Technology
ਭਾਰਤ-ਏਆਈ ਇੰਪੈਕਟ ਸਮਿਟ 2026
ਸਭ ਦਾ ਭਲਾ, ਸਭ ਦੀ ਖ਼ੁਸ਼ੀ
Posted On:
21 JAN 2026 1:52PM
ਮੁੱਖ ਨੁਕਤੇ
- ਭਾਰਤ-ਏਆਈ ਇੰਪੈਕਟ ਸਮਿਟ 2026 ਗਲੋਬਲ ਸਾਊਥ ਵਿੱਚ ਹੋਣ ਵਾਲੀ ਪਹਿਲੀ ਗਲੋਬਲ ਏਆਈ ਸਮਿਟ ਹੈ।
- ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 16 ਤੋਂ 20 ਫ਼ਰਵਰੀ, 2026 ਤੱਕ ਹੋਣ ਵਾਲੇ ਇਸ ਪੰਜ-ਦਿਨਾ ਸਮਾਗਮ ਵਿੱਚ ਨੀਤੀ, ਖੋਜ, ਉਦਯੋਗ ਅਤੇ ਜਨਤਕ ਸ਼ਮੂਲੀਅਤ ਦੇ ਪਹਿਲੂ ਸ਼ਾਮਿਲ ਹੋਣਗੇ।
- ਇਹ ਤਿੰਨ ਬੁਨਿਆਦੀ ਥੰਮ੍ਹਾਂ ਜਾਂ ਸੂਤਰਾਂ 'ਤੇ ਅਧਾਰਿਤ ਹੋਵੇਗਾ: ਲੋਕ, ਗ੍ਰਹਿ ਅਤੇ ਪ੍ਰਗਤੀ।
- ਭਾਰਤ-ਏਆਈ ਇੰਪੈਕਟ ਪ੍ਰਦਰਸ਼ਨੀ ਵਿੱਚ 10 ਤੋਂ ਵੱਧ ਵਿਸ਼ੇ ਅਧਾਰਿਤ ਮੰਡਪਾਂ ਵਿੱਚ 30 ਦੇਸ਼ਾਂ ਦੇ 300 ਤੋਂ ਵੱਧ ਪ੍ਰਦਰਸ਼ਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
(*ਸੰਖਿਆਵਾਂ ਅਸਥਾਈ ਹਨ ਅਤੇ ਇਨ੍ਹਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ।)
ਜਾਣ-ਪਛਾਣ

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਅਹਿਮ ਮਦਦਗਾਰ ਹੈ। ਇਹ ਸ਼ਾਸਨ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਜਨਤਕ ਸੇਵਾ ਦੀ ਡਿਲੀਵਰੀ ਵਿੱਚ ਸੁਧਾਰ ਲਿਆਉਂਦੀ ਹੈ। ਏਆਈ ਦੇਸ਼ ਲਈ ਸਮਾਵੇਸ਼ੀ ਵਿਕਾਸ ਵਿੱਚ ਸਹਾਇਕ ਹੋਣ ਦੇ ਨਾਲ ਹੀ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਅਨੁਸਾਰ ਹੈ। ਭਾਰਤ ਦੀ ਭਾਸ਼ਾਈ ਅਤੇ ਸਭਿਆਚਾਰਕ ਵਖਰੇਵੇਂ ਦੇ ਮੱਦੇਨਜ਼ਰ ਦੇਸ਼ ਵਿੱਚ ਵੱਖ-ਵੱਖ ਜਨਤਕ ਜ਼ਰੂਰਤਾਂ ਦੇ ਅਨੁਸਾਰ ਬਹੁ-ਭਾਸ਼ਾਈ ਅਤੇ ਬਹੁ-ਮਾਧਿਅਮ ਏਆਈ ਪ੍ਰਣਾਲੀਆਂ ਦੇ ਵਿਕਾਸ ਦੀ ਦਰਕਾਰ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰਤੀ ਦੇਸ਼ ਦੇ ਵਿਕਾਸ ਕੇਂਦ੍ਰਿਤ ਨਜ਼ਰੀਏ ਨੂੰ ਅੱਗੇ ਵਧਾਉਂਦੇ ਹੋਏ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 16 ਤੋਂ 20 ਫ਼ਰਵਰੀ, ਤੱਕ ਭਾਰਤ-ਏਆਈ ਇੰਪੈਕਟ ਸਮਿਟ 2026 ਦਾ ਆਯੋਜਨ ਕੀਤਾ ਜਾਵੇਗਾ। ਇਹ ਗਲੋਬਲ ਸਾਊਥ ਵਿੱਚ ਹੋਣ ਵਾਲੀ ਪਹਿਲੀ ਗਲੋਬਲ ਏਆਈ ਸਮਿਟ ਹੋਵੇਗੀ। ਇਸ ਸਮਿਟ ਵਿੱਚ ਦੁਨੀਆ ਭਰ ਦੀਆਂ ਪ੍ਰਮੁੱਖ ਹਸਤੀਆਂ, ਨੀਤੀ ਨਿਰਮਾਤਾ, ਟੈਕਨਾਲੋਜੀ ਕੰਪਨੀਆਂ, ਇਨੋਵੇਟਰ ਅਤੇ ਮਾਹਰ ਹਿੱਸਾ ਲੈਣਗੇ। ਉਹ ਸ਼ਾਸਨ, ਇਨੋਵੇਸ਼ਨ ਅਤੇ ਸਥਿਰ ਵਿਕਾਸ ਵਿੱਚ ਏਆਈ ਦੀ ਪਰਿਵਰਤਨਸ਼ੀਲ ਸੰਭਾਵਨਾ ਦਾ ਪ੍ਰਦਰਸ਼ਨ ਅਤੇ ਉਸ ’ਤੇ ਵਿਚਾਰ-ਚਰਚਾ ਕਰਨਗੇ।
ਭਾਰਤ ਏਆਈ ਇੰਪੈਕਟ ਸਮਿਟ 2026 ਪ੍ਰਮੁੱਖ ਅੰਤਰਰਾਸ਼ਟਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਚਾਂ ਦੇ ਨਤੀਜਿਆਂ ਨੂੰ ਅੱਗੇ ਵਧਾਏਗੀ। ਇਸ ਵਿੱਚ ਵਿਸ਼ਵ ਚਰਚਾਵਾਂ ਨੂੰ ਭਾਰਤ ਏਆਈ ਮਿਸ਼ਨ ਅਤੇ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਵਿਕਾਸ ਨਤੀਜਿਆਂ ਵਿੱਚ ਤਬਦੀਲ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਹ ਭਾਰਤ ਦੇ ਸ਼ਾਸਨ, ਅਰਥ-ਵਿਵਸਥਾ ਅਤੇ ਸਮਾਜ ਲਈ ਪ੍ਰਾਸੰਗਿਕ ਵਿਹਾਰਕ ਅਤੇ ਲੋਕ ਕੇਂਦ੍ਰਿਤ ਏਆਈ ਤੰਤਰਾਂ ਨੂੰ ਅੱਗੇ ਵਧਾਉਂਦੇ ਹੋਏ ਬਹੁ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰੇਗੀ।
ਭਾਰਤ ਲਈ ਏਆਈ ਦਾ ਮਹੱਤਵ
ਏਆਈ ਇੱਕ ਪਰਿਵਰਤਨਸ਼ੀਲ ਤਾਕਤ ਵਜੋਂ ਉੱਭਰੀ ਹੈ। ਇਸ ਵਿੱਚ ਲੋਕਾਂ, ਗ੍ਰਹਿ ਅਤੇ ਪ੍ਰਗਤੀ ਦੇ ਸਿਧਾਂਤਾਂ ’ਤੇ ਅਧਾਰਿਤ ਭਾਰਤ ਦੀ ਆਰਥਿਕ ਤਰੱਕੀ ਵਿੱਚ ਤੇਜ਼ੀ ਲਿਆਉਣ, ਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਦੀ ਸਮਰੱਥਾ ਹੈ। ਏਆਈ ਸਮਰਥਿਤ ਹੱਲ ਨਾਗਰਿਕਾਂ ਦਾ ਸਸ਼ਕਤੀਕਰਨ ਕਰ ਰਹੇ ਹਨ। ਟੈਲੀਮੈਡੀਸਨ ਅਤੇ ਡਾਇਗਨੌਸਟਿਕਸ ਜ਼ਰੀਏ ਸਿਹਤ ਸੰਭਾਲ ਤੱਕ ਪਹੁੰਚ ਦਾ ਵਿਸਤਾਰ ਹੋ ਰਿਹਾ ਹੈ। ਅਨੁਕੂਲ ਲਰਨਿੰਗ ਦੇ ਜ਼ਰੀਏ ਸਿੱਖਿਆ ਨੂੰ ਵਿਅਕਤੀ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਾਇਆ ਜਾ ਰਿਹਾ ਹੈ। ਧੋਖਾਧੜੀ ਦਾ ਏਆਈ ਦੀ ਵਰਤੋਂ ਨਾਲ ਪਤਾ ਲਗਾ ਕੇ ਵਿੱਤੀ ਪ੍ਰਣਾਲੀ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਗ੍ਰਹਿ ਲਈ ਏਆਈ ਫ਼ਸਲ ਅਨੁਮਾਨ, ਸਟੀਕ ਖੇਤੀ ਅਤੇ ਡ੍ਰੋਨ ਅਧਾਰਿਤ ਨਿਗਰਾਨੀ ਜ਼ਰੀਏ ਫੁਰਤੀਲੇ ਅਤੇ ਜ਼ਿਆਦਾ ਟਿਕਾਊ ਅਭਿਆਸਾਂ ਨੂੰ ਅਪਣਾਏ ਜਾਣ ਵਿੱਚ ਸਹਾਇਕ ਹੈ। ਪ੍ਰਗਤੀ ਲਈ ਏਆਈ ਅਦਾਲਤੀ ਆਦੇਸ਼ਾਂ ਦਾ ਅਨੁਵਾਦ ਕਰਕੇ ਅਤੇ ਸੇਵਾ ਡਿਲੀਵਰੀ ਵਿੱਚ ਸੁਧਾਰ ਜ਼ਰੀਏ ਸ਼ਾਸਨ ਨੂੰ ਮਜ਼ਬੂਤ ਕਰ ਰਹੀ ਹੈ। ਇਹ ਭੋਜਨ ਡਿਲੀਵਰੀ, ਆਵਾਜਾਈ ਅਤੇ ਵਿਅਕਤੀ ਅਧਾਰਿਤ ਡਿਜੀਟਲ ਸੇਵਾਵਾਂ ਵਿੱਚ ਵਰਤੋਂ ਨਾਲ ਰੋਜ਼ਾਨਾ ਦੀ ਕਾਰਜ-ਕੁਸ਼ਲਤਾ ਨੂੰ ਵਧਾ ਰਹੀ ਹੈ। ਇਸ ਨਾਲ ਪੇਂਡੂ ਅਤੇ ਸ਼ਹਿਰੀ, ਦੋਵਾਂ ਹੀ ਖੇਤਰਾਂ ਵਿੱਚ ਸਮਾਵੇਸ਼ੀ ਅਤੇ ਪਹੁੰਚਯੋਗ ਟੈਕਨਾਲੋਜੀ ਵੱਲ ਝੁਕਾਅ ਪ੍ਰਤੀਬਿੰਬਤ ਹੁੰਦਾ ਹੈ।
- ਸਿਹਤ ਸੰਭਾਲ ਵਿੱਚ ਏਆਈ: ਏਆਈ ਖ਼ਾਸ ਤੌਰ ’ਤੇ ਪੇਂਡੂ ਅਤੇ ਘੱਟ ਪਹੁੰਚ ਵਾਲੇ ਖੇਤਰਾਂ ਵਿੱਚ ਸਿਹਤ ਸੰਭਾਲ ਦੀ ਪਹੁੰਚ ਅਤੇ ਇਸਦੇ ਨਤੀਜਿਆਂ ਵਿੱਚ ਸੁਧਾਰ ਕਰ ਰਹੀ ਹੈ। ਡਾਕਟਰਾਂ ਦੀ ਕਮੀ ਵਾਲੇ ਇਲਾਕਿਆਂ ਵਿੱਚ ਏਆਈ ਸਮਰਥਿਤ ਰਿਮੋਟ ਨਿਦਾਨ ਅਤੇ ਪੋਰਟੇਬਲ ਔਜ਼ਾਰਾਂ ਜ਼ਰੀਏ ਰੋਗ ਦੀ ਪਹਿਚਾਣ ਅਤੇ ਖ਼ੂਨ ਅਤੇ ਪਿਸ਼ਾਬ ਦੀ ਮਸ਼ੀਨੀ ਜਾਂਚ ਨਾਲ ਨਿਦਾਨ ਅਤੇ ਇਲਾਜ ਵਿੱਚ ਤੇਜ਼ੀ ਆਉਂਦੀ ਹੈ। ਚੈਟਬੋਟ ਅਤੇ ਲੱਛਣ ਜਾਂਚ ਪ੍ਰਣਾਲੀ ਸਮੇਤ ਏਆਈ ਸੰਚਾਲਿਤ ਟੈਲੀਮੈਡੀਸਨ ਪੇਂਡੂ ਰੋਗੀਆਂ ਨੂੰ ਡਾਕਟਰਾਂ ਨਾਲ ਜੋੜ ਕੇ ਯਾਤਰਾ ਅਤੇ ਉਡੀਕ ਦੇ ਸਮੇਂ ਨੂੰ ਘਟਾਉਂਦੀ ਹੈ। ਏਆਈ-ਅਧਾਰਿਤ ਇਮੇਜ ਵਿਸ਼ਲੇਸ਼ਣ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਤਪਦਿਕ, ਕੈਂਸਰ ਅਤੇ ਹੋਰ ਰੋਗਾਂ ਦੇ ਤੇਜ਼ੀ ਨਾਲ ਨਿਦਾਨ ਵਿੱਚ ਮਦਦ ਮਿਲਦੀ ਹੈ। ਪ੍ਰਡਿਕਟਿਵ ਵਿਸ਼ਲੇਸ਼ਣ ਨਾਲ ਕਿਸੇ ਰੋਗ ਦੇ ਫੈਲਣ ਦਾ ਅਨੁਮਾਨ ਲਗਾਉਣ ਵਿੱਚ ਸੌਖ ਹੁੰਦੀ ਹੈ। ਏਆਈ ਦੀ ਸਹਾਇਤਾ ਨਾਲ ਦਵਾਈਆਂ ਦੀ ਖੋਜ ਅਤੇ ਵਿਅਕਤੀਗਤ ਥੈਰੇਪੀਆਂ ਨਾਲ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਵਿੱਚ ਕਿਫ਼ਾਇਤ ਅਤੇ ਨਤੀਜਿਆਂ ਵਿੱਚ ਸੁਧਾਰ ਆਉਂਦਾ ਹੈ।
- ਖੇਤੀਬਾੜੀ ਅਤੇ ਪੇਂਡੂ ਅਰਥ-ਵਿਵਸਥਾ ਵਿੱਚ ਏਆਈ: ਏਆਈ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜ਼ਿਆਦਾ ਫੁਰਤੀਲੇ ਅਤੇ ਡੇਟਾ ਸੰਚਾਲਿਤ ਖੇਤੀਬਾੜੀ ਅਭਿਆਸਾਂ ਨੂੰ ਸਮਰੱਥ ਬਣਾ ਰਹੀ ਹੈ। ਇਹ ਮੌਸਮ, ਕੀੜਿਆਂ ਦੇ ਹਮਲੇ ਅਤੇ ਸਿੰਚਾਈ ਦੀਆਂ ਜ਼ਰੂਰਤਾਂ ਦਾ ਅਨੁਮਾਨ ਲਗਾਉਂਦੇ ਹੋਏ ਮੋਬਾਇਲ ਸਲਾਹਾਂ ਜ਼ਰੀਏ ਕਿਸਾਨਾਂ ਨੂੰ ਨਿਰਦੇਸ਼ਿਤ ਕਰਦੀ ਹੈ। ਏਆਈ ਸੰਚਾਲਿਤ ਡ੍ਰੋਨ ਫ਼ਸਲ ’ਤੇ ਨਜ਼ਰ ਰੱਖ ਕੇ ਬਰਬਾਦੀ ਨੂੰ ਘਟਾਉਂਦੇ ਹਨ। ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਅਤੇ ਮੌਸਮ ਦੇ ਅੰਕੜੇ ਫ਼ਸਲ ਦਾ ਅਨੁਮਾਨ ਲਗਾਉਣ ਵਿੱਚ ਮਦਦਗਾਰ ਹੁੰਦੇ ਹਨ। ਬਜ਼ਾਰ ਮੁੱਲ ਦੇ ਅਨੁਮਾਨ ਮਾਡਲ ਕਿਸਾਨਾਂ ਨੂੰ ਮੰਗ ਅਤੇ ਸਪਲਾਈ ਦੇ ਰੁਝਾਨਾਂ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਕਰਦੇ ਹਨ। ਮੌਸਮ ਜੀਪੀਟੀ ਅਤੇ ਕਿਸਾਨ ਈ-ਮਿੱਤਰ ਜਿਹੀਆਂ ਪਹਿਲਕਦਮੀਆਂ ਸਥਾਨਕ ਖੇਤੀਬਾੜੀ ਨਾਲ ਜੁੜੀ ਤਾਜ਼ਾ ਜਾਣਕਾਰੀ ਖੇਤਰੀ ਭਾਸ਼ਾਵਾਂ ਵਿੱਚ ਮੁਹੱਈਆ ਕਰਾਉਂਦੀਆਂ ਹਨ।
- ਸਿੱਖਿਆ ਅਤੇ ਲਰਨਿੰਗ ਵਿੱਚ ਏਆਈ: ਏਆਈ ਨਾਲ ਸਿੱਖਿਆ ਜ਼ਿਆਦਾ ਵਿਅਕਤੀਗਤ, ਸਮਾਵੇਸ਼ੀ ਅਤੇ ਪਹੁੰਚਯੋਗ ਬਣ ਰਹੀ ਹੈ। ਏਆਈ ਸੰਚਾਲਿਤ ਪਲੈਟਫਾਰਮ ਲਰਨਿੰਗ ਸਮੱਗਰੀ ਨੂੰ ਵਿਦਿਆਰਥੀਆਂ ਦੀਆਂ ਵਿਅਕਤੀਗਤ ਜ਼ਰੂਰਤਾਂ ਦੇ ਅਨੁਸਾਰ ਢਾਲਦੇ ਹਨ, ਜਿਸ ਨਾਲ ਹੌਲੀ ਅਤੇ ਤੇਜ਼ ਸਿੱਖਣ ਵਾਲੇ, ਦੋਵਾਂ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਮਦਦ ਮਿਲਦੀ ਹੈ। ਏਆਈ ਦੇ ਜ਼ਰੀਏ ਅਨੁਵਾਦ ਨਾਲ ਸਮੱਗਰੀ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੋਣ ਕਰਕੇ ਨਤੀਜੇ ਵਜੋਂ ਭਾਸ਼ਾਈ ਰੁਕਾਵਟਾਂ ਦੂਰ ਹੁੰਦੀਆਂ ਹਨ। ਏਆਈ ਅਧਾਰਿਤ ਪੜ੍ਹਾਈ ਪ੍ਰਣਾਲੀਆਂ ਜ਼ਰੀਏ ਤੁਰੰਤ ਫੀਡਬੈਕ ਅਤੇ 24/7 ਸਹਾਇਤਾ ਮਿਲਦੀ ਹੈ। ਦੀਕਸ਼ਾ ਜਿਹੇ ਪਲੈਟਫਾਰਮ ਵੱਖ-ਵੱਖ ਲਰਨਰ ਸਮੂਹਾਂ ਤਕ ਪ੍ਰਸੰਗਿਕ ਅਤੇ ਪਹੁੰਚਯੋਗ ਵਿੱਦਿਅਕ ਸਮੱਗਰੀ ਪਹੁੰਚਾਉਣ ਲਈ ਏਆਈ ਦੀ ਵਰਤੋਂ ਕਰਦੇ ਹਨ।
- ਵਿੱਤ ਅਤੇ ਵਣਜ ਵਿੱਚ ਏਆਈ: ਏਆਈ ਵਿੱਤੀ ਸੁਰੱਖਿਆ, ਸਮਾਵੇਸ਼ ਅਤੇ ਸੇਵਾ ਦੀ ਕਾਰਜ-ਕੁਸ਼ਲਤਾ ਨੂੰ ਮਜ਼ਬੂਤ ਕਰ ਰਹੀ ਹੈ। ਏਆਈ ਨਾਲ ਚੱਲਣ ਵਾਲੀਆਂ ਪ੍ਰਣਾਲੀਆਂ ਧੋਖਾਧੜੀ ਦਾ ਐਨ ਸਮੇਂ ’ਤੇ ਪਤਾ ਲਗਾ ਕੇ ਡਿਜੀਟਲ ਲੈਣ-ਦੇਣ ਨੂੰ ਸੁਰੱਖਿਅਤ ਬਣਾਉਂਦੀਆਂ ਹਨ। ਭਰੋਸੇਯੋਗਤਾ ਦੀ ਏਆਈ-ਅਧਾਰਿਤ ਪਰਖ ਉਸ ਆਬਾਦੀ ਨੂੰ ਵੀ ਕਰਜ਼ ਲੈਣ ਦੇ ਸਮਰੱਥ ਬਣਾਉਂਦੀ ਹੈ ਜਿਸ ਤੱਕ ਬੈਂਕਿੰਗ ਦੀ ਪਹੁੰਚ ਘੱਟ ਜਾਂ ਬਿਲਕੁਲ ਹੀ ਨਹੀਂ ਹੈ। ਬੈਂਕਿੰਗ ਚੈਟਬੋਟ ਜਮ੍ਹਾਂ ਰਕਮ ਦੀ ਜਾਣਕਾਰੀ ਅਤੇ ਫੰਡ ਟ੍ਰਾਂਸਫਰ ਜਿਹੀਆਂ ਰੁਟੀਨ ਸੇਵਾਵਾਂ ਲਈ 24/7 ਸਹਾਇਤਾ ਮੁਹੱਈਆ ਕਰਾਉਂਦੇ ਹਨ, ਜਿਸ ਨਾਲ ਉਡੀਕ ਦਾ ਸਮਾਂ ਘਟਦਾ ਹੈ। ਏਆਈ ਸੰਚਾਲਿਤ ਵਿਅਕਤੀਗਤਕਰਨ ਨਾਲ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਿੱਤੀ ਉਤਪਾਦ ਅਤੇ ਸਲਾਹ-ਮਸ਼ਵਰੇ ਮਿਲਦੇ ਹਨ।
- ਸ਼ਾਸਨ ਅਤੇ ਜਨਤਕ ਸੇਵਾਵਾਂ ਵਿੱਚ ਏਆਈ: ਏਆਈ ਜਨਤਕ ਸੇਵਾਵਾਂ ਦੀ ਕਾਰਜ-ਕੁਸ਼ਲਤਾ, ਪਹੁੰਚਯੋਗਤਾ ਅਤੇ ਪਾਰਦਰਸ਼ਤਾ ਵਿੱਚ ਵਾਧਾ ਕਰ ਰਹੀ ਹੈ। ਅਦਾਲਤੀ ਫ਼ੈਸਲਿਆਂ ਦਾ ਏਆਈ ਦੀ ਸਹਾਇਤਾ ਨਾਲ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਨਿਆਂ ਤੱਕ ਪਹੁੰਚ ਵਿੱਚ ਸੁਧਾਰ ਲਿਆਉਂਦਾ ਹੈ। ਏਆਈ ਟ੍ਰੈਫਿਕ, ਰਹਿੰਦ-ਖੂੰਹਦ ਅਤੇ ਜਨਤਕ ਸੁਰੱਖਿਆ ਪ੍ਰਣਾਲੀਆਂ ਨੂੰ ਵਧੇਰੇ ਪ੍ਰਭਾਵੀ ਬਣਾ ਕੇ ਸਮਾਰਟ ਸਿਟੀ ਪ੍ਰਬੰਧਨ ਵਿੱਚ ਮਦਦ ਕਰਦੀ ਹੈ। ਇਹ ਯੋਜਨਾਵਾਂ ਅਤੇ ਅਰਜ਼ੀਆਂ ‘ਤੇ ਫ਼ੈਸਲਿਆਂ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾ ਕੇ ਸਰਕਾਰੀ ਸੇਵਾਵਾਂ ਦੀ ਡਿਲੀਵਰੀ ਨੂੰ ਸੁਚਾਰੂ ਬਣਾਉਂਦੀ ਹੈ। ਨਿਆਂਪਾਲਿਕਾ ਵਿੱਚ ਏਆਈ ਮੁਕੱਦਮੇਬਾਜ਼ੀ ਪ੍ਰਬੰਧਨ ਅਤੇ ਕਾਨੂੰਨੀ ਪਹੁੰਚ ਵਿੱਚ ਸੁਧਾਰ ਲਿਆਉਂਦੀ ਹੈ।
ਭਾਰਤ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਣਨੀਤਕ ਮਹੱਤਵ ਨੂੰ ਸਮਝਦੇ ਹੋਏ ਇੱਕ ਮਜ਼ਬੂਤ ਅਤੇ ਸਮਾਵੇਸ਼ੀ ਏਆਈ ਈਕੋਸਿਸਟਮ ਦੇ ਨਿਰਮਾਣ ਨੂੰ ਉੱਚ ਤਰਜੀਹ ਦਿੱਤੀ ਹੈ। ਇੰਡੀਆਏਆਈ ਮਿਸ਼ਨ ਜਿਹੀਆਂ ਪਹਿਲਕਦਮੀਆਂ, ਏਆਈ ਕੰਪਿਊਟਿੰਗ ਬੁਨਿਆਦੀ ਢਾਂਚੇ ਦਾ ਵਿਕਾਸ, ਸਵਦੇਸ਼ੀ ਏਆਈ ਮਾਡਲਾਂ ਦੀ ਪ੍ਰਮੋਸ਼ਨ ਅਤੇ ਵੱਡੇ ਪੱਧਰ 'ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਮਿਲ ਕੇ ਦੇਸ਼ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਿੰਮੇਵਾਰ ਅਤੇ ਭਰੋਸੇਮੰਦ ਅੰਗੀਕਰਨ ਲਈ ਇੱਕ ਮਜ਼ਬੂਤ ਨੀਂਹ ਤਿਆਰ ਕਰ ਰਹੇ ਹਨ।
ਇਸ ਤੋਂ ਇਲਾਵਾ, ਭਾਰਤ-ਏਆਈ ਇੰਪੈਕਟ ਸਮਿਟ 2026 ਗਲੋਬਲ ਸਹਿਯੋਗ ਨੂੰ ਮਜ਼ਬੂਤ ਕਰਨ, ਜ਼ਿੰਮੇਵਾਰ ਅਤੇ ਨੈਤਿਕ ਏਆਈ ਨੂੰ ਉਤਸ਼ਾਹਿਤ ਕਰਨ ਅਤੇ ਅਰਥਵਿਵਸਥਾ ਦੇ ਤਰਜੀਹ ਵਾਲੇ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਪਣਾਉਣ ਦੀ ਰਫ਼ਤਾਰ ਵਧਾਉਣ 'ਤੇ ਕੇਂਦ੍ਰਿਤ ਹੋਵੇਗੀ। ਇਹ ਸਮਿਟ ਡਿਜੀਟਲ ਤੌਰ 'ਤੇ ਸਸ਼ਕਤ ਅਤੇ ਟੈਕਨਾਲੋਜੀ-ਸੰਚਾਲਿਤ ਭਾਰਤ ਦੇ ਨਜ਼ਰੀਏ ਅਨੁਸਾਰ ਦੇਸ਼ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਇਨੋਵੇਸ਼ਨ ਦੇ ਗਲੋਬਲ ਹੱਬ ਵਜੋਂ ਸਥਾਪਤ ਕਰਨ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਏਗੀ।
ਬੁਨਿਆਦੀ ਥੰਮ੍ਹ: ਏਆਈ ਇੰਪੈਕਟ ਦੇ ਵਿਸ਼ਵ ਸਹਿਯੋਗ ਨੂੰ ਸੰਚਾਲਿਤ ਕਰਨ ਵਾਲੇ 3 ਸੂਤਰ ਅਤੇ 7 ਚੱਕਰ
ਭਾਰਤ-ਏਆਈ ਇੰਪੈਕਟ ਸਮਿਟ 2026 ਦਾ ਮੰਤਵ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇੰਪੈਕਟ-ਸੰਚਾਲਿਤ ਅਤੇ ਲੋਕ-ਕੇਂਦ੍ਰਿਤ ਨਜ਼ਰੀਏ ਨੂੰ ਅੱਗੇ ਵਧਾਉਣਾ ਹੈ। ਇਸ ਨਜ਼ਰੀਏ ਵਿੱਚ ਮਾਪਣਯੋਗ ਸਮਾਜਿਕ ਅਤੇ ਆਰਥਿਕ ਨਤੀਜਿਆਂ ਦੀ ਡਿਲੀਵਰੀ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਸਮਿਟ ਤਿੰਨ ਬੁਨਿਆਦੀ ਥੰਮ੍ਹਾਂ ਜਾਂ ਸੂਤਰਾਂ 'ਤੇ ਅਧਾਰਿਤ ਹੋਵੇਗੀ। ਸੰਸਕ੍ਰਿਤ ਵਿੱਚ ਸੂਤਰ ਦਾ ਅਰਥ ਮਾਰਗ-ਦਰਸ਼ਕ ਸਿਧਾਂਤ ਜਾਂ ਬੁੱਧੀ ਅਤੇ ਆਚਰਨ ਨੂੰ ਇੱਕ ਦੂਸਰੇ ਵਿੱਚ ਪਿਰੋਣ ਵਾਲਾ ਜ਼ਰੂਰੀ ਧਾਗਾ ਹੁੰਦਾ ਹੈ। ਇਹ ਸੂਤਰ ਪਰਿਭਾਸ਼ਿਤ ਕਰਦੇ ਹਨ ਕਿ ਕਿਸ ਤਰ੍ਹਾਂ ਬਹੁਪੱਖੀ ਸਹਿਯੋਗ ਅਤੇ ਸਮੂਹਿਕ ਲਾਭ ਜ਼ਰੀਏ ਏਆਈ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਤਿੰਨ ਬੁਨਿਆਦੀ ਸੂਤਰਾਂ 'ਤੇ ਅਧਾਰਿਤ, ਭਾਰਤ-ਏਆਈ ਇੰਪੈਕਟ ਸਮਿਟ ਵਿੱਚ 7 ਚੱਕਰਾਂ ਦੇ ਆਲੇ-ਦੁਆਲੇ ਚਰਚਾਵਾਂ ਹੋਣਗੀਆਂ। ਇਹ ਚੱਕਰ ਬਹੁਪੱਖੀ ਸਹਿਯੋਗ ਦੇ ਉਨ੍ਹਾਂ ਪ੍ਰਮੁੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ, ਜੋ ਸਮਾਵੇਸ਼ੀ ਅਤੇ ਟਿਕਾਊ ਸਮਾਜਿਕ ਨਤੀਜਿਆਂ ਦੀ ਦਿਸ਼ਾ ਵਿੱਚ ਸਮੂਹਿਕ ਯਤਨਾਂ ਦਾ ਰਾਹ ਦਿਖਾਉਂਦੇ ਹਨ।

1. ਮਨੁੱਖੀ ਪੂੰਜੀ (ਹਿਊਮਨ ਕੈਪੀਟਲ): ਇਹ ਚੱਕਰ ਨਿਸ਼ਾਨਾਬੱਧ ਹੁਨਰ ਵਿਕਾਸ ਜ਼ਰੀਏ ਇੱਕ ਇਕੁਈਟੇਬਲ ਏਆਈ ਰੀਸਕਿਲਿੰਗ ਈਕੋਸਿਸਟਮ ਬਣਾਉਣ 'ਤੇ ਕੇਂਦ੍ਰਿਤ ਹੈ। ਭਾਰਤੀ ਦੇ ਸੰਦਰਭ ਵਿੱਚ, ਇਹ ਰਾਸ਼ਟਰੀ ਵਿਕਾਸ ਦੀਆਂ ਤਰਜੀਹਾਂ ਦੇ ਅਨੁਸਾਰ ਏਆਈ ਅਰਥਵਿਵਸਥਾ ਲਈ ਕਾਰਜਬਲ ਨੂੰ ਸਸ਼ਕਤ ਬਣਾਉਂਦਾ ਹੈ।
2. ਸਮਾਜਿਕ ਸਸ਼ਕਤੀਕਰਨ ਲਈ ਸਮਾਵੇਸ਼ਨ: ਇਹ ਚੱਕਰ ਸਾਂਝੇ ਏਆਈ ਹੱਲਾਂ ਅਤੇ ਸਕੇਲੇਬਲ ਮਾਡਲ ਜ਼ਰੀਏ ਸਮਾਵੇਸ਼ੀ ਸ਼ਮੂਲੀਅਤ ਨੂੰ ਸਮਰੱਥ ਬਣਾਉਣ 'ਤੇ ਕੇਂਦ੍ਰਿਤ ਹੈ। ਇਹ ਭਾਰਤ ਵਿੱਚ ਨਾਗਰਿਕ-ਕੇਂਦ੍ਰਿਤ ਏਆਈ ਹੱਲਾਂ ਵਿੱਚ ਸਹਾਇਤਾ ਕਰਦਾ ਹੈ ਅਤੇ ਆਖਰੀ ਪੜਾਅ ਤੱਕ ਸੇਵਾਵਾਂ ਦੀ ਪਹੁੰਚ ਨੂੰ ਮਜ਼ਬੂਤ ਕਰਦਾ ਹੈ।
3. ਸੁਰੱਖਿਅਤ ਅਤੇ ਭਰੋਸੇਮੰਦ ਏਆਈ: ਇਹ ਚੱਕਰ ਜ਼ਿੰਮੇਵਾਰ ਏਆਈ ਦੇ ਗਲੋਬਲ ਸਿਧਾਂਤਾਂ ਨੂੰ ਵਿਹਾਰਕ ਅਤੇ ਅੰਤਰ-ਸੰਚਾਲਿਤ ਸੁਰੱਖਿਆ ਅਤੇ ਸ਼ਾਸਨ ਫ੍ਰੇਮਵਰਕ ਵਿੱਚ ਬਦਲਣ 'ਤੇ ਕੇਂਦ੍ਰਿਤ ਹੈ। ਭਾਰਤ ਵਿੱਚ, ਇਹ ਘਰੇਲੂ ਏਆਈ ਸ਼ਾਸਨ ਨੂੰ ਮਜ਼ਬੂਤ ਕਰਦਾ ਹੈ, ਜਨਤਕ ਪਲੈਟਫਾਰਮਾਂ 'ਤੇ ਏਆਈ ਦੀ ਸੁਰੱਖਿਅਤ ਤੈਨਾਤੀ ਵਿੱਚ ਸਹਾਇਤਾ ਕਰਦਾ ਹੈ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦੇ ਹੋਏ ਲੋਕਾਂ ਦਾ ਭਰੋਸਾ ਯਕੀਨੀ ਬਣਾਉਂਦਾ ਹੈ।
4. ਲਚਕੀਲਾਪਣ, ਇਨੋਵੇਸ਼ਨ ਅਤੇ ਕੁਸ਼ਲਤਾ: ਇਹ ਚੱਕਰ ਵੱਡੇ ਪੈਮਾਨੇ 'ਤੇ ਏਆਈ ਪ੍ਰਣਾਲੀਆਂ ਵੱਲੋਂ ਪੈਦਾ ਹੋਈਆਂ ਵਧਦੀਆਂ ਵਾਤਾਵਰਣ ਅਤੇ ਸਰੋਤ ਸਬੰਧੀ ਚੁਣੌਤੀਆਂ ਦੇ ਹੱਲ 'ਤੇ ਕੇਂਦ੍ਰਿਤ ਹੈ, ਜੋ ਵਿਸ਼ਵ-ਵਿਆਪੀ ਏਆਈ ਪਾੜੇ ਨੂੰ ਡੂੰਘਾ ਕਰਨ ਦਾ ਜੋਖ਼ਮ ਪੈਦਾ ਕਰਦੀਆਂ ਹਨ। ਭਾਰਤ ਲਈ, ਇਹ ਏਆਈ ਦੀ ਟਿਕਾਊ ਵਰਤੋਂ ਵਿੱਚ ਮਦਦ ਕਰਦਾ ਹੈ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਏਆਈ ਦੀ ਵਧਦੀ ਵਰਤੋਂ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਅਤੇ ਸਮਾਜਿਕ ਤੌਰ 'ਤੇ ਤਰਕਸੰਗਤ ਬਣੀ ਰਹੇ।
5. ਵਿਗਿਆਨ: ਇਹ ਚੱਕਰ ਡੇਟਾ, ਕੰਪਿਊਟ ਅਤੇ ਖੋਜ ਸਮਰੱਥਾ ਤੱਕ ਪਹੁੰਚ ਦੀਆਂ ਡੂੰਘੀਆਂ ਅਸਮਾਨਤਾਵਾਂ ਨੂੰ ਦੂਰ ਕਰਦੇ ਹੋਏ, ਵਿਗਿਆਨਕ ਖੋਜਾਂ ਦੀ ਗਤੀ ਵਧਾਉਣ ਲਈ ਏਆਈ ਦੀ ਵਰਤੋਂ 'ਤੇ ਕੇਂਦ੍ਰਿਤ ਹੈ। ਭਾਰਤ ਲਈ, ਇਹ ਖੋਜ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਦਾ ਹੈ, ਸਿਹਤ, ਖੇਤੀਬਾੜੀ ਅਤੇ ਜਲਵਾਯੂ ਦੇ ਖੇਤਰਾਂ ਵਿੱਚ ਹੱਲਾਂ ਵਿੱਚ ਤੇਜ਼ੀ ਲਿਆਉਂਦਾ ਹੈ ਅਤੇ ਵਿਸ਼ਵ ਵਿਗਿਆਨਕ ਪ੍ਰਗਤੀ ਵਿੱਚ ਭਾਰਤ ਨੂੰ ਇੱਕ ਸਰਗਰਮ ਯੋਗਦਾਨ ਪਾਉਣ ਵਾਲੇ ਵਜੋਂ ਸਥਾਪਤ ਕਰਦਾ ਹੈ।
6. ਏਆਈ ਸਰੋਤਾਂ ਦਾ ਲੋਕਤੰਤਰੀਕਰਨ: ਇਹ ਚੱਕਰ ਇੱਕ ਅਜਿਹੇ ਵਿਸ਼ਵ ਏਆਈ ਈਕੋਸਿਸਟਮ ਦੀ ਕਲਪਨਾ ਕਰਦਾ ਹੈ, ਜਿੱਥੇ ਏਆਈ ਵਿਕਾਸ ਦੇ ਬੁਨਿਆਦੀ ਅਧਾਰ ਸਾਰਿਆਂ ਲਈ ਤਰਕਸੰਗਤ ਅਤੇ ਕਿਫਾਇਤੀ ਹੋਣ। ਭਾਰਤ ਲਈ, ਇਹ ਵਿਸ਼ਵ ਏਆਈ ਮੁੱਲ ਲੜੀਆਂ ਵਿੱਚ ਬਰਾਬਰ ਸ਼ਮੂਲੀਅਤ ਯਕੀਨੀ ਬਣਾਉਂਦੇ ਹੋਏ ਸਟਾਰਟਅੱਪ, ਖੋਜਕਰਤਾਵਾਂ ਅਤੇ ਜਨਤਕ ਅਦਾਰਿਆਂ ਤੱਕ ਪਹੁੰਚ ਦਾ ਵਿਸਤਾਰ ਕਰਦਾ ਹੈ।
7. ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਏਆਈ: ਇਹ ਚੱਕਰ ਅਸਲ ਵਿੱਚ ਸਮਾਵੇਸ਼ੀ ਵਿਕਾਸ ਲਈ ਏਆਈ ਦੀ ਸਮਰੱਥਾ ਦਾ ਲਾਭ ਉਠਾਉਣ ਦੇ ਤਰੀਕਿਆਂ ਦੀ ਖੋਜ ਕਰਦਾ ਹੈ। ਇਹ ਉਨ੍ਹਾਂ ਉੱਚ-ਪ੍ਰਭਾਵ ਵਾਲੇ ਵਰਤੋਂ ਦੇ ਮਾਮਲਿਆਂ ਦੀ ਪਹਿਚਾਣ ਅਤੇ ਸਮਰਥਨ ਕਰਦਾ ਹੈ, ਜੋ ਆਰਥਿਕ ਖ਼ੁਸ਼ਹਾਲੀ ਅਤੇ ਸਮਾਜਿਕ ਭਲਾਈ, ਦੋਵਾਂ ਦੇ ਲਈ ਏਆਈ ਦੀ ਵਰਤੋਂ ਦੇ ਬੇਮਿਸਾਲ ਉਦਾਹਰਣ ਬਣਦੇ ਹਨ।
ਕੁੱਲ ਮਿਲਾ ਕੇ, ਇਹ ਚੱਕਰ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਹਿਤਧਾਰਕਾਂ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦੇ ਹਨ, ਤਾਂ ਕਿ ਉਹ ਆਪਣੀਆਂ ਏਆਈ ਰਣਨੀਤੀਆਂ ਨੂੰ ਇੱਕ ਦਿਸ਼ਾ ਵਿੱਚ ਲਿਆ ਸਕਣ, ਸਾਂਝੀ ਲਰਨਿੰਗ ਨੂੰ ਹੁਲਾਰਾ ਦੇ ਸਕਣ ਅਤੇ ਅਜਿਹੇ ਏਆਈ ਹੱਲ ਤੈਨਾਤ ਕਰ ਸਕਣ ਜੋ ਆਮ ਚੁਣੌਤੀਆਂ ਦਾ ਹੱਲ ਕਰਦੇ ਹੋਏ ਵੱਧ ਤੋਂ ਵੱਧ ਲਾਭ ਦੇ ਸਕਣ।
ਸਮਿਟ ਵਿੱਚ ਏਆਈ ਇੰਪੈਕਟ ਈਵੈਂਟਸ

ਭਾਰਤ-ਏਆਈ ਇੰਪੈਕਟ ਸਮਿਟ 2026 ਦੇ ਮੰਤਵਾਂ ਨੂੰ "ਏਆਈ ਇੰਪੈਕਟ ਈਵੈਂਟਸ" ਜ਼ਰੀਏ ਸੰਚਾਲਿਤ ਕੀਤਾ ਜਾਂਦਾ ਹੈ। ਇਹ ਈਵੈਂਟਸ ਭਾਰਤੀ ਏਆਈ ਪਹਿਲਕਦਮੀਆਂ, ਖੇਤਰੀ ਵਰਤੋਂ ਦੇ ਮਾਮਲਿਆਂ ਅਤੇ ਸੰਸਥਾਗਤ ਫ੍ਰੇਮਵਰਕ ਨੂੰ ਪੇਸ਼ ਕਰਨ ਲਈ ਢਾਂਚਾਗਤ ਮੰਚ ਪ੍ਰਦਾਨ ਕਰਦੇ ਹਨ, ਨਾਲ ਹੀ ਫੀਡਬੈਕ, ਸਹਿਕਰਮੀ ਲਰਨਿੰਗ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਯੋਗ ਬਣਾਉਂਦੇ ਹਨ।
ਸਮਿਟ ਤੋਂ ਪਹਿਲਾਂ ਦੇ ਈਵੈਂਟਸ
ਭਾਰਤ-ਏਆਈ ਇੰਪੈਕਟ ਸਮਿਟ 2026 ਦੀ ਤਿਆਰੀ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ‘ਸਮਿਟ ਤੋਂ ਪਹਿਲਾਂ ਦੇ ਈਵੈਂਟਸ’ ਦਾ ਆਯੋਜਨ ਕੀਤਾ ਗਿਆ ਹੈ, ਤਾਂ ਕਿ ਸ਼ੁਰੂਆਤੀ ਗੱਲਬਾਤ ਅਤੇ ਖ਼ਾਸ ਵਿਸ਼ਿਆਂ ‘ਤੇ ਚਰਚਾ ਨੂੰ ਸੁਖਾਲਾ ਬਣਾਇਆ ਜਾ ਸਕੇ। ਭਾਰਤ ਅਤੇ ਵਿਦੇਸ਼ਾਂ ਵਿੱਚ ਆਯੋਜਿਤ ਇਹ ਸਮਾਗਮ ਸਰਕਾਰਾਂ, ਅਕਾਦਮਿਕ ਅਤੇ ਖੋਜ ਅਦਾਰਿਆਂ, ਉਦਯੋਗ ਜਗਤ, ਸਟਾਰਟਅੱਪਸ ਅਤੇ ਨਾਗਰਿਕ ਸਮਾਜ ਨੂੰ ਇੱਕ ਮੰਚ ‘ਤੇ ਲਿਆਉਂਦੇ ਹਨ।
ਖੇਤਰੀ ਏਆਈ ਸੰਮੇਲਨ
ਭਾਰਤ-ਏਆਈ ਇੰਪੈਕਟ ਸਮਿਟ 2026 ਦੀ ਪਹਿਲਾਂ ਤਿਆਰੀ ਵਜੋਂ, ਰਾਸ਼ਟਰੀ ਏਆਈ ਤਰਜੀਹਾਂ ਨੂੰ ਖੇਤਰੀ ਜ਼ਰੂਰਤਾਂ ਦੇ ਅਨੁਸਾਰ ਬਣਾਉਣ ਲਈ ‘ਖੇਤਰੀ ਏਆਈ ਸੰਮੇਲਨਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਕਤੂਬਰ 2025 ਤੋਂ ਜਨਵਰੀ 2026 ਵਿਚਕਾਰ ਮੇਘਾਲਿਆ, ਗੁਜਰਾਤ, ਓਡੀਸ਼ਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲ ਅਤੇ ਤੇਲੰਗਾਨਾ ਵਿੱਚ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਹ ਅੱਠ ਸੰਮੇਲਨ ਖੇਤਰ-ਵਿਸ਼ੇਸ਼ ਏਆਈ ਵਰਤੋਂ ਦੇ ਮਾਮਲਿਆਂ, ਨੀਤੀਗਤ ਇਨਪੁਟ ਅਤੇ ਸਮਰੱਥਾ ਦੀਆਂ ਕਮੀਆਂ ਦੀ ਪਹਿਚਾਣ ਕਰਨਗੇ। ਇਨ੍ਹਾਂ ਸੰਮੇਲਨਾਂ ਵਿੱਚ ਹੋਣ ਵਾਲੇ ਸਲਾਹ-ਮਸ਼ਵਰੇ ਨਾਲ ‘ਭਾਰਤ-ਏਆਈ ਇੰਪੈਕਟ ਸਮਿਟ 2026’ ਦੇ ਏਜੰਡੇ ਅਤੇ ਨਤੀਜਿਆਂ ਨੂੰ ਤੈਅ ਕਰਨ ਵਿੱਚ ਮਦਦ ਮਿਲੇਗੀ।
ਮੁੱਖ ਸਮਿਟ
ਮੁੱਖ ਸਮਿਟ ਦਾ ਆਯੋਜਨ ਇਸਦੇ ਸੱਤ ਚੱਕਰਾਂ ਵਿੱਚ ਕੀਤਾ ਜਾਵੇਗਾ। ਇਨ੍ਹਾਂ ਸੈਸ਼ਨਾਂ ਵਿੱਚ ਉਦਯੋਗ ਜਗਤ, ਸਿੱਖਿਆ ਜਗਤ ਅਤੇ ਅੰਤਰਰਾਸ਼ਟਰੀ ਸਾਂਝੇਦਾਰ ਇਕੱਠੇ ਆਉਣਗੇ, ਤਾਂ ਕਿ ਏਆਈ ਦੀ ਵਰਤੋਂ ਦੇ ਮਾਮਲਿਆਂ ਦੀ ਜਾਂਚ ਕਰ ਸਕਣ, ਨੀਤੀਗਤ ਤਜ਼ਰਬਿਆਂ ਨੂੰ ਸਾਂਝਾ ਕਰ ਸਕਣ ਅਤੇ ਵਿਕਾਸ-ਮੁਖੀ ਏਆਈ ਤੈਨਾਤੀ ਲਈ ਵਿਹਾਰਕ ਤਰੀਕੇ ਪਛਾਣੇ ਜਾ ਸਕਣ। ਇਸ ਸਮਿਟ ਪ੍ਰਤੀ ਵਿਸ਼ਵਵਿਆਪੀ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਦੇ ਲਈ 700 ਤੋਂ ਵੱਧ ਪ੍ਰਸਤਾਵ ਪ੍ਰਾਪਤ ਹੋਏ ਹਨ।
ਏਆਈ ਸੰਗ੍ਰਹਿ
ਏਆਈ ਸੰਗ੍ਰਹਿ ‘ਭਾਰਤ-ਏਆਈ ਇੰਪੈਕਟ ਸਮਿਟ 2026’ ਵਿੱਚ ਗਿਆਨ ਦਾ ਇੱਕ ਪ੍ਰਮੁੱਖ ਸੰਗ੍ਰਹਿ ਹੈ ਅਤੇ ਇਸਨੂੰ 17 ਫ਼ਰਵਰੀ 2026 ਨੂੰ ਸਮਿਟ ਦੌਰਾਨ ਜਾਰੀ ਕੀਤਾ ਜਾਵੇਗਾ। ਇਸ ਵਿੱਚ ਵਿਸ਼ੇ ਅਧਾਰਿਤ 'ਕੇਸਬੁੱਕਸ' ਦਾ ਇੱਕ ਸੈੱਟ ਸ਼ਾਮਿਲ ਹੈ, ਜਿਸ ਵਿੱਚ ਤਰਜੀਹ ਵਾਲੇ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਰੀਅਲ-ਵਰਲਡ ਐਪਲੀਕੇਸ਼ਨਾਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ। ਇਹ ਪ੍ਰੈਕਟੀਸ਼ਨਰਾਂ ਅਤੇ ਹਿਤਧਾਰਕਾਂ ਲਈ ਇੱਕ ਸੰਦਰਭ ਸਰੋਤ ਵਜੋਂ ਕੰਮ ਕਰੇਗਾ ਅਤੇ ਸਮਿਟ ਤੋਂ ਬਾਅਦ ਵੀ ਜ਼ਿੰਮੇਵਾਰ ਅਤੇ ਵਿਕਾਸ-ਮੁਖੀ ਏਆਈ ਹੱਲਾਂ ਵਿੱਚ ਲਗਾਤਾਰ ਸਹਿਯੋਗ ਅਤੇ ਅਪਣਾਉਣ ਵਿੱਚ ਸਹਾਇਤਾ ਕਰੇਗਾ।
ਪ੍ਰਮੁੱਖ ਈਵੈਂਟਸ
- ਸਾਰਿਆਂ ਲਈ ਏਆਈ: ਗਲੋਬਲ ਇੰਪੈਕਟ ਚੈਲੇਂਜ ਦਾ ਮੰਤਵ ਵੱਡੇ ਪੈਮਾਨੇ 'ਤੇ ਪ੍ਰਭਾਵ ਦੀ ਸੰਭਾਵਨਾ ਵਾਲੇ ਏਆਈ ਹੱਲਾਂ ਦੀ ਪਹਿਚਾਣ ਕਰਨਾ ਹੈ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ, ਵਣਜ ਅਤੇ ਉਦਯੋਗ ਮੰਤਰਾਲੇ ਅਤੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਤਹਿਤ ਸਟਾਰਟਅੱਪ ਇੰਡੀਆ ਨਾਲ ਸਾਂਝੇਦਾਰੀ ਵਿੱਚ ਲਾਗੂ, ਇਹ ਚੁਣੌਤੀ ਵਿਦਿਆਰਥੀਆਂ, ਕੰਮਕਾਜੀ ਪੇਸ਼ੇਵਰਾਂ, ਖੋਜਕਰਤਾਵਾਂ ਅਤੇ ਸਟਾਰਟਅੱਪਸ ਨੂੰ ਸ਼ਮੂਲੀਅਤ ਲਈ ਸੱਦਾ ਦਿੰਦੀ ਹੈ। ਇਹ ਸ਼ਹਿਰੀ ਬੁਨਿਆਦੀ ਢਾਂਚੇ ਅਤੇ ਗਤੀਸ਼ੀਲਤਾ ਜਿਹੇ ਖੇਤਰਾਂ ਵਿੱਚ ਵਿਆਪਕ ਤੌਰ 'ਤੇ ਤੈਨਾਤ ਕੀਤੇ ਜਾਣ ਯੋਗ ਏਆਈ ਹੱਲਾਂ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਚੁਣੇ ਹੋਏ ਹੱਲ ਸਮਿਟ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ, ਜਿਸ ਵਿੱਚ ₹2.50 ਕਰੋੜ ਤੱਕ ਦੇ ਇਨਾਮ ਦਿੱਤੇ ਜਾਣਗੇ।
- ਮਹਿਲਾਵਾਂ ਲਈ ਏਆਈ: ਗਲੋਬਲ ਇੰਪੈਕਟ ਚੈਲੇਂਜ ਦਾ ਮੰਤਵ ਏਆਈ ਦੇ ਖੇਤਰ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਹੈ। ਨੀਤੀ ਆਯੋਗ ਵਿੱਚ ਮਹਿਲਾ ਉੱਦਮੀਆਂ ਦੇ ਪਲੈਟਫਾਰਮ ਨਾਲ ਸਾਂਝੇਦਾਰੀ ਵਿੱਚ ਲਾਗੂ, ਇਹ ਚੁਣੌਤੀ ਮਹਿਲਾ ਟੈਕਨੋਲੋਜਿਸਟਾਂ ਨੂੰ ਅਜਿਹੇ ਏਆਈ ਹੱਲ ਪੇਸ਼ ਕਰਨ ਲਈ ਸੱਦਾ ਦਿੰਦੀ ਹੈ ਜੋ ਵੱਡੇ ਪੈਮਾਨੇ ਦੀ ਅਤੇ ਅਸਲ ਦੁਨੀਆ ਦੀਆਂ ਜਨਤਕ ਚੁਣੌਤੀਆਂ ਦਾ ਹੱਲ ਕਰਦੀ ਹੋਵੇ। ਚੁਣੇ ਹੋਏ ਹੱਲਾਂ ਨੂੰ ਸਮਿਟ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਜੇਤੂਆਂ ਨੂੰ ₹2.50 ਕਰੋੜ ਤੱਕ ਦੇ ਇਨਾਮ ਦਿੱਤੇ ਜਾਣਗੇ।
- ਯੁਵਾ ਏਆਈ: ਗਲੋਬਲ ਇੰਪੈਕਟ ਚੈਲੇਂਜ ਦਾ ਮੰਤਵ ਨੌਜਵਾਨ ਇਨੋਵੇਟਰਾਂ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ਲਈ ਏਆਈ ਹੱਲ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਉਤਸ਼ਾਹਿਤ ਕਰਨਾ ਹੈ। ਇਸ ਚੁਣੌਤੀ ਵਿੱਚ 13 ਤੋਂ 21 ਸਾਲ ਦੇ ਨੌਜਵਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਸ਼ਮੂਲੀਅਤ ਲਈ ਸੱਦਿਆ ਜਾਵੇਗਾ। ਇਸਨੂੰ 'ਮਾਈਭਾਰਤ' ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੌਨਿਕਸ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਦੀ ਸਾਂਝੇਦਾਰੀ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਤਾਂ ਕਿ ਅਸਲ ਦੁਨੀਆ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਭ ਤੋਂ ਇਨੋਵੇਟਿਵ ਏਆਈ ਹੱਲ ਸਾਹਮਣੇ ਲਿਆਂਦੇ ਜਾ ਸਕਣ। ਚੁਣੇ ਹੋਏ ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ₹85 ਲੱਖ ਤੱਕ ਦੇ ਇਨਾਮ ਸ਼ਾਮਿਲ ਹਨ।
- ਖੋਜ ਗੋਸ਼ਟੀ: ਏਆਈ ਅਤੇ ਇਸਦੇ ਪ੍ਰਭਾਵ 'ਤੇ ਖੋਜ ਗੋਸ਼ਟੀ ਦਾ ਆਯੋਜਨ 18 ਫ਼ਰਵਰੀ 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 'ਇੰਡੀਆ-ਏਆਈ ਇੰਪੈਕਟ ਸਮਿਟ 2026' ਵਿੱਚ ਕੀਤਾ ਜਾਵੇਗਾ। ਇੰਡੀਅਨ ਇੰਸਟੀਚਿਊਟ ਆਫ਼ ਇਨਫਾਰਮੇਸ਼ਨ ਟੈਕਨਾਲੋਜੀ, ਹੈਦਰਾਬਾਦ ਇਸ ਆਯੋਜਨ ਦਾ ਨਾਲੇਜ ਪਾਰਟਨਰ ਹੈ। ਇਹ ਗੋਸ਼ਟੀ ਖੋਜਕਰਤਾਵਾਂ, ਗਲੋਬਲ ਸਾਊਥ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇੱਕ ਮੰਚ ‘ਤੇ ਲਿਆਵੇਗੀ ਤਾਂ ਕਿ ਉਹ ਨਵੀਨਤਮ ਖੋਜ ਅਤੇ ਸਬੂਤਾਂ ਦਾ ਅਦਾਨ-ਪ੍ਰਦਾਨ ਪੇਸ਼ ਕਰ ਸਕਣ ਅਤੇ ਨਾਲ ਹੀ ਏਆਈ ਦੇ ਪ੍ਰਭਾਵ 'ਤੇ ਸਹਿਯੋਗ ਨੂੰ ਹੁਲਾਰਾ ਦੇ ਸਕਣ। ਇਸ ਸਮਾਗਮ ਵਿੱਚ ਮੁੱਖ ਸੈਸ਼ਨ, ਅੰਤਰਰਾਸ਼ਟਰੀ ਖੋਜ ਪੇਸ਼ਕਾਰੀਆਂ ਅਤੇ ਗਲੋਬਲ ਸਾਊਥ ਤੋਂ ਖੋਜ ਅਤੇ ਪੋਸਟਰ ਪ੍ਰਦਰਸ਼ਨੀਆਂ ਸ਼ਾਮਿਲ ਹੋਣਗੀਆਂ।
- ਇੰਡੀਆ-ਏਆਈ ਇੰਪੈਕਟ ਐਕਸਪੋ 2026 ਦਾ ਆਯੋਜਨ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੌਫਟਵੇਅਰ ਟੈਕਨਾਲੋਜੀ ਪਾਰਕਸ੍ ਆਫ਼ ਇੰਡੀਆ ਨਿਗਰਾਨ ਵਜੋਂ ਕੰਮ ਕਰ ਰਿਹਾ ਹੈ। ਇਹ ਪ੍ਰਦਰਸ਼ਨੀ 70,000 ਵਰਗ ਮੀਟਰ ਤੋਂ ਵੱਧ ਖੇਤਰ ਵਿੱਚ ਫੈਲੀ ਹੋਈ ਹੈ। ਇਸ ਪ੍ਰਦਰਸ਼ਨੀ ਵਿੱਚ ਸੱਤ ਥੀਮੈਟਿਕ ਪੈਵੇਲੀਅਨਾਂ ਜ਼ਰੀਏ ਦੁਨੀਆ ਭਰ ਤੋਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਇੱਕ ਕਾਰੋਬਾਰ-ਕੇਂਦ੍ਰਿਤ ਮੰਚ ਵਜੋਂ ਡਿਜ਼ਾਇਨ ਕੀਤੀ ਗਈ ਇਸ ਪ੍ਰਦਰਸ਼ਨੀ ਵਿੱਚ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੋਜ ਅਤੇ ਪ੍ਰਮੁੱਖ ਪ੍ਰਾਜੈਕਟਾਂ ਤੋਂ ਲੈ ਕੇ ਵੱਡੇ ਪੈਮਾਨੇ 'ਤੇ ਇਸਦੇ ਲਾਗੂਕਰਨ ਤੱਕ ਹੋਏ ਬਦਲਾਅ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਇਨੋਵੇਟਰਾਂ ਅਤੇ ਨਿਵੇਸ਼ਕਾਂ ਨੂੰ ਇਕੱਠਾ ਕਰੇਗੀ ਤਾਂ ਕਿ ਉਹ ਖੇਤਰੀ ਅਤੇ ਵਿਸ਼ਵਵਿਆਪੀ ਚੁਣੌਤੀਆਂ ਦਾ ਹੱਲ ਕਰਨ ਵਾਲੇ ਏਆਈ ਹੱਲਾਂ 'ਤੇ ਚਰਚਾ ਕਰ ਸਕਣ।
- ਇੰਡੀਆ ਏਆਈ ਟਿੰਕਰਪ੍ਰੀਨਿਊਰ ਇੱਕ ਰਾਸ਼ਟਰੀ ਪੱਧਰ ਦਾ ਗਰਮੀਆਂ ਦਾ ‘ਸਿਖਲਾਈ ਪ੍ਰੋਗਰਾਮ’ ਹੈ ਜੋ ‘ਭਾਰਤ-ਏਆਈ ਇੰਪੈਕਟ ਸਮਿਟ 2026’ ਦੇ ਅਨੁਸਾਰ ਹੈ। ਇਸਦਾ ਮੰਤਵ ਜਮਾਤ 6 ਤੋਂ 12 ਤੱਕ ਦੇ ਸਕੂਲੀ ਵਿਦਿਆਰਥੀਆਂ ਵਿੱਚ ਏਆਈ ਅਤੇ ਉੱਦਮਤਾ ਦਾ ਨਿਰਮਾਣ ਕਰਨਾ ਹੈ। ਇਹ ਪ੍ਰੋਗਰਾਮ ਨੌਜਵਾਨ ਸਿਖਿਆਰਥੀਆਂ ਨੂੰ ਏਆਈ ਉਪਕਰਣ ਅਤੇ ਟੈਕਨਾਲੋਜੀਆਂ ਦਾ ਵਿਹਾਰਕ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਸਮਾਜਿਕ ਪ੍ਰਭਾਵ ਵਾਲੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਏਆਈ-ਸਮਰੱਥ ਉਤਪਾਦ ਅਤੇ ਹੱਲ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਦਾ ਹੈ। ਢਾਂਚਾਗਤ ਔਨਲਾਈਨ ਸੈਸ਼ਨਾਂ, ਉਦਯੋਗ ਅਤੇ ਅਕਾਦਮਿਕ ਮਾਹਰਾਂ ਵੱਲੋਂ ਮਾਰਗਦਰਸ਼ਨ ਅਤੇ ਵਿਚਾਰ ਤੋਂ ਲੈ ਕੇ ਲਾਗੂਕਰਨ ਤੱਕ ਦੇ ਜ਼ਰੀਏ, ਇਹ ਪਹਿਲਕਦਮੀ ਸ਼ੁਰੂਆਤੀ ਪੜਾਅ ਵਿੱਚ ਹੀ ਇਨੋਵੇਸ਼ਨ, ਸਮੱਸਿਆ-ਹੱਲ ਅਤੇ ਉੱਦਮੀ ਸੋਚ ਨੂੰ ਹੁਲਾਰਾ ਦਿੰਦੀ ਹੈ।
ਇੰਡੀਆ-ਏਆਈ ਇੰਪੈਕਟ ਸਮਿਟ ਦਾ ਏਜੰਡਾ ਅਤੇ ਹਿੱਸਾ ਲੈਣ ਵਾਲੇ ਖ਼ਾਸ ਮਹਿਮਾਨ
ਸਮਿਟ ਦੀ ਸ਼ੁਰੂਆਤ ‘ਇੰਡੀਆ ਇਨੋਵੇਸ਼ਨ ਫੈਸਟੀਵਲ’ ਨਾਲ ਹੋਵੇਗੀ ਅਤੇ ਇਹ ਹੌਲੀ-ਹੌਲੀ ਨੀਤੀਗਤ ਪੈਨਲਾਂ, ਨਵੀਂਆਂ ਖੋਜਾਂ ਨੂੰ ਸਾਂਝਾ ਕਰਨ ਵਾਲੇ ਸੈਸ਼ਨਾਂ ਅਤੇ ਉਦਯੋਗ ਚਰਚਾਵਾਂ ਜ਼ਰੀਏ ਅੱਗੇ ਵਧੇਗੀ। ਇਸਦੀ ਸਮਾਪਤੀ ਉੱਚ-ਪੱਧਰੀ ਬੈਠਕਾਂ ਅਤੇ ‘ਏਆਈ 'ਤੇ ਵਿਸ਼ਵ ਸਾਂਝੇਦਾਰੀ’ ਕਾਉਂਸਲ ਦੀਆਂ ਬੈਠਕਾਂ ਨਾਲ ਹੋਵੇਗੀ।
|
ਦਿਨ
|
ਈਵੈਂਟ
|
ਜਗ੍ਹਾ
|
|
16–20 ਫ਼ਰਵਰੀ 2026
|
ਏਆਈ ਇੰਪੈਕਟ ਐਕਸਪੋ
|
ਭਾਰਤ ਮੰਡਪਮ, ਨਵੀਂ ਦਿੱਲੀ
|
|
16 ਫ਼ਰਵਰੀ 2026
|
ਮੁੱਖ ਭਾਸ਼ਣ, ਚਰਚਾ, ਗੋਲਮੇਜ਼
|
ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ
|
|
17 ਫ਼ਰਵਰੀ 2026
|
ਸਿਹਤ, ਊਰਜਾ, ਸਿੱਖਿਆ, ਖੇਤੀਬਾੜੀ, ਮਹਿਲਾ ਸਸ਼ਕਤੀਕਰਨ ਅਤੇ ਪਹੁੰਚਯੋਗਤਾ ਵਿੱਚ ਏਆਈ ‘ਤੇ ਗਿਆਨ ਸੰਗ੍ਰਹਿ ਦਾ ਰੀਲਿਜ਼
|
ਭਾਰਤ ਮੰਡਪਮ, ਨਵੀਂ ਦਿੱਲੀ
|
|
ਅਪਲਾਇਡ ਏਆਈ ’ਤੇ ਸੈਮੀਨਾਰ
|
|
ਮਹਿਲਾਵਾਂ ਵੱਲੋਂ ਏਆਈ: ਗਲੋਬਲ ਇੰਪੈਕਟ ਚੈਲੇਂਜ
|
ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ
|
|
ਮੁੱਖ ਭਾਸ਼ਣ, ਚਰਚਾ, ਗੋਲਮੇਜ਼
|
ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ
|
|
18 ਫ਼ਰਵਰੀ 2026
|
ਖੋਜ ਗੋਸ਼ਟੀ
|
ਭਾਰਤ ਮੰਡਪਮ, ਨਵੀਂ ਦਿੱਲੀ
|
|
ਉਦਯੋਗ ਸੈਸ਼ਨ
|
|
ਮਹਿਲਾਵਾਂ ਵੱਲੋਂ ਏਆਈ: ਗਲੋਬਲ ਇੰਪੈਕਟ ਚੈਲੇਂਜ
|
ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ
|
|
ਮੁੱਖ ਭਾਸ਼ਣ, ਚਰਚਾ, ਗੋਲਮੇਜ਼
|
ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ
|
|
ਸਮਿਟ ਰਾਤ ਦਾ ਖਾਣਾ
|
ਕਨਵੈਨਸ਼ਨ ਸੈਂਟਰ, ਨਵੀਂ ਦਿੱਲੀ
|
|
19 ਫ਼ਰਵਰੀ 2026
|
ਉਦਘਾਟਨ ਰਸਮ
|
ਭਾਰਤ ਮੰਡਪਮ, ਨਵੀਂ ਦਿੱਲੀ
|
|
ਆਗੂਆਂ ਦਾ ਪੂਰਾ ਸੈਸ਼ਨ
|
|
ਸੀਈਓ ਗੋਲਮੇਜ਼
|
|
ਮੁੱਖ ਭਾਸ਼ਣ, ਚਰਚਾ, ਗੋਲਮੇਜ਼
|
ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ
|
|
20 ਫ਼ਰਵਰੀ 2026
|
ਜੀਪੀਏਆਈ ਕੌਂਸਲ ਦੀ ਬੈਠਕ
|
ਭਾਰਤ ਮੰਡਪਮ, ਨਵੀਂ ਦਿੱਲੀ
|
|
ਮੁੱਖ ਭਾਸ਼ਣ, ਚਰਚਾ, ਗੋਲਮੇਜ਼
|
ਭਾਰਤ ਮੰਡਪਮ/ਸੁਸ਼ਮਾ ਸਵਰਾਜ ਭਵਨ/ਅੰਬੇਡਕਰ ਭਵਨ, ਨਵੀਂ ਦਿੱਲੀ
|
*(21 ਜਨਵਰੀ, 2026 ਦੇ ਏਜੰਡੇ ਅਨੁਸਾਰ) – ਏਜੰਡਾ ਅਸਥਾਈ ਹੈ ਅਤੇ ਇਸ ਵਿੱਚ ਸੋਧ ਕੀਤੀ ਜਾ ਸਕਦੀ ਹੈ।
*ਪ੍ਰਮੁੱਖ ਭਾਗੀਦਾਰਾਂ ਦੀ ਸੂਚੀ ਅਸਥਾਈ ਹੈ ਅਤੇ ਇਸ ਵਿੱਚ ਸੋਧ ਕੀਤੀ ਜਾ ਸਕਦੀ ਹੈ।

ਸਮਿਟ ਵਿੱਚ ਸ਼ਾਮਿਲ ਪ੍ਰਮੁੱਖ ਸੰਸਥਾਗਤ ਢਾਂਚੇ
'ਭਾਰਤ-ਏਆਈ ਇੰਪੈਕਟ ਸਮਿਟ 2026' ਵਿੱਚ ਨੀਤੀ ਨਿਰਮਾਣ, ਪ੍ਰੋਗਰਾਮ ਲਾਗੂਕਰਨ, ਏਆਈ ਈਕੋਸਿਸਟਮ ਦੇ ਵਿਕਾਸ ਅਤੇ ਡਿਜੀਟਲ ਬੁਨਿਆਦੀ ਢਾਂਚੇ ਲਈ ਜ਼ਿੰਮੇਵਾਰ ਪ੍ਰਮੁੱਖ ਸਰਕਾਰੀ ਅਦਾਰਿਆਂ ਦੀ ਸ਼ਮੂਲੀਅਤ ਰਹੇਗੀ। ਇਨ੍ਹਾਂ ਅਦਾਰਿਆਂ ਦੀ ਸ਼ਮੂਲੀਅਤ ਪ੍ਰਸ਼ਾਸਨਿਕ ਲੀਡਰਸ਼ਿਪ, ਤਕਨੀਕੀ ਸਹਾਇਤਾ ਅਤੇ ਸੰਸਥਾਗਤ ਲਗਾਤਾਰਤਾ ਪ੍ਰਦਾਨ ਕਰਦੀ ਹੈ, ਜੋ ਇਹ ਯਕੀਨੀ ਕਰੇਗੀ ਕਿ ਇਹ ਸਮਿਟ ਮੌਜੂਦਾ ਰਾਸ਼ਟਰੀ ਪਹਿਲਕਦਮੀਆਂ 'ਤੇ ਅਧਾਰਿਤ ਹੋਵੇ ਅਤੇ ਇਸ ਦੀਆਂ ਚਰਚਾਵਾਂ ਨੂੰ ਠੋਸ ਅਤੇ ਪ੍ਰਭਾਵਸ਼ਾਲੀ ਨਤੀਜਿਆਂ ਵਿੱਚ ਬਦਲਿਆ ਜਾ ਸਕੇ।
- ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਭਾਰਤ ਵਿੱਚ ਏਆਈ ਅਤੇ ਡਿਜੀਟਲ ਟੈਕਨਾਲੋਜੀਆਂ ਲਈ ਸਮੁੱਚੀ ਨੀਤੀਗਤ ਦਿਸ਼ਾ ਪ੍ਰਦਾਨ ਕਰਦਾ ਹੈ। ਇਹ ਮੰਤਰਾਲਾ ਆਰਟੀਫੀਸ਼ੀਅਲ ਇੰਟੈਲੀਜੈਂਸ, ਇਲੈਕਟ੍ਰੌਨਿਕਸ, ਡਿਜੀਟਲ ਸ਼ਾਸਨ ਅਤੇ ਭਰੋਸੇਯੋਗ ਟੈਕਨਾਲੋਜੀ ਅਪਣਾਉਣ ਦੀਆਂ ਰਾਸ਼ਟਰੀ ਤਰਜੀਹਾਂ ਨਾਲ ਇਸ ਸਮਿਟ ਨੂੰ ਜੋੜਦਾ ਹੈ। ਇਸਦੀ ਭੂਮਿਕਾ ਅੰਤਰ-ਮੰਤਰਾਲਾ ਤਾਲਮੇਲ, ਸੂਬਾ ਸਰਕਾਰਾਂ ਨਾਲ ਤਾਲਮੇਲ ਅਤੇ ਸਮਿਟ ਦੇ ਨਤੀਜਿਆਂ ਨੂੰ ਮੌਜੂਦਾ ਰਾਸ਼ਟਰੀ ਪ੍ਰੋਗਰਾਮਾਂ ਅਤੇ ਰੈਗੂਲੇਟਰੀ ਢਾਂਚਿਆਂ ਨਾਲ ਏਕੀਕ੍ਰਿਤ ਕਰਨਾ ਯਕੀਨੀ ਬਣਾਉਂਦੀ ਹੈ।
ਇੰਡੀਆ-ਏਆਈ ਮਿਸ਼ਨ ਭਾਰਤ ਵਿੱਚ ਏਆਈ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਇੱਕ ਪ੍ਰਮੁੱਖ ਮਿਸ਼ਨ ਹੈ। ਇਹ ਮਿਸ਼ਨ ਸਮਿਟ ਦੇ ਮੁੱਖ ਵਿਸ਼ਿਆਂ ਨੂੰ ਆਕਾਰ ਦਿੰਦਾ ਹੈ, ਜਿਸ ਵਿੱਚ ਏਆਈ ਕੰਪਿਊਟ ਬੁਨਿਆਦੀ ਢਾਂਚਾ, ਡੇਟਾਸੈੱਟ, ਸਵਦੇਸ਼ੀ ਏਆਈ ਮਾਡਲ, ਹੁਨਰ ਵਿਕਾਸ ਅਤੇ ਸਟਾਰਟਅੱਪ ਸਹਾਇਤਾ ਸ਼ਾਮਿਲ ਹਨ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸੁਰੱਖਿਅਤ, ਜ਼ਿੰਮੇਵਾਰ ਅਤੇ ਸਮਾਵੇਸ਼ੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਉਜਾਗਰ ਕਰਦਾ ਹੈ।
- ਸੌਫਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ
ਸੌਫਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ ਇਸ ਸਮਿਟ ਵਿੱਚ ਸਟਾਰਟਅੱਪਸ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਇਨੋਵੇਟਰਾਂ ਦੀ ਸ਼ਮੂਲੀਅਤ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ। ਇਹ ਇਨਕਿਊਬੇਸ਼ਨ ਸਹੂਲਤਾਂ, ਤਕਨੀਕੀ ਬੁਨਿਆਦੀ ਢਾਂਚਾ ਅਤੇ ਉਦਯੋਗ ਜਗਤ ਨਾਲ ਸੰਪਰਕ ਕਰਨ ਵਿੱਚ ਮਦਦ ਕਰਦਾ ਹੈ। ਦੇਸ਼ ਭਰ ਵਿੱਚ ਫੈਲੇ ਇਸਦੇ ਕੇਂਦਰਾਂ ਦਾ ਨੈੱਟਵਰਕ ਵਿਆਪਕ ਖੇਤਰੀ ਸ਼ਮੂਲੀਅਤ ਨੂੰ ਸਮਰੱਥ ਬਣਾਉਂਦਾ ਹੈ ਅਤੇ ਏਆਈ-ਅਧਾਰਿਤ ਉੱਦਮਾਂ ਦੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ। ਇਹ ਏਆਈ ਇਨੋਵੇਟਰਾਂ ਨੂੰ ਉਦਯੋਗਾਂ, ਵਿਸ਼ਵ ਬਜ਼ਾਰਾਂ ਅਤੇ ਨਿਰਯਾਤ ਦੇ ਮੌਕਿਆਂ ਨਾਲ ਜੋੜਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਵਿਸ਼ਵ ਡਿਜੀਟਲ ਅਰਥਵਿਵਸਥਾ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੁੰਦੀ ਹੈ।
ਡਿਜੀਟਲ ਇੰਡੀਆ ਭਾਰਤ ਵਿੱਚ ਵੱਡੇ ਪੈਮਾਨੇ 'ਤੇ ਏਆਈ ਅਪਣਾਉਣ ਲਈ ਬੁਨਿਆਦੀ ਢਾਂਚਾ ਪ੍ਰਦਾਨ ਕਰਦਾ ਹੈ। ਸਮਿਟ ਦੇ ਮੁੱਖ ਵਿਸ਼ਿਆਂ ਵਿੱਚ ਡਿਜੀਟਲ ਜਨਤਕ ਪਲੈਟਫਾਰਮ, ਸਮਾਵੇਸ਼ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ 'ਤੇ ਇਸਦਾ ਜ਼ੋਰ ਸਪਸ਼ਟ ਤੌਰ 'ਤੇ ਝਲਕਦਾ ਹੈ। ਡਿਜੀਟਲ ਇੰਡੀਆ ਇਹ ਯਕੀਨੀ ਬਣਾਉਂਦਾ ਹੈ ਕਿ ਸਮਿਟ ਵਿੱਚ ਪ੍ਰਦਰਸ਼ਿਤ ਏਆਈ ਹੱਲ ਰਾਸ਼ਟਰੀ ਪੱਧਰ ‘ਤੇ ਸੇਵਾ ਡਿਲੀਵਰੀ, ਪਹੁੰਚਯੋਗਤਾ, ਪਾਰਦਰਸ਼ਤਾ ਅਤੇ ਜਨਤਕ ਭਰੋਸੇ ਦੇ ਅਨੁਸਾਰ ਹੋਣ।

ਸਮਿਟ ਦੇ ਅਨੁਮਾਨਿਤ ਨਤੀਜੇ
ਉਮੀਦ ਹੈ ਕਿ ‘ਭਾਰਤ-ਏਆਈ ਇੰਪੈਕਟ ਸਮਿਟ 2026’ ਨਾਲ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਕੇਂਦ੍ਰਿਤ ਅਤੇ ਨਤੀਜਾ-ਮੁਖੀ ਨਤੀਜੇ ਪ੍ਰਾਪਤ ਹੋਣਗੇ। ਇਹ ਸਮਿਟ ਸਰਕਾਰ ਅਤੇ ਉਦਯੋਗ ਜਗਤ ਵਿੱਚ ਪ੍ਰਭਾਵਸ਼ਾਲੀ ਲਾਗੂਕਰਨ ਦਾ ਸਮਰਥਨ ਕਰਨ ਲਈ ਵਿਹਾਰਕ ਏਆਈ ਤੈਨਾਤੀ, ਨੀਤੀ ਅਨੁਕੂਲਤਾ ਅਤੇ ਸੰਸਥਾਗਤ ਤਾਲਮੇਲ 'ਤੇ ਜ਼ੋਰ ਦੇਵੇਗੀ। ਇਹ ਸ਼ਾਸਨ ਅਤੇ ਰੈਗੂਲੇਟਰੀ ਢਾਂਚਿਆਂ ਨੂੰ ਮਜ਼ਬੂਤ ਕਰੇਗੀ, ਏਆਈ-ਅਧਾਰਿਤ ਉਦਯੋਗਿਕ ਵਿਕਾਸ ਲਈ ਖੇਤਰੀ ਤਿਆਰੀ ਦਾ ਮੁਲਾਂਕਣ ਕਰੇਗੀ ਅਤੇ ਹੁਨਰ ਵਿਕਾਸ ਅਤੇ ਕਾਰਜਬਲ ਦੇ ਕੰਮ ਵਿੱਚ ਬਦਲਾਅ ਨੂੰ ਹੁਲਾਰਾ ਦੇਵੇਗੀ। ਸਮਿਟ ਏਆਈ ਐਪਲੀਕੇਸ਼ਨਾਂ ਬਾਰੇ ਜਾਗਰੂਕਤਾ ਅਤੇ ਸਮਝ ਦਾ ਵਿਸਤਾਰ ਕਰੇਗੀ ਅਤੇ ਏਆਈ ਈਕੋਸਿਸਟਮ ਲਈ ਸਮਾਵੇਸ਼ੀ ਵਿਕਾਸ ਨੂੰ ਸਮਰੱਥ ਬਣਾਉਣ ਲਈ ਸਰਕਾਰ, ਸਿੱਖਿਆ, ਸਟਾਰਟਅੱਪ ਅਤੇ ਉਦਯੋਗਾਂ ਵਿਚਕਾਰ ਲਗਾਤਾਰ ਸਾਂਝੇਦਾਰੀ ਬਣਾਈ ਰੱਖਣ ‘ਤੇ ਹੁਲਾਰਾ ਦੇਵੇਗੀ।
ਸਿੱਟਾ
'ਭਾਰਤ-ਏਆਈ ਇੰਪੈਕਟ ਸਮਿਟ 2026', ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਭਾਰਤ ਦੀਆਂ ਵਿਕਾਸ ਤਰਜੀਹਾਂ ਲਈ ਇੱਕ ਰਣਨੀਤਕ ਸਮਰਥਕ ਵਜੋਂ ਸਥਾਪਤ ਕਰਦੀ ਹੈ। ਇਹ ਸਮਿਟ ਸ਼ਾਸਨ, ਜਨਤਕ ਸੇਵਾ ਡਿਲੀਵਰੀ, ਖੋਜ ਅਤੇ ਉਦਯੋਗ ਵਿੱਚ ਏਆਈ ਨੂੰ ਲਾਗੂ ਕਰਨ ਦੇ ਵਿਹਾਰਕ ਰਸਤੇ ਖੋਜਣ ਲਈ ਰਾਸ਼ਟਰੀ ਅਤੇ ਖੇਤਰੀ ਰੁਝੇਵਿਆਂ ਤੋਂ ਪ੍ਰਾਪਤ ਨਤੀਜਿਆਂ ਨੂੰ ਇਕੱਠਾ ਕਰਦੀ ਹੈ। ਇਹ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਪਲੈਟਫਾਰਮ-ਅਧਾਰਿਤ ਸੇਵਾ ਡਿਲੀਵਰੀ ਅਤੇ ਵੱਖ-ਵੱਖ ਖੇਤਰਾਂ ਵਿੱਚ ਡੇਟਾ-ਸੰਚਾਲਿਤ ਫ਼ੈਸਲੇ ਲੈਣ ਵਿੱਚ ਏਆਈ ਦੀ ਭੂਮਿਕਾ ਨੂੰ ਮਜ਼ਬੂਤ ਕਰਕੇ ਡਿਜੀਟਲ ਇੰਡੀਆ ਦੇ ਮੰਤਵਾਂ ਨੂੰ ਹਾਸਲ ਕਰਨ ਵਿੱਚ ਸਹਾਇਕ ਹੋਵੇਗੀ। ਇਹ ਸਮਿਟ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਟੈਕਨਾਲੋਜੀ-ਸਮਰੱਥ ਸੇਵਾ ਡਿਲੀਵਰੀ ਦੇ ਅੰਦਰ ਏਆਈ ਦੀ ਭੂਮਿਕਾ ਨੂੰ ਮਜ਼ਬੂਤ ਕਰਕੇ ਡਿਜੀਟਲ ਇੰਡੀਆ ਪਹਿਲਕਦਮੀ ਨੂੰ ਹੋਰ ਸਸ਼ਕਤ ਬਣਾਉਂਦੀ ਹੈ। ਇਸਦੇ ਨਾਲ ਹੀ, ਇਹ ਕੰਪਿਊਟ ਇਨਫ੍ਰਾਸਟ੍ਰਕਚਰ, ਡੇਟਾਸੈੱਟ, ਪ੍ਰਤਿਭਾ ਵਿਕਾਸ ਅਤੇ ਸਵਦੇਸ਼ੀ ਇਨੋਵੇਸ਼ਨ ਵਿੱਚ ਘਰੇਲੂ ਸਮਰੱਥਾਵਾਂ 'ਤੇ ਜ਼ੋਰ ਦੇ ਕੇ ਰਾਸ਼ਟਰੀ ਸਵੈ-ਨਿਰਭਰਤਾ ਦੀ ਭਾਵਨਾ ਨੂੰ ਵੀ ਅੱਗੇ ਵਧਾਉਂਦੀ ਹੈ।
ਹਵਾਲੇ
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ
******
ਪੀਆਈਬੀ ਰੀਸਰਚ
(Explainer ID: 157699)
आगंतुक पटल : 35
Provide suggestions / comments