Social Welfare
ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ
ਭਾਰਤ ਦੇ ਅਸਾਧਾਰਨ ਬੱਚਿਆਂ ਨੂੰ ਸਨਮਾਨ
Posted On:
23 JUN 2026 12:44PM
ਮੁੱਖ ਗੱਲਾਂ
ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਭਾਰਤ ਦਾ ਸਰਵਉੱਚ ਰਾਸ਼ਟਰੀ ਸਨਮਾਨ ਹੈ, ਜੋ 5 ਤੋਂ 18 ਸਾਲ ਦੇ ਉਮਰ ਵਰਗ ਦੇ ਅਸਾਧਾਰਨ ਦਲੇਰੀ, ਹੌਸਲੇ, ਸਿਰਜਣਾਤਮਕਤਾ ਅਤੇ ਅਥਾਹ ਜ਼ਜ਼ਬੇ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਮਰਪਿਤ ਹੈ। ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਇਹ ਪੁਰਸਕਾਰ ਹਰ ਸਾਲ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਜਾਂਦਾ ਹੈ। ਇਸ ਪੁਰਸਕਾਰ ਦੇ ਤਹਿਤ ਛੇ ਸ਼੍ਰੇਣੀਆਂ—ਬਹਾਦਰੀ, ਸਮਾਜ ਸੇਵਾ, ਵਾਤਾਵਰਣ, ਖੇਡਾਂ, ਕਲਾ ਅਤੇ ਸੱਭਿਆਚਾਰ ਅਤੇ ਵਿਗਿਆਨ ਤੇ ਤਕਨਾਲੋਜੀ—ਵਿੱਚ ਸ਼ਾਨਦਾਰ ਪ੍ਰਾਪਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵੱਕਾਰੀ ਪੁਰਸਕਾਰ ਸਮਾਰੋਹ ਦਾ ਆਯੋਜਨ ਵੀਰ ਬਾਲ ਦਿਵਸ (26 ਦਸੰਬਰ) ਦੇ ਮੌਕੇ 'ਤੇ ਕੀਤਾ ਜਾਂਦਾ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਇਤਿਹਾਸਕ ਸ਼ਹਾਦਤ ਅਤੇ ਉਨ੍ਹਾਂ ਦੇ ਅਦੁੱਤੀ ਨੈਤਿਕ ਹੌਸਲੇ ਨੂੰ ਸਮਰਪਿਤ ਹੈ। ਇਸ ਤਰ੍ਹਾਂ ਭਾਰਤ ਸਰਕਾਰ ਸਮਕਾਲੀ ਨੌਜਵਾਨ ਪ੍ਰਤਿਭਾਵਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦ੍ਰਿੜ੍ਹ ਸੰਕਲਪ ਅਤੇ ਕਦਰਾਂ-ਕੀਮਤਾਂ ਦੀ ਸਦੀਵੀ ਵਿਰਾਸਤ ਨਾਲ ਜੋੜਦੀ ਹੈ।
ਭਾਰਤ ਦੇ ਅਸਾਧਾਰਨ ਬੱਚੇ
ਭਾਰਤ ਬਹਾਦਰਾਂ ਦੀ ਧਰਤੀ ਹੈ, ਜਿਸ ਦੀ ਪਛਾਣ ਪੀੜ੍ਹੀਆਂ ਤੋਂ ਇਸ ਦੇ ਨੌਜਵਾਨਾਂ ਦੇ ਹੌਸਲੇ, ਬੌਧਿਕ ਪ੍ਰਤਿਭਾ ਅਤੇ ਤਿਆਗ ਦੀ ਗੌਰਵਮਈ ਪਰੰਪਰਾ ਨਾਲ ਬਣੀ ਹੈ। ਨੌਜਵਾਨ ਕ੍ਰਾਂਤੀਕਾਰੀ ਖੁਦੀਰਾਮ ਬੋਸ ਤੋਂ ਲੈ ਕੇ ਬਚਪਨ ਵਿੱਚ ਹੀ ਵੇਦਾਂ ਦੇ ਮਹਾਨ ਵਿਦਵਾਨ ਬਣੇ ਆਦਿ ਸ਼ੰਕਰਾਚਾਰੀਆ ਤੱਕ, ਛੋਟੀ ਉਮਰ ਵਿੱਚ ਹੀ ਅਸਾਧਾਰਨ ਦ੍ਰਿੜ੍ਹ ਸੰਕਲਪ, ਪ੍ਰਤਿਭਾ ਅਤੇ ਸਮਰਪਣ ਦੀ ਭਾਵਨਾ ਭਾਰਤ ਦੇ ਇਤਿਹਾਸ ਵਿੱਚ ਡੂੰਘਾਈ ਨਾਲ ਰਚੀ-ਵਸੀ ਹੋਈ ਹੈ।
ਅੱਜ ਇਹੀ ਸਦੀਵੀ ਭਾਵਨਾ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਦੇ ਰੂਪ ਵਿੱਚ ਜੀਵੰਤ ਹੈ, ਜਿਸ ਦੇ ਤਹਿਤ ਭਾਰਤ ਸਰਕਾਰ 5 ਤੋਂ 18 ਸਾਲ ਦੇ ਉਮਰ ਵਰਗ ਦੇ ਅਸਾਧਾਰਨ ਬੱਚਿਆਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕਰਦੀ ਹੈ। ਇਸ ਪੁਰਸਕਾਰ ਦਾ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਨ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮਾਨਤਾ ਦੇਣਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਹੈ।
26 ਦਸੰਬਰ ਨੂੰ ਮਨਾਏ ਜਾਣ ਵਾਲੇ 'ਵੀਰ ਬਾਲ ਦਿਵਸ' ਦੇ ਮੌਕੇ 'ਤੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਮੈਡਲ, ਪ੍ਰਮਾਣ-ਪੱਤਰ ਅਤੇ ਪ੍ਰਸ਼ੰਸਾ-ਪੱਤਰ ਨਾਲ ਲੈਸ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਭਾਰਤ ਦੇ ਨੌਜਵਾਨ ਪਰਿਵਰਤਨਕਰਤਾਵਾਂ ਦੇ ਹੌਸਲੇ, ਦਲੇਰੀ, ਸਿਰਜਣਾਤਮਕਤਾ ਅਤੇ ਅਥਾਹ ਜ਼ਜ਼ਬੇ ਨੂੰ ਸਮਰਪਿਤ ਇੱਕ ਸਨਮਾਨ ਹੈ।
ਸਾਲ 2019 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 203 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਪਹਿਲਕਦਮੀ ਦੇ ਮਾਧਿਅਮ ਰਾਹੀਂ ਸਰਕਾਰ ਬੱਚਿਆਂ ਨੂੰ ਕੇਵਲ ਵਿੱਦਿਅਕ ਖੇਤਰ ਵਿੱਚ ਹੀ ਨਹੀਂ, ਸਗੋਂ ਨਿੱਜੀ ਆਚਰਣ ਸਮੇਤ, ਜ਼ਿੰਦਗੀ ਦੇ ਹੋਰ ਖੇਤਰਾਂ ਵਿੱਚ ਵੀ ਉੱਤਮਤਾ ਹਾਸਲ ਕਰਨ ਲਈ
ਵੀਰ ਬਾਲ ਦਿਵਸ 'ਤੇ ਪ੍ਰਦਾਨ ਕੀਤੇ ਜਾਣ ਵਾਲੇ ਪੁਰਸਕਾਰ
ਭਾਰਤ ਸਰਕਾਰ ਹਰ ਸਾਲ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਮਨਾਉਂਦੀ ਹੈ। ਇਹ ਦਿਨ ਦਸਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ—ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ—ਦੀ ਸ਼ਹਾਦਤ ਅਤੇ ਅਦੁੱਤੀ ਹੌਸਲੇ ਦੀ ਯਾਦ ਨੂੰ ਸਮਰਪਿਤ ਹੈ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੀ ਉਮਰ ਕ੍ਰਮਵਾਰ 9 ਸਾਲ ਅਤੇ 7 ਸਾਲ ਸੀ। ਉਨ੍ਹਾਂ ਨੇ ਦਬਾਅ ਅਤੇ ਲਾਲਚਾਂ ਦੇ ਬਾਵਜੂਦ ਆਪਣਾ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ 26 ਦਸੰਬਰ, 1704 ਨੂੰ ਉਹ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ਛੋਟੀ ਉਮਰ ਵਿੱਚ ਵੀ ਅਥਾਹ ਹੌਸਲੇ, ਨੈਤਿਕ ਦ੍ਰਿੜ੍ਹਤਾ ਅਤੇ ਆਪਣੇ ਵਿਸ਼ਵਾਸ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਤੀਕ ਹੈ। ਔਖੇ ਹਾਲਾਤ ਵਿੱਚ ਉਨ੍ਹਾਂ ਦਾ ਬੇਮਿਸਾਲ ਤਿਆਗ ਅਤੇ ਵੀਰਤਾ ਅੱਜ ਵੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ।
ਵੀਰ ਬਾਲ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਪ੍ਰਦਾਨ ਕਰਕੇ ਭਾਰਤ ਦੇ ਨੌਜਵਾਨਾਂ – ਅਤੀਤ ਅਤੇ ਵਰਤਮਾਨ, ਦੋਵਾਂ - ਦੀ ਪ੍ਰਤਿਭਾ, ਸਿਰਜਣਾਤਮਕਤਾ ਅਤੇ ਪ੍ਰਾਪਤੀਆਂ ਦਾ ਸਨਮਾਨ ਕੀਤਾ ਜਾਂਦਾ ਹੈ।
ਪੁਰਸਕਾਰ ਦੀ ਵੰਡ
ਅਸਾਧਾਰਨ ਵੀਰਤਾ ਅਤੇ ਉੱਤਮਤਾ ਦੇ ਲਈ ਬੱਚਿਆਂ ਨੂੰ ਛੇ ਖੇਤਰਾਂ ਵਿੱਚ ਲਗਭਗ 25 ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ:
- ਬਹਾਦਰੀ: ਆਪਣੀ ਜਾਨ ਜੋਖਮ ਵਿੱਚ ਪਾ ਕੇ ਨਿਰਸਵਾਰਥ ਸੇਵਾ ਜਾਂ ਹੌਸਲੇ ਦਾ ਪ੍ਰਦਰਸ਼ਨ ਕਰਨ ਵਾਲੇ ਬੱਚੇ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ;
- ਅਤੇ/ਜਾਂ ਪ੍ਰਤੀਕੂਲ ਕੁਦਰਤੀ ਜਾਂ ਮਨੁੱਖ ਨਿਰਮਿਤ ਹਾਲਾਤ ਵਿੱਚ ਅਸਾਧਾਰਨ ਹੌਸਲੇ ਅਤੇ ਵੀਰਤਾ ਦਾ ਪ੍ਰਦਰਸ਼ਨ ਕਰਨ ਲਈ;
- ਅਤੇ/ਜਾਂ ਆਪਣੇ ਆਪ 'ਤੇ ਅਤੇ ਸਮਾਜ 'ਤੇ ਆਏ ਗੰਭੀਰ ਸੰਕਟ ਦੀ ਸਥਿਤੀ ਵਿੱਚ ਅਸਾਧਾਰਨ ਮਾਨਸਿਕ ਦ੍ਰਿੜ੍ਹਤਾ, ਸੂਝ-ਬੂਝ ਅਤੇ ਤੇਜ਼ ਬੁੱਧੀ ਦਾ ਪ੍ਰਦਰਸ਼ਨ ਕਰਨ ਲਈ;
- ਸਮਾਜ ਸੇਵਾ: ਮਹਿਲਾਵਾਂ, ਬੱਚਿਆਂ ਅਤੇ ਹੋਰ ਲੋਕਾਂ ਦੇ ਅਧਿਕਾਰਾਂ ਦੇ ਪ੍ਰਤੀ ਭਾਈਚਾਰੇ ਨੂੰ ਪ੍ਰੇਰਿਤ ਕਰਨ, ਸੰਗਠਿਤ ਕਰਨ ਅਤੇ ਸਰਗਰਮ ਰੂਪ ਵਿੱਚ ਜੋੜਨ ਵਿੱਚ ਲੀਡਰਸ਼ਿਪ ਦੀ ਸਮਰੱਥਾ ਦਿਖਾਉਣ 'ਤੇ
- ਵਾਤਾਵਰਣ: ਵੱਖ-ਵੱਖ ਪੱਧਰਾਂ 'ਤੇ ਵਾਤਾਵਰਣ ਨਾਲ ਸਬੰਧਿਤ ਮੁੱਦਿਆਂ ਦੇ ਖੇਤਰ ਵਿੱਚ ਲਗਾਤਾਰ ਯਤਨ ਜਾਂ ਜ਼ਿਕਰਯੋਗ ਪ੍ਰਾਪਤੀਆਂ ਹਾਸਲ ਕਰਨ 'ਤੇ
- ਖੇਡਾਂ: ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ 'ਤੇ
- ਕਲਾ ਅਤੇ ਸੱਭਿਆਚਾਰ: ਸੱਭਿਆਚਾਰਕ ਵਿਰਾਸਤ ਦੇ ਵਿਕਾਸ ਲਈ ਲਗਾਤਾਰ ਯਤਨ ਅਤੇ ਕਲਾ ਤੇ ਸੱਭਿਆਚਾਰ ਦੇ ਖੇਤਰ—ਜਿਵੇਂ ਕਲਾ, ਸੰਗੀਤ (ਗਾਇਨ ਅਤੇ ਵਾਦਨ), ਨਾਚ, ਚਿੱਤਰਕਾਰੀ ਜਾਂ ਕਿਸੇ ਹੋਰ ਕਲਾਤਮਕ/ਸੱਭਿਆਚਾਰਕ ਵਿਧਾ ਵਿੱਚ—ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜ਼ਿਕਰਯੋਗ ਪ੍ਰਾਪਤੀਆਂ ਹਾਸਲ ਕਰਨ 'ਤੇ
- ਵਿਗਿਆਨ ਅਤੇ ਤਕਨਾਲੋਜੀ : ਜਿਸ ਵਿੱਚ ਅਜਿਹੇ ਨਵੇਂ ਵਿਕਾਸ/ਨਵੀਨਤਾਵਾਂ ਸ਼ਾਮਲ ਹਨ, ਜਿਨ੍ਹਾਂ ਦਾ ਸਮਾਜ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੋਵੇ, ਜਿਨ੍ਹਾਂ ਨੇ ਜੀਵਨ ਦੇ ਪੱਧਰ ਵਿੱਚ ਸੁਧਾਰ ਕੀਤਾ ਹੋਵੇ ਜਾਂ ਅਸਲ ਸਮੱਸਿਆਵਾਂ ਦੇ ਹੱਲ ਵਿੱਚ ਯੋਗਦਾਨ ਦਿੱਤਾ ਹੋਵੇ।

ਉਨ੍ਹਾਂ ਨੇ ਰਾਹ ਦਿਖਾਈ — ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਦੇ ਸਾਬਕਾ ਜੇਤੂ
ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ ਨਾਲ ਅਜਿਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਦੇ ਹੌਸਲੇ, ਸਿਰਜਣਾਤਮਕਤਾ ਅਤੇ ਹਮਦਰਦੀ ਨੇ ਉਨ੍ਹਾਂ ਦੀ ਛੋਟੀ ਉਮਰ ਤੋਂ ਕਿਤੇ ਵੱਧ ਸਿਆਣਪ ਦਾ ਪ੍ਰਦਰਸ਼ਨ ਕੀਤਾ ਹੈ। ਹਾਲ ਹੀ ਦੇ ਪੁਰਸਕਾਰ ਜੇਤੂਆਂ ਵਿੱਚ ਸ਼ਾਮਲ ਹਨ:
- ਅਰਨਵ ਅਨੁਪ੍ਰਿਯਾ ਮਹਾਰਿਸ਼ੀ (ਵਿਗਿਆਨ ਅਤੇ ਤਕਨਾਲੋਜੀ, 2025) – ਮਹਾਰਾਸ਼ਟਰ ਦੇ ਔਰੰਗਾਬਾਦ ਦਾ 17 ਸਾਲ ਦਾ ਦਿਵਿਆਂਗ ਬੱਚਾ, ਜਿਸ ਨੇ ਹੱਥ ਦੇ ਅਧਰੰਗ ਦੇ ਮੁੜ-ਵਸੇਬੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਧਾਰਿਤ ਉਪਕਰਣ ਵਿਕਸਿਤ ਕੀਤਾ।
- ਕਰੀਨਾ ਥਾਪਾ (ਬਹਾਦਰੀ, ਦਸੰਬਰ 2024) – ਮਹਾਰਾਸ਼ਟਰ ਦੇ ਅਮਰਾਵਤੀ ਦੀ 17 ਸਾਲਾਂ ਬੱਚੀ, ਜਿਸ ਨੇ ਬਚਾਅ ਮੁਹਿੰਮ ਦੌਰਾਨ ਅੱਗ ਲੱਗਣ ਵਾਲੀ ਜਗ੍ਹਾ ਤੋਂ ਗੈਸ ਸਿਲੰਡਰ ਹਟਾ ਕੇ 36 ਲੋਕਾਂ ਦੀ ਜਾਨ ਬਚਾਈ। ਇਸ ਸਾਹਸੀ ਕਾਰਜ ਲਈ ਉਸ ਨੂੰ ਨਗਰ ਨਿਗਮ ਵੱਲੋਂ 'ਫਾਇਰ ਬ੍ਰਾਂਡ ਅੰਬੈਸਡਰ' ਵਜੋਂ ਸਨਮਾਨਿਤ ਕੀਤਾ ਗਿਆ।
- ਆਦਿਤਿਆ ਵਿਜੇ ਬ੍ਰਮਹਾਣੇ (ਬਹਾਦਰੀ, 2024) — ਮਹਾਰਾਸ਼ਟਰ ਦੇ ਨੰਦੁਰਬਾਰ ਦਾ 12 ਸਾਲਾਂ ਬੱਚਾ, ਜਿਸ ਨੇ ਚੰਗਾ ਤੈਰਾਕ ਨਾ ਹੋਣ ਦੇ ਬਾਵਜੂਦ ਨਦੀ ਵਿੱਚ ਡੁੱਬ ਰਹੇ ਆਪਣੇ ਚਚੇਰੇ ਭਰਾਵਾਂ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ ਅਤੇ ਇਸ ਬਚਾਅ ਯਤਨ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ।
- ਅਨੁਸ਼ਕਾ ਪਾਠਕ (ਕਲਾ ਅਤੇ ਸੱਭਿਆਚਾਰ, 2024) — ਚਾਰ ਸਾਲ ਦੀ ਉਮਰ ਵਿੱਚ ਕਥਾ ਵਾਚਨ ਸ਼ੁਰੂ ਕੀਤਾ ਅਤੇ 22 ਤੋਂ ਵੱਧ ਰਾਜਾਂ ਤੇ ਸ਼ਹਿਰਾਂ ਵਿੱਚ ਸ਼੍ਰੀਮਦਭਾਗਵਤ ਕਥਾ ਅਤੇ ਰਾਮਚਰਿਤਮਾਨਸ ਦਾ ਵਾਚਨ ਕੀਤਾ।
- ਅਰਮਾਨ ਉਭਰਾਨੀ (ਕਲਾ ਅਤੇ ਸੱਭਿਆਚਾਰ, 2024) — ਛੱਤੀਸਗੜ੍ਹ ਦਾ ਛੇ ਸਾਲਾਂ 'ਗੂਗਲ ਮੈਥ ਬੁਆਏ', ਜਿਸ ਨੇ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿੱਚ 100 ਗੁਣਾ ਦੇ ਸਵਾਲ ਹੱਲ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਬੱਚੇ ਅਤੇ ਪੁਸਤਕ-ਤ੍ਰੈੜੀ (ਤਿੰਨ ਕਿਤਾਬਾਂ ਦੀ ਲੜੀ) ਦੇ ਸਭ ਤੋਂ ਛੋਟੀ ਉਮਰ ਦੇ ਲੇਖਕ ਵਜੋਂ ਸਥਾਨ ਹਾਸਲ ਕੀਤਾ।
- ਹੇਤਵੀ ਕਾਂਤੀਭਾਈ ਖੀਮਸੂਰੀਆ (ਕਲਾ ਅਤੇ ਸੱਭਿਆਚਾਰ, 2024) — ਗੰਭੀਰ ਸੇਰੇਬ੍ਰਲ ਪਾਲਸੀ ਤੋਂ ਪੀੜਤ ਵਡੋਦਰਾ ਦੀ ਇਸ ਬਾਲ ਕਲਾਕਾਰ ਨੇ 250 ਫ੍ਰੀ-ਹੈਂਡ ਪੇਂਟਿੰਗਾਂ ਬਣਾਈਆਂ ਹਨ ਅਤੇ ਉਹ ਆਪਣੀ ਦਿਵਿਆਂਗਤਾ ਪੈਨਸ਼ਨ ਇੱਕ ਦਿਵਿਆਂਗ ਬਾਲ ਦੇਖਭਾਲ ਸੰਸਥਾ ਨੂੰ ਦਾਨ ਕਰਦੀ ਹੈ।
- ਚਾਰਵੀ ਏ (ਖੇਡਾਂ, 2024) — ਭਾਰਤ ਦੀ ਅੰਡਰ-8 ਅਤੇ ਅੰਡਰ-10 ਬਾਲਿਕਾ ਵਰਗ ਵਿੱਚ ਨੰਬਰ 1 ਸ਼ਤਰੰਜ ਖਿਡਾਰੀ; ਸਾਲ 2022 ਵਿੱਚ ਅੰਡਰ-8 ਵਿਸ਼ਵ ਅਤੇ ਕਾਮਨਵੈਲਥ ਸ਼ਤਰੰਜ ਚੈਂਪੀਅਨ।
- ਆਰ ਸੂਰਿਆ ਪ੍ਰਸਾਦ (ਖੇਡਾਂ, 2024) — ਪੰਜ ਸਾਲ ਦੀ ਉਮਰ ਵਿੱਚ ਪਹਾੜ ਚੜ੍ਹਨ ਦੀ ਸਿਖਲਾਈ ਸ਼ੁਰੂ ਕੀਤੀ ਅਤੇ ਅਪ੍ਰੈਲ 2022 ਵਿੱਚ ਮਾਊਂਟ ਕਿਲੀਮੰਜਾਰੋ 'ਤੇ ਚੜ੍ਹਾਈ ਕੀਤੀ; ਸਨਮਾਨਿਤ ਕੀਤੇ ਜਾਣ ਸਮੇਂ ਉਸ ਦੀ ਉਮਰ ਨੌਂ ਸਾਲ ਸੀ।
- ਆਦਿਤਿਆ ਪ੍ਰਤਾਪ ਸਿੰਘ ਚੌਹਾਨ (ਨਵੀਨਤਾ, 2023) — 'ਮਾਈਕ੍ਰੋਪਾ' (MicroPA) ਨਾਮਕ ਇੱਕ ਕਿਫ਼ਾਇਤੀ ਤਕਨਾਲੋਜੀ ਵਿਕਸਿਤ ਕੀਤੀ, ਜੋ ਪੀਣ ਵਾਲੇ ਪਾਣੀ ਵਿੱਚੋਂ ਮਾਈਕ੍ਰੋਪਲਾਸਟਿਕ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫਿਲਟਰ ਕਰਨ ਵਿੱਚ ਸਮਰੱਥ ਹੈ।
- ਅਨੁਸ਼ਕਾ ਜੌਲੀ (ਸਮਾਜ ਸੇਵਾ, 2023) — 'ਐਂਟੀ-ਬੁਲਿੰਗ ਸਕੁਐਡ ਕਵਚ' (Anti-Bullying Squad Kavach) ਐਪ ਦਾ ਨਿਰਮਾਣ ਕੀਤਾ, ਜਿਸ ਨੇ ਚਾਰ ਸਾਲ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਬੰਧੀ ਸਲਾਹ-ਮਸ਼ਵਰਾ ਪ੍ਰਦਾਨ ਕੀਤਾ।
- ਅਵਨੀਸ਼ ਤਿਵਾਰੀ (ਸਮਾਜ ਸੇਵਾ, 2024) — ਡਾਊਨ ਸਿੰਡਰੋਮ ਤੋਂ ਪ੍ਰਭਾਵਿਤ ਨੌਂ ਸਾਲਾਂ ਬੱਚਾ, ਜਿਸ ਨੇ ਸੱਤ ਸਾਲ ਦੀ ਉਮਰ ਵਿੱਚ ਐਵਰੇਸਟ ਬੇਸ ਕੈਂਪ ਤੱਕ ਟ੍ਰੈਕਿੰਗ ਕੀਤੀ ਅਤੇ ਟੈੱਡਐਕਸ (TEDx) ਵਾਰਤਾਵਾਂ ਵਿੱਚ ਹਿੱਸਾ ਲੈ ਕੇ ਸਮਾਵੇਸ਼ਤਾ 'ਤੇ ਰਾਸ਼ਟਰੀ ਚਰਚਾ ਨੂੰ ਪ੍ਰੇਰਿਤ ਕੀਤਾ।
ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ 2026
ਨਾਮਜ਼ਦਗੀ ਅਤੇ ਯੋਗਤਾ ਦਾ ਵੇਰਵਾ:
- ਇਸ ਪੁਰਸਕਾਰ ਦੀ ਨਾਮਜ਼ਦਗੀ ਲਈ ਸ਼ਰਤਾਂ:
- ਭਾਰਤੀ ਨਾਗਰਿਕ ਅਤੇ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ ਹੈ
- ਉਮਰ 5 ਤੋਂ 18 ਸਾਲ ਦੇ ਵਿਚਕਾਰ (31 ਜੁਲਾਈ, 2026 ਨੂੰ) ਹੋਣੀ ਚਾਹੀਦੀ ਹੈ
- ਕਿਸੇ ਵੀ ਸ਼੍ਰੇਣੀ ਵਿੱਚ ਇਸ ਪੁਰਸਕਾਰ ਦੇ ਸਾਬਕਾ ਪ੍ਰਾਪਤਕਰਤਾ ਨਹੀਂ ਹੋਣੇ ਚਾਹੀਦੇ
- ਘਟਨਾ, ਪ੍ਰਾਪਤੀ ਜਾਂ ਕਾਰਜ ਨਾਮਜ਼ਦਗੀ ਦੀ ਆਖਰੀ ਮਿਤੀ 31 ਜੁਲਾਈ, 2026 ਤੋਂ ਪਿਛਲੇ ਦੋ ਸਾਲਾਂ ਦੇ ਅੰਦਰ ਹੋਇਆ ਹੋਣਾ ਚਾਹੀਦਾ ਹੈ
ਇਹ ਪੁਰਸਕਾਰ ਮਰਨ ਉਪਰੰਤ ਪ੍ਰਦਾਨ ਨਹੀਂ ਕੀਤਾ ਜਾਂਦਾ, ਪਰ ਅਪਵਾਦ ਵਾਲੀਆਂ (ਖ਼ਾਸ) ਪ੍ਰਸਥਿਤੀਆਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ।
ਕਿਸੇ ਬੱਚੇ ਨੂੰ ਇੱਕ ਤੋਂ ਵੱਧ ਸ਼੍ਰੇਣੀਆਂ ਦੇ ਲਈ ਨਾਮਜ਼ਦ ਕੀਤਾ ਜਾ ਸਕਦਾ ਹੈ, ਪਰ ਕਮੇਟੀ ਕੋਲ ਕੇਵਲ ਇੱਕ ਹੀ ਬੇਨਤੀ ਸਵੀਕਾਰ ਕਰਨ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ।
ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਬੱਚੇ ਦੀ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਬੱਚੇ ਖ਼ੁਦ ਦੀ ਨਾਮਜ਼ਦਗੀ ਰਾਹੀਂ ਵੀ ਬੇਨਤੀ ਕਰ ਸਕਦੇ ਹਨ। ਕੁਝ ਸਰਕਾਰੀ ਸੰਸਥਾਵਾਂ ਅਤੇ ਦਫ਼ਤਰਾਂ ਤੋਂ ਵੀ ਸਿਫ਼ਾਰਸ਼ਾਂ ਮੰਗਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
- ਕੇਂਦਰੀ ਮੰਤਰੀ
- ਮੁੱਖ ਮੰਤਰੀ
- ਰਾਜਪਾਲ
- ਉਪ-ਰਾਜਪਾਲ
- ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ
- ਸੰਸਦ ਮੈਂਬਰ (ਐੱਮਪੀ)
- ਕੇਂਦਰ ਸਰਕਾਰ ਦੇ ਮੰਤਰਾਲੇ ਅਤੇ ਵਿਭਾਗ
- ਰਾਜ ਸਰਕਾਰ
- ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ
- ਜ਼ਿਲ੍ਹਾ ਮੈਜਿਸਟ੍ਰੇਟ ਅਤੇ ਕਲੈਕਟਰ
- ਮਹਿਲਾ ਅਤੇ ਬਾਲ ਵਿਕਾਸ ਜਾਂ ਸਮਾਜ ਭਲਾਈ ਵਿਭਾਗਾਂ ਦੇ ਪ੍ਰਮੁੱਖ ਸਕੱਤਰ
- ਕੇਂਦਰੀ ਵਿਦਿਆਲਿਆ ਸੰਗਠਨ ਜਾਂ ਨਵੋਦਿਆ ਵਿਦਿਆਲਿਆ ਸਮਿਤੀ ਦੇ ਅਧੀਨ ਵਿੱਦਿਅਕ ਸੰਸਥਾਵਾਂ ਅਤੇ ਸਕੂਲ।
ਬਿਨੈਕਾਰਾਂ ਨੂੰ ਆਪਣੇ ਨਿੱਜੀ ਵੇਰਵੇ ਅਤੇ ਪੁਰਸਕਾਰ ਸ਼੍ਰੇਣੀ ਭਰਨੀ ਹੁੰਦੀ ਹੈ ਅਤੇ ਹਾਲ ਹੀ ਦੀ ਤਸਵੀਰ ਤੇ ਸਹਾਇਕ ਦਸਤਾਵੇਜ਼ ਅਪਲੋਡ ਕਰਨੇ ਹੁੰਦੇ ਹਨ। ਉਨ੍ਹਾਂ ਨੂੰ ਆਪਣੀ ਪ੍ਰਾਪਤੀ ਅਤੇ ਉਸ ਦੇ ਨਤੀਜੇ ਦਾ ਸੰਖੇਪ ਵੇਰਵਾ ਵੀ ਪੇਸ਼ ਕਰਨਾ ਹੁੰਦਾ ਹੈ, ਜੋ ਵੱਧ ਤੋਂ ਵੱਧ 1,000 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ।
ਸਾਰੀਆਂ ਨਾਮਜ਼ਦਗੀ ਐਂਟਰੀਆਂ ਨਿਰਧਾਰਿਤ ਸਮੇਂ-ਸੀਮਾ ਤੱਕ https://awards.gov.in 'ਤੇ ਜਮ੍ਹਾਂ ਕਰਵਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਪੁਰਸਕਾਰ ਕਮੇਟੀ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਪੁਰਸਕਾਰ ਕਮੇਟੀ ਦਾ ਗਠਨ ਕਰਦੇ ਹਨ ਅਤੇ ਪੁਰਸਕਾਰਾਂ ਨੂੰ ਅੰਤਿਮ ਪ੍ਰਵਾਨਗੀ ਪ੍ਰਦਾਨ ਕਰਦੇ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਵਿੱਚ ਪੁਰਸਕਾਰ ਦੀਆਂ ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਿਤ ਖੇਤਰ-ਮਾਹਿਰ ਸ਼ਾਮਲ ਹੁੰਦੇ ਹਨ। ਕਮੇਟੀ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਦੀ ਸਮੀਖਿਆ ਕਰਦੀ ਹੈ ਅਤੇ ਪੁਰਸਕਾਰ ਜੇਤੂਆਂ ਦੀ ਸਿਫ਼ਾਰਸ਼ ਕਰਦੀ ਹੈ।
ਖ਼ਰਚਾ ਸਹਿਣ ਕਰਨ ਦੀ ਸਹੂਲਤ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਪੁਰਸਕਾਰ ਜੇਤੂਆਂ ਅਤੇ ਉਨ੍ਹਾਂ ਦੇ ਵੱਧ ਤੋਂ ਵੱਧ ਦੋ ਮਾਪਿਆਂ ਜਾਂ ਸਰਪ੍ਰਸਤਾਂ ਦੇ ਆਉਣ-ਜਾਣ ਦੀ ਇਕਨੌਮੀ ਸ਼੍ਰੇਣੀ ਦੀ ਯਾਤਰਾ, ਸਥਾਨਕ ਆਵਾਜਾਈ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧ 'ਤੇ ਹੋਣ ਵਾਲੇ ਖ਼ਰਚੇ ਨੂੰ ਸਹਿਣ ਕਰਦਾ ਹੈ। ਯਾਤਰਾ ਦਾ ਖ਼ਰਚਾ ਪੁਰਸਕਾਰ ਜੇਤੂ ਦੇ ਨਿਵਾਸ ਸਥਾਨ ਜਾਂ ਪੜ੍ਹਾਈ ਵਾਲੀ ਸੰਸਥਾ ਤੋਂ ਨਵੀਂ ਦਿੱਲੀ ਤੱਕ ਦੇ ਇਕਨੌਮੀ ਸ਼੍ਰੇਣੀ ਦੇ ਕਿਰਾਏ ਜਾਂ ਅਸਲ ਖ਼ਰਚੇ, ਦੋਵਾਂ ਵਿੱਚੋਂ ਜੋ ਵੀ ਘੱਟ ਹੋਵੇ, ਉਸ ਦੇ ਅਨੁਸਾਰ ਦਿੱਤਾ ਜਾਂਦਾ ਹੈ। ਦਿਵਿਆਂਗ ਪੁਰਸਕਾਰ ਜੇਤੂਆਂ ਨੂੰ ਸਰੀਰਕ ਪਰੇਸ਼ਾਨੀ ਘੱਟ ਕਰਨ ਦੇ ਮਕਸਦ ਨਾਲ ਬਿਜ਼ਨਸ ਸ਼੍ਰੇਣੀ ਦੀਆਂ ਟਿਕਟਾਂ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ।
ਪੁਰਸਕਾਰ ਨਿੱਜੀ ਰੂਪ ਵਿੱਚ ਪ੍ਰਾਪਤ ਕਰਨਾ ਲਾਜ਼ਮੀ ਹੈ। ਜੇਕਰ ਪੁਰਸਕਾਰ ਜੇਤੂ ਸਮਾਰੋਹ ਵਿੱਚ ਹਾਜ਼ਰ ਨਹੀਂ ਹੋ ਸਕਦਾ ਜਾਂ ਮਰਨ ਉਪਰੰਤ ਪੁਰਸਕਾਰ ਪ੍ਰਦਾਨ ਕੀਤੇ ਜਾਣ ਦੀ ਸਥਿਤੀ ਵਿੱਚ, ਉਸ ਦੀ ਜਗ੍ਹਾ 'ਤੇ ਇੱਕ ਮਾਤਾ-ਪਿਤਾ ਜਾਂ ਸਰਪ੍ਰਸਤ ਪੁਰਸਕਾਰ ਗ੍ਰਹਿਣ ਕਰ ਸਕਦੇ ਹਨ।
|
ਰਾਸ਼ਟਰ ਦੇ ਭਵਿੱਖ ਦਾ ਸਨਮਾਨ
ਪ੍ਰਧਾਨ ਮੰਤਰੀ ਰਾਸ਼ਟਰੀਯ ਬਾਲ ਪੁਰਸਕਾਰ (ਪੀਐੱਮਆਰਬੀਪੀ) ਕੇਵਲ ਇੱਕ ਮੈਡਲ ਅਤੇ ਪ੍ਰਸ਼ੰਸਾ-ਪੱਤਰ ਨਹੀਂ ਹੈ। ਇਹ ਰਾਸ਼ਟਰ ਵੱਲੋਂ ਆਪਣੇ ਨੌਜਵਾਨ ਨਾਗਰਿਕਾਂ ਨੂੰ ਇਹ ਸੰਦੇਸ਼ ਹੈ ਕਿ ਉਨ੍ਹਾਂ ਦਾ ਹੌਸਲਾ, ਸਿਰਜਣਾਤਮਕਤਾ ਅਤੇ ਹਮਦਰਦੀ ਮਹੱਤਵਪੂਰਨ ਹਨ। ਇਹ ਪੁਰਸਕਾਰ ਸਾਡੇ ਬੱਚਿਆਂ ਦੇ ਦ੍ਰਿੜ੍ਹ ਸੰਕਲਪ, ਯੋਗਤਾ, ਜੋਸ਼ ਅਤੇ ਉਤਸ਼ਾਹ ਦਾ ਸਨਮਾਨ ਕਰਦਾ ਹੈ।
ਵੀਰ ਬਾਲ ਦਿਵਸ ਦੇ ਮੌਕੇ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਸਰਕਾਰ ਅੱਜ ਦੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਇੱਕ ਸਦੀਵੀ ਵਿਰਾਸਤ ਨਾਲ ਜੋੜਦੀ ਹੈ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੀ ਸ਼ਹਾਦਤ ਉਨ੍ਹਾਂ ਦੀ ਛੋਟੀ ਉਮਰ ਤੋਂ ਕਿਤੇ ਵੱਧ ਦ੍ਰਿੜ੍ਹ ਵਿਸ਼ਵਾਸ, ਹੌਸਲੇ ਅਤੇ ਅਟੱਲ ਸੰਕਲਪ ਦਾ ਪ੍ਰਤੀਕ ਸੀ।
ਇਹ ਦ੍ਰਿਸ਼ਟੀਕੋਣ ਤੁਹਾਡੀ ਸਾਰਿਆਂ ਦੀ ਸਮੂਹਿਕ ਭਾਗੀਦਾਰੀ 'ਤੇ ਅਧਾਰਿਤ ਹੈ, ਤਾਂ ਜੋ ਅਜਿਹੇ ਅਨਮੋਲ ਰਤਨਾਂ ਦੀ ਪਛਾਣ ਕੀਤੀ ਜਾ ਸਕੇ। ਜੇਕਰ ਤੁਸੀਂ ਅਜਿਹੇ ਕਿਸੇ ਬੱਚੇ ਨੂੰ ਜਾਣਦੇ ਹੋ, ਜਿਸ ਦੀ ਅਸਾਧਾਰਨ ਯਾਤਰਾ—ਭਾਵੇਂ ਉਹ ਅਚਾਨਕ ਦਿਖਾਏ ਗਏ ਕਿਸੇ ਬੇਮਿਸਾਲ ਹੌਸਲੇ ਦਾ ਪ੍ਰਦਰਸ਼ਨ ਹੋਵੇ ਜਾਂ ਵਿਗਿਆਨ, ਕਲਾ ਜਾਂ ਸਮਾਜਿਕ ਬਦਲਾਅ ਦੇ ਖੇਤਰ ਵਿੱਚ ਸਾਲਾਂ ਦਾ ਸਮਰਪਿਤ ਯੋਗਦਾਨ—ਰਾਸ਼ਟਰੀ ਪੱਧਰ 'ਤੇ ਸਨਮਾਨ ਦੀ ਹੱਕਦਾਰ ਹੋਵੇ, ਤਾਂ ਯਾਦ ਰੱਖੋ ਕਿ ਉਸ ਦੀ ਪ੍ਰੇਰਨਾਦਾਇਕ ਕਹਾਣੀ ਨੂੰ ਰਾਸ਼ਟਰੀ ਮੰਚ ਤੱਕ ਪਹੁੰਚਾਉਣ ਦੀ ਸ਼ੁਰੂਆਤ ਤੁਹਾਡੀ ਇੱਕ ਨਾਮਜ਼ਦਗੀ ਨਾਲ ਹੁੰਦੀ ਹੈ। ਅਤੇ ਜੇਕਰ ਉਹ ਬੱਚੇ ਤੁਸੀਂ ਖ਼ੁਦ ਹੋ, ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਬੱਸ ਕਲਿੱਕ ਕਰੋ!
|
ਨਾਮਜ਼ਦਗੀ ਕਰੋ
ਸੰਦਰਭ
ਪੱਤਰ ਸੂਚਨਾ ਦਫ਼ਤਰ (ਪੀਆਈਬੀ):
ਹੋਰ:
ਪੀਡੀਐੱਫ ਫਾਈਲ ਲਈ ਇੱਥੇ ਕਲਿੱਕ ਕਰੋ
**********
ਪੀਆਈਬੀ ਰਿਸਰਚ
(Explainer ID: 159078)
आगंतुक पटल : 35
Provide suggestions / comments