Infrastructure
ਮੈਟਰੋ ਰੇਲ: ਸਥਿਰ ਸ਼ਹਿਰੀ ਵਿਕਾਸ ਅਤੇ ਵਿੱਤੀ ਮਜ਼ਬੂਤੀ ਲਈ ਇੱਕ ਉਤਪ੍ਰੇਰਕ
Posted On:
15 MAR 2026 1:13PM
ਮੁੱਖ ਗੱਲਾਂ
- ਭਾਰਤ ਦਾ ਮੈਟਰੋ ਨੈੱਟਵਰਕ 2014 ਵਿੱਚ 248 ਕਿਮੀ ਤੋਂ ਵਧ ਕੇ 2025 ਤੱਕ 1,095 ਕਿਮੀ ਹੋ ਗਿਆ ਹੈ।
- ਮੈਟਰੋ ਕਵਰੇਜ 2014 ਦੇ ਸਿਰਫ 5 ਸ਼ਹਿਰਾਂ ਤੋਂ ਵਧ ਕੇ 2025 ਵਿੱਚ 26 ਸ਼ਹਿਰਾਂ ਤੱਕ ਪਹੁੰਚ ਗਿਆ ਹੈ।
- ਸਾਲਾਨਾ ਮੈਟਰੋ ਬਜਟ 2013–14 ਵਿੱਚ ₹5,798 ਕਰੋੜ ਤੋਂ ਵਧ ਕੇ 2025–26 ਵਿੱਚ ₹29,550 ਕਰੋੜ ਹੋ ਗਿਆ ਹੈ।
- ਪੀਐੱਮਈਏਸੀ ਦੇ ਇੱਕ ਅਧਿਐਨ ਮੁਤਾਬਕ, ਮੈਟਰੋ ਦੀ ਪਹੁੰਚ ਨਾਲ ਪਰਿਵਾਰਾਂ ਵਿੱਚ ਕਰਜ਼ਾ ਚੁਕਾਉਣ ਦਾ ਅਨੁਸ਼ਾਸਨ ਬਿਹਤਰ ਹੁੰਦਾ ਹੈ ਅਤੇ ਆਰਥਿਕ ਤਣਾਅ ਘੱਟ ਹੁੰਦਾ ਹੈ।
|
ਅਵਲੋਕਨ
ਪਿਛਲੇ 11 ਸਾਲਾਂ ਵਿੱਚ, ਭਾਰਤ ਦੇ ਮੈਟਰੋ ਰੇਲ ਨੈੱਟਵਰਕ ਵਿੱਚ ਜ਼ਬਰਦਸਤ ਵਿਸਥਾਰ ਨਾਲ ਇਹ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕਾਂ ਵਿੱਚੋਂ ਇੱਕ ਬਣ ਗਿਆ ਹੈ। ਕੁਝ ਹੀ ਸ਼ਹਿਰਾਂ ਵਿੱਚ ਚੱਲ ਰਹੀਆਂ ਕੁਝ ਹੀ ਲਾਈਨਾਂ ਤੋਂ ਵਧ ਕੇ, ਇਹ ਨੈੱਟਵਰਕ ਹੁਣ 20 ਤੋਂ ਵੱਧ ਸ਼ਹਿਰੀ ਕੇਂਦਰਾਂ ਤੱਕ ਫੈਲ ਗਿਆ ਹੈ ਅਤੇ 1,000 ਕਿਲੋਮੀਟਰ ਦੇ ਮੈਟਰੋ ਨੈੱਟਵਰਕ ਦਾ ਮੀਲ ਦਾ ਪੱਥਰ ਪਾਰ ਕਰ ਚੁੱਕਾ ਹੈ। ਇਸ ਵਿਸਥਾਰ ਨੇ ਸ਼ਹਿਰਾਂ ਵਿੱਚ ਲੋਕਾਂ ਦੇ ਯਾਤਰਾ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ; ਇਹ ਤੇਜ਼, ਸਾਫ਼-ਸੁਥਰੀ ਅਤੇ ਜ਼ਿਆਦਾ ਭਰੋਸੇਮੰਦ ਯਾਤਰਾਵਾਂ ਦਿੰਦਾ ਹੈ, ਅਤੇ ਨਾਲ ਹੀ ਸੜਕਾਂ ‘ਤੇ ਭੀੜ-ਭੜੱਕਾ ਵੀ ਘੱਟ ਕਰਦਾ ਹੈ।
ਅੱਜ ਮੈਟਰੋ ਰੇਲ ਪ੍ਰਗਤੀ ਅਤੇ ਆਧੁਨਿਕ ਜੀਵਨਸ਼ੈਲੀ ਦਾ ਪ੍ਰਤੀਕ ਬਣ ਗਈ ਹੈ। ਨਿੱਜੀ ਵਾਹਨਾਂ ‘ਤੇ ਨਿਰਭਰਤਾ ਘੱਟ ਕਰਕੇ, ਇਹ ਪਰਿਵਾਰਾਂ ਦੇ ਆਵਾਜਾਈ ਖਰਚ ਨੂੰ ਘਟਾਉਂਦੀ ਹੈ ਅਤੇ ਇੱਕ ਸਿਹਤਮੰਦ ਵਾਤਾਵਰਣ ਬਣਾਉਣ ਵਿੱਚ ਯੋਗਦਾਨ ਦਿੰਦੀ ਹੈ। ਯਾਤਰਾ ਦੇ ਇੱਕ ਸਾਧਨ ਤੋਂ ਕਿਤੇ ਵੱਧ, ਮੈਟਰੋ ਵਿੱਚ ਕੀਤਾ ਗਿਆ ਨਿਵੇਸ਼ ਹੁਣ ਵਿਕਾਸ ਦਾ ਇੰਜਣ ਬਣ ਗਿਆ ਹੈ - ਇਹ ਰੁਜ਼ਗਾਰ ਨੂੰ ਵਧਾਉਂਦਾ ਹੈ, ਸਿੱਖਿਆ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਂਦਾ ਹੈ ਅਤੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਦੀ ਸਮੁੱਚੀ ਖੁਸ਼ਹਾਲੀ ਨੂੰ ਵਧਾਉਂਦਾ ਹੈ।
ਭਾਰਤ ਵਿੱਚ ਮੈਟਰੋ ਰੇਲ ਦਾ ਵਿਸਥਾਰ: ਪੈਮਾਨਾ ਅਤੇ ਕਵਰੇਜ
ਭਾਰਤ ਦੀ ਮੈਟਰੋ ਯਾਤਰਾ ਦੀ ਪਛਾਣ ਨਾ ਸਿਰਫ ਇਸ ਦੇ ਵਿਸ਼ਾਲ ਆਕਾਰ ਨਾਲ ਹੈ, ਸਗੋਂ ਉਨ੍ਹਾਂ ਬਦਲਾਅ ਲਿਆਉਣ ਵਾਲੀਆਂ ਤਕਨੀਕਾਂ ਅਤੇ ਨਵੀਨਤਾਵਾਂ ਨਾਲ ਵੀ ਹੈ ਜੋ ਸ਼ਹਿਰੀ ਆਵਾਜਾਹੀ ਨੂੰ ਨਵਾਂ ਰੂਪ ਦੇ ਰਹੀਆਂ ਹਨ। ਤੇਜ਼ ਰਫ਼ਤਾਰ ਵਾਲੀਆਂ ਖੇਤਰੀ ਟਰੇਨਾਂ ਅਤੇ ਪਾਣੀ ਦੇ ਹੇਠਾਂ ਬਣੀਆਂ ਸੁਰੰਗਾਂ ਤੋਂ ਲੈ ਕੇ ਵਾਤਾਵਰਣ ਅਨੁਕੂਲ ਵਾਟਰ ਮੈਟਰੋ ਤੱਕ, ਦੇਸ਼ ਨੇ ਅਜਿਹੇ ਹੱਲਾਂ ਦੀ ਸ਼ੁਰੂਆਤ ਕੀਤੀ ਹੈ ਜੋ ਸੁਰੱਖਿਆ, ਸਥਿਰਤਾ ਅਤੇ ਆਧੁਨਿਕ ਇੰਜੀਨੀਅਰਿੰਗ ਦਾ ਸ਼ਾਨਦਾਰ ਮੇਲ ਹਨ। ਵਿਸ਼ਵ-ਪੱਧਰੀ ਸਿਗਨਲਿੰਗ, ਸਮਾਰਟ ਟਿਕਟਿੰਗ, ਬਿਨਾਂ ਡਰਾਈਵਰ ਵਾਲੀਆਂ ਟਰੇਨਾਂ ਅਤੇ ਊਰਜਾ-ਕੁਸ਼ਲ ਤਰੀਕਿਆਂ ਨਾਲ, ਇਹ ਸਿਸਟਮ ਤੇਜ਼, ਜ਼ਿਆਦਾ ਵਾਤਾਵਰਣ-ਅਨੁਕੂਲ ਅਤੇ ਸੁਰੱਖਿਅਤ ਆਵਾਜਾਹੀ ਲਈ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ।

- ਭਾਰਤ ਦਾ ਵਧਦਾ ਮੈਟਰੋ ਨੈੱਟਵਰਕ: ਕੁਝ ਹੀ ਸ਼ਹਿਰਾਂ ਵਿੱਚ ਸੀਮਤ ਮੌਜੂਦਗੀ ਤੋਂ ਅੱਗੇ ਵਧਦੇ ਹੋਏ, ਮੈਟਰੋ ਹੁਣ ਇੱਕ ਦੇਸ਼ ਵਿਆਪੀ ਨੈੱਟਵਰਕ ਬਣ ਗਿਆ ਹੈ, ਜੋ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕਾਂ ਵਿੱਚੋਂ ਇੱਕ ਹੈ।
- ਵਿਆਪਕ ਕਵਰੇਜ: ਅੱਜ ਮੈਟਰੋ ਸੇਵਾਵਾਂ ਦਿੱਲੀ ਅਤੇ ਐੱਨਸੀਆਰ, ਮੁੰਬਈ, ਬੰਗਲੌਰ, ਕੋਲਕਾਤਾ, ਹੈਦਰਾਬਾਦ, ਚੇਨਈ, ਲਖਨਊ, ਪੁਣੇ, ਅਹਿਮਦਾਬਾਦ ਅਤੇ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਚੱਲ ਰਹੀਆਂ ਹਨ।
- ਪਰਿਚਾਲਨ ਦਾ ਪੈਮਾਨਾ: ਹੁਣ 26 ਸ਼ਹਿਰਾਂ ਵਿੱਚ ਲਗਭਗ 1,095 ਕਿਮੀ ਲੰਬੀਆਂ ਮੈਟਰੋ ਰੇਲ ਲਾਈਨਾਂ (ਜਿਸ ਵਿੱਚ ਦਿੱਲੀ-ਮੇਰਠ ਆਰਆਰਟੀਐੱਸ ਦੇ 55 ਕਿਮੀ ਵੀ ਸ਼ਾਮਲ ਹਨ) ਚਾਲੂ ਹਨ।
- ਵਿਸ਼ਵਿਆਪੀ ਸਥਾਨ: ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਚਾਲੂ ਮੈਟਰੋ ਨੈੱਟਵਰਕ ਵਾਲਾ ਦੇਸ਼ ਬਣ ਗਿਆ ਹੈ, ਜੋ ਆਧੁਨਿਕ ਸ਼ਹਿਰੀ ਆਵਾਜਾਹੀ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
- 2014 ਤੋਂ ਵਿਕਾਸ: ਚਾਲੂ ਮੈਟਰੋ/ਆਰਆਰਟੀਐੱਸ ਨੈੱਟਵਰਕ 2014 ਦੇ 248 ਕਿਮੀ ਤੋਂ ਵਧ ਕੇ 2025 ਵਿੱਚ 1,095 ਕਿਮੀ ਤੱਕ ਪਹੁੰਚ ਗਿਆ ਹੈ।
- ਸਰਕਾਰੀ ਪ੍ਰੋਤਸਾਹਨ: 2014 ਤੋਂ ਹੁਣ ਤੱਕ, 1,051 ਕਿਮੀ ਦੀ ਦੂਰੀ ਤੈਅ ਕਰਨ ਵਾਲੀਆਂ 38 ਮੈਟਰੋ ਰੇਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੀ ਅਨੁਮਾਨਿਤ ਲਾਗਤ 3.44 ਲੱਖ ਕਰੋੜ ਰੁਪਏ ਹੈ।
- ਸ਼ਹਿਰਾਂ ਵਿੱਚ ਵਿਸਥਾਰ: ਮੈਟਰੋ ਸੇਵਾਵਾਂ 2014 ਦੇ ਸਿਰਫ 5 ਸ਼ਹਿਰਾਂ ਤੋਂ ਵਧ ਕੇ 2025 ਵਿੱਚ 26 ਸ਼ਹਿਰਾਂ ਤੱਕ ਪਹੁੰਚ ਗਈਆਂ ਹਨ, ਜਿਸ ਨਾਲ ਪੂਰੇ ਭਾਰਤ ਦੇ ਨਾਗਰਿਕਾਂ ਨੂੰ ਵਿਸ਼ਵ-ਪੱਧਰੀ ਆਵਾਜਾਹੀ ਦੀ ਸਹੂਲਤ ‘ਤੇ ਵੀ ਨੇੜੇ ਮਿਲ ਰਹੀ ਹੈ।
- ਇਤਿਹਾਸਕ ਉਪਲੱਬਧੀਆਂ ਅਤੇ ਨਵੀਨਤਾਵਾਂ: ਭਾਰਤ ਦੀ ਮੈਟਰੋ ਯਾਤਰਾ ਸਿਰਫ ਵਿਸਥਾਰ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਇਹ ਸ਼ਹਿਰੀ ਆਵਾਜਾਹੀ ਦੇ ਖੇਤਰ ਵਿੱਚ ਮੋਹਰੀ ਨਵੀਨਤਾਵਾਂ ਬਾਰੇ ਵੀ ਹੈ। ਹਾਲ ਹੀ ਦੇ ਸਾਲਾਂ ਵਿੱਚ, ਦੇਸ਼ ਨੇ ਕਈ ਅਜਿਹੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ ਜੋ ਇਸ ਦੀ ਤਕਨੀਕੀ ਸਮਰੱਥਾ ਅਤੇ ਸਥਿਰ ਤੇ ਵਾਤਾਵਰਣ-ਅਨੁਕੂਲ ਗਤੀਸ਼ੀਲਤਾ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
- ਨਮੋ ਭਾਰਤ ਟਰੇਨ
- ਭਾਰਤ ਦੀ ਪਹਿਲੀ ਅਤਿ-ਆਧੁਨਿਕ ਸੈਮੀ-ਹਾਈ ਸਪੀਡ 'ਨਮੋ ਭਾਰਤ' ਖੇਤਰੀ ਟਰੇਨ ਅਕਤੂਬਰ 2023 ਵਿੱਚ ਸ਼ੁਰੂ ਕੀਤੀ ਗਈ ਸੀ।
- ਇਹ 160 ਕਿਮੀ/ਘੰਟਾ ਦੀ ਗਤੀ ਨਾਲ ਚੱਲਦੀ ਹੈ, ਜਦਕਿ ਇਸ ਦੀ ਡਿਜ਼ਾਈਨ ਗਤੀ 180 ਕਿਮੀ/ਘੰਟਾ ਹੈ।
- ਇਸ ਟਰੇਨ ਨੂੰ ਦਿੱਲੀ-ਮੇਰਠ ਕੋਰੀਡੋਰ ‘ਤੇ ਚਲਾਇਆ ਗਿਆ ਹੈ, ਜੋ ਤੇਜ਼ ਅਤੇ ਆਧੁਨਿਕ ਖੇਤਰੀ ਕਨੈਕਟੀਵਿਟੀ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
- 2024 ਵਿੱਚ, ਭਾਰਤ ਨੇ ਕੋਲਕਾਤਾ ਵਿੱਚ ਆਪਣੀ ਪਹਿਲੀ ਅੰਡਰਵਾਟਰ ਮੈਟਰੋ ਸੁਰੰਗ ਸ਼ੁਰੂ ਕਰਕੇ ਇੱਕ ਇਤਿਹਾਸਕ ਉਪਲੱਬਧੀ ਹਾਸਲ ਕੀਤੀ। ਇਹ ਸੁਰੰਗ ਹੁਗਲੀ ਨਦੀ ਦੇ ਹੇਠਾਂ ਐਸਪਲੇਨੇਡ ਨੂੰ ਹਾਵੜਾ ਮੈਦਾਨ ਨਾਲ ਜੋੜਦੀ ਹੈ।
- ਇੰਜੀਨੀਅਰਿੰਗ ਦਾ ਇਹ ਅਦਭੁਤ ਨਮੂਨਾ ਭਾਰਤ ਦੀ ਵਧਦੀ ਤਕਨੀਕੀ ਸਮਰੱਥਾਵਾਂ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦਾ ਇੱਕ ਗੌਰਵਸ਼ਾਲੀ ਪ੍ਰਤੀਕ ਹੈ।
- ਅਪ੍ਰੈਲ 2023 ਵਿੱਚ, ਕੇਰਲ ਦਾ ਕੋਚੀ ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਜਿਸ ਨੇ ਵਾਟਰ ਮੈਟਰੋ ਸੇਵਾ ਸ਼ੁਰੂ ਕੀਤੀ।
- ਇਹ ਪ੍ਰਣਾਲੀ ਇਲੈਕਟ੍ਰਿਕ ਹਾਈਬ੍ਰਿਡ ਨਾਵਾਂ ਦੀ ਵਰਤੋਂ ਕਰਕੇ 10 ਟਾਪੂਆਂ ਨੂੰ ਆਪਸ ਵਿੱਚ ਜੋੜਦੀ ਹੈ। ਇਹ ਇੱਕ ਸੁਗਮ ਅਤੇ ਵਾਤਾਵਰਣ-ਅਨੁਕੂਲ ਆਵਾਜਾਹੀ ਸਹੂਲਤ ਪ੍ਰਦਾਨ ਕਰਦੀ ਹੈ ਅਤੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਦੇ ਖੇਤਰ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰਦੀ ਹੈ।
- ਜ਼ਿਆਦਾ ਸੁਰੱਖਿਅਤ, ਜ਼ਿਆਦਾ ਵਾਤਾਵਰਣ-ਅਨੁਕੂਲ ਅਤੇ ਤੇਜ਼ ਮੈਟਰੋ ਲਈ ਸਮਾਰਟ ਹੱਲ: ਭਾਰਤ ਦੇ ਮੈਟਰੋ ਅਤੇ ਨਮੋ ਭਾਰਤ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ) ਪ੍ਰੋਜੈਕਟਾਂ ਵਿੱਚ ਜ਼ਬਰਦਸਤ ਪ੍ਰਗਤੀ ਹੋਈ ਹੈ। ਇਨ੍ਹਾਂ ਵਿੱਚ ਦੁਨੀਆ ਦੀ ਸਭ ਤੋਂ ਵਧੀਆ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਸੁਰੱਖਿਆ ਨੂੰ ਮਜ਼ਬੂਤ ਬਣਾਉਂਦੀ ਹੈ, ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਵਾਤਾਵਰਣ-ਅਨੁਕੂਲਤਾ ਨੂੰ ਵਧਾਉਂਦੀ ਹੈ।
- ਯੂਰੋਪੀਅਨ ਟਰੇਨ ਕੰਟਰੋਲ ਸਿਸਟਮ (ਈਟੀਸੀਐੱਸ): ਦੁਨੀਆ ਵਿੱਚ ਪਹਿਲੀ ਵਾਰ, ਦਿੱਲੀ-ਮੇਰਠ ਆਰਆਰਟੀਐੱਸ ਕੋਰੀਡੋਰ ਤੇ ਚੱਲਣ ਵਾਲੀਆਂ ਨਮੋ ਭਾਰਤ ਟਰੇਨਾਂ, ਲੌਂਗ ਟਰਮ ਇਵੋਲਿਊਸ਼ਨ (ਐੱਲਟੀਈ) ਬੈਕਬੋਨ ‘ਤੇ ਅਧਾਰਤ ਹਾਈਬ੍ਰਿਡ ਲੈਵਲ-III ਰੇਡੀਓ-ਅਧਾਰਤ ਸਿਗਨਲਿੰਗ ਸਿਸਟਮ ਦੀ ਵਰਤੋਂ ਕਰ ਰਹੀਆਂ ਹਨ। ਇਹ ਆਧੁਨਿਕ ਤਕਨੀਕ ਟਰੇਨ ਦੇ ਸੰਚਾਲਨ ਨੂੰ ਜ਼ਿਆਦਾ ਸਮਾਰਟ ਅਤੇ ਸੁਰੱਖਿਅਤ ਬਣਾਉਂਦੀ ਹੈ, ਜਿਸ ਨਾਲ ਯਾਤਰੀਆਂ ਨੂੰ ਆਪਣੀ ਯਾਤਰਾ ਦੌਰਾਨ ਸੁਰੱਖਿਆ ਅਤੇ ਭਰੋਸੇ ਦਾ ਇੱਕ ਨਵਾਂ ਅਨੁਭਵ ਮਿਲਦਾ ਹੈ।
- ਪਲੈਟਫਾਰਮ ਸਕ੍ਰੀਨ ਡੋਰਸ (ਪੀਐੱਸਡੀ): ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਬੀਈਐੱਲ ਅਤੇ ਐੱਨਸੀਆਰਟੀਸੀ ਨੇ ਮਿਲ ਕੇ ਪਲੈਟਫਾਰਮ ਸਕ੍ਰੀਨ ਡੋਰਸ (ਪੀਐੱਸਡੀ) ਵਿਕਸਿਤ ਕੀਤੇ ਹਨ। ਇਹ ਦਰਵਾਜ਼ੇ ਪਲੈਟਫਾਰਮ ਨੂੰ ਸੁਰੱਖਿਅਤ ਰੱਖਦੇ ਹਨ, ਕਿਉਂਕਿ ਇਹ ਤਾਂ ਹੀ ਖੁੱਲ੍ਹਦੇ ਹਨ ਜਦੋਂ ਟਰੇਨ ਸਹੀ ਜਗ੍ਹਾ ਤੇ ਰੁਕਦੀ ਹੈ; ਇਸ ਤਰ੍ਹਾਂ ਇਹ ਦੁਰਘਟਨਾਵਾਂ ਅਤੇ ਪਲੈਟਫਾਰਮ ਤੇ ਗੈਰ-ਅਧਿਕਾਰਤ ਪ੍ਰਵੇਸ਼ ਨੂੰ ਰੋਕਦੇ ਹਨ।
- ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (ਐੱਨਸੀਐੱਮਸੀ): “ਇੱਕ ਦੇਸ਼–ਇੱਕ ਕਾਰਡ” 11 ਮੈਟਰੋ ਪ੍ਰੋਜੈਕਟਾਂ ਅਤੇ 11 ਬੱਸ ਨਿਗਮਾਂ ਵਿੱਚ ਚਾਲੂ ਹੈ, ਜਿਸ ਨਾਲ ਬਿਨਾਂ ਕਿਸੇ ਰੁਕਾਵਟ ਦੇ ਯਾਤਰਾ ਸੰਭਵ ਹੋ ਪਾਉਂਦੀ ਹੈ; ਇਸ ਨੂੰ ਪੀਐੱਮ ਈ-ਬੱਸ ਸੇਵਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
- ਕਿਊਆਰ ਟਿਕਟਿੰਗ: ਆਸਾਨ ਡਿਜੀਟਲ ਟਿਕਟ ਬੁਕਿੰਗ ਲਈ ਮੋਬਾਈਲ ਐਪ ‘ਤੇ ਅਧਾਰਤ ਕਿਊਆਰ ਸਿਸਟਮ।
- ਬਿਨਾਂ ਡਰਾਈਵਰ ਵਾਲਾ ਟਰੇਨ ਸੰਚਾਲਨ (ਯੂਟੀਓ): ਦਿੱਲੀ ਮੈਟਰੋ ਦੀਆਂ ਪਿੰਕ ਅਤੇ ਮੈਜੈਂਟਾ ਲਾਈਨਾਂ ‘ਤੇ ਬਿਨਾਂ ਡਰਾਈਵਰ ਵਾਲੀਆਂ ਟਰੇਨਾਂ ਚੱਲ ਰਹੀਆਂ ਹਨ, ਜਿਸ ਨਾਲ ਕਾਰਜਕੁਸ਼ਲਤਾ ਵਿੱਚ ਸੁਧਾਰ ਹੋਇਆ ਹੈ।
- ਸਵਦੇਸ਼ੀ ਏਟੀਐੱਸ (ਆਈ ਏਟੀਐੱਸ): ਭਾਰਤ ਦਾ ਪਹਿਲਾ ਸਥਾਨਕ ਰੂਪ ਵਿੱਚ ਵਿਕਸਿਤ ਆਟੋਮੈਟਿਕ ਟਰੇਨ ਸੁਪਰਵਿਜ਼ਨ ਸਿਸਟਮ, ਜਿਸ ਨੂੰ ਡੀਐੱਮਆਰਸੀ ਅਤੇ ਬੀਈਐੱਲ ਵੱਲੋਂ ਦਿੱਲੀ ਮੈਟਰੋ ਦੀ ਰੈੱਡ ਲਾਈਨ ‘ਤੇ ਲਾਗੂ ਕੀਤਾ ਗਿਆ ਹੈ।
- ਊਰਜਾ ਕੁਸ਼ਲਤਾ: ਮੈਟਰੋ ਵਿੱਚ ਰੀਜਨਰੇਟਿਵ ਬ੍ਰੇਕਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੋਲਰ ਪੈਨਲ ਲਗਾਏ ਜਾਂਦੇ ਹਨ, ਜਿਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ ਅਤੇ ਕਾਰਬਨ ਉਤਸਰਜਨ ਘੱਟ ਹੁੰਦਾ ਹੈ, ਜਿਸ ਨਾਲ ਸੰਚਾਲਨ ਟਿਕਾਊ ਬਣ ਪਾਉਂਦਾ ਹੈ।
ਬੁਨਿਆਦੀ ਢਾਂਚੇ ‘ਤੇ ਖਰਚ ਅਤੇ ਰਾਸ਼ਟਰੀ ਯੋਜਨਾਵਾਂ ਨਾਲ ਏਕੀਕਰਣ
ਭਾਰਤ ਵਿੱਚ ਬੁਨਿਆਦੀ ਢਾਂਚੇ ‘ਤੇ ਨਿਵੇਸ਼ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੇਂਦਰੀ ਬਜਟ 2024-25 ਵਿੱਚ ਪੂੰਜੀਗਤ ਖਰਚ ਲਈ ਰਿਕਾਰਡ 11.21 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜੋ ਜੀਡੀਪੀ ਦਾ 3.1% ਹੈ। ਨਿਵੇਸ਼ ਵਿੱਚ ਇਸ ਵਾਧੇ ਨਾਲ ਹੀ, 2025-26 ਲਈ ਸਾਲਾਨਾ ਮੈਟਰੋ ਬਜਟ 29,550 ਕਰੋੜ ਰੁਪਏ ਹੋ ਗਿਆ ਹੈ, ਜਦਕਿ 2013-14 ਵਿੱਚ ਇਸ ਲਈ 5,798 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਇਹ ਦਰਸਾਉਂਦਾ ਹੈ ਕਿ ਖਰਚ ਵਿੱਚ ਵਾਧਾ ਪੂਰੇ ਦੇਸ਼ ਵਿੱਚ ਮੈਟਰੋ ਨੈੱਟਵਰਕ ਦੇ ਤੇਜ਼ ਵਿਸਥਾਰ ਨੂੰ ਕਿਵੇਂ ਵਧਾ ਰਿਹਾ ਹੈ।
ਮੈਟਰੋ ਪ੍ਰੋਜੈਕਟਾਂ ਨੂੰ 'ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ' ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਤਾਂ ਜੋ ਮੈਟਰੋ ਪ੍ਰੋਜੈਕਟਾਂ ਨਾਲ ਉਨ੍ਹਾਂ ਦਾ ਨਿਰਵਿਘਨ ਏਕੀਕਰਣ ਯਕੀਨੀ ਬਣਾਇਆ ਜਾ ਸਕੇ। ਇਸ ਨਾਲ ਹੀ, 'ਨੈੱਟਵਰਕ ਪਲੈਨਿੰਗ ਗਰੁੱਪ' (ਐੱਨਪੀਜੀ) ਵੀ ਨਿਯਮਤ ਤੌਰ ‘ਤੇ ਮੈਟਰੋ ਰੇਲ ਅਤੇ ਐਵੀਏਸ਼ਨ ਪ੍ਰੋਜੈਕਟਾਂ ਦੀ ਇਕੱਠੇ ਸਮੀਖਿਆ ਕਰਦਾ ਹੈ, ਜਿਸ ਨਾਲ ਏਕੀਕ੍ਰਿਤ ਆਵਾਜਾਹੀ ਯੋਜਨਾਬੰਦੀ ਵਿੱਚ ਉਨ੍ਹਾਂ ਦੀ ਭੂਮਿਕਾ ਹੋਰ ਮਜ਼ਬੂਤ ਹੁੰਦੀ ਹੈ।
- 'ਨੈਸ਼ਨਲ ਇੰਫਰਾਸਟ੍ਰਕਚਰ ਪਾਈਪਲਾਈਨ' (ਐੱਨਆਈਪੀ) ਨੇ ਮੈਟਰੋ ਕੋਰੀਡੋਰ ਨੂੰ ਸ਼ਹਿਰੀ ਬੁਨਿਆਦੀ ਢਾਂਚੇ ਦੇ ਮਹੱਤਵਪੂਰਨ ਹਿੱਸੇ ਵਜੋਂ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਨੂੰ ਭਾਰਤ ਦੇ ਦੀਰਘਕਾਲੀ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਜੋੜਿਆ ਹੈ।
- ਭਾਰਤ ਕੋਲ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਹੈ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਨਿਵੇਸ਼ ਕਿਵੇਂ ਸ਼ਹਿਰੀ ਆਵਾਜਾਹੀ ਅਤੇ 'ਜੀਵਨ ਦੀ ਸੁਗਮਤਾ' (ਈਜ਼ ਆਫ ਲਿਵਿੰਗ) ਨੂੰ ਬਿਹਤਰ ਬਣਾ ਰਿਹਾ ਹੈ।
ਸ਼ਹਿਰੀ ਪਰਿਵਾਰਾਂ ‘ਤੇ ਮੈਟਰੋ ਰੇਲ ਦੇ ਪ੍ਰਭਾਵ ਬਾਰੇ ਪੀਐੱਮਈਏਸੀ ਦੇ ਨਿਸ਼ਕਰਸ਼
ਹਾਲ ਹੀ ਵਿੱਚ, ਜਨਵਰੀ 2026 ਵਿੱਚ, 'ਭਾਰਤ ਵਿੱਚ ਇੰਫਰਾਸਟ੍ਰਕਚਰ ਵਿਕਾਸ ਦਾ ਸੁਨਹਿਰੀ ਦਹਾਕਾ: ਮੈਟਰੋ ਰੇਲ ਨੈੱਟਵਰਕ ਦੇ ਵਿਸ਼ੇਸ਼ ਸੰਦਰਭ ਵਿੱਚ' ਸਿਰਲੇਖ ਵਾਲਾ ਇੱਕ ਅਧਿਐਨ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ (ਈਏਸੀ-ਪੀਐੱਮ) ਵੱਲੋਂ ਤਿਆਰ ਕੀਤਾ ਗਿਆ। ਇਹ ਅਧਿਐਨ ਇਸ ਗੱਲ ‘ਤੇ ਰੌਸ਼ਨੀ ਪਾਉਂਦਾ ਹੈ ਕਿ ਪੀਐੱਮ ਗਤੀਸ਼ਕਤੀ ਯੋਜਨਾ ਦੁਆਰਾ ਸਮਰਥਿਤ ਭਾਰਤ ਦਾ ਤੇਜ਼ ਇੰਫਰਾਸਟ੍ਰਕਚਰ ਵਿਸਥਾਰ, ਦੇਸ਼ ਦੇ ਮੈਟਰੋ ਰੇਲ ਸਿਸਟਮ ਨੂੰ ਮਜ਼ਬੂਤ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਦੁਨੀਆ ਦੇ ਅਗਰਣੀ ਨੈੱਟਵਰਕਾਂ ਵਿੱਚ ਸ਼ਾਮਲ ਕਰ ਰਿਹਾ ਹੈ। ਅਧਿਕਾਰਕ ਅੰਕੜਿਆਂ ਅਤੇ ਵੱਖ-ਵੱਖ ਸ਼ਹਿਰਾਂ ਦੇ ਤੁਲਨਾਤਮਕ ਵਿਸ਼ਲੇਸ਼ਣ ‘ਤੇ ਅਧਾਰਤ ਇਹ ਅਧਿਐਨ, ਮੈਟਰੋ ਵਿਕਾਸ ਦੇ ਵਿਆਪਕ ਆਰਥਿਕ ਅਤੇ ਸਮਾਜਿਕ ਲਾਭਾਂ ਨੂੰ ਰੇਖਾਂਕਿਤ ਕਰਦਾ ਹੈ—ਜਿਸ ਵਿੱਚ ਵਿੱਤੀ ਸਥਿਰਤਾ ਤੋਂ ਲੈ ਕੇ ਸਥਿਰ ਸ਼ਹਿਰੀ ਵਿਕਾਸ ਤੱਕ ਸ਼ਾਮਲ ਹਨ।
- ਮੁੱਖ ਨਿਸ਼ਕਰਸ਼: ਇਹ ਅਧਿਐਨ ਦਰਸਾਉਂਦਾ ਹੈ ਕਿ ਭਾਰਤ ਦਾ ਇੰਫਰਾਸਟ੍ਰਕਚਰ ਵਿਸਥਾਰ-ਖਾਸ ਤੌਰ ‘ਤੇ ਮੈਟਰੋ ਰੇਲ-ਸਿਰਫ ਆਵਾਜਾਹੀ (ਮੋਬਿਲਿਟੀ) ਤੱਕ ਹੀ ਸੀਮਤ ਲਾਭ ਨਹੀਂ ਦੇ ਰਿਹਾ, ਸਗੋਂ ਇਹ ਪਰਿਵਾਰਾਂ ਦੀ ਵਿੱਤੀ ਸਥਿਤੀ ਨੂੰ ਵੀ ਨਵਾਂ ਸਰੂਪ ਦੇ ਰਿਹਾ ਹੈ ਅਤੇ ਨਿੱਜੀ ਵਾਹਨਾਂ ‘ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘੱਟ ਕਰ ਰਿਹਾ ਹੈ। ਵਧਦਾ ਪੂੰਜੀ ਨਿਵੇਸ਼ ਅਤੇ ਸਥਿਰ ਆਵਾਜਾਹੀ ਪ੍ਰਣਾਲੀਆਂ ਦੇਸ਼ ਦੀ ਆਰਥਿਕ ਮਜ਼ਬੂਤੀ ਨੂੰ ਹੁਲਾਰਾ ਦੇ ਰਹੀਆਂ ਹਨ, ਜਿਸ ਨਾਲ ਮੈਟਰੋ ਰੇਲ ਰਾਸ਼ਟਰੀ ਵਿਕਾਸ ਦੇ ਇੱਕ ਆਧਾਰ-ਸਤੰਭ ਵਜੋਂ ਸਥਾਪਿਤ ਹੋ ਰਹੀ ਹੈ।

- ਪਰਿਵਾਰ ਦੇ ਵਿੱਤੀ ਅਨੁਸ਼ਾਸਨ ਵਿੱਚ ਸੁਧਾਰ: ਮੈਟਰੋ ਕਨੈਕਟੀਵਿਟੀ ਨਾਲ ਟ੍ਰਾਂਸਪੋਰਟ ਦਾ ਖਰਚ ਘੱਟ ਹੁੰਦਾ ਹੈ, ਜਿਸ ਨਾਲ ਲੋਨ ਚੁਕਾਉਣ ਵਿੱਚ ਦੇਰੀ ਘੱਟ ਹੁੰਦੀ ਹੈ ਅਤੇ ਹੋਮ ਲੋਨ ਦਾ ਜਲਦੀ ਭੁਗਤਾਨ ਵਧ ਜਾਂਦਾ ਹੈ।
ਸ਼ਹਿਰ-ਵਿਸ਼ੇਸ਼ ਪ੍ਰਭਾਵ:
- ਹੈਦਰਾਬਾਦ ਵਿੱਚ, ਹੋਮ ਲੋਨ ਦੀਆਂ ਕਿਸਤਾਂ ਨਾ ਚੁਕਾਉਣ ਦੇ ਮਾਮਲੇ 1.7% ਘੱਟ ਹੋਏ ਹਨ, ਜਦਕਿ ਜਲਦੀ ਭੁਗਤਾਨ ਦੇ ਮਾਮਲੇ 1.8% ਵਧੇ ਹਨ।
- ਬੰਗਲੌਰ ਵਿੱਚ, ਲੋਨ ਚੁਕਾਉਣ ਵਿੱਚ ਦੇਰੀ 2.4% ਘੱਟ ਹੋਈ ਹੈ, ਜਦਕਿ ਹੋਮ ਲੋਨ ਦਾ ਜਲਦੀ ਭੁਗਤਾਨ 3.5% ਵਧਿਆ ਹੈ।
- ਦਿੱਲੀ ਵਿੱਚ, ਕਿਸ਼ਤਾਂ ਨਾ ਚੁਕਾਉਣ ਦੇ ਮਾਮਲੇ 4.42% ਘੱਟ ਹੋਏ ਹਨ, ਅਤੇ ਮੌਰਗੇਜ ਦਾ ਜਲਦੀ ਭੁਗਤਾਨ 1.38% ਵਧਿਆ ਹੈ।
- ਨਿੱਜੀ ਵਾਹਨਾਂ ‘ਤੇ ਨਿਰਭਰਤਾ ਵਿੱਚ ਕਮੀ: ਵਾਹਨ ਰਜਿਸਟ੍ਰੇਸ਼ਨ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੈਟਰੋ ਨਾਲ ਜੁੜੇ ਖੇਤਰਾਂ ਵਿੱਚ ਨਵੇਂ ਦੋਪਹਿਆ ਵਾਹਨਾਂ ਅਤੇ ਸ਼ੁਰੂਆਤੀ ਪੱਧਰ ਦੀਆਂ ਕਾਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਜੋ ਮਹਿੰਗੇ ਨਿੱਜੀ ਆਵਾਜਾਹੀ ਤੋਂ ਦੂਰ ਹਟਣ ਦੀ ਪੁਸ਼ਟੀ ਕਰਦਾ ਹੈ।
- ਘਰੇਲੂ ਕਰਜ਼ੇ ਵਿੱਚ ਕਮੀ: ਆਵਾਜਾਹੀ ‘ਤੇ ਹੋਣ ਵਾਲੇ ਆਵਰਤੀ ਖਰਚਾਂ ਵਿੱਚ ਕਮੀ ਨਾਲ, ਪਰਿਵਾਰਾਂ ‘ਤੇ ਕਰਜ਼ੇ ਦਾ ਬੋਝ ਘੱਟ ਹੁੰਦਾ ਹੈ ਅਤੇ ਉਹ ਤਰਲਤਾ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਪ੍ਰਬੰਧਿਤ ਕਰ ਪਾਉਂਦੇ ਹਨ।
- ਵਿੱਤੀ ਸਥਿਰਤਾ ਵਿੱਚ ਯੋਗਦਾਨ: ਬਿਹਤਰ ਕਰਜ਼ਾ ਭੁਗਤਾਨ ਵਿਵਹਾਰ ਅਤੇ ਘੱਟ ਚੂਕ ਨਾਲ ਸਮੁੱਚੀ ਵਿੱਤੀ ਪ੍ਰਣਾਲੀ ਮਜ਼ਬੂਤ ਹੁੰਦੀ ਹੈ।
- ਵਿਆਪਕ ਇੰਫਰਾਸਟ੍ਰਕਚਰ ਲਾਭ: ਇੰਫਰਾਸਟ੍ਰਕਚਰ ‘ਤੇ ਵਧਦੇ ਪੂੰਜੀਗਤ ਵਿਆਜ ਨਾਲ ਵਿਕਾਸ ਦੇ ਗੁਣਕ ਮਜ਼ਬੂਤ ਹੁੰਦੇ ਹਨ, ਉਤਪਾਦਕਤਾ ਨੂੰ ਵਧਾਅ ਮਿਲਦਾ ਹੈ, ਸਥਿਰਤਾ ਵਧਦੀ ਹੈ ਅਤੇ ਦੀਰਘਕਾਲੀ ਆਰਥਿਕ ਪ੍ਰਤੀਸਪਰਧਤਾ ਵਿੱਚ ਵਾਧਾ ਹੁੰਦਾ ਹੈ।
- ਵਾਤਾਵਰਣੀ ਸਥਿਰਤਾ: ਪੁਨਰਯੋਜੀ ਬ੍ਰੇਕਿੰਗ, ਸੌਰ ਪੈਨਲਾਂ ਅਤੇ ਹਰਿਤ ਮੈਟਰੋ ਸਟੇਸ਼ਨਾਂ ਨੂੰ ਅਪਣਾਉਣ ਨਾਲ ਉਤਸਰਜਨ ਘੱਟ ਹੁੰਦਾ ਹੈ ਅਤੇ ਭਾਰਤ ਦੇ ਜਲਵਾਯੂ ਟੀਚਿਆਂ ਨੂੰ ਸਮਰਥਨ ਮਿਲਦਾ ਹੈ।
- ਅਧਿਐਨ ਤੋਂ ਮਿਲੀ ਜਾਣਕਾਰੀ: ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਇੰਫਰਾਸਟ੍ਰਕਚਰ ਦੇ ਵਿਸਥਾਰ ਦਾ ਇਹ ਦਹਾਕਾ-ਖਾਸ ਤੌਰ ‘ਤੇ ਮੈਟਰੋ ਰੇਲ ਦਾ ਵਿਕਾਸ-ਨਾ ਸਿਰਫ ਸ਼ਹਿਰੀ ਆਵਾਜਾਹੀ ਨੂੰ ਬਦਲ ਰਿਹਾ ਹੈ, ਸਗੋਂ ਘਰਾਂ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰ ਰਿਹਾ ਹੈ ਅਤੇ ਕਰਜ਼ੇ ਦੇ ਬੋਝ ਨੂੰ ਘੱਟ ਕਰ ਰਿਹਾ ਹੈ। ਆਵਾਜਾਹੀ ਲਾਗਤ ਨੂੰ ਘੱਟ ਕਰਕੇ, ਮੈਟਰੋ ਸੇਵਾਵਾਂ ਕਰਜ਼ਾ ਚੁਕਾਉਣ ਦੇ ਵਿਵਹਾਰ ਵਿੱਚ ਸੁਧਾਰ ਲਿਆ ਰਹੀਆਂ ਹਨ ਅਤੇ ਆਰਥਿਕ ਸਥਿਰਤਾ ਨੂੰ ਵਧਾ ਰਹੀਆਂ ਹਨ। ਵਧਦਾ ਪੂੰਜੀਗਤ ਵਿਆਜ ਅਤੇ ਟਿਕਾਊ ਤਰੀਕੇ ਇੰਫਰਾਸਟ੍ਰਕਚਰ ਨੂੰ ਲੰਬੀ ਮਿਆਦ ਦੇ ਆਰਥਿਕ ਵਿਕਾਸ ਅਤੇ ਮਜ਼ਬੂਤੀ ਦੇ ਇੱਕ ਅਹਿਮ ਇੰਜਣ ਵਜੋਂ ਅਤੇ ਵੀ ਮਜ਼ਬੂਤ ਸਥਿਤੀ ਵਿੱਚ ਲਿਆ ਖੜ੍ਹਾ ਕਰਦੇ ਹਨ।
ਨਿਸ਼ਕਰਸ਼:
ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ ਮੈਟਰੋ ਵਿਸਥਾਰ ਤੋਂ ਆਧੁਨਿਕ ਅਤੇ ਸਮਾਵੇਸ਼ੀ ਸ਼ਹਿਰੀ ਵਿਕਾਸ ਪ੍ਰਤੀ ਉਸ ਦੀ ਮਜ਼ਬੂਤ ਵਚਨਬੱਧਤਾ ਝਲਕਦੀ ਹੈ। ਈਏਸੀ-ਪੀਐੱਮ ਦੇ ਇੱਕ ਅਧਿਐਨ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਮੈਟਰੋ ਇੰਫਰਾਸਟ੍ਰਕਚਰ ਨਾ ਸਿਰਫ ਆਵਾਜਾਹੀ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਇਹ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰਦਾ ਹੈ ਅਤੇ ਦੀਰਘਕਾਲੀ ਆਰਥਿਕ ਸਥਿਰਤਾ ਨੂੰ ਵਧਾਉਂਦਾ ਹੈ। ਵਧਦੇ ਪੂੰਜੀ ਨਿਵੇਸ਼ ਅਤੇ ਏਕੀਕ੍ਰਿਤ ਯੋਜਨਾਬੰਦੀ ਦੇ ਚੱਲਦੇ, ਮੈਟਰੋ ਸਿਸਟਮ ਹੁਣ ਸਥਿਰ ਵਿਕਾਸ ਦੇ ਮੁੱਖ ਵਾਹਕ ਬਣ ਰਹੇ ਹਨ। ਇਹ ਪ੍ਰਗਤੀ ਇੱਕ ਵਧੇਰੇ ਆਪਸ ਵਿੱਚ ਜੁੜੇ ਅਤੇ ਸੁਦ੍ਰਿੜ ਭਾਰਤ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਸੰਦਰਭ:
ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰਾਲਾ:
https://sansad.in/getFile/loksabhaquestions/annex/186/AU3110_fno4Dx.pdf?source=pqals
ਵਿੱਤ ਮੰਤਰਾਲਾ:
https://static.pib.gov.in/WriteReadData/specificdocs/documents/2025/feb/doc202521492701.pdf
ਵਾਣਿਜ ਅਤੇ ਉਦਯੋਗ ਮੰਤਰਾਲਾ:
https://www.pib.gov.in/PressReleasePage.aspx?PRID=2136029®=3&lang=2
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ:
https://eacpm.gov.in/wp-content/uploads/2026/01/Golden-Decade-of-Infrastructure-Development-in-India-final-rev.pdf
ਪੱਤਰ ਸੂਚਨਾ ਦਫ਼ਤਰ:
https://www.pib.gov.in/PressNoteDetails.aspx?ModuleId=3&NoteId=155002®=3&lang=2
See in PDF
*********
PIB Research/SJ/RN
(Explainer ID: 157842)
आगंतुक पटल : 7
Provide suggestions / comments