• Skip to Content
  • Sitemap
  • Advance Search
Others

ਇਥੋਪੀਆ ਨਾਲ ਭਾਰਤ ਦੇ ਸਬੰਧ

Posted On: 17 DEC 2025 6:00PM

ਮੁੱਖ ਗੱਲਾਂ

  • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 16-17 ਦਸੰਬਰ 2025 ਨੂੰ ਆਪਣੀ ਪਹਿਲੀ ਦੁਵੱਲੀ ਯਾਤਰਾ ਦੌਰਾਨ ਇਥੋਪੀਆ ਦਾ ਦੌਰਾ ਕੀਤਾ।

  • ਅਦੀਸ ਅਬਾਬਾ ਦੌਰੇ ਦੌਰਾਨ ਉਨ੍ਹਾਂ ਨੂੰ ਇਥੋਪੀਆ ਦੇ ਸਰਬਉੱਚ ਸਨਮਾਨ ' ਦਿ ਗ੍ਰੇਟ ਆਨਰ ਨਿਸ਼ਾਨ ਆਫ ਇਥੋਪੀਆ' ਨਾਲ ਸਨਮਾਨਿਤ ਕੀਤਾ ਗਿਆ।

  • ਭਾਰਤ ਅਤੇ ਇਥੋਪੀਆ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਵਧਾਇਆ ਹੈ, ਜੋ ਸਹਿਯੋਗ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ।

  • ਭਾਰਤ ਅਤੇ ਇਥੋਪੀਆ ਨੇ ਅੱਠ ਐੱਮਓਯੂ ਅਤੇ ਸਮਝੌਤਿਆਂ 'ਤੇ ਹਸਤਾਖਰ ਕੀਤੇ, ਜਿਨ੍ਹਾਂ ਵਿੱਚ ਇਥੋਪੀਆ ਦੇ ਵਿਦੇਸ਼ ਮੰਤਰਾਲੇ ਵਿੱਚ ਇੱਕ ਡੇਟਾ ਸੈਂਟਰ ਸਥਾਪਿਤ ਕਰਨਾ ਅਤੇ G20 ਸਾਂਝੇ ਢਾਂਚੇ ਦੇ ਤਹਿਤ ਕਰਜ਼ੇ ਦੇ ਪੁਨਰਗਠਨ ਲਈ ਸਮਝੌਤਾ ਸ਼ਾਮਲ ਹੈ। 

  • 675 ਤੋਂ ਵੱਧ ਭਾਰਤੀ ਕੰਪਨੀਆਂ ਇਥੋਪੀਅਨ ਇਨਵੈਸਟਮੈਂਟ  ਕਮਿਸ਼ਨ ਨਾਲ ਰਜਿਸਟਰਡ ਹਨ, ਜਿਨ੍ਹਾਂ ਦਾ ਕੁੱਲ ਨਿਵੇਸ਼ 6.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ, ਖਾਸ ਕਰਕੇ ਨਿਰਮਾਣ ਅਤੇ ਫਾਰਮਾਸਿਊਟੀਕਲ ਦੇ ਮੁੱਖ ਖੇਤਰਾਂ ਵਿੱਚ, ਜਿਸ ਨਾਲ 75,000 ਤੋਂ ਵੱਧ ਸਥਾਨਕ ਨੌਕਰੀਆਂ ਪੈਦਾ ਹੁੰਦੀਆਂ ਹਨ।

  • ਦੁਵੱਲੇ ਸਬੰਧਾਂ ਨੂੰ ਵਿਦੇਸ਼ੀ ਦਫ਼ਤਰ ਸਲਾਹ-ਮਸ਼ਵਰੇ ਅਤੇ ਸੰਯੁਕਤ ਵਪਾਰ ਕਮੇਟੀ ਦੀਆਂ ਮੀਟਿੰਗਾਂ ਵਰਗੇ ਢਾਂਚਾਗਤ ਸੰਵਾਦਾਂ ਦੁਆਰਾ ਸਮਰਥਨ ਪ੍ਰਾਪਤ ਹੈ।

  • ਜੀ-20 ਅਤੇ ਬ੍ਰਿਕਸ ਸੰਮੇਲਨਾਂ ਦੌਰਾਨ ਪ੍ਰਧਾਨ ਮੰਤਰੀ-ਪੱਧਰੀ ਮੀਟਿੰਗਾਂ ਅਤੇ ਨਿਯਮਿਤ ਵਿਦੇਸ਼ ਮੰਤਰੀਆਂ ਦੀ ਗੱਲਬਾਤ ਰਾਹੀਂ ਉੱਚ-ਪੱਧਰੀ ਰਾਜਨੀਤਕ ਸ਼ਮੂਲੀਅਤ ਵੀ ਕਾਇਮ ਰਹਿੰਦੀ ਹੈ।

  • ਵਿੱਤੀ ਸਾਲ 2024-25 ਵਿੱਚ ਭਾਰਤ-ਇਥੋਪੀਆ ਦਾ ਕੁੱਲ ਵਪਾਰ 550.19 ਮਿਲੀਅਨ ਅਮਰੀਕੀ ਡਾਲਰ ਸੀ। ਭਾਰਤੀ ਨਿਰਯਾਤ 476.81 ਮਿਲੀਅਨ ਅਮਰੀਕੀ ਡਾਲਰ ਅਤੇ ਆਯਾਤ 73.38 ਮਿਲੀਅਨ ਅਮਰੀਕੀ ਡਾਲਰ ਰਿਹਾ, ਜਿਸ ਨਾਲ ਇਹ ਸਬੰਧ ਮਜ਼ਬੂਤੀ ਨਾਲ ਨਿਰਯਾਤ-ਅਧਾਰਿਤ ਬਣ ਗਿਆ ਹੈ।

 

ਜਾਣ-ਪਛਾਣ

 

15-18 ਦਸੰਬਰ, 2025 ਨੂੰ ਜਾਰਡਨ, ਇਥੋਪੀਆ ਅਤੇ ਓਮਾਨ ਦੇ ਤਿੰਨ ਦੇਸ਼ਾਂ ਦੇ ਦੌਰੇ ਤਹਿਤ, ਪ੍ਰਧਾਨ ਮੰਤਰੀ ਨਰੇਂਦਰ ਮੋਦੀ 16-17 ਦਸੰਬਰ ਨੂੰ ਇਥੋਪੀਆ ਵਿੱਚ ਸਨ। ਉਹ ਇਥੋਪੀਆ ਦੀ ਆਪਣੀ ਪਹਿਲੀ ਦੁਵੱਲੀ ਯਾਤਰਾ 'ਤੇ ਅਦੀਸ ਅਬਾਬਾ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਨਾਲ ਕਈ ਮੁੱਦਿਆਂ ‘ਤੇ ਵਿਆਪਕ ਵਿਚਾਰ-ਵਟਾਂਦਰੇ ਕੀਤੇ, ਜਿਸ ਵਿੱਚ ਦੁਵੱਲੇ ਮਾਮਲਿਆਂ ਅਤੇ ਆਪਸੀ ਹਿੱਤ ਦੇ ਮੁੱਦਿਆਂ ਦੀ ਵਿਆਪਕ ਸ਼੍ਰੇਣੀ ਸ਼ਾਮਲ ਸੀ।

ਭਾਰਤ-ਇਥੋਪੀਆ ਸਬੰਧ ਇਤਿਹਾਸਿਕ ਸਬੰਧਾਂ ਵਿੱਚ ਜੜ੍ਹੇ ਹੋਏ ਹਨ ਅਤੇ ਸਮਕਾਲੀ ਰਾਜਨੀਤਕ ਸ਼ਮੂਲੀਅਤ ਅਤੇ ਆਰਥਿਕ ਸਹਿਯੋਗ ਦੁਆਰਾ ਮਜ਼ਬੂਤ ਹੋਏ ਹਨ। ਇਥੋਪੀਆ ਅਫ਼ਰੀਕੀ ਉਪ ਮਹਾਦੀਪ ਦਾ ਇੱਕ ਮਹੱਤਵਪੂਰਨ ਦੇਸ਼ ਹੈ, ਬ੍ਰਿਕਸ ਫੋਰਮ ਦਾ ਮੈਂਬਰ ਹੈ, ਗਲੋਬਲ ਸਾਊਥ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਹੈ, ਅਤੇ ਭਾਰਤ ਲਈ, ਇੱਕ ਇਤਿਹਾਸਿਕ ਅਤੇ ਲੰਬੇ ਸਮੇਂ ਦਾ ਵਿਕਾਸ ਭਾਈਵਾਲ ਹੈ।

ਦੋਵਾਂ ਦੇਸ਼ਾਂ ਦਰਮਿਆਨ ਦੋਸਤੀ 2,000 ਸਾਲ ਤੋਂ ਵੱਧ ਪੁਰਾਣੀ ਹੈ ਜਦੋਂ ਐਕਸੂਮਾਈਟ ਸਾਮਰਾਜ (ਪਹਿਲੀ ਸਦੀ ਈ.) ਦੇ ਸਮੇਂ ਵਪਾਰ ਵਧਿਆ ਸੀ। ਭਾਰਤੀ ਵਪਾਰੀਆਂ ਨੇ 6ਵੀਂ ਸਦੀ ਈ. ਵਿੱਚ ਅਦੁਲਿਸ ਦੀ ਪ੍ਰਾਚੀਨ ਬੰਦਰਗਾਹ ਰਾਹੀਂ ਸੋਨੇ ਅਤੇ ਹਾਥੀ ਦੰਦ ਦੇ ਬਦਲੇ ਰੇਸ਼ਮ ਅਤੇ ਮਸਾਲਿਆਂ ਦਾ ਵਪਾਰ ਕੀਤਾ। 16ਵੀਂ ਸਦੀ ਵਿੱਚ, ਗੋਆ ਤੋਂ ਭਾਰਤੀ ਪੁਰਤਗਾਲੀ ਸੈਨਾ ਦੇ ਨਾਲ ਇਥੋਪੀਆ ਦੇ ਰਾਜੇ ਨੂੰ ਹਮਲਾਵਰਾਂ ਨਾਲ ਲੜਨ ਵਿੱਚ ਮਦਦ ਕਰਨ ਲਈ ਆਏ ਸਨ। ਇਥੋਪੀਆ ਉੱਤੇ ਇਟਲੀ ਦੇ ਕਬਜ਼ੇ ਨੂੰ ਖਤਮ ਕਰਨ ਵਿੱਚ ਮਦਦ ਕਰਨ ਵਾਲੀਆਂ ਬ੍ਰਿਟਿਸ਼ ਸੈਨਾਵਾਂ (1936 ਤੋਂ 1941 ਤੱਕ) ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸੈਨਿਕ ਸ਼ਾਮਲ ਸਨ।

ਭਾਰਤ ਅਤੇ ਇਥੋਪੀਆ ਦਰਮਿਆਨ ਰਸਮੀ ਕੂਟਨੀਤਕ ਸਬੰਧ 1950 ਵਿੱਚ ਸਥਾਪਿਤ ਹੋਏ ਸਨ। ਇਹ ਵਪਾਰ, ਨਿਵੇਸ਼, ਸਮਰੱਥਾ ਨਿਰਮਾਣ ਅਤੇ ਵਿਕਾਸ ਸਹਿਯੋਗ ਨੂੰ ਸ਼ਾਮਲ ਕਰਦੇ ਹੋਏ ਇੱਕ ਬਹੁਪੱਖੀ ਭਾਈਵਾਲੀ ਵਿੱਚ ਵਿਕਸਿਤ ਹੋਏ ਹਨ। ਜਿਸ ਵਿੱਚ ਵਪਾਰ ਇੱਕ ਕੇਂਦਰੀ ਥੰਮ੍ਹ ਬਣਿਆ ਹੋਇਆ ਹੈ, ਭਾਰਤ ਅਫਰੀਕਾ ਵਿੱਚ ਇਥੋਪੀਆ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ। ਜਿਸ ਦਾ ਮੁੱਖ ਕਾਰਨ ਭਾਰਤੀ ਨਿਰਯਾਤ  ਹੈ।

ਜੀ20 ਅਤੇ ਬ੍ਰਿਕਸ ਸੰਮੇਲਨਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਪੱਧਰ ਦੀਆਂ ਮੀਟਿੰਗਾਂ ਦੇ ਨਾਲ-ਨਾਲ ਨਿਯਮਿਤ ਮੰਤਰੀ ਪੱਧਰੀ ਅਤੇ ਸੰਸਥਾਗਤ ਸੰਵਾਦਾਂ ਰਾਹੀਂ ਰਾਜਨੀਤਕ ਸ਼ਮੂਲੀਅਤ ਇਕਸਾਰ ਰਹੀ ਹੈ। ਇਥੋਪੀਆ ਪ੍ਰਤੀ ਭਾਰਤ ਦੀ ਲੰਬੇ ਸਮੇਂ ਦੀ ਵਚਨਬੱਧਤਾ ਨਿਰੰਤਰ ਰਾਜਨੀਤਕ ਪਹੁੰਚ, ਸੰਯੁਕਤ ਵਪਾਰ ਕਮੇਟੀਆਂ ਵਰਗੇ ਢਾਂਚਾਗਤ ਵਿਧੀਆਂ ਅਤੇ ਦੇਸ਼ ਵਿੱਚ ਭਾਰਤੀ ਨਿਵੇਸ਼ ਦੀ ਮਜ਼ਬੂਤ ​​ਮੌਜੂਦਗੀ ਵਿੱਚ ਝਲਕਦੀ ਹੈ।

 

ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ-ਇਥੋਪੀਆ ਦੇ ਦੁਵੱਲੇ ਸਬੰਧ 

 

ਭਾਰਤ ਅਤੇ ਇਥੋਪੀਆ ਨੇ ਉੱਚ-ਪੱਧਰੀ ਰਾਜਨੀਤਕ ਗਤੀਵਿਧੀਆਂ ਰਾਹੀਂ ਮਜ਼ਬੂਤ ​​ਦੁਵੱਲੇ ਸਬੰਧ ਬਣਾਏ ਰੱਖੇ ਹਨ, ਜਿਸ ਵਿੱਚ ਬਹੁ-ਪੱਖੀ ਸ਼ਿਖਰ ਸੰਮੇਲਨਾਂ ਦੇ ਮੌਕੇ 'ਤੇ ਪ੍ਰਧਾਨ ਮੰਤਰੀਆਂ ਦਰਮਿਆਨ ਹਾਲ ਹੀ ਵਿੱਚ ਹੋਈਆਂ ਮੀਟਿੰਗਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੇ ਸਰਕਾਰੀ ਦੌਰੇ ਸ਼ਾਮਲ ਹਨ।

ਉੱਚ-ਪੱਧਰੀ ਰਾਜਨੀਤਕ ਜੁੜਾਅ

 

ਭਾਰਤ ਅਤੇ ਇਥੋਪੀਆ ਨੇ ਉੱਚ-ਪੱਧਰੀ ਸੰਪਰਕ ਮਜ਼ਬੂਤ ​ਬਣਾ ​ਰੱਖੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੇ 22 ਨਵੰਬਰ, 2025 ਨੂੰ ਜੋਹਾਨਸਬਰਗ ਵਿੱਚ G20 ਸਿਖਰ ਸੰਮੇਲਨ ਦੇ ਮੌਕੇ 'ਤੇ ਅਤੇ ਇਸ ਤੋਂ ਪਹਿਲਾਂ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ BRICS ਸਿਖਰ ਸੰਮੇਲਨ ਦੇ ਮੌਕੇ 'ਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਡਾ. ਅਬੀ ਅਹਿਮਦ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਤਕਨਾਲੋਜੀ, ਹੁਨਰ, ਸੰਸਦੀ ਸੰਪਰਕ, ਵਪਾਰ, ਨਿਵੇਸ਼, ਰੱਖਿਆ, ਆਈਸੀਟੀ, ਖੇਤੀਬਾੜੀ, ਸਿੱਖਿਆ ਅਤੇ ਲੋਕਾਂ ਦਰਮਿਆਨ ਸਬੰਧਾਂ ਵਿੱਚ ਦੁਵੱਲੇ ਸਬੰਧਾਂ ਨੂੰ ਵਧਾਉਣ 'ਤੇ ਚਰਚਾ ਕੀਤੀ। ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਕ੍ਰਮਵਾਰ 17 ਨਵੰਬਰ 2023 ਅਤੇ 17 ਅਗਸਤ 2024 ਨੂੰ ਭਾਰਤ ਦੀ ਪ੍ਰਧਾਨਗੀ ਹੇਠ ਦੂਜੇ ਅਤੇ ਤੀਜੇ ਵੌਇਸ ਆਫ਼ ਦ ਗਲੋਬਲ ਸਾਊਥ ਸੰਮੇਲਨ ਵਿੱਚ ਵੀ ਸ਼ਾਮਲ ਹੋਏ । ਦੋਵਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਟੈਲੀਫੋਨ 'ਤੇ ਗੱਲਬਾਤ ਵੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਘਰੇਲੂ, ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ਨੂੰ ਸ਼ਾਮਲ ਕਰਦੇ ਹੋਏ ਆਪਸੀ ਏਕਤਾ ਦਾ ਪ੍ਰਗਟਾਵਾ ਕੀਤਾ।

ਵਿਦੇਸ਼ ਮੰਤਰੀ ਪੱਧਰ 'ਤੇ ਵੀ ਨਿਯਮਿਤ ਗੱਲਬਾਤ ਹੋਈ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ 20 ਫਰਵਰੀ, 2025 ਨੂੰ ਜੋਹਾਨਸਬਰਗ ਵਿੱਚ G20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਮੌਕੇ 'ਤੇ ਇਥੋਪੀਆ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਦੁਵੱਲੇ ਸਹਿਯੋਗ 'ਤੇ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਸਤੰਬਰ 2024 ਵਿੱਚ, ਦੋਵੇਂ ਵਿਦੇਸ਼ ਮੰਤਰੀ 79ਵੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ 'ਤੇ ਮਿਲੇ ਸਨ। ਵਿਦੇਸ਼ ਮੰਤਰੀ ਸ਼੍ਰੀ ਐੱਸ ਜੈਸ਼ੰਕਰ ਨੇ 22 ਜੂਨ ਅਤੇ ਅਪ੍ਰੈਲ 2023 ਵਿੱਚ ਅਦੀਸ ਅਬਾਬਾ ਦਾ ਦੌਰਾ ਕੀਤਾ ਅਤੇ ਸਿੱਖਿਆ, ਸਿਹਤ ਅਤੇ ਨਿਵੇਸ਼, ਵਿਕਾਸ ਭਾਈਵਾਲੀ ਅਤੇ ਖੇਤਰੀ ਵਿਕਾਸ, ਅਤੇ ਅਫਰੀਕੀ ਯੂਨੀਅਨ ਅਤੇ ਸੰਯੁਕਤ ਰਾਸ਼ਟਰ ਸਮੇਤ ਬਹੁਪੱਖੀ ਸਹਿਯੋਗ ਵਰਗੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ 'ਤੇ ਇਥੋਪੀਆ ਪੱਖ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ, ਵਿਦੇਸ਼ ਮੰਤਰੀ ਨੇ 21 ਸਤੰਬਰ 2022 ਅਤੇ 26 ਸਤੰਬਰ 2021 ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ 'ਤੇ ਇਥੋਪੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। 27 ਅਗਸਤ 2021 ਨੂੰ, ਵਿਦੇਸ਼ ਮੰਤਰੀ ਨੇ ਇਥੋਪੀਆ ਦੇ ਵਿਦੇਸ਼ ਮੰਤਰੀ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ, ਜਿਸ ਵਿੱਚ ਦੁਵੱਲੇ ਸਬੰਧਾਂ ਅਤੇ UNSC ਮਾਮਲਿਆਂ 'ਤੇ ਚਰਚਾ ਕੀਤੀ ਗਈ।

 

ਹਾਲੀਆ ਸਰਕਾਰੀ ਦੌਰੇ ਅਤੇ ਗੱਲਬਾਤ:

 

ਇੰਟਰਨੈਸ਼ਨਲ ਸੌਲਰ ਅਲਾਇੰਸ (ਆਈਐੱਸਏ) ਦੇ ਡਾਇਰੈਕਟਰ ਜਨਰਲ ਨੇ 11-15 ਅਗਸਤ 2025 ਦੇ ਵਿਚਕਾਰ ਇਥੋਪੀਆ ਦਾ ਦੌਰਾ ਕੀਤਾ ਅਤੇ ਦੇਸ਼ ਦੀਆਂ ਸੌਰ ਊਰਜਾ ਵਿਕਾਸ ਯੋਜਨਾਵਾਂ 'ਤੇ ਚਰਚਾ ਕਰਨ ਲਈ ਇਥੋਪੀਆ ਦੇ ਜਲ ਅਤੇ ਊਰਜਾ ਰਾਜ ਮੰਤਰੀ ਨਾਲ ਮੁਲਾਕਾਤ ਕੀਤੀ।

ਵਿੱਤ ਮੰਤਰਾਲੇ ਦੇ ਆਰਥਿਕ ਸਲਾਹਕਾਰ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ 21 ਜੁਲਾਈ ਤੋਂ 27 ਜੁਲਾਈ 2024 ਤੱਕ ਅਦੀਸ ਅਬਾਬਾ ਵਿੱਚ ਆਯੋਜਿਤ ਚੌਥੀ ਅੰਤਰਰਾਸ਼ਟਰੀ ਵਿਕਾਸ ਵਿੱਤ ਸੰਮੇਲਨ (FfD4) ਦੀ ਤਿਆਰੀ ਕਮੇਟੀ (PrepCom) ਦੇ ਪਹਿਲੇ ਸੈਸ਼ਨ ਵਿੱਚ ਹਿੱਸਾ ਲਿਆ।

ਸਕੱਤਰ (ER) ਨੇ ਆਗਾਮੀ ਚੌਥੇ ਭਾਰਤ ਅਫਰੀਕਾ ਫੋਰਮ ਸੰਮੇਲਨ (IFS-IV) ਤੋਂ ਪਹਿਲਾਂ ਤਿਆਰੀ ਮੀਟਿੰਗਾਂ ਲਈ ਇਥੋਪੀਆ ਦਾ ਦੌਰਾ ਕੀਤਾ।

ਐਡੀਸ਼ਨਲ ਡੀਜੀ (ਪ੍ਰੋਜੈਕਟ ਟਾਈਗਰ ਐਂਡ ਐਲੀਫੈਂਟ) ਦੀ ਅਗਵਾਈ ਹੇਠ ਭਾਰਤੀ ਵਫ਼ਦ ਨੇ 28-31 ਜਨਵਰੀ 2024 ਦੌਰਾਨ ਅਦੀਸ ਅਬਾਬਾ ਵਿੱਚ ਹੋਏ ਗਲੋਬਲ ਚੀਤਾ ਸਮਿਟ ਵਿੱਚ ਹਿੱਸਾ ਲਿਆ।

ਸੰਯੁਕਤ ਸਕੱਤਰ/ਡਾਇਰੈਕਟਰ ਜਨਰਲ ਪੱਧਰ 'ਤੇ ਛੇਵੀਂ ਸੰਯੁਕਤ ਵਪਾਰ ਕਮੇਟੀ ਦੀ ਮੀਟਿੰਗ ਅਦੀਸ ਅਬਾਬਾ (6-7 ਨਵੰਬਰ 2023) ਵਿੱਚ ਹੋਈ।

ਬਹੁ-ਪਾਰਟੀ ਸੰਸਦੀ ਵਫ਼ਦ ਦਾ ਇਥੋਪੀਆ ਦੌਰਾ (30 ਮਈ- 01 ਜੂਨ, 2025)

 

ਸ਼੍ਰੀਮਤੀ ਸੁਪ੍ਰਿਆ ਸੂਲੇ ਦੀ ਅਗਵਾਈ ਹੇਠ ਇੱਕ ਬਹੁ-ਪਾਰਟੀ ਸੰਸਦੀ ਵਫ਼ਦ ਨੇ 30 ਮਈ ਤੋਂ 01 ਜੂਨ, 2025 ਤੱਕ ਇਥੋਪੀਆ ਦਾ ਦੌਰਾ ਕੀਤਾ। ਇਹ ਦੌਰਾ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ, 'ਆਪ੍ਰੇਸ਼ਨ ਸਿੰਦੂਰ' ਅਤੇ ਉਸ ਤੋਂ ਬਾਅਦ ਦੇ ਘਟਨਾਕ੍ਰਮ ਤੋਂ ਬਾਅਦ ਯੋਜਨਾਬੱਧ ਚਾਰ ਦੇਸ਼ਾਂ ਦੇ ਦੌਰੇ ਦਾ ਹਿੱਸਾ ਸੀ। ਆਪਣੀ ਯਾਤਰਾ ਦੌਰਾਨ, ਵਫ਼ਦ ਨੇ ਇਥੋਪੀਆ ਦੇ ਪਤਵੰਤਿਆਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਹੈਲੇਮਰੀਅਮ ਡੇਸਾਲੇਗਨ; ਉਪ ਪ੍ਰਧਾਨ ਮੰਤਰੀ ਦੇ ਨਾਲ ਸਮ੍ਰਿੱਧੀ ਪਾਰਟੀ ਦੇ ਡਿਪਟੀ ਚੇਅਰਪਰਸਨ ਸ਼੍ਰੀ ਅਦੇਮ ਫਰਾਹ; ਹਾਊਸ ਆਫ ਪੀਪਲਜ਼ ਰੀ-ਪ੍ਰੈਜੇਂਟੇਟਿਵਸ ਸਭਾ ਦੇ ਸਪੀਕਰ ਸ਼੍ਰੀ ਤਾਗੇਸੇ ਚਾਫੋ; ਅਤੇ ਅਫਰੀਕੀ ਯੂਨੀਅਨ ਦੇ ਪ੍ਰਤੀਨਿਧੀ ਸ਼ਾਮਲ ਸਨ। ਉਨ੍ਹਾਂ ਨੇ ਮੀਡੀਆ, ਅਕਾਦਮਿਕ, ਸਿਵਿਲ ਸੁਸਾਇਟੀ, ਥਿੰਕ ਟੈਂਕ ਅਤੇ ਇਥੋਪੀਆ ਵਿੱਚ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਚਰਚਾਵਾਂ ਮੁੱਖ ਤੌਰ 'ਤੇ 'ਅੱਤਵਾਦ ਪ੍ਰਤੀ ਜ਼ੀਰੋ ਟੌਲਰੈਂਸ' 'ਤੇ ਭਾਰਤ ਦੇ ਅਟੱਲ ਰੁਖ਼ 'ਤੇ ਕੇਂਦ੍ਰਿਤ ਸਨ। ਇਥੋਪੀਆ ਨੇ ਭਾਰਤ ਨਾਲ ਮਜ਼ਬੂਤ ​​ਏਕਤਾ ਪ੍ਰਗਟ ਕੀਤੀ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਆਪਣੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ।

ਇਥੋਪੀਆ ਤੋਂ ਦੌਰੇ

 

ਇਥੋਪੀਆ ਦੀ ਰੱਖਿਆ ਮੰਤਰੀ ਨੇ ਭਾਰਤ ਦਾ ਦੌਰਾ ਕੀਤਾ ਅਤੇ ਏਅਰੋ ਇੰਡੀਆ 2025 (11 ਫਰਵਰੀ 2025) ਦੇ ਮੌਕੇ 'ਤੇ ਇੱਕ ਰੱਖਿਆ ਸਹਿਯੋਗ ਸਮਝੌਤੇ 'ਤੇ ਦਸਤਖਤ ਕੀਤੇ। ਉਨ੍ਹਾਂ ਨੇ ਭਾਰਤ ਦੇ ਰੱਖਿਆ ਮੰਤਰੀ ਨਾਲ ਦੁਵੱਲੀ ਮੁਲਾਕਾਤ ਵੀ ਕੀਤੀ।

ਉਦਯੋਗ ਮੰਤਰੀ ਸ਼੍ਰੀ ਮੇਲਾਕੂ ਅਲੇਬੇਲ ਨੇ ਫਰਵਰੀ 2024 ਵਿੱਚ ਨਵੀਂ ਦਿੱਲੀ ਵਿੱਚ ਭਾਰਤ ਟੈਕਸ 2024 ਵਿੱਚ ਹਿੱਸਾ ਲਿਆ।

ਸਿਹਤ ਰਾਜ ਮੰਤਰੀ ਸ਼੍ਰੀਮਤੀ ਫਿਰਿਹਿਵੋਟ ਅਬੇਬੇ ਗੋਬੇਨਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਕੀਤੇ ਗਏ ਅਧਿਐਨ ਦੌਰੇ ਦੇ ਹਿੱਸੇ ਵਜੋਂ 08-16 ਨਵੰਬਰ, 2025 ਤੱਕ ਭਾਰਤ ਦਾ ਦੌਰਾ ਕੀਤਾ, ਤਾਂ ਜੋ ਫਾਰਮਾਸਿਊਟੀਕਲ ਅਤੇ ਸਿਹਤ ਸੰਭਾਲ ਖੇਤਰਾਂ ਨਾਲ ਵਧੇ ਹੋਏ ਸਹਿਯੋਗ ਲਈ ਵਿਚਾਰ-ਵਟਾਂਦਰੇ ਅਤੇ ਮੌਕਿਆਂ ਦੀ ਖੋਜ ਕੀਤੀ ਜਾ ਸਕੇ।

ਇਥੋਪੀਆ ਦੇ ਰੱਖਿਆ ਵਿਦੇਸ਼ੀ ਸਬੰਧਾਂ ਅਤੇ ਮਿਲਟਰੀ ਸਹਿਯੋਗ ਦੇ ਡਾਇਰੈਕਟਰ ਜਨਰਲ ਜਨਰਲ ਤੇਸ਼ੋਮੇ ਗੇਮੇਚੂ (Teshome Gemechu) ਨੇ ਪਹਿਲੀ ਸਾਂਝੀ ਰੱਖਿਆ ਸਹਿਯੋਗ ਮੀਟਿੰਗ ਲਈ 15-17 ਅਕਤੂਬਰ 2025 ਨੂੰ ਨਵੀਂ ਦਿੱਲੀ ਦਾ ਦੌਰਾ ਕੀਤਾ। ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਰੱਖਿਆ ਸਬੰਧਾਂ ਵਿੱਚ ਇੱਕ ਮੀਲ ਪੱਥਰ ਹੈ।

ਇਥੋਪੀਆ ਦੇ ਰਾਸ਼ਟਰੀ ਚੋਣ ਬੋਰਡ (NEBE) ਦੇ ਚੇਅਰਪਰਸਨ ਦੀ ਅਗਵਾਈ ਹੇਠ ਸੱਤ ਮੈਂਬਰੀ ਇਥੋਪੀਆਈ ਵਫ਼ਦ ਨੇ 26-30 ਅਗਸਤ 2025 ਤੱਕ ਨਵੀਂ ਦਿੱਲੀ ਦਾ ਦੌਰਾ ਕੀਤਾ।

ਇਥੋਪੀਆ ਦੇ ਹਾਊਸ ਆਫ ਫੈਡਰੇਸ਼ਨ ਦੇ ਡਿਪਟੀ ਸਪੀਕਰ ਦੀ ਅਗਵਾਈ ਵਿੱਚ ਇੱਕ 41 ਮੈਂਬਰੀ ਵਫ਼ਦ ਨੇ 12-17 ਮਈ 2025 ਨੂੰ ਆਈਟੀਈਸੀ ਦੇ ਤਹਿਤ ਨਵੀਂ ਦਿੱਲੀ ਵਿਖੇ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਵਿਖੇ ਇੱਕ ਸਮਰੱਥਾ ਨਿਰਮਾਣ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਥੋਪੀਆ ਦੇ ਸੰਸਦੀ ਵਫ਼ਦ ਦਾ ਭਾਰਤ ਦੌਰਾ (20-24 ਫਰਵਰੀ, 2023)

 

50 ਮੈਂਬਰਾਂ ਵਾਲੇ ਮਜ਼ਬੂਤ ​​ਇਥੋਪੀਅਨ ਸੰਸਦੀ ਵਫ਼ਦ ਨੇ ਨਵੀਂ ਦਿੱਲੀ ਵਿੱਚ ਪਾਰਲੀਮੈਂਟਰੀ ਰਿਸਰਚ ਐਂਡ ਟ੍ਰੇਨਿੰਗ ਫਾਰ ਡੈਮੋਕ੍ਰੇਸੀਜ਼ (ਪ੍ਰਾਈਡ) ਵਿਖੇ ਇੱਕ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ। ਵਫ਼ਦ ਵਿੱਚ ਸਰਕਾਰੀ ਵ੍ਹਿਪ, ਵੱਖ-ਵੱਖ ਸਥਾਈ ਕਮੇਟੀਆਂ ਦੇ ਚੇਅਰਪਰਸਨ ਅਤੇ ਡਿਪਟੀ ਚੇਅਰਪਰਸਨ ਅਤੇ 12 ਖੇਤਰੀ ਸੰਸਦਾਂ ਦੇ ਸਪੀਕਰ ਸ਼ਾਮਲ ਸਨ।

ਆਰਥਿਕ ਅਤੇ ਵਪਾਰਕ ਸਬੰਧ

 

2024-25 ਵਿੱਚ, ਭਾਰਤ-ਇਥੋਪੀਆ ਦਾ ਕੁੱਲ ਵਪਾਰ 550.19 ਮਿਲੀਅਨ ਅਮਰੀਕੀ ਡਾਲਰ ਸੀ। ਭਾਰਤ ਨੇ 476.81 ਮਿਲੀਅਨ ਅਮਰੀਕੀ ਡਾਲਰ ਦੇ ਸਮਾਨ ਦਾ ਨਿਰਯਾਤ ਕੀਤਾ ਅਤੇ 73.38 ਮਿਲੀਅਨ ਅਮਰੀਕੀ ਡਾਲਰ ਦੇ ਸਮਾਨ ਦਾ ਆਯਾਤ ਕੀਤਾ। ਭਾਰਤੀ ਕੰਪਨੀਆਂ ਇਥੋਪੀਆ ਵਿੱਚ ਟੌਪ ਦੇ ਤਿੰਨ ਵਿਦੇਸ਼ੀ ਨਿਵੇਸ਼ਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਨਵੀਆਂ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ਇਥੋਪੀਆ ਵਿੱਚ ਆਪਣੀ ਮੌਜੂਦਗੀ ਨੂੰ ਦਰਸਾਉਂਦੀਆਂ ਹਨ।

ਇਥੋਪੀਆ ਐੱਲਡੀਸੀ ਲਈ ਡਿਊਟੀ-ਮੁਕਤ ਟੈਰਿਫ ਤਰਜੀਹ (DFTP) ਯੋਜਨਾ ਦੇ ਤਹਿਤ ਇੱਕ ਫਾਇਦਾ ਪਾਉਣ ਵਾਲਾ ਦੇਸ਼  ਹੈ। ਦੋਵਾਂ ਦੇਸ਼ਾਂ ਦਰਮਿਆਨ ਆਰਥਿਕ, ਵਪਾਰ ਅਤੇ ਤਕਨੀਕੀ ਸਹਿਯੋਗ ਨੂੰ ਵਧਾਉਣ ਅਤੇ ਉਸ ਵਿੱਚ ਵਿਭਿੰਨਤਾ ਲਿਆਉਣ ਲਈ ਆਪਸੀ ਹਿੱਤ ਅਤੇ ਇੱਛਾਵਾਂ ਹਨ।

ਭਾਰਤੀ ਕੰਪਨੀਆਂ ਇਥੋਪੀਆ ਵਿੱਚ ਟੌਪ ਦੇ ਤਿੰਨ ਵਿਦੇਸ਼ੀ ਨਿਵੇਸ਼ਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਨਵੀਆਂ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ਇਥੋਪੀਆ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਰਹੀਆਂ ਹਨ। ਇਥੋਪੀਅਨ ਨਿਵੇਸ਼ ਕਮਿਸ਼ਨ ਨਾਲ 6.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਨਿਵੇਸ਼ ਨਾਲ 675 ਤੋਂ ਵੱਧ ਭਾਰਤੀ ਕੰਪਨੀਆਂ ਰਜਿਸਟਰਡ ਹਨ। ਭਾਰਤੀ ਨਿਵੇਸ਼ਕਾਂ ਨੇ 17,000 ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ। ਭਾਰਤੀ ਨਿਵੇਸ਼ ਦਾ ਲਗਭਗ 48.3% ਨਿਰਮਾਣ ਖੇਤਰ ਵਿੱਚ ਹੈ।

ਸਿਰਫ਼ 2024 ਵਿੱਚ ਹੀ 11 ਭਾਰਤੀ ਕੰਪਨੀਆਂ ਨੇ ਇਥੋਪੀਆ ਵਿੱਚ ਖੇਤੀਬਾੜੀ, ਆਟੋਮੋਬਾਈਲ, ਲੋਹਾ ਅਤੇ ਸਟੀਲ, ਆਈਸੀਟੀ ਆਦਿ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਟੈਕਸਟਾਈਲ ਸੈਕਟਰ ਵਿੱਚ ਭਾਰਤੀ ਨਿਵੇਸ਼ ਐੱਫਡੀਆਈ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਨੂੰ ਫਾਰਮਾ ਸੈਕਟਰ ਵਿੱਚ ਵੀ ਟੌਪ ਦੇ ਨਿਵੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਇਥੋਪੀਆ ਵਿੱਚ ਭਾਰਤੀ ਭਾਈਚਾਰਾ

 

ਇਥੋਪੀਆ ਵਿੱਚ ਭਾਰਤੀ ਭਾਈਚਾਰੇ ਦਾ ਇੱਕ ਲੰਮਾ ਇਤਿਹਾਸ ਹੈ। ਪਹਿਲੇ ਵੱਸਣ ਵਾਲੇ ਲੋਕ 19ਵੀਂ ਸਦੀ ਦੇ ਅਖੀਰ ਵਿੱਚ ਗੁਜਰਾਤ ਤੋਂ ਆਏ ਸਨ। ਸਾਮਰਾਜੀ ਸਮੇਂ ਦੌਰਾਨ, ਹਜ਼ਾਰਾਂ ਭਾਰਤੀ ਅਧਿਆਪਕ ਇਥੋਪੀਆ ਭਰ ਦੇ ਸਕੂਲਾਂ ਵਿੱਚ ਕੰਮ ਕਰਦੇ ਸਨ, ਇੱਥੋਂ ਤੱਕ ਕਿ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ। ਅੱਜ, ਲਗਭਗ 150 ਭਾਰਤੀ ਫੈਕਲਟੀ ਮੈਂਬਰ ਇਥੋਪੀਆ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸੰਸਥਾਵਾਂ ਵਿੱਚ ਪੜ੍ਹਾਉਂਦੇ ਹਨ। ਇਥੋਪੀਆ ਵਿੱਚ ਕੁੱਲ ਭਾਰਤੀ ਪ੍ਰਵਾਸੀ ਲਗਭਗ 2,500 ਲੋਕ ਹਨ। ਬਹੁਤ ਸਾਰੇ ਦੇਸ਼ ਵਿੱਚ ਕੰਮ ਕਰਨ ਵਾਲੀਆਂ ਭਾਰਤੀ ਕੰਪਨੀਆਂ ਨਾਲ ਕੰਮ ਕਰਦੇ ਹਨ, ਜਦੋਂ ਕਿ ਕਈ ਇਥੋਪੀਅਨ ਕੰਪਨੀਆਂ ਭਾਰਤੀ ਕਾਮਿਆਂ ਨੂੰ ਵੀ ਨੌਕਰੀ ਦਿੰਦੀਆਂ ਹਨ।

ਪ੍ਰਧਾਨ ਮੰਤਰੀ ਦੇ ਦੌਰੇ ਦਾ ਨਤੀਜਾ

 

ਜਾਰਡਨ ਤੋਂ ਪਹੁੰਚਣ 'ਤੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਗੱਲਬਾਤ ਤੋਂ ਪਹਿਲਾਂ 16 ਦਸੰਬਰ ਨੂੰ ਇਥੋਪੀਆ ਦੇ ਨੈਸ਼ਨਲ ਪੈਲੇਸ ਵਿੱਚ ਰਸਮੀ ਸੁਆਗਤ ਕੀਤਾ ਗਿਆ। ਐਡਿਸ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ, ਇਥੋਪੀਆ ਦੇ ਪ੍ਰਧਾਨ ਮੰਤਰੀ, ਡਾ. ਅਬੀ ਅਹਿਮਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਵਿੱਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਅਤੇ ਇੱਕ ਵਿਸ਼ਵਵਿਆਪੀ ਰਾਜਨੇਤਾ ਵਜੋਂ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਲਈ ਇਥੋਪੀਆ ਦੇ ਸਭ ਤੋਂ  ਸਰਬਉੱਚ ਪੁਰਸਕਾਰ ‘ਗ੍ਰੇਟ ਆਨਰ ਨਿਸ਼ਾਨ ਆਫ ਇਥੋਪੀਆ' ਨਾਲ ਸਨਮਾਨਿਤ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਇਸ ਸਨਮਾਨ ਲਈ ਪ੍ਰਧਾਨ ਮੰਤਰੀ ਡਾ. ਅਬੀ ਅਤੇ ਇਥੋਪੀਆ ਦੇ ਲੋਕਾਂ ਦਾ ਧੰਨਵਾਦ ਕੀਤਾ।

ਸਬੰਧਾਂ ਦੀ ਮਹੱਤਤਾ ਨੂੰ ਦੇਖਦੇ ਹੋਏ, ਦੋਵੇਂ ਨੇਤਾ ਭਾਰਤ-ਇਥੋਪੀਆ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ। ਦੋਵਾਂ ਨੇਤਾਵਾਂ ਨੇ ਕਿਹਾ ਕਿ ਗਲੋਬਲ ਸਾਊਥ ਭਾਈਵਾਲਾਂ ਦੇ ਰੂਪ ਵਿੱਚ, ਦੋਵਾਂ ਦੇਸ਼ਾਂ ਨੂੰ ਇੱਕ ਸਮਾਵੇਸ਼ੀ ਦੁਨੀਆ ਦੇ ਨਿਰਮਾਣ ਵਿੱਚ ਯੋਗਦਾਨ ਪਾਉਣਾ ਜਾਰੀ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 2023 ਵਿੱਚ ਸਮੂਹ ਦੀ ਪ੍ਰਧਾਨਗੀ ਦੌਰਾਨ ਅਫਰੀਕੀ ਯੂਨੀਅਨ ਦਾ G20 ਮੈਂਬਰ ਵਜੋਂ ਸਵਾਗਤ ਕਰਨਾ ਭਾਰਤ ਲਈ ਇੱਕ ਵਿਲੱਖਣ ਸਨਮਾਨ ਦੀ ਗੱਲ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਇਥੋਪੀਆ ਦੀ ਇਕਜੁੱਟਤਾ ਅਤੇ ਅੱਤਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ। ਦੋਵਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਨਵੀਨਤਾ ਅਤੇ ਤਕਨਾਲੋਜੀ, ਸਿੱਖਿਆ ਅਤੇ ਸਮਰੱਥਾ ਨਿਰਮਾਣ, ਅਤੇ ਰੱਖਿਆ ਸਹਿਯੋਗ ਦੇ ਖੇਤਰਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ।

ਉਨ੍ਹਾਂ ਨੇ ਸਿਹਤ ਸੁਰੱਖਿਆ, ਡਿਜੀਟਲ ਸਿਹਤ, ਪਰੰਪਰਾਗਤ ਮੈਡੀਸਿਨ, ਜਨ ਔਸ਼ਧੀ ਕੇਂਦਰ, ਖੁਰਾਕ ਸੁਰੱਖਿਆ, ਟਿਕਾਊ ਖੇਤੀਬਾੜੀ, ਕੁਦਰਤੀ ਖੇਤੀ ਅਤੇ ਖੇਤੀਬਾੜੀ-ਤਕਨੀਕੀ ਦੇ ਖੇਤਰਾਂ ਵਿੱਚ ਇਥੋਪੀਆ ਨਾਲ ਸਹਿਯੋਗ ਵਧਾਉਣ ਦੀ ਭਾਰਤ ਦੀ ਇੱਛਾ ਪ੍ਰਗਟਾਈ। ਦੋਵਾਂ ਨੇਤਾਵਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਖਣਨ, ਮਹੱਤਵਪੂਰਨ ਖਣਿਜਾਂ ਅਤੇ ਸਾਫ਼ ਊਰਜਾ ਦੇ ਖੇਤਰਾਂ ਵਿੱਚ ਸਹਿਯੋਗ 'ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੇ, ਭਰੋਸੇਯੋਗ ਭਾਈਵਾਲਾਂ ਵਜੋਂ, ਇਥੋਪੀਆ ਦੀ ਆਰਥਿਕਤਾ ਵਿੱਚ 5 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ, ਖਾਸ ਕਰਕੇ ਨਿਰਮਾਣ ਅਤੇ ਫਾਰਮਾਸਿਊਟੀਕਲ ਦੇ ਜ਼ਰੂਰੀ ਖੇਤਰਾਂ ਵਿੱਚ, ਜਿਸ ਨਾਲ 75,000 ਤੋਂ ਵੱਧ ਸਥਾਨਕ ਨੌਕਰੀਆਂ ਪੈਦਾ ਹੋਈਆਂ ਹਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਆਵਾਜ਼ ਦੇਣ ਲਈ ਇਕੱਠੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸਮੇਤ ਬਹੁਪੱਖੀ ਖੇਤਰ ਵਿੱਚ ਸਹਿਯੋਗ 'ਤੇ ਚਰਚਾ ਕੀਤੀ।

ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਨਵਿਆਉਣਯੋਗ ਊਰਜਾ ਅਤੇ ਆਫ਼ਤ ਜੋਖਮ ਘਟਾਉਣ ਵਰਗੇ ਮੁੱਦਿਆਂ 'ਤੇ ਵਧੇਰੇ ਸਹਿਯੋਗ ਦਾ ਸੱਦਾ ਦਿੱਤਾ ਅਤੇ ਇਸ ਸੰਦਰਭ ਵਿੱਚ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (IBCA), ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ੀਲੈਂਟ ਇਨਫਰਾਸਟ੍ਰਕਚਰ (CDRI), ਗਲੋਬਲ ਬਾਇਓਫਿਊਲ ਅਲਾਇੰਸ (GBA) ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ (ISA) ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੀ ਭੂਮਿਕਾ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਇਥੋਪੀਆ ਦੀ ਪ੍ਰਧਾਨਗੀ ਹੇਠ ਅਤੇ ਪ੍ਰਸਤਾਵਿਤ ਭਾਰਤ-ਅਫਰੀਕਾ ਫੋਰਮ ਸੰਮੇਲਨ ਲਈ ਬ੍ਰਿਕਸ ਭਾਈਵਾਲਾਂ ਵਜੋਂ ਕੰਮ ਕਰਨ ਲਈ ਉਤਸੁਕ ਹੈ।

ਪ੍ਰਧਾਨ ਮੰਤਰੀ ਮੋਦੀ ਨੇ 17 ਦਸੰਬਰ ਨੂੰ ਇਥੋਪੀਅਨ ਸੰਸਦ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕੀਤਾ।

 

ਸਿੱਟਾ

 

ਭਾਰਤ-ਇਥੋਪੀਆ ਸਬੰਧ ਰਾਜਨੀਤਕ ਨਿਰੰਤਰਤਾ ਅਤੇ ਨਿਰਯਾਤ-ਅਗਵਾਈ ਵਾਲੇ ਵਪਾਰਕ ਸਬੰਧਾਂ 'ਤੇ ਬਣੇ ਲਚਕੀਲੇਪਣ ਨੂੰ ਦਰਸਾਉਂਦੇ ਹਨ। ਵਿੱਤੀ ਸਾਲ 2024-25 ਵਿੱਚ ਕੁੱਲ US$ 550.19 ਮਿਲੀਅਨ ਦੇ ਦੁਵੱਲੇ ਵਪਾਰ ਦੇ ਨਾਲ, ਭਾਰਤ ਇੱਕ ਮਜ਼ਬੂਤ ​​ਵਪਾਰ ਸਰਪਲੱਸ ਬਣਾਈ ਰੱਖਦਾ ਹੈ, ਜੋ ਕਿ ਭਾਰਤੀ ਵਸਤੂਆਂ ਲਈ ਇੱਕ ਮੰਜ਼ਿਲ ਵਜੋਂ ਇਥੋਪੀਆ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਨਿਯਮਿਤ ਉੱਚ-ਪੱਧਰੀ ਰਾਜਨੀਤਕ ਗੱਲਬਾਤ ਅਤੇ ਸੰਸਥਾਗਤ ਵਿਧੀਆਂ ਨੇ ਆਰਥਿਕ ਰੁਕਾਵਟਾਂ ਦੇ ਬਾਵਜੂਦ ਜੁੜਾਅ ਨੂੰ ਬਣਾਈ ਰੱਖਣ ਵਿੱਚ ਮਦਦ ਕੀਤੀ ਹੈ। ਵਪਾਰ ਤੋਂ ਇਲਾਵਾ, ਇੱਕ ਪ੍ਰਮੁੱਖ ਨਿਵੇਸ਼ਕ ਵਜੋਂ ਭਾਰਤ ਦੀ ਸਥਿਤੀ ਸਬੰਧਾਂ ਦੀ ਰਣਨੀਤਕ ਨੀਂਹ ਨੂੰ ਹੋਰ ਮਜ਼ਬੂਤ ​​ਕਰਦੀ ਹੈ। ਨਿਰੰਤਰ ਰਾਜਨੀਤਕ ਗੱਲਬਾਤ ਅਤੇ ਵਪਾਰ ਸਹੂਲਤ ਦੁਵੱਲੇ ਵਪਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰ ਸਕਦੀ ਹੈ, ਭਾਰਤ ਦੀ ਵਿਆਪਕ ਅਫਰੀਕਾ ਸ਼ਮੂਲੀਅਤ ਅਤੇ ਮਹਾਦੀਪ ਦੇ ਸਭ ਤੋਂ ਪ੍ਰਭਾਵਸ਼ਾਲੀ ਦੇਸ਼ਾਂ ਵਿੱਚੋਂ ਇੱਕ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਾਂਝੇਦਾਰੀ ਨੂੰ ਮਜ਼ਬੂਤ ​​ਕਰ ਸਕਦੀ ਹੈ।

ਹਵਾਲੇ

ਅਦੀਸ ਅਬਾਬਾ ਵਿੱਚ ਭਾਰਤ ਦਾ ਦੂਤਾਵਾਸ

https://eoiaddisababa.gov.in/bilateral-relations/

ਵਿਦੇਸ਼ ਸਬੰਧ ਮੰਤਰਾਲਾ

https://www.mea.gov.in/press-releases.htm?dtl/40443/Visit_of_Prime_Minister_to_Jordan_Ethiopia_and_Oman_December_15__18_2025

https://www.mea.gov.in/press-releases.htm?dtl/40491/Prime_Minister_receives_the_highest_award_of_Ethiopia_December_16_2025

https://www.mea.gov.in/press-releases.htm?dtl/40492/Prime_Minister_holds_bilateral_talks_with_the_Prime_Minister_of_Ethiopia_December_16_2025

Press Information Bureau

https://www.pib.gov.in/PressReleseDetail.aspx?PRID=2204829&reg=3&lang=1

https://www.pib.gov.in/PressReleseDetail.aspx?PRID=2204943&reg=3&lang=1

https://www.pib.gov.in/PressReleseDetail.aspx?PRID=2205106&reg=3&lang=1

Click here to see in PDF

PIB Research

**************

 

(Backgrounder ID: 156587) आगंतुक पटल : 6
Provide suggestions / comments
इस विज्ञप्ति को इन भाषाओं में पढ़ें: Kannada , English , Urdu , हिन्दी , Bengali
Link mygov.in
National Portal Of India
STQC Certificate