• Sitemap
  • Advance Search
Global Affairs

ਪ੍ਰਧਾਨ ਮੰਤਰੀ ਦੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ

ਊਰਜਾ, ਤਕਨਾਲੋਜੀ, ਕਨੈਕਟਿਵਿਟੀ ਅਤੇ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣਾ

Posted On: 15 MAY 2026 8:36PM

 

ਭਾਰਤ-ਯੂਏਈ ਰਣਨੀਤਕ ਸਾਂਝੇਦਾਰੀ ਰਾਜਨੀਤਿਕ ਵਿਸ਼ਵਾਸ, ਆਰਥਿਕ ਸਹਿਯੋਗ ਅਤੇ ਲੋਕਾਂ ਵਿਚਾਲੇ ਪਰਸਪਰ ਸਬੰਧਾਂ ਤੇ ਆਧਾਰਿਤ ਹੈ। ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੀ 15 ਮਈ 2026 ਦੀ ਯੂਏਈ ਯਾਤਰਾ ਨੇ ਊਰਜਾ ਸੁਰੱਖਿਆ, ਰੱਖਿਆ, ਸਮੁੰਦਰੀ ਬੁਨਿਆਦੀ ਢਾਂਚਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਪਰਕੰਪਿਊਟਿੰਗ, ਨਿਵੇਸ਼ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਹੈ। ਰਣਨੀਤਕ, ਤਕਨਾਲੋਜੀ ਅਤੇ ਆਰਥਿਕ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਸਦਭਾਵਨਾ ਲੰਬੇ ਸਮੇਂ ਲਈ ਵਿਕਾਸ, ਖੇਤਰੀ ਸਥਿਰਤਾ, ਨਵਾਚਾਰ ਅਤੇ ਭਵਿੱਖ-ਮੁਖੀ ਪ੍ਰਗਤੀ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇਤਿਹਾਸਿਕ ਸਬੰਧਾਂ ਤੋਂ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ

ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਰਿਸ਼ਤੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਹਨ, ਜਿਨ੍ਹਾਂ ਨੇ ਵਪਾਰ, ਸਭਿਆਚਾਰਕ ਆਦਾਨ-ਪ੍ਰਦਾਨ ਅਤੇ ਅਰਬ ਸਾਗਰ ਦੇ ਪਾਰ ਮਜ਼ਬੂਤ ਸਮੁਦਾਇਕ ਸਬੰਧਾਂ ਤੋਂ ਆਕਾਰ ਲਿਆ ਹੈ। ਸਦੀਆਂ ਤੋਂ ਮੋਤੀ, ਖਜੂਰ, ਮਸਾਲਿਆਂ, ਕੱਪੜਿਆਂ ਅਤੇ ਮੱਛੀ ਉਤਪਾਦਾਂ ਦਾ ਵਪਾਰ ਪੱਛਮੀ ਭਾਰਤ ਨੂੰ ਖਾੜੀ ਖੇਤਰ ਨਾਲ ਜੋੜਦਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਔਪਚਾਰਿਕ ਰਾਜਦੂਤੀ ਸਬੰਧ 1972 ਵਿੱਚ ਸਥਾਪਿਤ ਹੋਏ, ਜਿਸ ਤੋਂ ਬਾਅਦ ਅਬੂ ਧਾਬੀ ਅਤੇ ਨਵੀਂ ਦਿੱਲੀ ਵਿੱਚ ਦੂਤਾਵਾਸ ਖੋਲ੍ਹੇ ਗਏ।

ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੀ ਸਾਲ 2015 ਦੀ ਯੂਏਈ ਦੀ ਯਾਤਰਾ ਤੋਂ ਬਾਅਦ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਮਿਲੀ। ਇਹ 34 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ  ਦੀ ਪਹਿਲੀ ਯੂਏਈ ਯਾਤਰਾ ਸੀ। ਸਾਲ 2014 ਤੋਂ ਬਾਅਦ ਪ੍ਰਧਾਨ ਮੰਤਰੀ  ਸ਼੍ਰੀ ਮੋਦੀ ਨੇ 7 ਵਾਰ ਯੂਏਈ ਦੀ ਯਾਤਰਾ ਕੀਤੀ ਹੈ, ਜਦਕਿ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ 5 ਵਾਰ ਭਾਰਤ ਦੀ ਯਾਤਰਾ ਕੀਤੀ ਹੈ। ਇਸ ਅਵਧੀ ਵਿੱਚ, ਵਪਾਰ, ਨਿਵੇਸ਼, ਊਰਜਾ, ਤਕਨਾਲੋਜੀ, ਰੱਖਿਆ ਅਤੇ ਡਿਜੀਟਲ ਅਰਥਵਿਵਸਥਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਿਆ ਹੈ। ਯੂਏਈ ਹੁਣ ਭਾਰਤ ਦੇ ਸਭ ਤੋਂ ਵੱਡੇ ਵਪਾਰਕ ਸਾਂਝੇਦਾਰਾਂ ਵਿੱਚੋਂ ਇੱਕ ਹੈ, ਉਹ ਪ੍ਰਮੁੱਖ ਊਰਜਾ ਸਪਲਾਇਰ ਅਤੇ ਬੁਨਿਆਦੀ ਢਾਂਚਾ ਅਤੇ ਨਵੀਨੀਕਰਣ ਯੋਗ ਊਰਜਾ ਵਿੱਚ ਮਹੱਤਵਪੂਰਨ ਨਿਵੇਸ਼ਕ ਵੀ ਹੈ।

ਵਪਾਰ ਅਤੇ ਨਿਵੇਸ਼ ਸਬੰਧ: ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਸਤੂ ਵਪਾਰ ਪਹਿਲੀ ਵਾਰ 100 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰਦਿਆਂ ਵਿੱਤੀ ਸਾਲ 2025–26 ਵਿੱਚ 101.25 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਦੋਵਾਂ ਪੱਖਾਂ ਨੇ 2032 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 200 ਬਿਲੀਅਨ ਡਾਲਰ ਤੱਕ ਲੈ ਜਾਣ ਦੀ ਪ੍ਰਤੀਬੱਧਤਾ ਜਤਾਈ ਹੈ।

ਨਿਵੇਸ਼ ਵੀ ਇਸ ਦੁਵੱਲੇ ਸਬੰਧ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਬਣ ਚੁੱਕਿਆ ਹੈ। ਦੋਵਾਂ ਦੇਸ਼ਾਂ ਨੇ ਫਰਵਰੀ 2024 ਵਿੱਚ ਦੁਵੱਲੇ ਨਿਵੇਸ਼ ਸੰਧੀ ਉੱਤੇ ਹਸਤਾਖਰ ਕੀਤੇ, ਜੋ 31 ਅਗਸਤ 2024 ਤੋਂ ਪ੍ਰਭਾਵੀ ਹੋਈ। ਅਪ੍ਰੈਲ 2000 ਤੋਂ ਮਾਰਚ 2025 ਤੱਕ ਯੂਏਈ ਤੋਂ ਭਾਰਤ ਵਿੱਚ ਕੁੱਲ ਪ੍ਰਤੱਖ ਵਿਦੇਸ਼ੀ ਨਿਵੇਸ਼ 25.19 ਬਿਲੀਅਨ ਡਾਲਰ ਰਿਹਾ, ਜਿਸ ਨਾਲ ਯੂਏਈ ਭਾਰਤ ਵਿੱਚ ਸੱਤਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਬਣ ਗਿਆ। ਯੂਏਈ ਦੇ ਨਿਵੇਸ਼ ਰੀਅਲ ਐਸਟੇਟ, ਬੁਨਿਆਦੀ ਢਾਂਚਾ, ਊਰਜਾ, ਨਿਜੀ ਇਕੁਇਟੀ ਅਤੇ ਵਿੱਤੀ ਸੇਵਾਵਾਂ ਵਰਗੇ ਵਿਭਿੰਨ ਖੇਤਰਾਂ ਵਿੱਚ ਕੇਂਦ੍ਰਿਤ ਹਨ। ਯੂਏਈ ਦੇ ਸਾਵਰਨ ਵੈਲਥ ਫੰਡਸ (ਐੱਸਡਬਲਿਊਐੱਫ) ਦੀ ਭਾਰਤ ਵਿੱਚ ਮਜ਼ਬੂਤ ਹਾਜ਼ਰੀ ਹੈ। ਭਾਰਤ ਅਤੇ ਯੂਏਈ ਵਿਚਾਲੇ ਸਥਾਨਿਕ ਮੁਦਰਾ ਨਿਪਟਾਨ (ਐੱਲਸੀਐੱਸ) ਪ੍ਰਣਾਲੀ ਲਾਗੂ ਹੈ, ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਪੈਸੇ ਭੇਜਣ ਨੂੰ ਭਾਰਤੀ ਰੁਪਏ ਅਤੇ ਦਿਰਹਮ ਵਿੱਚ ਕੀਤਾ ਜਾ ਸਕਦਾ ਹੈ, ਜਿਸ ਨਾਲ ਡਾਲਰ ਉੱਤੇ ਨਿਰਭਰਤਾ ਅਤੇ ਲੈਣ-ਦੇਣ ਦੀ ਲਾਗਤ ਘਟਦੀ ਹੈ।

ਊਰਜਾ ਵਪਾਰ: ਭਾਰਤ ਅਤੇ ਯੂਏਈ ਵਿਚਾਲੇ ਖਾਸ ਕਰਕੇ ਹਾਈਡ੍ਰੋਕਾਰਬਨ ਖੇਤਰ ਵਿੱਚ ਨਜ਼ਦੀਕੀ ਅਤੇ ਮਜ਼ਬੂਤ ਸਾਂਝੇਦਾਰੀ ਹੈ। ਵਿੱਤੀ ਸਾਲ 2024–25 ਵਿੱਚ ਯੂਏਈ ਕੱਚੇ ਤੇਲ ਦਾ ਚੌਥਾ ਸਭ ਤੋਂ ਵੱਡਾ ਸਰੋਤ, ਐੱਲਐੱਨਜੀ ਦਾ ਤੀਜਾ ਸਭ ਤੋਂ ਵੱਡਾ ਸਰੋਤ, ਐੱਲਪੀਜੀ ਦਾ ਸਭ ਤੋਂ ਵੱਡਾ ਸਪਲਾਇਰ ਅਤੇ ਭਾਰਤ ਦੇ ਤਿਆਰ ਪੈਟਰੋਲੀਅਮ ਉਤਪਾਦਾਂ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਬਣ ਕੇ ਉਭਰਿਆ। ਵਰਤਮਾਨ ਵਿੱਚ, ਯੂਏਈ ਇੱਕੋ ਇੱਕ ਅਜਿਹਾ ਦੇਸ਼ ਹੈ, ਜੋ ਭਾਰਤ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਪ੍ਰੋਗਰਾਮ ਵਿੱਚ ਹਿੱਸਾ ਲੈ ਰਿਹਾ ਹੈ।

ਦੁਵੱਲੇ ਸੰਪਰਕ: ਊਰਜਾ ਅਤੇ ਵਪਾਰ ਤੋਂ ਇਲਾਵਾ, ਕਨੈਕਟਿਵਿਟੀ ਅਤੇ ਲੌਜਿਸਟਿਕਸ ਸਹਿਯੋਗ ਵੀ ਦੁਵੱਲੇ ਸਾਂਝੇਦਾਰੀ ਦੇ ਮਹੱਤਵਪੂਰਨ ਥੰਮ੍ਹਾਂ ਵਜੋਂ ਉਭਰ ਰਹੇ ਹਨ। ਦੋਵੇਂ ਦੇਸ਼ ਸਮੁੰਦਰੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

ਰੱਖਿਆ ਸਹਿਯੋਗ: ਭਾਰਤ ਅਤੇ ਯੂਏਈ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ, ਆਪਸੀ ਸਹਿਯੋਗ ਦੇ ਹੋਰ ਖੇਤਰਾਂ ਦੇ ਅਨੁਰੂਪ, ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਹ ਸਹਿਯੋਗ ਮੰਤਰਾਲਾ ਪੱਧਰ ਉੱਤੇ ਸੰਯੁਕਤ ਰੱਖਿਆ ਸਹਿਯੋਗ ਕਮੇਟੀ (ਜੈਡੀਸੀਸੀ) ਦੇ ਮਾਧਿਅਮ ਰਾਹੀਂ ਸੰਚਾਲਿਤ ਹੁੰਦਾ ਹੈ, ਜਿਸਦੀ ਸਥਾਪਨਾ ਜੂਨ 2003 ਵਿੱਚ ਰੱਖਿਆ ਸਹਿਯੋਗ ਉੱਤੇ ਸਮਝੌਤੇ ਪੱਤਰ (ਐੱਮਓਯੂ) ਉੱਤੇ ਹਸਤਾਖਰ ਨਾਲ ਹੋਈ ਸੀ। ਸਰਵਿਸ ਜਾਂ ਸੈਨਾ ਮੁੱਖੀਆਂ ਪੱਧਰ ਉੱਤੇ, ਸੈਨਾ, ਨੌਸੈਨਾ ਅਤੇ ਵਾਯੂ ਸੈਨਾ ਵਿਚਾਲੇ ਪ੍ਰਤੀ ਸਾਲ ਸਰਵਿਸ ਸਟਾਫ ਟਾਕਸ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਸੁਰੱਖਿਆ ਅਤੇ ਰੱਖਿਆ ਸਹਿਯੋਗ ਦੇ ਵਿਭਿੰਨ ਮੌਕਿਆਂ ਬਾਰੇ ਚਰਚਾ ਕੀਤੀ ਜਾਂਦੀ ਹੈ।

ਲੋਕਾਂ ਵਿਚਾਲੇ ਪਰਸਪਰ ਸਬੰਧ: ਯੂਏਈ ਵਿੱਚ ਪ੍ਰਵਾਸੀ ਭਾਰਤੀ ਸਭ ਤੋਂ ਵੱਡਾ ਵਿਦੇਸ਼ੀ ਸਮੁਦਾਇ ਹਨ। ਉਹ ਯੂਏਈ ਦੀ ਅਰਥਵਿਵਸਥਾ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦਾ ਕਲਿਆਣ ਦੋਵਾਂ ਦੇਸ਼ਾਂ ਲਈ ਅਤਿਅੰਤ ਮਹੱਤਵਪੂਰਨ ਹੈ। ਵਿਸ਼ਵ ਅਰਥਵਿਵਸਥਾ ਦੀਆਂ ਚੁਣੌਤੀਆਂ ਦੇ ਬਾਵਜੂਦ, ਇਹ ਪ੍ਰਵਾਸੀ ਭਾਈਚਾਰਾ ਲਗਾਤਾਰ ਭਾਰਤ ਨੂੰ ਪੈਸੇ ਭੇਜਣ ਦਾ ਇੱਕ ਸਥਿਰ ਸਰੋਤ ਬਣਾਇਆ ਹੋਇਆ ਹੈ, ਜਿਸਦਾ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਉੱਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।

15 ਮਈ 2026: ਪ੍ਰਧਾਨ ਮੰਤਰੀ ਦੀ ਯੂਏਈ ਦੀ ਯਾਤਰਾ 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਮਈ 2026 ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕੀਤੀ ਅਤੇ ਉੱਥੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗੱਲਬਾਤ ਕੀਤੀ। ਇਸ ਯਾਤਰਾ ਨੇ ਦੁਵੱਲੇ ਰਣਨੀਤਕ ਸਾਂਝੇਦਾਰੀ ਵਿੱਚ ਮਜ਼ਬੂਤ ਰਫ਼ਤਾਰ ਦੀ ਪੁਸ਼ਟੀ ਕੀਤੀ। ਦੋਵੇਂ ਦੇਸ਼ ਰਣਨੀਤਕ, ਆਰਥਿਕ, ਤਕਨਾਲੋਜੀ ਅਤੇ ਸਮਾਜਿਕ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਪ੍ਰਤੀਬੱਧ ਹਨ। ਚਰਚਾਵਾਂ ਵਿੱਚ ਮਜ਼ਬੂਤ ਸਪਲਾਈ ਚੇਨਾਂ, ਲੰਬੇ ਸਮੇਂ ਲਈ ਆਰਥਿਕ ਸਹਿਯੋਗ ਅਤੇ ਖੇਤਰੀ ਅਤੇ ਵਿਸ਼ਵ ਪ੍ਰਾਥਮਿਕਤਾਵਾਂ ਦੇ ਸੰਬੰਧ ਵਿੱਚ ਵਧਦੀ ਸਦਭਾਵਨਾ ਉੱਤੇ ਖਾਸ ਜ਼ੋਰ ਦਿੱਤਾ ਗਿਆ।

ਮੁੱਖ ਨਤੀਜੇ ਅਤੇ ਉਨ੍ਹਾਂ ਦਾ ਰਣਨੀਤਕ ਮਹੱਤਵ

ਪ੍ਰਧਾਨ ਮੰਤਰੀ  ਦੀ ਇਹ ਯਾਤਰਾ ਭਾਰਤ-ਯੂਏਈ ਦੀ ਵਧਦੀ ਦੁਵੱਲੇ ਸਾਂਝੇਦਾਰੀ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਸ ਦੇ ਨਤੀਜੇ ਮਹੱਤਵਪੂਰਨ ਖੇਤਰਾਂ ਤੱਕ ਫੈਲੇ ਹਨ, ਜੋ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਰਣਨੀਤਕ ਸਦਭਾਵਨਾ ਨੂੰ ਦਰਸਾਉਂਦੇ ਹਨ। ਇਹ ਲੰਬੇ ਸਮੇਂ ਲਈ ਆਰਥਿਕ ਮਜ਼ਬੂਤੀ, ਤਕਨਾਲੋਜੀ ਸਹਿਯੋਗ ਅਤੇ ਖੇਤਰੀ ਸੰਪਰਕ ਨੂੰ ਹੋਰ ਮਜ਼ਬੂਤ ਕਰਨਗੇ।

 

ਨਤੀਜਾ 1: ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵਜ਼ ਲਿਮਿਟਿਡ (ਆਈਐੱਸਪੀਆਰਐੱਲ) ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਐੱਡੀਐੱਨਓਸੀ) ਵਿਚਾਲੇ ਰਣਨੀਤਕ ਸਹਿਯੋਗ ਉੱਤੇ ਸਮਝੌਤਾ ਪੱਤਰ

ਇਹ ਸਮਝੌਤਾ ਹਾਈਡ੍ਰੋਕਾਰਬਨ ਖੇਤਰ ਵਿੱਚ ਗਹਿਰੇ ਸਹਿਯੋਗ ਦੇ ਮਾਧਿਅਮ ਰਾਹੀਂ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ। ਇਹ ਮਹੱਤਵਪੂਰਨ ਊਰਜਾ ਸਰੋਤਾਂ ਤੱਕ ਭਰੋਸੇਯੋਗ ਪਹੁੰਚ ਯਕੀਨੀ ਬਣਾਏਗਾ। ਇਹ ਸਾਂਝੇਦਾਰੀ ਭਾਰਤ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਢਾਂਚੇ ਨੂੰ ਵੀ ਮਜ਼ਬੂਤ ਕਰੇਗੀ। ਜਿਸ ਨਾਲ ਵਿਸ਼ਵਵਿਆਪੀ ਸਪਲਾਈ ਰੁਕਾਵਟਾਂ ਅਤੇ ਊਰਜਾ ਬਾਜ਼ਾਰ ਦੀ ਅਸਥਿਰਤਾ ਨਾਲ ਨਿਪਟਣ ਦੀ ਦੇਸ਼ ਦੀ ਯੋਗਤਾ ਵਿੱਚ ਵਾਧਾ ਹੋਵੇਗਾ।

ਇਹ ਸਮਝੌਤਾ ਲਿਕੁਈਫ਼ਾਈਡ ਪ੍ਰਾਕ੍ਰਿਤਿਕ ਗੈਸ (ਐੱਲਐੱਨਜੀ) ਅਤੇ ਲਿਕੁਈਫ਼ਾਈਡ ਪੈਟਰੋਲੀਅਮ ਗੈਸ (ਐੱਲਪੀਜੀ) ਦੇ ਭੰਡਾਰਣ ਬੁਨਿਆਦੀ ਢਾਂਚੇ ਵਿੱਚ ਨਵੇਂ ਮੌਕੇ ਪੈਦਾ ਕਰੇਗਾ। ਇਹ ਭਾਰਤ ਦੇ ਊਰਜਾ ਸਰੋਤਾਂ ਦੇ ਵਿਭਿੰਨੀਕਰਣ ਅਤੇ ਭੰਡਾਰਣ ਯੋਗਤਾ ਦੇ ਵਿਸਤਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਦੇਵੇਗਾ। ਇਹ ਸਾਂਝੇਦਾਰੀ ਸੁਰੱਖਿਅਤ ਅਤੇ ਭਵਿੱਖ-ਮੁਖੀ ਊਰਜਾ ਈਕੋਸਿਸਟਮ ਦੇ ਨਿਰਮਾਣ ਵਿੱਚ ਵੀ ਸਹਾਇਤਾ ਕਰੇਗੀ।

ਨਤੀਜਾ 2: ਇੰਡੀਅਨ ਆਇਲ ਲਿਮਿਟਿਡ (ਆਈਓਸੀਐੱਲ) ਕੰਪਨੀ ਅਤੇ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ (ਐੱਡੀਐੱਨਓਸੀ) ਵਿਚਾਲੇ ਲਿਕੁਈਫ਼ਾਈਡ ਪੈਟਰੋਲੀਅਮ ਗੈਸ (ਐੱਲਪੀਜੀ) ਦੀ ਸਪਲਾਈ ਰੁਕਾਵਟ ਉੱਤੇ ਰਣਨੀਤਕ ਸਹਿਯੋਗ ਸਮਝੌਤਾ

 

ਇਹ ਸਹਿਯੋਗ ਭਾਰਤ ਦੀ ਲੰਬੇ ਸਮੇਂ ਲਈ ਐੱਲਪੀਜੀ ਸਪਲਾਈ ਰੁਕਾਵਟਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਇਹ ਘਰੇਲੂ ਮੰਗ ਲਈ ਸਥਿਰ ਅਤੇ ਭਰੋਸੇਯੋਗ ਊਰਜਾ ਸਰੋਤ ਯਕੀਨੀ ਬਣਾਏਗਾ। ਇਹ ਪਹਿਲਕਦਮੀ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਊਰਜਾ ਸਹਿਯੋਗ ਨੂੰ ਹੋਰ ਵਧਾਏਗੀ। ਇਸ ਨਾਲ ਭਾਰਤ ਦੇ ਸਭ ਤੋਂ ਭਰੋਸੇਯੋਗ ਊਰਜਾ ਸਾਂਝੇਦਾਰਾਂ ਵਜੋਂ ਯੂਏਈ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।

ਨਤੀਜਾ 3: ਰਣਨੀਤਕ ਰੱਖਿਆ ਸਾਂਝੇਦਾਰੀ ਲਈ ਫਰੇਮਵਰਕ

ਇਹ ਢਾਂਚਾ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰੇਗਾ। ਇਹ ਸੰਯੁਕਤ ਸਾਂਝੇਦਾਰੀਆਂ, ਸਹਿ-ਵਿਕਾਸ ਅਤੇ ਉਦਯੋਗਾਂ ਦੀ ਵਧੇਰੇ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰੇਗਾ। ਇਹ ਸਮਝੌਤਾ ਰਣਨੀਤਕ ਖੇਤਰਾਂ ਵਿੱਚ ਨਵਾਚਾਰ ਅਤੇ ਤਕਨਾਲੋਜੀ ਸਾਂਝਾ ਕਰਨ ਨੂੰ ਵੀ ਹੁਲਾਰਾ ਦੇਵੇਗਾ। ਇਸ ਨਾਲ ਉੱਨਤ ਰੱਖਿਆ ਨਿਰਮਾਣ ਅਤੇ ਯੋਗਤਾਵਾਂ ਵਿੱਚ ਸਹਿਯੋਗ ਨੂੰ ਸਮਰਥਨ ਮਿਲੇਗਾ। ਵਿਆਪਕ ਪੱਧਰ ਉੱਤੇ, ਇਸ ਸਾਂਝੇਦਾਰੀ ਤੋਂ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਸਹਿਯੋਗ ਵਧਣ ਦੀ ਸੰਭਾਵਨਾ ਹੈ।

ਨਤੀਜਾ 4: ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ) ਅਤੇ ਡ੍ਰਾਈਡੌਕਸ ਵਰਲਡ (ਡੀਡੀਡਬਲਿਊ) ਵਿਚਾਲੇ ਵਾਡੀਨਾਰ ਵਿੱਚ ਜਹਾਜ਼ ਮਰੰਮਤ ਕਲਸਟਰ ਸਥਾਪਿਤ ਕਰਨ ਲਈ ਸਮਝੌਤਾ ਪੱਤਰ

 

ਇਹ ਪਹਿਲਕਦਮੀ ਸ਼ਿਪਿੰਗ, ਬੰਦਰਗਾਹ ਅਤੇ ਤੱਟੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਵੇਗੀ। ਇਹ ਵਧਦੇ ਸਮੁੰਦਰੀ ਅਤੇ ਲੌਜਿਸਟਿਕਸ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰੇਗੀ। ਇਹ ਸਹਿਯੋਗ ਸਮੁੰਦਰੀ ਲੌਜਿਸਟਿਕਸ ਈਕੋਸਿਸਟਮ ਨੂੰ ਵੀ ਬਿਹਤਰ ਬਣਾਏਗਾ। ਇਹ ਜਹਾਜ਼ ਮਰੰਮਤ ਅਤੇ ਸੰਬੰਧਿਤ ਉਦਯੋਗਿਕ ਯੋਗਤਾਵਾਂ ਨੂੰ ਮਜ਼ਬੂਤ ਕਰੇਗਾ। ਇਸ ਨਾਲ ਕੁਸ਼ਲ ਵਪਾਰ ਅਤੇ ਕਨੈਕਟਿਵਿਟੀ ਨੂੰ ਹੁਲਾਰਾ  ਮਿਲੇਗਾ। ਇਹ ਸਾਂਝੇਦਾਰੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਵੀ ਅੱਗੇ ਵਧਾਏਗੀ, ਜਿਸ ਨਾਲ ਘਰੇਲੂ ਨਿਰਮਾਣ, ਬੁਨਿਆਦੀ ਢਾਂਚਾ ਵਿਕਾਸ ਅਤੇ ਸਵਦੇਸ਼ੀ ਸਮੁੰਦਰੀ ਯੋਗਤਾਵਾਂ ਨੂੰ ਪ੍ਰੋਤਸਾਹਨ ਮਿਲੇਗਾ।

ਨਤੀਜਾ 5: ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ), ਡ੍ਰਾਈਡੌਕਸ ਵਰਲਡ (ਡੀਡੀਡਬਲਿਊ) ਅਤੇ ਸੈਂਟਰ ਆਫ ਐਕਸੀਲੈਂਸ ਇਨ ਮੈਰੀਟਾਈਮ ਐਂਡ ਸ਼ਿਪਬਿਲਡਿੰਗ (ਸੀਈਐੱਮਐੱਸ) ਵਿਚਾਲੇ ਜਹਾਜ਼ ਮਰੰਮਤ ਵਿੱਚ ਹੁਨਰ ਵਿਕਾਸ ਉੱਤੇ ਸਮਝੌਤਾ ਪੱਤਰ (ਐੱਮਓਯੂ)

ਇਹ ਵਿਵਸਥਾ ਭਾਰਤੀ ਸਮੁੰਦਰੀ ਕਾਰਜਬਲ ਦੀਆਂ ਯੋਗਤਾਵਾਂ ਨੂੰ ਮਜ਼ਬੂਤ ਕਰੇਗੀ। ਇਹ ਜਹਾਜ਼ ਨਿਰਮਾਣ ਅਤੇ ਜਹਾਜ਼ ਮਰੰਮਤ ਵਿੱਚ ਵਿਸ਼ੇਸ਼ ਸਿਖਲਾਈ, ਤਕਨੀਕੀ ਹੁਨਰ ਉੱਨਤੀ ਅਤੇ ਯੋਗਤਾ ਨਿਰਮਾਣ ਵਿੱਚ ਸਹਾਇਤਾ ਦੇਵੇਗੀ। ਇਹ ਪਹਿਲਕਦਮੀ ਭਾਰਤ ਨੂੰ ਕੁਸ਼ਲ ਸਮੁੰਦਰੀ ਪੇਸ਼ੇਵਰਾਂ ਦੇ ਵਿਸ਼ਵ ਕੇਂਦਰ ਵਜੋਂ ਉਭਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਨਾਲ ਉਦਯੋਗ ਲਈ ਤਿਆਰ ਵਿਸ਼ੇਸ਼ਤਾ ਮਜ਼ਬੂਤ ਹੋਵੇਗੀ ਅਤੇ ਸਮੁੰਦਰੀ ਖੇਤਰ ਵਿੱਚ ਮੌਕੇ ਵਧਣਗੇ। ਇਹ ਸਹਿਯੋਗ ਸਕਿਲ ਇੰਡੀਆ ਮਿਸ਼ਨ ਦੇ ਉਦੇਸ਼ਾਂ ਦੇ ਵੀ ਅਨੁਰੂਪ ਹੈ। ਇਹ ਵਿਕਸਿਤ ਹੋ ਰਹੇ ਵਿਸ਼ਵ ਸਮੁੰਦਰੀ ਉਦਯੋਗ ਲਈ ਭਵਿੱਖ-ਮੁਖੀ ਕਾਰਜਬਲ ਤਿਆਰ ਕਰਨ ਵਿੱਚ ਮਦਦ ਕਰੇਗਾ।

ਨਤੀਜਾ 6: ਸੀ-ਡੈਕ, ਭਾਰਤ ਅਤੇ ਜੀ-42, ਯੂਏਈ ਵਿਚਾਲੇ ਸਾਂਝੇਦਾਰੀ ਵਿੱਚ 8 ਐਕਸਾਫਲੌਪ ਸੁਪਰ ਕੰਪਿਊਟਿੰਗ ਕਲਸਟਰ ਸਥਾਪਿਤ ਕਰਨ ਲਈ ਟਰਮ ਸ਼ੀਟ

 

ਇਹ ਸਾਂਝੇਦਾਰੀ ਭਾਰਤ ਦੀ ਸਰਵਭੌਮ ਏਆਈ ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਯੋਗਤਾਵਾਂ ਨੂੰ ਤੇਜ਼ੀ ਨਾਲ ਵਿਕਸਿਤ ਕਰੇਗੀ। ਇਹ ਦੇਸ਼ ਦੀ ਸੁਪਰਕੰਪਿਊਟਿੰਗ ਬੁਨਿਆਦੀ ਢਾਂਚਾ ਨੂੰ ਹੋਰ ਮਜ਼ਬੂਤ ਬਣਾਏਗੀ। ਇਹ ਸਹਿਯੋਗ ਇੰਡੀਆ ਏਆਈ ਮਿਸ਼ਨ ਨੂੰ ਵੀ ਗਤੀ ਪ੍ਰਦਾਨ ਕਰੇਗਾ। ਇਹ ਡਿਜੀਟਲ ਨਵਾਚਾਰ, ਏਆਈ ਖੋਜ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀ ਪ੍ਰਗਤੀਆਂ ਨੂੰ ਸਮਰਥਨ ਦੇਵੇਗਾ।

ਨਤੀਜਾ 7: ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਵਿੱਚ ਨਿਵੇਸ਼

ਇਹ ਨਿਵੇਸ਼ ਪ੍ਰਤੀਬੱਧਤਾਵਾਂ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨਗੀਆਂ। ਇਹ ਭਾਰਤ ਦੇ ਬੁਨਿਆਦੀ ਢਾਂਚਾ ਅਤੇ ਬੈਂਕਿੰਗ ਖੇਤਰਾਂ ਵਿੱਚ ਨਿਵੇਸ਼ ਨੂੰ ਹੁਲਾਰਾ  ਦੇਣਗੀਆਂ। ਇਹ ਪ੍ਰਤੀਬੱਧਤਾਵਾਂ ਲੰਬੇ ਸਮੇਂ ਲਈ ਪੂੰਜੀ ਪ੍ਰਵਾਹ ਅਤੇ ਨਿਵੇਸ਼ਕ ਭਰੋਸੇ ਨੂੰ ਵੀ ਮਜ਼ਬੂਤ ਕਰਨਗੀਆਂ। ਨਾਲ ਹੀ, ਇਹ ਭਾਰਤ ਦੇ ਆਰਥਿਕ ਵਿਕਾਸ ਅਤੇ ਬੁਨਿਆਦੀ ਢਾਂਚਾ ਦੇ ਵਿਸਤਾਰ ਦੇ ਟੀਚਿਆਂ ਵਿੱਚ ਸਹਾਇਤਾ ਪ੍ਰਦਾਨ ਕਰਨਗੀਆਂ।

ਕੁੱਲ ਮਿਲਾ ਕੇ, ਪ੍ਰਧਾਨ ਮੰਤਰੀ  ਦੀ ਯਾਤਰਾ ਦੇ ਨਤੀਜੇ ਦੁਵੱਲੇ ਸਬੰਧਾਂ ਦੇ ਭਵਿੱਖ-ਉਨਮੁਖ ਰਣਨੀਤਕ ਸਾਂਝੇਦਾਰੀ ਵਿੱਚ ਰੂਪਾਂਤਰਣ ਨੂੰ ਦਰਸਾਉਂਦੇ ਹਨ। ਇਹ ਸਹਿਯੋਗ ਭਰੋਸੇ, ਨਵਾਚਾਰ ਅਤੇ ਸਾਂਝੀ ਸਮ੍ਰਿਧੀ ਉੱਤੇ ਆਧਾਰਿਤ ਹੈ। ਇਹ ਸਮਝੌਤੇ ਊਰਜਾ, ਵਪਾਰ ਅਤੇ ਰੱਖਿਆ ਵਰਗੇ ਪਰੰਪਰਾਗਤ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਂਦੇ ਹਨ। ਨਾਲ ਹੀ, ਇਹ ਅਗਰਵਾਣੀ ਤਕਨਾਲੋਜੀਆਂ, ਲੌਜਿਸਟਿਕਸ, ਡਿਜੀਟਲ ਬੁਨਿਆਦੀ ਢਾਂਚਾ ਅਤੇ ਉੱਨਤ ਨਿਰਮਾਣ ਵਰਗੇ ਨਵੇਂ ਖੇਤਰਾਂ ਵਿੱਚ ਵੀ ਮੌਕਿਆਂ ਦਾ ਵਿਸਤਾਰ ਕਰਦੇ ਹਨ।

ਭਵਿੱਖ ਲਈ ਤਿਆਰ ਭਾਰਤ-ਯੂਏਈ ਸਾਂਝੇਦਾਰੀ ਵੱਲ

ਭਾਰਤ ਅਤੇ ਯੂਏਈ ਵਿਚਾਲੇ ਸਬੰਧ ਪਰੰਪਰਾਗਤ ਵਪਾਰਕ ਸੰਪਰਕਾਂ ਤੋਂ ਵਿਕਸਿਤ ਹੋ ਕੇ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਬਦਲ ਚੁੱਕੇ ਹਨ। ਨਿਰੰਤਰ ਰਾਜਨੀਤਿਕ ਸਹਿਭਾਗੀਤਾ ਅਤੇ ਆਰਥਿਕ ਸਹਿਯੋਗ ਨੇ ਇਸ ਪਰਿਵਰਤਨ ਨੂੰ ਗਤੀ ਦਿੱਤੀ ਹੈ। ਅੱਜ ਇਹ ਸਾਂਝੇਦਾਰੀ ਊਰਜਾ ਸੁਰੱਖਿਆ, ਵਪਾਰ, ਤਕਨਾਲੋਜੀ, ਨਿਵੇਸ਼ ਅਤੇ ਰੱਖਿਆ ਸਹਿਯੋਗ ਵਰਗੇ ਵਿਭਿੰਨ ਖੇਤਰਾਂ ਤੱਕ ਵਿਆਪਕ ਹੈ।

ਪ੍ਰਧਾਨ ਮੰਤਰੀ  ਦੀ 2026 ਦੀ ਯਾਤਰਾ ਦੇ ਨਤੀਜਿਆਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਨਾਲ ਉਭਰਦੀਆਂ ਤਕਨਾਲੋਜੀਆਂ, ਸਮੁੰਦਰੀ ਬੁਨਿਆਦੀ ਢਾਂਚਾ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰਣਨੀਤਕ ਉਦਯੋਗਾਂ ਵਿੱਚ ਸਹਿਯੋਗ ਦਾ ਵਿਸਤਾਰ ਹੋਇਆ ਹੈ। ਜਿਵੇਂ-ਜਿਵੇਂ ਦੋਵੇਂ ਦੇਸ਼ ਆਪਣੀਆਂ ਆਰਥਿਕ ਅਤੇ ਭੂ-ਰਾਜਨੀਤਿਕ ਪ੍ਰਾਥਮਿਕਤਾਵਾਂ ਵਿੱਚ ਸਦਭਾਵਨਾ ਸਥਾਪਿਤ ਕਰ ਰਹੇ ਹਨ, ਉਮੀਦ ਹੈ ਕਿ ਇਹ ਸਾਂਝੇਦਾਰੀ ਆਉਣ ਵਾਲੇ ਸਾਲਾਂ ਵਿੱਚ ਖੇਤਰੀ ਸਥਿਰਤਾ, ਆਰਥਿਕ ਵਿਕਾਸ ਅਤੇ ਤਕਨੀਕੀ ਪ੍ਰਗਤੀ ਵਿੱਚ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਸੰਦਰਭ: 

1. ਵਿਦੇਸ਼ ਮੰਤਰਾਲਾ 

 

ਪੀਡੀਐੱਫ ਵਿੱਚ ਦੇਖਣ ਲਈ ਕਲਿੱਕ ਕਰੋ

*******

पीआईबी शोध

ਪੀਕੇ/ਕੇਸੀ/ਆਰਕੇ/ਐੱਸਜੇ/ਆਰਐੱਨ

(Explainer ID: 158668) आगंतुक पटल : 110
Provide suggestions / comments
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Tamil , Kannada , Malayalam