਨੁਪਾਲਣਾ ਨੂੰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ।
ਅਲੰਗ, ਗੁਜਰਾਤ ਵਿੱਚ 35 ਸ਼ਿਪ ਰੀਸਾਈਕਲਿੰਗ ਯਾਰਡਾਂ ਨੇ ਯੂਰੋਪੀਅਨ ਯੂਨੀਅਨ ਗ੍ਰੀਨ-ਲਿਸਟਿੰਗ ਲਈ ਅਪਲਾਈ ਕੀਤਾ ਹੈ ਅਤੇ ਯੂਰੋਪੀਅਨ ਯੂਨੀਅਨ ਵੱਲੋਂ ਭਾਰਤੀ ਯਾਰਡਾਂ ਦੀ ਨਿਰੀਖਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਰਾਮ ਵੇਸਲ ਸਕ੍ਰੈਪ ਅਤੇ ਵਾਈ.ਐੱਸ ਇਨਵੈਸਟਮੈਂਟਸ ਨੂੰ ਸ਼ਿਪ ਰੀਸਾਈਕਲਿੰਗ ਸਹੂਲਤਾਂ ਦੀ 16ਵੀਂ ਯੂਰੋਪੀਅਨ ਲਿਸਟ ਦੇ ਖਰੜੇ ਵਿੱਚ ਸ਼ਾਮਲ ਕੀਤਾ ਗਿਆ ਹੈ।
IHM ਰਾਹੀਂ ਸੁਰੱਖਿਅਤ ਰੀਸਾਈਕਲਿੰਗ ਨੂੰ ਯਕੀਨੀ ਬਣਾਉਣਾ
ਖਤਰਨਾਕ ਸਮੱਗਰੀਆਂ ਦੀ ਇਨਵੈਂਟ੍ਰੀ (IHM) ਸੁਰੱਖਿਅਤ ਸ਼ਿਪ ਰੀਸਾਈਕਲਿੰਗ ਦਾ ਇੱਕ ਮੁੱਖ ਤੱਤ ਹੈ। ਇਹ ਜਹਾਜ਼ਾਂ ‘ਤੇ ਮੌਜੂਦ ਖਤਰਨਾਕ ਪਦਾਰਥਾਂ ਦੀ ਪਛਾਣ ਕਰਦੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਾਰਜਸ਼ੀਲ ਜੀਵਨ ਵਿੱਚ ਅਤੇ ਰੀਸਾਈਕਲਿੰਗ ਤੋਂ ਪਹਿਲਾਂ ਰਿਕਾਰਡ ਕਰਦੀ ਹੈ। ਭਾਰਤ ਇੱਕ ਜੀਵਨ ਚੱਕਰ –ਅਧਾਰਿਤ ਅਨੁਪਾਲਣ ਦ੍ਰਿਸ਼ਟੀਕੋਣ ਦਾ ਪਾਲਣ ਕਰਦਾ ਹੈ। ਇਹ ਜਹਾਜ਼ਾਂ ਨੂੰ ਆਥੋਰਾਈਜ਼ਡ ਰੀਸਾਈਕਲਿੰਗ ਸਹੂਲਤਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਪਾਰਦਰਸ਼ਿਤਾ, ਪਤਾ ਲਗਾਉਣ ਦੀ ਸਮਰੱਥਾ ਅਤੇ ਪ੍ਰਭਾਵਸ਼ਾਲੀ ਜੋਖਮ ਘਟਾਉਣ ਨੂੰ ਯਕੀਨੀ ਬਣਾਉਂਦਾ ਹੈ।
ਸ਼ਿਪ-ਬ੍ਰੇਕਿੰਗ ਕ੍ਰੈਡਿਟ ਨੋਟ ਸਕੀਮ
ਸ਼ਿਪ ਬਿਲਡਿੰਗ ਫਾਈਨੈਂਸ਼ੀਅਲ ਅਸਿਸਟੈਂਸ ਸਕੀਮ (SBFA) 2.0, ਦੇ ਤਹਿਤ ਸ਼ੁਰੂ ਕੀਤੀ ਗਈ ਸ਼ਿਪ-ਬ੍ਰੇਕਿੰਗ ਕ੍ਰੈਡਿਟ ਨੋਟ ਸਕੀਮ, ਜਹਾਜ਼ ਮਾਲਕਾਂ ਨੂੰ ਅਨੁਪਾਲਣ ਕਰਨ ਵਾਲੇ ਭਾਰਤੀ ਸ਼ਿਪ ਰੀਸਾਈਕਲਿੰਗ ਯਾਰਡ ਵਿੱਚ ਜਹਾਜ਼ਾਂ ਨੂੰ ਰੀਸਾਇਕਲ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਹ ਭਾਰਤੀ ਸ਼ਿਪਯਾਰਡ ਵਿੱਚ ਨਵੇਂ ਜਹਾਜ਼ਾਂ ਦੇ ਨਿਰਮਾਣ ਨੂੰ ਵੀ ਹੁਲਾਰਾ ਦਿੰਦੀ ਹੈ। ਇਹ ਯੋਜਨਾ ਰੀਸਾਈਕਲਡ ਸ਼ਿਪ ਦੀ ਸਕ੍ਰੈਪ ਵੈਲਿਊ ਦੇ 40 ਪ੍ਰਤੀਸ਼ਤ ਦੇ ਬਰਾਬਰ ਕ੍ਰੈਡਿਟ ਨੋਟ ਜਾਰੀ ਕਰਕੇ ਸ਼ਿਪ ਸਕ੍ਰੈਪਿੰਗ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੀ ਵਰਤੋਂ ਭਾਰਤੀ ਸ਼ਿਪਯਾਰਡ ਵਿੱਚ ਤਿਆਰ ਨਵੇਂ ਜਹਾਜ਼ ਦੇ ਮੁੱਲ ਦੇ 5 ਪ੍ਰਤੀਸ਼ਤ ਤੱਕ ਦੇ ਭੁਗਤਾਨ ਲਈ ਕੀਤਾ ਜਾ ਸਕਦਾ ਹੈ। ਇਹ ਯੋਜਨਾ ਟਿਕਾਊ ਸ਼ਿਪ ਰੀਸਾਈਕਲਿੰਗ ਅਤੇ ਭਾਰਤ ਦੇ ਜਹਾਜ਼ ਨਿਰਮਾਣ ਉਦਯੋਗ ਦੇ ਵਿਕਾਸ ਦੋਵਾਂ ਵਿੱਚ ਮਦਦ ਕਰਦੀ ਹੈ।
|
ਐਕਸ-ਆਈਐੱਨਐੱਸ ਵਿਰਾਟ- ਭਾਰਤ ਦੀਆਂ ਜ਼ਿੰਮੇਵਾਰ ਸ਼ਿਪ ਰੀਸਾਈਕਲਿੰਗ ਸਮਰੱਥਾਵਾਂ ਦਾ ਪ੍ਰਦਰਸ਼ਨ

ਗੁਜਰਾਤ ਦੇ ਅਲੰਗ ਵਿੱਚ ਐਕਸ-ਆਈਐੱਨਐੱਸ ਵਿਰਾਟ ਦੇ ਰੀਸਾਈਕਲਿੰਗ ਭਾਰਤ ਦੇ ਸਭ ਤੋਂ ਮਹੱਤਵਪੂਰਨ ਸ਼ਿਪ ਰੀਸਾਈਕਲਿੰਗ ਪ੍ਰੋਜੈਕਟਾਂ ਵਿੱਚੋਂ ਇੱਕ ਹੈ। 30 ਵਰ੍ਹਿਆਂ ਤੱਕ ਭਾਰਤੀ ਜਲ ਸੈਨਾ ਅਤੇ 27 ਵਰ੍ਹਿਆਂ ਤੱਕ ਰੌਇਲ ਨੇਵੀ ਦੀ ਸੇਵਾ ਕਰਨ ਤੋਂ ਬਾਅਦ, ਏਅਰਕ੍ਰਾਫਟ ਕੈਰੀਅਰ ਨੂੰ ਮਾਰਚ 2017 ਵਿੱਚ ਸੇਵਾਮੁਕਤ ਕਰ ਦਿੱਤਾ ਗਿਆ ਸੀ। ਇਹ ਸਤੰਬਰ 2020 ਵਿੱਚ ਰੀਸਾਈਕਲਿੰਗ ਲਈ ਅਲੰਗ ਪਹੁੰਚਿਆ। ਗਿਨੀਜ਼ ਵਰਲਡ ਰਿਕਾਰਡਸ ਦੁਆਰਾ ਦੁਨੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੇ ਜੰਗੀ ਜਹਾਜ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਮਾਨਤਾ ਪ੍ਰਾਪਤ, ਐਕਸ-ਆਈਐੱਨਐੱਸ ਵਿਸ਼ਾਲ ਦਰਸ਼ਕਾਂ ਦੀ ਪ੍ਰਤਿਸ਼ਠਿਤ ਜਲ ਸੈਨਾ ਸੇਵਾ ਦਾ ਪ੍ਰਤੀਕ ਹੈ। ਇਸ ਦੀ ਅੰਤਿਮ ਯਾਤਰਾ ਨੇ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਜ਼ਿੰਮੇਵਾਰ ਸ਼ਿਪ ਰੀਸਾਈਕਲਿੰਗ ਵਿੱਚ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ।
ਜਹਾਜ਼ ਨੇ ਆਪਣੀ ਸੇਵਾ ਦੌਰਾਨ 22,622 ਤੋਂ ਵੱਧ ਉਡਾਣ ਘੰਟੇ ਦਰਜ ਕੀਤੇ। ਇਸ ਨੇ ਸਮੁੰਦਰ ਵਿੱਚ 2,252 ਦਿਨ ਬਿਤਾਏ ਅਤੇ 5.88 ਲੱਖ ਸਮੁੰਦਰੀ ਮੀਲ (10.94 ਲੱਖ ਕਿਲੋਮੀਟਰ) ਤੋਂ ਵੱਧ ਦੀ ਯਾਤਰਾ ਕੀਤੀ। ਇੰਨੇ ਵੱਡੇ ਅਤੇ ਗੁੰਝਲਦਾਰ ਜਹਾਜ਼ ਦੀ ਰੀਸਾਈਕਲਿੰਗ ਕੀਮਤੀ ਸਮੱਗਰੀਆਂ ਨੂੰ ਸੁਰੱਖਿਅਤ ਤੌਰ ‘ਤੇ ਮੁੜ-ਪ੍ਰਾਪਤ ਕਰਨ ਦੀ ਭਾਰਤ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ। ਇਹ ਦੇਸ਼ ਦੇ ਵਿਕਸਿਤ ਵਾਤਾਵਰਣ ਅਤੇ ਕਿੱਤਾਮੁਖੀ ਸੁਰੱਖਿਆ ਮਿਆਰਾਂ ਨੂੰ ਵੀ ਦਰਸਾਉਂਦਾ ਹੈ, ਜੋ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਵਿੱਚ ਸਹਾਇਤਾ ਕਰਦੇ ਹਨ।
|
ਇੱਕ ਜ਼ਿਮੇਵਾਰ ਰੀਸਾਈਕਲਿੰਗ ਈਕੋਸਿਸਟਮ ਦੀ ਮਜ਼ਬੂਤੀ
ਭਾਰਤ ਵਿੱਚ ਸ਼ਿਪ ਰੀਸਾਈਕਲਿੰਗ ਸੈਕਟਰ ਇੱਕ ਆਧੁਨਿਕ, ਰੈਗੂਲੇਟਿਡ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਏਕੀਕ੍ਰਿਤ ਉਦਯੋਗ ਵਜੋਂ ਵਿਕਸਿਤ ਹੋਇਆ ਹੈ। ਇਹ ਸੈਕਟਰ ਸੰਸਾਧਨ ਸੁਰੱਖਿਆ, ਆਰਥਿਕ ਵਿਕਾਸ, ਰੁਜ਼ਗਾਰ ਸਿਰਜਣਾ ਅਤੇ ਵਾਤਾਵਰਣ-ਸਬੰਧੀ ਸਥਿਰਤਾ ਵਿੱਚ ਯੋਗਦਾਨ ਦਿੰਦਾ ਹੈ। ਨਿਰੰਤਰ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਅਤੇ ਸੁਧਾਰਾਂ ਰਾਹੀਂ, ਭਾਰਤ ਨੇ ਆਪਣੇ ਸ਼ਿਪ ਰੀਸਾਈਕਲਿੰਗ ਈਕੋਸਿਸਟ ਦੀ ਸੁਰੱਖਿਆ ਅਤੇ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕੀਤਾ ਹੈ। 2025 ਵਿੱਚ ਵਿਸ਼ਵ ਦੇ ਮੋਹਰੀ ਸ਼ਿਪ ਰੀਸਾਈਕਲਿੰਗ ਰਾਸ਼ਟਰ ਦੇ ਰੂਪ ਵਿੱਚ ਭਾਰਤ ਦਾ ਉਦੈ ਇਨ੍ਹਾਂ ਯਤਨਾ ਦੀ ਸਫਲਤਾ ਨੂੰ ਦਰਸਾਉਂਦਾ ਹੈ। ਬਜ਼ਾਰ ਹਿੱਸੇਦਾਰੀ ਅਤੇ ਰੀਸਾਈਕਲਿੰਗ ਦੀ ਮਾਤਰਾ ਵਿੱਚ ਵਾਧਾ ਭਾਰਤੀ ਸ਼ਿਪ ਰੀਸਾਈਕਲਿੰਗ ਯਾਰਡ ਦੀ ਵਧ ਰਹੀ ਸਮਰੱਥਾ ਅਤੇ ਮੁਕਾਬਲੇਬਾਜ਼ੀ ਨੂੰ ਦਰਸਾਉਂਦੀ ਹੈ। ਇਹ ਉਪਲਬਧੀ ਮੈਰੀਟਾਈਮ ਇੰਡੀਆ ਵਿਜ਼ਨ 2030 ਦੇ ਤਹਿਤ ਕੀਤੇ ਗਏ ਨੀਤੀਗਤ ਉਪਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਵੀ ਰੇਖਾਂਕਿਤ ਕਰਦੀ ਹੈ। ਜਿਵੇਂ-ਜਿਵੇਂ ਸ਼ਿਪ ਰੀਸਾਈਕਲਿੰਗ ਦਾ ਵਿਕਾਸ ਜਾਰੀ ਹੈ, ਭਾਰਤ ਸ਼ਿਪ ਰੀਸਾਈਕਲਿੰਗ ਲਈ ਇੱਕ ਭਰੋਸੇਮੰਦ ਮੰਜਿਲ ਬਣੇ ਰਹਿਣ ਲਈ ਵਧੀਆ ਸਥਿਤੀ ਵਿੱਚ ਹੈ।
ਹਵਾਲੇ
Ministry of Ports, Shipping and Waterways
https://dgma.gov.in/engineering-wing/ew-ship-recycling-in-india
https://shipmin.gov.in/en/content/nodal-responsibility-entire-shipbuilding-and-ship-repair-industry-vests-ministry-shipping
https://shipmin.gov.in/sites/default/files/Modified%20Guidelines%20for%20implementation%20of%20Shipbuilding%20Financial%20Assistance%20Scheme%20%28SBFAS%29_0.pdf
https://shipmin.gov.in/sites/default/files/Annual%20Report%202024-25%20-%20English.pdf
https://shipmin.gov.in/sites/default/files/Annual%20Report%202025-26%20english.pdf
https://www.pib.gov.in/PressReleasePage.aspx?PRID=2098573®=48&lang=2
https://www.pib.gov.in/PressReleasePage.aspx?PRID=2280098®=3&lang=1
https://www.pib.gov.in/PressReleasePage.aspx?PRID=2276739®=3&lang=1
https://www.pib.gov.in/PressReleasePage.aspx?PRID=1659960&lang=2
Ministry of Defence
https://www.pib.gov.in/PressReleasePage.aspx?PRID=1483700&lang=2
Click here to see pdf
****
ਪੀਆਈਬੀ ਰਿਸਰਚ/ਬਲਜੀਤ ਸਿੰਘ
(Explainer ID: 159583)
आगंतुक पटल : 13
Provide suggestions / comments