• Skip to Content
  • Sitemap
  • Advance Search
Social Welfare

ਸੋਮਨਾਥ ਸਵਾਭਿਮਾਨ ਪਰਵ

ਗਹਿਨ ਵਿਸ਼ਵਾਸ ਅਤੇ ਸੱਭਿਆਚਾਰਕ ਗੌਰਵ ਦੇ ਇੱਕ ਹਜ਼ਾਰ ਸਾਲ

Posted On: 10 JAN 2026 9:46AM

 

ਮੁੱਖ ਬਿੰਦੂ

  • ਸੋਮਨਾਥ ਸਵਾਭਿਮਾਨ ਪਰਵ (8-11 ਜਨਵਰੀ, 2026) ਸੋਮਨਾਥ ਮੰਦਿਰ ਉੱਤੇ 1026 ਵਿੱਚ ਹੋਏ ਪਹਿਲੇ ਅਭਿਲੇਖਿਤ ਹਮਲੇ ਦੇ 1000 ਸਾਲ ਪੂਰੇ ਹੋਣ 'ਤੇ ਸਮਰਪਿਤ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ। 
  • ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ  ਮੋਦੀ ਇਸ ਮੌਕੇ 'ਤੇ ਮੁੱਖ ਅਧਿਆਤਮਿਕ ਅਤੇ ਸਮਰਪਣ ਸਮਾਗਮਾਂ ਵਿੱਚ ਹਿੱਸਾ ਲੈਣ ਲਈ 10-11 ਜਨਵਰੀ, 2026 ਨੂੰ ਸੋਮਨਾਥ ਦੀ ਯਾਤਰਾ ਕਰਨਗੇ। 
  • ਪ੍ਰਧਾਨ ਮੰਤਰੀ ਸ਼੍ਰੀ ਮੋਦੀ ਸ਼੍ਰੀ ਸੋਮਨਾਥ ਨਿਆਸ ਦੇ ਪ੍ਰਮੁੱਖ ਹਨ। ਇਸ ਮੰਦਿਰ ਦੀ ਵਿਸ਼ੇਸ਼ਤਾ 150 ਫੁੱਟ ਦਾ ਸਿਖਰ, 1666 ਸੋਨੇ ਨਾਲ ਮੰਡਿਤ ਕਲਸ਼ ਅਤੇ 14200 ਝੰਡੇ ਹਨ। 
  • ਹਰ ਸਾਲ 92-97 ਲੱਖ ਸ਼ਰਧਾਲੂ ਸੋਮਨਾਥ ਮੰਦਿਰ ਦੇ ਦਰਸ਼ਨ ਕਰਦੇ ਹਨ। 
  • ਸੋਮਨਾਥ ਵਿੱਚ ਔਰਤਾਂ ਦੀ ਕੇਂਦਰੀ ਭੂਮਿਕਾ ਹੈ। ਮੰਦਿਰ ਦੇ 906 ਕਰਮਚਾਰੀਆਂ ਵਿੱਚੋਂ 262 ਔਰਤਾਂ ਹਨ। ਉਹ ਬਿਲਵ ਵਨ, ਪ੍ਰਸਾਦ ਵੰਡ ਅਤੇ ਮੰਦਿਰ ਭੋਜ ਸੇਵਾਵਾਂ ਦਾ ਪ੍ਰਬੰਧ ਵੇਖਦੀਆਂ ਹਨ। 
  • ਸੋਮਨਾਥ ਮੰਦਿਰ ਨਿਆਸ ਵਿੱਚ 363 ਔਰਤਾਂ ਕੰਮ ਕਰ ਰਹੀਆਂ ਹਨ। ਸਲਾਨਾ 9 ਕਰੋੜ ਰੁਪਏ ਦੀ ਆਮਦਨ ਵਾਲਾ ਇਹ ਨਿਆਸ ਔਰਤ ਸਸ਼ਕਤੀਕਰਣ ਨੂੰ ਉਤਸ਼ਾਹਿਤ ਕਰ ਰਿਹਾ ਹੈ।

 

ਜਾਣ ਪਛਾਣ

सौराष्ट्रे सोमनाथं च श्रीशैले मल्लिकार्जुनम् ।

उज्जयिन्यां महाकालम्ॐकारममलेश्वरम्”

ਦੁਆਦਸ਼ ਜਿਓਤਿਰਲਿੰਗ ਸਤੋਤਰਮ ਦੇ ਇਸ ਸ਼ੁਰੂਆਤੀ ਸ਼ਲੋਕ ਵਿੱਚ ਗੁਜਰਾਤ ਦੇ ਸੋਮਨਾਥ ਨੂੰ ਬਾਰ੍ਹਾਂ ਪਵਿੱਤਰ ਜਿਓਤਿਰਲਿੰਗਾਂ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ ਜਿਸ ਨਾਲ ਭਾਰਤੀ ਅਧਿਆਤਮਿਕ ਪਰੰਪਰਾ ਵਿੱਚ ਇਸਦੇ ਮਹੱਤਵ ਦਾ ਪਤਾ ਲੱਗਦਾ ਹੈ। ਇਹ ਉਸ ਸੱਭਿਆਚਾਰਕ ਵਿਸ਼ਵਾਸ ਨੂੰ ਪ੍ਰਤੀਬਿੰਬਿਤ ਕਰਦਾ ਹੈ ਕਿ ਸੋਮਨਾਥ ਭਾਰਤ ਦੇ ਅਧਿਆਤਮਿਕ ਭੂਗੋਲ ਦਾ ਅਧਾਰ ਹੈ। ਗੁਜਰਾਤ ਵਿੱਚ ਵੇਰਾਵਲ ਦੇ ਨੇੜੇ ਪ੍ਰਭਾਸ ਪਾਟਨ ਵਿੱਚ ਸਥਿਤ, ਸੋਮਨਾਥ ਸਿਰਫ਼ ਇੱਕ ਪੂਜਾ ਸਥਾਨ ਨਹੀਂ ਹੈ, ਸਗੋਂ ਭਾਰਤ ਦੀ ਸੱਭਿਆਚਾਰਕ ਨਿਰੰਤਰਤਾ ਦਾ ਇੱਕ ਜੀਵੰਤ ਪ੍ਰਤੀਕ ਹੈ। 

ਸਦੀਆਂ ਤੱਕ, ਸੋਮਨਾਥ ਕਰੋੜਾਂ ਲੋਕਾਂ ਦੀ ਸ਼ਰਧਾ ਅਤੇ ਉਪਾਸਨਾ ਦਾ ਕੇਂਦਰ ਰਿਹਾ ਹੈ। ਇਸ ਨੂੰ ਬਾਰ-ਬਾਰ ਉਨ੍ਹਾਂ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦਾ ਉਦੇਸ਼ ਭਗਤੀ ਨਹੀਂ, ਸਗੋਂ ਵਿਨਾਸ਼ ਸੀ। ਇਸ ਦੇ ਬਾਵਜੂਦ, ਸੋਮਨਾਥ ਦੀ ਕਥਾ ਸਨਾਤਨ ਧਰਮ ਨੂੰ ਮੰਨਣ ਵਾਲੇ ਕਰੋੜਾਂ ਲੋਕਾਂ ਦੇ ਅਟੁੱਟ ਸਾਹਸ, ਵਿਸ਼ਵਾਸ ਅਤੇ ਸੰਕਲਪ ਨਾਲ ਜਾਣੀ ਜਾਂਦੀ ਹੈ। 

ਸਵਾਭਿਮਾਨ ਪਰਵ: ਸਾਂਝੇ ਗੌਰਵ ਦੀ ਰਾਸ਼ਟਰੀ ਅਭਿਵਿਅੰਜਨਾ 

ਸੋਮਨਾਥ ਸਵਾਭਿਮਾਨ ਪਰਵ ਦਾ ਆਯੋਜਨ 8 ਜਨਵਰੀ ਤੋਂ 11 ਜਨਵਰੀ 2026 ਤੱਕ ਇੱਕ ਰਾਸ਼ਟਰੀ ਉਤਸਵ ਵਜੋਂ ਕੀਤਾ ਜਾ ਰਿਹਾ ਹੈ। ਇਹ ਆਯੋਜਨ ਜਨਵਰੀ 1026 ਵਿੱਚ ਸੋਮਨਾਥ ਮੰਦਿਰ ਉੱਤੇ ਹੋਏ ਪਹਿਲੇ ਅਭਿਲੇਖਿਤ ਹਮਲੇ ਦੇ ਇੱਕ ਹਜ਼ਾਰ ਸਾਲ ਪੂਰੇ ਹੋਣ ਦੇ ਉਪਲਕਸ਼ ਵਿੱਚ ਸਮਰਪਣ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ। 

ਇਸ ਆਯੋਜਨ ਦੀ ਕਲਪਨਾ ਵਿਨਾਸ਼ ਦੇ ਸਮਰਪਣ ਵਜੋਂ ਨਹੀਂ, ਸਗੋਂ ਸਹਿਣਸ਼ੀਲਤਾ, ਵਿਸ਼ਵਾਸ ਅਤੇ ਸੱਭਿਆਚਾਰਕ ਆਤਮ-ਸਨਮਾਨ ਨੂੰ ਸ਼ਰਧਾਂਜਲੀ ਵਜੋਂ ਕੀਤੀ ਗਈ ਹੈ। ਸਦੀਆਂ ਤੋਂ, ਸੋਮਨਾਥ ਨੂੰ ਬਾਰ-ਬਾਰ ਉਨ੍ਹਾਂ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦਾ ਉਦੇਸ਼ ਭਗਤੀ ਦੀ ਬਜਾਏ ਵਿਨਾਸ਼ ਸੀ। ਹਾਲਾਂਕਿ, ਹਰ ਵਾਰ ਦੇਵੀ ਅਹਿਲਿਆ ਬਾਈ ਹੋਲਕਰ ਵਰਗੇ ਭਗਤਾਂ ਦੇ ਸਾਂਝੇ ਸੰਕਲਪ ਰਾਹੀਂ ਮੰਦਿਰ ਦਾ ਪੁਨਰਨਿਰਮਾਣ ਕੀਤਾ ਗਿਆ। ਪੁਨਰੁੱਥਾਨ ਦੇ ਇਸ ਅਟੁੱਟ ਚੱਕਰ ਨੇ ਸੋਮਨਾਥ ਨੂੰ ਭਾਰਤ ਦੀ ਸੱਭਿਆਚਾਰਕ ਨਿਰੰਤਰਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣਾ ਦਿੱਤਾ। 

2026 ਦਾ ਸਾਲ ਉਸ ਸਮੇਂ ਦੇ ਵੀ 75 ਸਾਲ ਪੂਰੇ ਹੋਣ ਦਾ ਅਵਸਰ ਹੈ, ਜਦੋਂ ਸੁਤੰਤਰਤਾ ਤੋਂ ਬਾਅਦ 11 ਮਈ, 1951 ਨੂੰ ਮੌਜੂਦਾ ਸੋਮਨਾਥ ਮੰਦਿਰ ਨੂੰ ਭਗਤਾਂ ਲਈ ਮੁੜ ਖੋਲ੍ਹਿਆ ਗਿਆ ਸੀ। ਇਹ ਦੋਵੇਂ ਅਹਿਮ ਪੜਾਅ ਸੋਮਨਾਥ ਸਵਾਭਿਮਾਨ ਪਰਵ ਦਾ ਅਧਾਰ ਬਣੇ ਹਨ। 

ਚਾਰ ਦਿਨਾਂ ਦੇ ਪਰਵ ਦੌਰਾਨ, ਸੋਮਨਾਥ ਅਧਿਆਤਮਿਕ ਗਤੀਵਿਧੀਆਂ, ਸੱਭਿਆਚਾਰਕ ਚਿੰਤਨ ਅਤੇ ਰਾਸ਼ਟਰੀ ਸਮਰਪਣ ਦੇ ਕੇਂਦਰ ਵਿੱਚ ਬਦਲ ਗਿਆ ਹੈ। ਇਸ ਉਤਸਵ ਦੀ ਇੱਕ ਮੁੱਖ ਵਿਸ਼ੇਸ਼ਤਾ 72 ਘੰਟੇ ਦਾ ਅਖੰਡ ਓਂਕਾਰ ਜਾਪ ਹੈ, ਜੋ ਏਕਤਾ ਅਤੇ ਸਾਂਝੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ, ਪੂਰੇ ਮੰਦਿਰ ਪਰਿਸਰ ਅਤੇ ਸ਼ਹਿਰ ਵਿੱਚ ਭਗਤੀ ਸੰਗੀਤ, ਅਧਿਆਤਮਿਕ ਵਿਮਰਸ਼ ਅਤੇ ਸੱਭਿਆਚਾਰਕ ਕਾਰਜਕ੍ਰਮ ਆਯੋਜਿਤ ਕੀਤੇ ਜਾ ਰਹੇ ਹਨ। 

ਸੋਮਨਾਥ ਸਵਾਭਿਮਾਨ ਪਰਵ ਭਾਰਤ ਦੀ ਸਨਾਤਨ ਸੱਭਿਆਚਾਰ ਦੀ ਯਾਤਰਾ ਵਿੱਚ ਗੌਰਵ, ਸਮਰਪਣ ਅਤੇ ਵਿਸ਼ਵਾਸ ਦੇ ਇੱਕ ਸਾਂਝੇ ਪ੍ਰਗਟਾਵੇ ਵਜੋਂ ਖੜ੍ਹਾ ਹੈ। 

ਇਤਿਹਾਸਿਕ ਸੰਦਰਭ: ਜੀਵਟਤਾ ਦੇ ਇੱਕ ਹਜ਼ਾਰ ਸਾਲ 

ਸੋਮਨਾਥ ਦੀਆਂ ਇਤਿਹਾਸਿਕ ਜੜ੍ਹਾਂ ਪ੍ਰਾਚੀਨ ਭਾਰਤੀ ਸੱਭਿਆਚਾਰ ਵਿੱਚ ਬਹੁਤ ਡੂੰਘੀਆਂ ਹਨ। ਪ੍ਰਭਾਸ ਤੀਰਥ, ਜਿੱਥੇ ਸੋਮਨਾਥ ਸਥਿਤ ਹੈ, ਭਗਵਾਨ ਸ਼ਿਵ ਦੀ ਚੰਦਰਦੇਵ ਵੱਲੋਂ ਕੀਤੀ ਗਈ ਅਰਾਧਨਾ ਨਾਲ ਜੁੜਿਆ ਹੋਇਆ ਹੈ। ਪਰੰਪਰਾ ਅਨੁਸਾਰ, ਚੰਦਰਦੇਵ ਨੇ ਇੱਥੇ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਪ ਤੋਂ ਮੁਕਤੀ ਮਿਲੀ ਸੀ, ਜੋ ਇਸ ਸਥਾਨ ਨੂੰ ਅਪਾਰ ਅਧਿਆਤਮਿਕ ਮਹੱਤਵ ਪ੍ਰਦਾਨ ਕਰਦਾ ਹੈ। 

ਸਦੀਆਂ ਤੋਂ, ਸੋਮਨਾਥ ਮੰਦਿਰ ਨਿਰਮਾਣ ਦੇ ਕਈ ਪੜਾਵਾਂ ਦਾ ਗਵਾਹ ਰਿਹਾ ਹੈ, ਜਿਨ੍ਹਾਂ ਵਿੱਚੋਂ ਹਰੇਕ ਉਸ ਸਮੇਂ ਦੀ ਭਗਤੀ, ਕਲਾਤਮਕਤਾ ਅਤੇ ਸਰੋਤਾਂ ਨੂੰ ਦਰਸਾਉਂਦਾ ਹੈ। ਪ੍ਰਾਚੀਨ ਵ੍ਰਿਤਾਂਤ ਵੱਖ-ਵੱਖ ਸਮੱਗਰੀਆਂ ਦੀ ਵਰਤੋਂ ਨਾਲ ਬਣਾਏ ਗਏ ਲੜੀਵਾਰ ਮੰਦਰਾਂ ਦਾ ਵਰਣਨ ਕਰਦੇ ਹਨ, ਜੋ ਨਵੀਨੀਕਰਨ ਅਤੇ ਨਿਰੰਤਰਤਾ ਦਾ ਪ੍ਰਤੀਕ ਹਨ। ਸੋਮਨਾਥ ਦੇ ਇਤਿਹਾਸ ਦਾ ਸਭ ਤੋਂ ਉਥਲ-ਪੁਥਲ ਵਾਲਾ ਪੜਾਅ 11ਵੀਂ ਸਦੀ ਵਿੱਚ ਸ਼ੁਰੂ ਹੋਇਆ। 

ਜਨਵਰੀ 1026 ਵਿੱਚ, ਸੋਮਨਾਥ ਨੂੰ ਹਮਲਾਵਰਾਂ ਵੱਲੋਂ ਆਪਣੇ ਪਹਿਲੇ ਅਭਿਲੇਖਿਤ ਹਮਲੇ ਦਾ ਸਾਹਮਣਾ ਕਰਨਾ ਪਿਆ। ਇਸ ਨੇ ਇੱਕ ਲੰਬੇ ਸਮੇਂ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਸਦੀਆਂ ਤੱਕ ਮੰਦਿਰ ਨੂੰ ਵਾਰ- ਵਾਰ ਨਸ਼ਟ ਕੀਤਾ ਗਿਆ ਅਤੇ ਮੁੜ ਬਣਾਇਆ ਗਿਆ। ਇਸ ਦੇ ਬਾਵਜੂਦ, ਸੋਮਨਾਥ ਲੋਕਾਂ ਦੀ ਸਾਂਝੀ ਚੇਤਨਾ ਤੋਂ ਕਦੇ ਓਝਲ ਨਹੀਂ ਹੋਇਆ। ਮੰਦਿਰ ਦੇ ਵਿਨਾਸ਼ ਅਤੇ ਪੁਨਰੁੱਥਾਨ ਦਾ ਇਹ ਚੱਕਰ ਵਿਸ਼ਵ ਇਤਿਹਾਸ ਵਿੱਚ ਅਦੁੱਤੀ ਹੈ। ਇਹ ਦਰਸਾਉਂਦਾ ਹੈ ਕਿ ਸੋਮਨਾਥ ਕਦੇ ਵੀ ਸਿਰਫ਼ ਪੱਥਰ ਦੀ ਇੱਕ ਬਣਤਰ ਨਹੀਂ ਸੀ, ਸਗੋਂ ਆਸਥਾ, ਪਛਾਣ ਅਤੇ ਸੱਭਿਆਚਾਰਕ ਗੌਰਵ ਦਾ ਇੱਕ ਜੀਵੰਤ ਪ੍ਰਤੀਕ ਸੀ। 

1947 ਵਿੱਚ, ਸਰਦਾਰ ਵੱਲਭਭਾਈ ਪਟੇਲ ਨੇ ਸੋਮਨਾਥ ਦੇ ਖੰਡਰਾਂ ਦਾ ਦੌਰਾ ਕੀਤਾ ਅਤੇ ਮੰਦਿਰ ਦੇ ਪੁਨਰਨਿਰਮਾਣ ਦਾ ਆਪਣਾ ਦ੍ਰਿੜ੍ਹ ਸੰਕਲਪ ਪ੍ਰਗਟ ਕੀਤਾ। ਉਨ੍ਹਾਂ ਦਾ ਦ੍ਰਿਸ਼ਟੀਕੋਣ ਇਸ ਵਿਸ਼ਵਾਸ 'ਤੇ ਅਧਾਰਿਤ ਸੀ ਕਿ ਸੋਮਨਾਥ ਦਾ ਪੁਨਰੁੱਥਾਨ ਭਾਰਤ ਦੇ ਸੱਭਿਆਚਾਰਕ ਵਿਸ਼ਵਾਸ ਨੂੰ ਬਹਾਲ ਕਰਨ ਲਈ ਲਾਜ਼ਮੀ ਹੈ। ਇਹ ਪੁਨਰਨਿਰਮਾਣ ਜਨ-ਭਾਗੀਦਾਰੀ ਅਤੇ ਰਾਸ਼ਟਰੀ ਸੰਕਲਪ ਨਾਲ ਸ਼ੁਰੂ ਕੀਤਾ ਗਿਆ ਸੀ। ਕੈਲਾਸ਼ ਮਹਾਮੇਰੂ ਪ੍ਰਸਾਦ ਆਰਕੀਟੈਕਚਰ ਸ਼ੈਲੀ ਵਿੱਚ ਨਿਰਮਿਤ ਵਰਤਮਾਨ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ 11 ਮਈ, 1951 ਨੂੰ ਕੀਤੀ ਗਈ ਸੀ। ਇਹ ਸਮਾਰੋਹ ਸਿਰਫ਼ ਇੱਕ ਮੰਦਿਰ ਦੇ ਮੁੜ ਖੁੱਲ੍ਹਣ ਦਾ ਪ੍ਰਤੀਕ ਨਹੀਂ ਸੀ, ਸਗੋਂ ਭਾਰਤ ਦੇ ਸੱਭਿਆਚਾਰਕ ਆਤਮ-ਸਨਮਾਨ ਦੀ ਪੁਸ਼ਟੀ ਸੀ। 

ਸ਼੍ਰੀ ਨਰੇਂਦਰ ਮੋਦੀ ਨੇ 31 ਅਕਤੂਬਰ 2001 ਨੂੰ ਆਯੋਜਿਤ ਉਸ ਕਾਰਜਕ੍ਰਮ ਵਿੱਚ ਹਿੱਸਾ ਲਿਆ ਸੀ, ਜੋ 1951 ਵਿੱਚ ਤਤਕਾਲੀਨ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਪੁਨਰਨਿਰਮਿਤ ਸੋਮਨਾਥ ਮੰਦਿਰ ਦੇ ਮੁੜ ਖੁੱਲ੍ਹਣ ਦੇ 50 ਸਾਲ ਪੂਰੇ ਹੋਣ ਦੇ ਉਪਲਕਸ਼ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਅਵਸਰ 'ਤੇ ਮੰਦਿਰ ਦੇ ਪੁਨਰਨਿਰਮਾਣ ਵਿੱਚ ਸਰਦਾਰ ਵੱਲਭਭਾਈ ਪਟੇਲ, ਕੇ. ਐੱਮ. ਮੁੰਸ਼ੀ ਅਤੇ ਕਈ ਹੋਰ ਲੋਕਾਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ 'ਤੇ ਪ੍ਰਕਾਸ਼ ਪਾਇਆ ਗਿਆ ਸੀ। ਇਹ ਕਾਰਜਕ੍ਰਮ ਸਰਦਾਰ ਵੱਲਭਭਾਈ ਪਟੇਲ ਦੀ 125ਵੀਂ ਜਨਮ ਜਯੰਤੀ ਦੇ ਅਵਸਰ 'ਤੇ ਆਯੋਜਿਤ ਹੋਇਆ ਸੀ ਅਤੇ ਇਸ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ, ਤਤਕਾਲੀਨ ਗ੍ਰਹਿ ਮੰਤਰੀ ਲਾਲਕ੍ਰਿਸ਼ਨ ਅਡਵਾਣੀ ਅਤੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ ਸੀ। 

ਸਾਲ 2026 ਵਿੱਚ, ਰਾਸ਼ਟਰ 1951 ਦੇ ਉਸ ਇਤਿਹਾਸਿਕ ਸਮਾਰੋਹ ਦੇ 75 ਸਾਲ ਪੂਰੇ ਹੋਣ ਦਾ ਉਤਸਵ ਮਨਾ ਰਿਹਾ ਹੈ, ਜੋ ਨਾ ਸਿਰਫ਼ ਸੋਮਨਾਥ ਮੰਦਿਰ ਦੇ ਮੁੜ ਖੁੱਲ੍ਹਣ ਦਾ ਪ੍ਰਤੀਕ ਸੀ, ਸਗੋਂ ਭਾਰਤ ਦੇ ਸੱਭਿਆਚਾਰਕ ਸਵਾਭਿਮਾਨ ਦੀ ਪੁਨਰਸਥਾਪਨਾ ਵੀ ਸੀ। ਸਾਢੇ ਸੱਤ ਦਹਾਕਿਆਂ ਬਾਅਦ, ਸੋਮਨਾਥ ਅੱਜ ਇੱਕ ਨਵੇਂ ਕਾਇਆਕਲਪ ਨਾਲ ਖੜ੍ਹਾ ਹੈ, ਜੋ ਉਸ ਸਾਂਝੇ ਰਾਸ਼ਟਰੀ ਸੰਕਲਪ ਦੀ ਚਿਰਸਥਾਈ ਸ਼ਕਤੀ ਨੂੰ ਪ੍ਰਤੀਬਿੰਬਿਤ ਕਰਦਾ ਹੈ। 

ਸੋਮਨਾਥ ਮੰਦਿਰ: ਭਵਿਅਤਾ, ਆਸਥਾ ਅਤੇ ਜੀਵੰਤ ਵਿਰਾਸਤ    

ਸੋਮਨਾਥ ਨੂੰ ਭਗਵਾਨ ਸ਼ਿਵ ਦੇ 12 ਆਦਿ ਜਿਓਤਿਰਲਿੰਗਾਂ ਵਿੱਚ ਪਹਿਲੇ ਵਜੋਂ ਪੂਜਿਆ ਜਾਂਦਾ ਹੈ। ਵਰਤਮਾਨ ਮੰਦਿਰ ਪਰਿਸਰ ਵਿੱਚ ਗਰਭਗ੍ਰਿਹ, ਸਭਾਮੰਡਪ ਅਤੇ ਨ੍ਰਿਤਮੰਡਪ ਸ਼ਾਮਲ ਹਨ, ਜੋ ਅਰਬ ਸਾਗਰ ਦੇ ਕੰਢੇ ਭਵਿਅਤਾ ਨਾਲ ਖੜ੍ਹੇ ਹਨ। ਮੰਦਿਰ ਦੇ ਸਿਖਰ ਦੀ ਉਚਾਈ 150 ਫੁੱਟ ਹੈ, ਜਿਸ ਦੇ ਸਿਖਰ 'ਤੇ 10 ਟਨ ਭਾਰੀ ਕਲਸ਼ ਸਥਾਪਿਤ ਹੈ। 27 ਫੁੱਟ ਉੱਚਾ ਧਵਜਦੰਡ ਮੰਦਿਰ ਦੀ ਅਧਿਆਤਮਿਕ ਮੌਜੂਦਗੀ ਦਾ ਪ੍ਰਤੀਕ ਹੈ। ਪੂਰਾ ਪਰਿਸਰ 1,666 ਸੋਨੇ-ਮੰਡਿਤ ਕਲਸ਼ਾਂ ਅਤੇ 14,200 ਝੰਡਿਆਂ ਨਾਲ ਸੁਸੱਜਿਤ ਹੈ, ਜੋ ਪੀੜ੍ਹੀਆਂ ਦੀ ਭਗਤੀ ਅਤੇ ਉੱਤਮ ਸ਼ਿਲਪ ਕੌਸ਼ਲ ਦਾ ਪ੍ਰਤੀਕ ਹਨ। 

ਸੋਮਨਾਥ ਨਿਰੰਤਰ ਜੀਵੰਤ ਉਪਾਸਨਾ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹਮੇਸ਼ਾ ਵੱਧ ਰਹੀ ਹੈ। ਇਹ ਗਿਣਤੀ ਇੱਕ ਸਾਲ ਵਿੱਚ 92 ਤੋਂ 97 ਲੱਖ ਭਗਤਾਂ ਵਿਚਕਾਰ ਰਹਿੰਦੀ ਹੈ (2020 ਵਿੱਚ ਲਗਭਗ 98 ਲੱਖ ਤੀਰਥਯਾਤਰੀਆਂ ਨੇ ਮੰਦਿਰ ਦੇ ਦਰਸ਼ਨ ਕੀਤੇ)। ਬਿਲਵ ਪੂਜਾ ਵਰਗੇ ਅਨੁਸ਼ਠਾਨਾਂ ਵਿੱਚ 13.77 ਲੱਖ ਤੋਂ ਵੱਧ ਭਗਤ ਹਿੱਸਾ ਲੈਂਦੇ ਹਨ, ਜਦਕਿ 2025 ਵਿੱਚ ਮਹਾਸ਼ਿਵਰਾਤਰੀ ਦੇ ਅਵਸਰ 'ਤੇ 3.56 ਲੱਖ ਸ਼ਰਧਾਲੂ ਆਏ ਸਨ। ਭਗਤਾਂ ਨੂੰ ਸੋਮਨਾਥ ਦੇ ਇਤਿਹਾਸ ਨਾਲ ਜੋੜਨ ਵਿੱਚ ਸੱਭਿਆਚਾਰਕ ਪਹਿਲਕਦਮੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2003 ਵਿੱਚ ਸ਼ੁਰੂ ਕੀਤਾ ਗਿਆ ਪ੍ਰਕਾਸ਼ ਅਤੇ ਧੁਨੀ ਸ਼ੋਅ (ਲਾਈਟ ਐਂਡ ਸਾਊਂਡ ਸ਼ੋਅ) ਨੂੰ 2017 ਵਿੱਚ ਕਥਾ ਵ੍ਰਿਤਾਂਤ ਅਤੇ 3 ਡੀ ਲੇਜ਼ਰ ਤਕਨੀਕ ਨਾਲ ਆਧੁਨਿਕ ਬਣਾਇਆ ਗਿਆ, ਪਿਛਲੇ ਤਿੰਨ ਸਾਲਾਂ ਵਿੱਚ ਇਸ ਸ਼ੋਅ ਵਿੱਚ 10 ਲੱਖ ਤੋਂ ਵੱਧ ਦਰਸ਼ਕ ਵੇਖ ਚੁੱਕੇ ਹਨ। 'ਵੰਦੇ ਸੋਮਨਾਥ ਕਲਾ ਮਹੋਤਸਵ' ਵਰਗੇ ਕਾਰਜਕ੍ਰਮਾਂ ਨੇ ਲਗਭਗ 1,500 ਸਾਲ ਪੁਰਾਣੀਆਂ ਨ੍ਰਿਤ ਪਰੰਪਰਾਵਾਂ ਨੂੰ ਪੁਨਰਜੀਵਿਤ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜੋ ਸ਼੍ਰੀ ਸੋਮਨਾਥ ਟਰੱਸਟ ਦੇ ਪ੍ਰਮੁੱਖ ਵਜੋਂ ਵੀ ਕੰਮ ਕਰ ਰਹੇ ਹਨ, ਉਨ੍ਹਾਂ ਦੇ ਨੇਤ੍ਰਿਤਵ ਹੇਠ ਸੋਮਨਾਥ ਪੁਨਰੁੱਥਾਨ ਦੇ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਸ਼ਾਸਕੀ ਸੁਧਾਰਾਂ, ਬੁਨਿਆਦੀ ਢਾਂਚੇ ਦੇ ਉੱਨਤੀਕਰਨ ਅਤੇ ਵਿਰਾਸਤ ਸੁਰੱਖਿਆ ਦੇ ਯਤਨਾਂ ਨੇ ਅਧਿਆਤਮਿਕ ਅਤੇ ਸੱਭਿਆਚਾਰਕ ਕੇਂਦਰ ਵਜੋਂ ਮੰਦਿਰ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਹੈ। 

ਅਧਿਆਤਮਿਕ ਨਿਰਮਾਣ ਅਤੇ ਪਦਯਾਤਰਾ

ਸੋਮਨਾਥ ਸਵਾਭਿਮਾਨ ਪਰਵ ਤੋਂ ਪਹਿਲਾਂ, ਸੋਮਨਾਥ ਵਿੱਚ ਇੱਕ ਅਨੋਖਾ ਅਧਿਆਤਮਿਕ ਉਤਸ਼ਾਹ ਦਾ ਮਾਹੌਲ ਵੇਖਿਆ ਗਿਆ। ਗਿਰਨਾਰ ਤੀਰਥ ਯਾਤਰਾ ਅਤੇ ਹੋਰ ਪਵਿੱਤਰ ਕੇਂਦਰਾਂ ਦੇ ਸੰਤਾਂ ਨੇ ਸ਼ੰਖ ਚੌਕ ਤੋਂ ਸੋਮਨਾਥ ਮੰਦਿਰ ਤੱਕ ਪਦਯਾਤਰਾ ਕੀਤੀ। 

ਇਹ ਸ਼ੋਭਾਯਾਤਰਾ ਭਗਵਾਨ ਸ਼ਿਵ ਦੇ ਪ੍ਰਿਯ ਡਮਰੂ, ਪਰੰਪਰਾਗਤ ਵਾਦਯੰਤਰਾਂ ਅਤੇ ਭਗਤੀ ਸੰਗੀਤ ਦੀ ਧੁਨੀ ਨਾਲ ਗੂੰਜਾਇਮਾਨ ਸੀ। ਸਿੱਧਿਵਿਨਾਇਕ ਢੋਲ ਸਮੂਹ ਦੇ ਲਗਭਗ 75 ਢੋਲ ਵਾਦਕਾਂ ਨੇ ਇਸ ਵਿੱਚ ਹਿੱਸਾ ਲਿਆ, ਜਿਸ ਨਾਲ ਇੱਕ ਲੈਅਬੱਧ ਅਤੇ ਅਧਿਆਤਮਿਕ ਰੂਪ ਵਿੱਚ ਊਰਜਾਵਾਨ ਮਾਹੌਲ ਬਣਿਆ। ਪੂਰੇ ਮੰਦਿਰ ਪਰਿਸਰ ਵਿੱਚ "ਹਰ ਹਰ ਮਹਾਦੇਵ" ਦੇ ਜੈਕਾਰੇ ਗੂੰਜ ਉੱਠੇ। 

ਸੰਤਾਂ ਅਤੇ ਵਿਸ਼ੇਸ਼ ਪ੍ਰਤੀਭਾਗੀਆਂ ਨੇ ਡੂੰਘੀ ਸ਼ਰਧਾ ਨਾਲ ਅਰਾਧਨਾ ਕੀਤੀ। ਇਸ ਪਦਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਅਤੇ ਮੰਦਿਰ ਪਰਿਸਰ ਦਿਵਯ ਸ਼ਾਨ ਵਿੱਚ ਬਦਲ ਗਿਆ। ਉੱਥੇ ਮੌਜੂਦ ਸ਼ਰਧਾਲੂਆਂ ਨੇ ਅਧਿਆਤਮਿਕ ਸੰਤੋਸ਼ ਅਤੇ ਪੂਰਨਤਾ ਦੀ ਡੂੰਘੀ ਅਨੁਭੂਤੀ ਕੀਤੀ। 

ਸੋਮਨਾਥ ਮੰਦਿਰ ਵਿੱਚ ਔਰਤ ਸਸ਼ਕਤੀਕਰਣ ਅਤੇ ਸਥਿਰਤਾ

2018 ਵਿੱਚ "ਸਵੱਛ ਆਦਰਸ਼ ਸਥਲ" ਘੋਸ਼ਿਤ ਹੋਣ ਤੋਂ ਬਾਅਦ, ਸੋਮਨਾਥ ਨੇ ਸਥਿਰਤਾ ਦੇ ਖੇਤਰ ਵਿੱਚ ਕਈ ਨਵੀਨ ਪ੍ਰਥਾਵਾਂ ਅਪਣਾਈਆਂ ਹਨ। ਮੰਦਿਰ ਵਿੱਚ ਚੜ੍ਹਾਏ ਜਾਣ ਵਾਲੇ ਫੁੱਲਾਂ ਨੂੰ ਵਰਮੀਕੰਪੋਸਟ ਵਿੱਚ ਬਦਲਿਆ ਜਾ ਰਿਹਾ ਹੈ, ਜਿਸ ਨਾਲ ਪਰਿਸਰ ਦੇ 1,700 ਬਿਲਵ ਵ੍ਰਿਖਾਂ ਨੂੰ ਪੋਸ਼ਣ ਮਿਲਦਾ ਹੈ। 'ਮਿਸ਼ਨ ਲਾਈਫ' ਦੇ ਅਧੀਨ, ਪਲਾਸਟਿਕ ਕੂੜੇ ਨੂੰ ਸੜਕ ਬਣਾਉਣ ਵਾਲੇ ਬਲਾਕਾਂ ਵਿੱਚ ਬਦਲਿਆ ਜਾ ਰਿਹਾ ਹੈ, ਜਿਸ ਨਾਲ ਹਰ ਮਹੀਨੇ ਲਗਭਗ 4,700 ਬਲਾਕ ਤਿਆਰ ਹੁੰਦੇ ਹਨ। ਇਸ ਤੋਂ ਇਲਾਵਾ, ਵਰਖਾ ਜਲ ਸਟੋਰੇਜ ਨਾਲ ਪ੍ਰਤੀ ਮਹੀਨੇ ਲਗਭਗ 30 ਲੱਖ ਲੀਟਰ ਗੰਦੇ ਜਲ ਦਾ ਸ਼ੁੱਧੀਕਰਨ ਕੀਤਾ ਜਾਂਦਾ ਹੈ। 

72,000 ਵਰਗ ਫੁੱਟ ਵਿੱਚ ਫੈਲੇ 7,200 ਦਰਖਤਾਂ ਵਾਲਾ ਇੱਕ ਮੀਆਵਾਕੀ ਵਨ ਹਰ ਸਾਲ ਲਗਭਗ 93,000 ਕਿਲੋਗ੍ਰਾਮ ਕਾਰਬਨ ਡਾਈਔਕਸਾਈਡ ਨੂੰ ਲੀਨ ਕਰਦਾ ਹੈ। ਇਸ ਤੋਂ ਇਲਾਵਾ, ਅਭਿਸ਼ੇਕ ਜਲ ਨੂੰ ਸ਼ੁੱਧ ਕਰਕੇ 'ਸੋਮਗੰਗਾਜਲ' ਵਜੋਂ ਬੋਤਲਬੰਦ ਕੀਤਾ ਜਾਂਦਾ ਹੈ, ਜਿਸ ਨਾਲ ਦਸੰਬਰ 2024 ਤੱਕ 1.13 ਲੱਖ ਤੋਂ ਵੱਧ ਪਰਿਵਾਰ ਲਾਭਾਨਵਿਤ ਹੋ ਚੁੱਕੇ ਹਨ। 

ਸੋਮਨਾਥ ਔਰਤ ਸਸ਼ਕਤੀਕਰਣ ਦੇ ਇੱਕ ਸਸ਼ਕਤ ਕੇਂਦਰ ਵਜੋਂ ਵੀ ਉਭਰਿਆ ਹੈ। ਸੋਮਨਾਥ ਮੰਦਿਰ ਟਰੱਸਟ ਦੇ 906 ਕਰਮਚਾਰੀਆਂ ਵਿੱਚੋਂ 262 ਔਰਤਾਂ ਹਨ। ਵਿਸ਼ੇਸ਼ ਤੌਰ 'ਤੇ, ਬਿਲਵ ਵਨ ਦਾ ਪ੍ਰਬੰਧ ਪੂਰੀ ਤਰ੍ਹਾਂ ਔਰਤਾਂ ਵੱਲੋਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, 65 ਔਰਤਾਂ ਪ੍ਰਸਾਦ ਵੰਡ ਦੇ ਕੰਮ ਵਿੱਚ ਅਤੇ 30 ਔਰਤਾਂ ਮੰਦਿਰ ਦੀਆਂ ਭੋਜਨ ਸੇਵਾਵਾਂ ਵਿੱਚ ਜੁਟੀਆਂ ਹੋਈਆਂ ਹਨ। ਕੁੱਲ ਮਿਲਾ ਕੇ, 363 ਔਰਤਾਂ ਨੂੰ ਇੱਥੇ ਸਿੱਧਾ ਰੁਜ਼ਗਾਰ ਪ੍ਰਾਪਤ ਹੈ, ਜੋ ਸਾਂਝੇ ਤੌਰ 'ਤੇ ਸਾਲਾਨਾ ਲਗਭਗ 9 ਕਰੋੜ ਰੁਪਏ ਦੀ ਆਮਦਨ ਅਰਜਿਤ ਕਰਦੀਆਂ ਹਨ। ਇਹ ਉਨ੍ਹਾਂ ਦੇ ਆਰਥਿਕ ਆਤਮ-ਨਿਰਭਰਤਾ ਅਤੇ ਗਰਿਮਾਪੂਰਨ ਜੀਵਨ ਨੂੰ ਦਰਸਾਉਂਦਾ ਹੈ। 

ਪ੍ਰਧਾਨ ਮੰਤਰੀ ਦੀ ਯਾਤਰਾ ਅਤੇ ਸੰਬੰਧਿਤ ਕਾਰਜਕ੍ਰਮ   

8 ਤੋਂ 11 ਜਨਵਰੀ 2026 ਤੱਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੌਰੇ ਨਾਲ ਸੋਮਨਾਥ ਸਵਾਭਿਮਾਨ ਪਰਵ ਨੂੰ ਰਾਸ਼ਟਰੀ ਮਹੱਤਵ ਮਿਲ ਰਿਹਾ ਹੈ। 

10 ਜਨਵਰੀ, 2026 ਨੂੰ, ਪ੍ਰਧਾਨ ਮੰਤਰੀ ਸੋਮਨਾਥ ਵਿੱਚ ਹੋਣਗੇ ਅਤੇ ਸਵਾਭਿਮਾਨ ਪਰਵ ਦੇ ਅਵਸਰ 'ਤੇ ਮੁੱਖ ਅਧਿਆਤਮਿਕ ਕਾਰਜਕ੍ਰਮਾਂ ਵਿੱਚ ਹਿੱਸਾ ਲੈਣਗੇ। ਸ਼ਾਮ ਦੇ ਸਮੇਂ, ਉਹ ਮੰਦਿਰ ਪਰਿਸਰ ਵਿੱਚ ਆਯੋਜਿਤ ਓਂਕਾਰ ਮੰਤਰ ਜਾਪ ਵਿੱਚ ਸ਼ਾਮਲ ਹੋਣਗੇ। ਉਹ ਉੱਥੇ ਚੱਲ ਰਹੇ 72 ਘੰਟੇ ਦੇ ਅਖੰਡ ਓਂਕਾਰ ਜਾਪ ਵਿੱਚ ਸ਼ਾਮਲ ਹੋਣਗੇ, ਜੋ ਆਸਥਾ ਦੀ ਨਿਰੰਤਰਤਾ, ਏਕਤਾ ਅਤੇ ਸੱਭਿਆਚਾਰ ਦੀ ਸ਼ਕਤੀ ਦਾ ਪ੍ਰਤੀਕ ਹੈ। ਉਸੇ ਸ਼ਾਮ, ਪ੍ਰਧਾਨ ਮੰਤਰੀ ਸਵਾਭਿਮਾਨ ਪਰਵ ਸਮਾਰੋਹ ਵਿੱਚ ਆਯੋਜਿਤ ਸ਼ਾਨਦਾਰ ਡਰੋਨ ਸ਼ੋਅ ਦਾ ਵੀ ਨਿਰੀਖਣ ਕਰਨਗੇ। 

11 ਜਨਵਰੀ, 2026 ਨੂੰ ਪ੍ਰਧਾਨ ਮੰਤਰੀ 'ਸ਼ੌਰਿਆ ਯਾਤਰਾ' ਦਾ ਨੇਤ੍ਰਿਤਵ ਕਰਨਗੇ, ਇਹ ਯਾਤਰਾ ਸੋਮਨਾਥ ਸਵਾਭਿਮਾਨ ਪਰਵ ਦੇ ਹਿੱਸੇ ਵਜੋਂ ਆਯੋਜਿਤ ਇੱਕ ਪ੍ਰਤੀਕਾਤਮਕ ਜਲੂਸ ਹੈ। ਇਹ ਸ਼ੌਰਿਆ ਯਾਤਰਾ ਉਸ ਸਾਹਸ, ਬਲਿਦਾਨ ਅਤੇ ਅਜਿੱਤ ਭਾਵਨਾ ਦਾ ਪ੍ਰਤੀਨਿਧਤਵ ਕਰਦੀ ਹੈ ਜਿਸ ਨੇ ਸਦੀਆਂ ਤੋਂ ਵਿਪਰੀਤ ਪਰਿਸਥਿਤੀਆਂ ਦੇ ਬਾਵਜੂਦ ਸੋਮਨਾਥ ਨੂੰ ਸੁਰੱਖਿਅਤ ਰੱਖਿਆ। ਯਾਤਰਾ ਤੋਂ ਬਾਅਦ, ਪ੍ਰਧਾਨ ਮੰਤਰੀ ਸੋਮਨਾਥ ਮੰਦਿਰ ਵਿੱਚ ਪੂਜਾ-ਅਰਚਨਾ ਕਰਨਗੇ। 

ਪ੍ਰਧਾਨ ਮੰਤਰੀ ਬਾਅਦ ਵਿੱਚ ਸੋਮਨਾਥ ਵਿੱਚ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਮੰਦਿਰ ਦੇ ਸੱਭਿਆਚਾਰਕ ਮਹੱਤਵ, ਸਵਾਭਿਮਾਨ ਪਰਵ ਦੀ ਸਾਰਥਕਤਾ ਅਤੇ ਸੋਮਨਾਥ ਨਾਲ ਜੁੜੇ ਆਤਮਵਿਸ਼ਵਾਸ, ਜੀਵਨਸ਼ਕਤੀ ਅਤੇ ਸਵੈ-ਮਾਣ ਦੇ ਚਿਰਸਥਾਈ ਸੰਦੇਸ਼ 'ਤੇ ਪ੍ਰਕਾਸ਼ ਪਾਉਣਗੇ। 

ਇਨ੍ਹਾਂ ਆਯੋਜਨਾਂ ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਸੋਮਨਾਥ ਸਵਾਭਿਮਾਨ ਪਰਵ ਦੇ ਰਾਸ਼ਟਰੀ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ ਅਤੇ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਸ ਦਾ ਉਤਸਵ ਮਨਾਉਣ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਇਹ ਯਾਤਰਾ ਭਾਰਤ ਦੀ ਸੱਭਿਆਚਾਰਕ ਨਿਰੰਤਰਤਾ ਅਤੇ ਸਾਂਝੇ ਵਿਸ਼ਵਾਸ ਦੇ ਇੱਕ ਜੀਵੰਤ ਅਤੇ ਸਥਾਈ ਪ੍ਰਤੀਕ ਵਜੋਂ ਸੋਮਨਾਥ ਦੀ ਭੂਮਿਕਾ 'ਤੇ ਵੀ ਪ੍ਰਕਾਸ਼ ਪਾਉਂਦੀ ਹੈ। 

ਨਿਸ਼ਕਰਸ਼

ਸੋਮਨਾਥ ਸਵਾਭਿਮਾਨ ਪਰਵ ਭਾਰਤ ਦੇ ਸੱਭਿਆਚਾਰਕ ਆਤਮਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ। ਇਹ ਵਿਨਾਸ਼ ਉੱਤੇ ਜੀਵੰਤਤਾ ਅਤੇ ਭੈ ਉੱਤੇ ਅਟੁੱਟ ਆਸਥਾ ਦੀ ਜਿੱਤ ਦਾ ਸਨਮਾਨ ਹੈ। ਸੌਰਾਸ਼ਟਰ ਦੇ ਕੰਢੇ ਅਡਿੱਗ ਖੜ੍ਹਾ ਸੋਮਨਾਥ ਮੰਦਿਰ ਦੁਨੀਆ ਭਰ ਵਿੱਚ ਭਾਰਤੀਆਂ ਨੂੰ ਪ੍ਰੇਰਿਤ ਕਰਦਾ ਹੈ। ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਜਿੱਥੇ ਵਿਨਾਸ਼ਕਾਰੀ ਸ਼ਕਤੀਆਂ ਇਤਿਹਾਸ ਦੇ ਪੰਨਿਆਂ ਵਿੱਚ ਓਝਲ ਹੋ ਜਾਂਦੀਆਂ ਹਨ, ਉੱਥੇ ਹੀ ਸੱਚਾਈ, ਏਕਤਾ ਅਤੇ ਆਤਮ-ਸਨਮਾਨ ਵਿੱਚ ਨਿਹਿਤ ਵਿਸ਼ਵਾਸ ਹਮੇਸ਼ਾ ਅਖੰਡ ਰਹਿੰਦਾ ਹੈ। 

आदिनाथेन शर्वेण सर्वप्राणिहिताय वै।

आद्यतत्त्वान्यथानीयं क्षेत्रमेतन्महाप्रभम्।

प्रभासितं महादेवि यत्र सिद्ध्यन्ति मानवाः॥

ਅਰਥ: ਸਰਵਸ਼ਕਤੀਮਾਨ ਭਗਵਾਨ ਸ਼ਿਵ ਨੇ, ਆਪਣੇ ਆਦਿਨਾਥ ਸਵਰੂਪ ਵਿੱਚ, ਸਮੁੱਚੇ ਪ੍ਰਾਣੀਆਂ ਦੇ ਕਲਿਆਣ ਲਈ ਆਪਣੇ ਸ਼ਾਸ਼ਵਤ ਸਿਧਾਂਤ ਅਤੇ ਸੰਕਲਪ ਨਾਲ ਇਸ ਅਤਿਅੰਤ ਸ਼ਕਤੀਸ਼ਾਲੀ ਅਤੇ ਪਵਿੱਤਰ ਖੇਤਰ ਨੂੰ ਪ੍ਰਗਟ ਕੀਤਾ, ਜਿਸ ਨੂੰ ਪ੍ਰਭਾਸ ਖੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਿਵਯ ਆਭਾ ਨਾਲ ਆਲੋਕਿਤ ਇਹ ਪੱਵਿਤਰ ਭੂਮੀ ਉਹ ਸਥਾਨ ਹੈ ਜਿੱਥੇ ਮਨੁੱਖਾਂ ਨੂੰ ਅਧਿਆਤਮਿਕ ਪੂਰਨਤਾ, ਗੁਣ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।   

ਸੰਦਰਭ

  1. https://www.pib.gov.in/PressNoteDetails.aspx?NoteId=154536&ModuleId=3&reg=3&lang=2
  2. https://www.pib.gov.in/PressReleasePage.aspx?PRID=2122423&reg=3&lang=2
  3. https://www.pib.gov.in/PressReleasePage.aspx?PRID=2212756&reg=3&lang=2
  4. https://www.pib.gov.in/PressReleasePage.aspx?PRID=2212686&reg=3&lang=1
  5. https://www.pib.gov.in/PressReleasePage.aspx?PRID=2212293&reg=3&lang=1
  6. https://www.pib.gov.in/PressReleseDetailm.aspx?PRID=2212686&reg=3&lang=2
  7. https://www.newsonair.gov.in/hm-amit-shah-appeals-to-nation-to-join-somnath-swabhiman-parv/
  8. https://somnath.org/
  9. https://somnath.org/jay-somnath
  10. https://somnath.org/somnath-darshan/
  11. https://somnath.org/social-activities/
  12. https://girsomnath.nic.in/about-district/history
  13. DIPR, Gujarat

Click here to see pdf

***

PIB Research/SJ/RN

(Explainer ID: 157009) आगंतुक पटल : 10
Provide suggestions / comments
इस विज्ञप्ति को इन भाषाओं में पढ़ें: English , हिन्दी , Nepali , Bengali , Manipuri , Gujarati , Odia , Kannada , Malayalam
Link mygov.in
National Portal Of India
STQC Certificate