Others
ਸੋਭਾ ਸਿੰਘ –ਇਕ ਰੱਬੀ ਕਲਾਕਾਰ
ਪ੍ਰਸਿੱਧ ਚਿੱਤਰਕਾਰ ਦੀ 125ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ
Posted On:
19 NOV 2026 1:45PM
- ਰਾਜੇਸ਼ ਚੰਦਰ ਬਾਲੀ
ਸਰਦਾਰ ਸੋਭਾ ਸਿੰਘ ਦਿਲੋਂ ਕਲਾਕਾਰ ਸਨ। ਉਹ ਅਜਿਹੇ ਕਲਾਕਾਰ ਸਨ, ਜਿਨ੍ਹਾਂ ਦਾ ਪਰਮਾਤਮਾ ਵਿੱਚ ਭਰੋਸਾ ਅਤੇ ਸੁੰਦਰਤਾ, ਨੇਕੀ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਸਥਾਈ ਫ਼ਲਸਫ਼ਾ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਰਾਹੀਂ ਅੱਜ ਵੀ ਜਿਉਂਦਾ ਹੈ। ਉਨ੍ਹਾਂ ਦੀਆਂ ਸਦੀਵੀ ਪੇਂਟਿੰਗਾਂ ਦੇ ਚੌਖਟਿਆਂ ਵਿੱਚੋਂ ਝਲਕਦੀਆਂ ਕਲਾਕ੍ਰਿਤਾਂ ਉਨ੍ਹਾਂ ਦੀ ਕਲਾ ਦੀ ਕਹਾਣੀ ਬਿਆਨ ਕਰਦੀਆਂ ਹਨ। ਉਹ ਭਾਰਤ ਦੇ ਸਭ ਤੋਂ ਪ੍ਰਸਿੱਧ ਸਮਕਾਲੀ ਕਲਾਕਾਰਾਂ ਵਿੱਚੋਂ ਇੱਕ ਹਨ।
ਪੱਛਮੀ ਤੇਲ-ਚਿੱਤਰਕਾਰੀ ਦੀਆਂ ਰਵਾਇਤੀ ਵਿਧੀਆਂ ਦੀ ਵਰਤੋਂ ਕਰਦਿਆਂ ਇਸ ਮਹਾਨ ਚਿੱਤਰਕਾਰ ਨੇ ਕਈ ਯਾਦਗਾਰੀ ਚਿੱਤਰ ਸਿਰਜੇ।
ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਪੰਜਾਬੀ ਲੋਕ-ਕਥਾਵਾਂ ਦੀਆਂ ਮਹੱਤਵਪੂਰਨ ਹਸਤੀਆਂ ਦੇ ਬੇਹੱਦ ਪ੍ਰਭਾਵਸ਼ਾਲੀ ਅਤੇ ਅਦਭੁਤ ਯਥਾਰਥਵਾਦੀ ਚਿੱਤਰ ਬਣਾਏ। ਸਿੱਖ ਗੁਰੂਆਂ, ਪੈਗੰਬਰਾਂ, ਸੰਤਾਂ ਅਤੇ ਮਿਥਿਹਾਸਕ ਸ਼ਖ਼ਸੀਅਤਾਂ ਨੂੰ ਸੋਭਾ ਸਿੰਘ ਦੀਆਂ ਸਦੀਵੀ ਕਲਾਕ੍ਰਿਤਾਂ ਨੇ ਜੀਵੰਤ ਰੂਪ ਪ੍ਰਦਾਨ ਕੀਤਾ।
ਭਾਵੇਂ ਉਨ੍ਹਾਂ ਦੀ ਕਲਾ ਵਿੱਚ ਜ਼ਿਆਦਾਤਰ ਪ੍ਰਸਿੱਧ ਧਾਰਮਿਕ ਅਤੇ ਪ੍ਰੇਮ-ਭਾਵਨਾ ਨਾਲ ਜੁੜੇ ਵਿਸ਼ਿਆਂ ਨੂੰ ਦਰਸਾਇਆ ਗਿਆ ਹੈ, ਪਰ ਉਨ੍ਹਾਂ ਦੀ ਸਭ ਤੋਂ ਮਸ਼ਹੂਰ ਪੇਂਟਿੰਗ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ, ਜਿਸ ਵਿੱਚ ਗੁਰੂ ਸਾਹਿਬ ਦਾ ਹੱਥ ਅਸ਼ੀਰਵਾਦ ਦੇਣ ਦੀ ਮੁਦਰਾ ਵਿੱਚ ਉੱਪਰ ਉੱਠਿਆ ਹੋਇਆ ਹੈ ਅਤੇ ਇਹ ਪਰਮਾਤਮਾ ਵਿੱਚ ਭਰੋਸਾ ਰੱਖਣ ਵਾਲੇ ਹਰ ਘਰ ਨੂੰ ਅਸ਼ੀਰਵਾਦ ਦਿੰਦਾ ਪ੍ਰਤੀਤ ਹੁੰਦਾ ਹੈ। ਹਾਲਾਂਕਿ, ਉਨ੍ਹਾਂ ਦੀ ਪਹਿਲੀ ਪੇਂਟਿੰਗ ਛੇਵੇਂ ਸਿੱਖ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸੀ।
ਸੋਹਣੀ-ਮਹੀਵਾਲ ਅਤੇ ‘ਮੁਮਤਾਜ਼ ਮਹਿਲ ਦੀ ਆਖ਼ਰੀ ਇੱਛਾ’ ਕੈਪਸ਼ਨ ਵਾਲਾ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀਆਂ ਬਾਹਾਂ ਵਿੱਚ ਮੁਮਤਾਜ਼ ਮਹਿਲ ਦਾ ਚਿੱਤਰ, ਪਿਆਰ ਦੀਆਂ ਸੱਚੀਆਂ ਤਸਵੀਰਾਂ ਹਨ। ਸੋਹਣੀ-ਮਹੀਵਾਲ ਦੀ ਕਹਾਣੀ ਸਾਂਝੇ ਪੰਜਾਬ ਦੀ ਇੱਕ ਪ੍ਰਸਿੱਧ ਦੁਖਾਂਤਕ ਪ੍ਰੇਮ ਕਥਾ ਹੈ, ਜਿਸ ਨੇ ਸੋਭਾ ਸਿੰਘ ਨੂੰ ਮੋਹਪਾਸ਼ ਕਰ ਲਿਆ ਸੀ। ਉਹ ਇਸ ਕਹਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ 1937 ਤੋਂ 1980 ਦਰਮਿਆਨ ਇਸ ਪੇਂਟਿੰਗ ਦੇ ਪੰਜ ਵੱਖ-ਵੱਖ ਰੂਪ ਬਣਾਏ। ਇਸ ਦਾ ਪਹਿਲਾ ਚਿੱਤਰ 1937 ਵਿੱਚ ਬਣਾਇਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ 1947 ਵਿੱਚ ਵੰਡ ਸਮੇਂ ਲਾਹੌਰ ਵਿੱਚ ਹੀ ਛੱਡ ਦਿੱਤਾ ਸੀ।
ਜਿਵੇਂ ਕਿ ਪ੍ਰਸਿੱਧ ਕਹਾਵਤ ਹੈ ਕਿ ਸੁੰਦਰਤਾ ਦੇਖਣ ਵਾਲੇ ਦੀਆਂ ਅੱਖਾਂ ਵਿੱਚ ਹੁੰਦੀ ਹੈ, ਉਸੇ ਤਰ੍ਹਾਂ ਸ਼ੋਭਾ ਸਿੰਘ ਦੀ ਕਲਪਨਾ ਅਤੇ ਰੰਗਾਂ ਦੀ ਚੋਣ, ਜੋ ਉਨ੍ਹਾਂ ਦੇ ਦਿਲ ਵਿੱਚੋਂ ਨਿਕਲ ਕੇ ਪੇਂਟਿੰਗਾਂ ਦਾ ਰੂਪ ਧਾਰਦੀ ਸੀ, ਇਨ੍ਹਾਂ ਨੂੰ ਦੇਖਣ ਵਾਲੇ ਵਿਅਕਤੀ ਦੀਆਂ ਅੱਖਾਂ ਨੂੰ ਸਕੂਨ ਅਤੇ ਖ਼ੁਸ਼ੀ ਪ੍ਰਦਾਨ ਕਰਦੀ ਹੈ।
ਬਹੁਤ ਸਾਰੇ ਲੋਕਾਂ ਲਈ ਇਹ ਜਾਣਨਾ ਹੈਰਾਨੀਜਨਕ ਹੋ ਸਕਦਾ ਹੈ ਕਿ ਪ੍ਰਸਿੱਧ ਅਤੇ ਸਥਾਪਤ ਚਿੱਤਰਕਾਰ ਬਣਨ ਤੋਂ ਪਹਿਲਾਂ ਉਹ ਬ੍ਰਿਟਿਸ਼-ਭਾਰਤੀ ਫ਼ੌਜ ਵਿੱਚ ਤੀਜੀ ਪੀੜ੍ਹੀ ਦੇ ਸਿਪਾਹੀ ਸਨ। ਉਨ੍ਹਾਂ ਦਾ ਜਨਮ 29 ਨਵੰਬਰ, 1901 ਨੂੰ ਗੁਰਦਾਸਪੁਰ ਦੇ ਦਰਿਆ ਬਿਆਸ ਦੇ ਕੰਢੇ ਵਸੇ ਛੋਟੇ ਜਿਹੇ ਕਸਬੇ ਸ੍ਰੀ ਹਰਿਗੋਬਿੰਦਪੁਰ ਵਿੱਚ ਮਾਤਾ ਬੀਬੀ ਅੱਛਰਾਂ ਦੇਵੀ ਅਤੇ ਪਿਤਾ ਸਰਦਾਰ ਦੇਵਾ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਫ਼ੌਜ ਦੀ 22ਵੀਂ ਬਟਾਲੀਅਨ ਵਿੱਚ ਸਰਵੇਖਣਕਾਰ ਸਨ। ਇਸ ਦੇ ਨਾਲ ਹੀ ਉਹ ਸਿਖਲਾਈ ਪ੍ਰਾਪਤ ਘੋੜਸਵਾਰ ਅਤੇ ਪ੍ਰਤਿਭਾਸ਼ਾਲੀ ਚਿੱਤਰਕਾਰ ਵੀ ਸਨ। ਸੋਭਾ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਘੋੜਸਵਾਰ ਸਨ।
ਸੋਭਾ ਸਿੰਘ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਆਪਣੇ ਜੀਜੇ ਤੋਂ ਚਿੱਤਰਕਾਰੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਬਾਅਦ ਵਿੱਚ 1915 ਵਿੱਚ ਅੰਮ੍ਰਿਤਸਰ ਦੇ ਇੰਡਸਟਰੀਅਲ ਸਕੂਲ, ਅੰਮ੍ਰਿਤਸਰ ਵਿੱਚ ਕਲਾ ਅਤੇ ਸ਼ਿਲਪਕਾਰੀ ਦੇ ਇੱਕ ਸਾਲਾ ਕੋਰਸ ਵਿੱਚ ਦਾਖ਼ਲਾ ਲਿਆ। 1919 ਤੋਂ 1923 ਤੱਕ ਬ੍ਰਿਟਿਸ਼-ਭਾਰਤੀ ਫ਼ੌਜ ਵਿੱਚ ਮੁੱਖ ਡਰਾਫਟਸਮੈਨ ਵਜੋਂ ਪੰਜ ਸਾਲ ਸੇਵਾ ਨਿਭਾਉਣ ਸਮੇਂ ਦੌਰਾਨ ਨਕਸ਼ੇ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੇ ਚਿੱਤਰਕਾਰੀ ਦੇ ਆਪਣੇ ਹੁਨਰ ਨੂੰ ਵੀ ਨਿਖਾਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਚਿੱਤਰਕਾਰੀ ਦੇ ਸ਼ੌਕ ਨੂੰ ਸਮਰਪਿਤ ਕਰ ਦਿੱਤਾ।
1923 ਵਿੱਚ ਬੀਬੀ ਇੰਦਰ ਕੌਰ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਦੇ ਫੁਹਾਰਾ ਚੌਕ ਵਿਖੇ ਸੁਭਾਸ਼ ਸਟੂਡੀਓ ਖੋਲ੍ਹਿਆ। ਉਨ੍ਹਾਂ ਦੇ ਸਟੂਡੀਓ ਦਾ ਨਾਮ ਪ੍ਰਸਿੱਧ ਇਨਕਲਾਬੀ ਸੁਭਾਸ਼ ਚੰਦਰ ਬੋਸ ਤੋਂ ਪ੍ਰਭਾਵਿਤ ਸੀ। 1925 ਤੋਂ 1929 ਦਰਮਿਆਨ ਲਾਹੌਰ ਦੇ ਅਨਾਰਕਲੀ ਇਲਾਕੇ ਵਿੱਚ ਈਕੋ ਸਕੂਲ ਆਫ਼ ਆਰਟ ਦੀ ਸਥਾਪਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਇੱਕ ਸਫ਼ਲ ਚਿੱਤਰਕਾਰ ਵਜੋਂ ਆਪਣੀ ਪਛਾਣ ਬਣਾਈ। 1935 ਵਿੱਚ ਉਨ੍ਹਾਂ ਦੀਆਂ ਦੋ ਪੇਂਟਿੰਗਾਂ ‘ਲੰਡਨ ਇਲਸਟ੍ਰੇਟਿਡ ਵੀਕਲੀ’ ਵਿੱਚ ਸ਼ਾਮਲ ਕੀਤੀਆਂ ਗਈਆਂ।
ਦਿਲਚਸਪ ਗੱਲ ਇਹ ਹੈ ਕਿ ਸੋਭਾ ਸਿੰਘ ਨੇ ਫ਼ੌਜ ਦੇ ਪ੍ਰਚਾਰ ਵਿਭਾਗ ਵਿੱਚ ਮੁੱਖ ਕਲਾਕਾਰ ਵਜੋਂ ਸੇਵਾ ਨਿਭਾਉਂਦਿਆਂ 1945 ਵਿੱਚ ਹੋਈ ਇਤਿਹਾਸਕ ਸ਼ਿਮਲਾ ਕਾਨਫਰੰਸ ਲਈ ਵੀ ਪੋਸਟਰ ਬਣਾਏ ਸਨ।
ਸੋਭਾ ਸਿੰਘ ਦੇ ਪੋਤੇ ਡਾ. ਹਿਰਦੇ ਪਾਲ ਸਿੰਘ ਨੇ ਇਸ ਲੇਖਕ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੇ ਉਨ੍ਹਾਂ 'ਤੇ ਡੂੰਘਾ ਪ੍ਰਭਾਵ ਛੱਡਿਆ ਸੀ। 1947 ਵਿੱਚ ਵੰਡ ਦੀ ਪੂਰਵ ਸੰਧਿਆ 'ਤੇ ਉਨ੍ਹਾਂ ਨੂੰ ਲਾਹੌਰ ਛੱਡਣਾ ਪਿਆ ਅਤੇ ਉਹ ਆਪਣੀਆਂ ਲਗਭਗ 300 ਕਲਾਕ੍ਰਿਤਾਂ, ਜਿਨ੍ਹਾਂ ਵਿੱਚ 60 ਬੇਸ਼ਕੀਮਤੀ ਪੇਂਟਿੰਗਾਂ ਵੀ ਸ਼ਾਮਲ ਸਨ, ਸਮੇਤ ਹੋਰ ਕੀਮਤੀ ਵਸਤਾਂ ਉੱਥੇ ਹੀ ਛੱਡ ਆਏ।
ਅਖ਼ੀਰ ਵਿੱਚ ਉਹ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਘਾਟੀ ਵਿੱਚ ਪਾਲਮਪੁਰ ਨੇੜੇ ਸਥਿਤ ਸੁੰਦਰ ਪਿੰਡ ਅੰਦਰੇਟਾ ਵਿੱਚ ਆਣ ਵਸੇ ਅਤੇ ਆਪਣੀਆਂ ਕਈ ਸ਼ਾਨਦਾਰ ਕਲਾਕ੍ਰਿਤਾਂ ਰਾਹੀਂ ਇਸ ਛੋਟੇ ਜਿਹੇ ਪਿੰਡ ਨੂੰ ਕਲਾ ਦੇ ਕੌਮਾਂਤਰੀ ਨਕਸ਼ੇ 'ਤੇ ਲੈ ਆਏ। ਅੱਜ ਇੱਥੇ ਸੋਭਾ ਸਿੰਘ ਆਰਟ ਗੈਲਰੀ ਅਤੇ ਅਜਾਇਬਘਰ ਸਥਾਪਤ ਹੈ, ਜਿਸ ਦਾ ਪ੍ਰਬੰਧ ਉਨ੍ਹਾਂ ਦੀ ਧੀ ਬੀਬੀ ਗੁਰਚਰਨ ਕੌਰ, ਉਨ੍ਹਾਂ ਦੇ ਪੁੱਤਰ ਡਾ. ਹਿਰਦੇ ਪਾਲ ਸਿੰਘ ਅਤੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਹੈ। ਹਿਮਾਲਿਆ ਦੀ ਗੋਦ ਵਿੱਚ ਸਥਿਤ ਇਹ ਸ਼ਾਂਤਮਈ ਸਥਾਨ ਉਨ੍ਹਾਂ ਦੀ ਕਲਾ ਦੇ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਨੂੰ ਉਸ ਦੌਰ ਵਿੱਚ ਵਾਪਸ ਲੈ ਜਾਂਦਾ ਹੈ, ਜਦੋਂ ਸੋਭਾ ਸਿੰਘ ਜੀ ਨੇ ਜੀਵਨ ਦੀਆਂ ਤਸਵੀਰਾਂ ਨੂੰ ਹੋਰ ਨੇੜਿਓਂ ਚਿੱਤਰਿਤ ਕੀਤਾ। ਇਨ੍ਹਾਂ ਵਿੱਚ ਸਿੱਖ ਗੁਰੂਆਂ ਦੇ ਪ੍ਰਸਿੱਧ ਚਿੱਤਰਾਂ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ, ਕੌਮੀ ਸ਼ਖ਼ਸੀਅਤਾਂ, ਪੰਜਾਬ ਅਤੇ ਹਿਮਾਚਲ ਦੀਆਂ ਲਾੜੀਆਂ ਅਤੇ ਹਿਮਾਲਿਆਈ ਕਬਾਇਲੀ ਭਾਈਚਾਰਿਆਂ ਦੇ ਚਿੱਤਰ ਵੀ ਸ਼ਾਮਲ ਹਨ। ਉਨ੍ਹਾਂ ਦੀਆਂ ਪੇਂਟਿੰਗਾਂ ਆਪਣੀ ਅਧਿਆਤਮਕ ਡੂੰਘਾਈ, ਸੁਹਜਮਈ ਉੱਤਮਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।
ਸਾਲ 1973 ਵਿੱਚ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਪ੍ਰਸਿੱਧ ਭਾਰਤੀ ਕਲਾਕਾਰ ਦੇ ਜੀਵਨ ਅਤੇ 75ਵੇਂ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ 'ਤੇ ਇੱਕ ਜੀਵਨੀ-ਆਧਾਰਿਤ ਦਸਤਾਵੇਜ਼ੀ ਫ਼ਿਲਮ ‘ਪੇਂਟਰ ਆਫ਼ ਦ ਪੀਪਲ’ਬਣਾਈ।
(ਇੱਥੇ ਦਸਤਾਵੇਜ਼ੀ ਫ਼ਿਲਮ ਦਾ ਲਿੰਕ ਦਿੱਤਾ ਗਿਆ ਹੈ -(https://www.wavespb.com/links/SH14620cZQutm_source=chatgpt.com) – ਇਸ ਨੂੰ ਪ੍ਰਸਾਰ ਭਾਰਤੀ ਦੇ ਅਧਿਕਾਰਤ ਓਵਰ-ਦ-ਟੌਪ (ਓਟੀਟੀ) ਮੰਚ ‘ਵੇਵਜ਼ ਓਟੀਟੀ 'ਤੇ ਦੇਖਿਆ ਜਾਂ ਡਾਊਨਲੋਡ ਕੀਤਾ ਜਾ ਸਕਦਾ ਹੈ।)
ਸੋਭਾ ਸਿੰਘ ਜੀ ਨੂੰ ਸਾਲ 1983 ਵਿੱਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਉਨ੍ਹਾਂ ਦੀ ਜਨਮ ਸ਼ਤਾਬਦੀ ਵਰ੍ਹੇ ਦੌਰਾਨ 29 ਨਵੰਬਰ, 2001 ਨੂੰ ਸਰਦਾਰ ਸੋਭਾ ਸਿੰਘ ਦੀ ਯਾਦ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਸੀ।
ਇਸ ਮਹਾਨ ਕਲਾਕਾਰ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ, ਜੋ ਇਸ ਸਾਲ 27 ਨਵੰਬਰ ਨੂੰ ਮਨਾਈ ਜਾਵੇਗੀ, ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੀ ਜਨਮਭੂਮੀ ਸ੍ਰੀ ਹਰਿਗੋਬਿੰਦਪੁਰ ਤੋਂ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ। ਇਨ੍ਹਾਂ ਸਮਾਗਮਾਂ ਦੀ ਸਮਾਪਤੀ ਨਵੰਬਰ 2027 ਵਿੱਚ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ ਉਨ੍ਹਾਂ ਦੀ ਕਰਮ-ਭੂਮੀ 'ਤੇ ਹੋਵੇਗੀ। ਇਨ੍ਹਾਂ ਸਮਾਗਮਾਂ ਦਾ ਵਿਸ਼ਾ “ਜਨਮ-ਭੂਮੀ ਤੋਂ ਕਰਮ-ਭੂਮੀ ਤੱਕ” ਰੱਖਿਆ ਗਿਆ ਹੈ ।
ਸੋਭਾ ਸਿੰਘ ਮੈਮੋਰੀਅਲ ਆਰਟ ਸੋਸਾਇਟੀ (ਐੱਸਐੱਸਐੱਮਏਐੱਸ), ਅੰਦਰੇਟਾ, ਭਾਰਤੀ ਕਲਾ ਵਿੱਚ ਇਸ ਕਲਾਕਾਰ ਦੇ ਸ਼ਾਨਦਾਰ ਯੋਗਦਾਨ ਨੂੰ ਕਲਾ ਪ੍ਰੇਮੀਆਂ ਸਾਹਮਣੇ ਉਜਾਗਰ ਕਰਨ ਲਈ ਯੂਨੀਵਰਸਿਟੀਆਂ, ਸੱਭਿਆਚਾਰਕ ਸੰਸਥਾਵਾਂ, ਵਿਦਿਅਕ ਅਦਾਰਿਆਂ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਕਲਾ, ਸੱਭਿਆਚਾਰ ਅਤੇ ਸਿੱਖਿਆ ਨਾਲ ਸਬੰਧਤ ਕਈ ਗਤੀਵਿਧੀਆਂ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ।
ਸੁਸਾਇਟੀ ਦੇ ਸਕੱਤਰ ਜਨਰਲ ਡਾ. ਹਿਰਦੇ ਪਾਲ ਸਿੰਘ ਨੇ ਦੱਸਿਆ ਕਿ ਨਵੰਬਰ ਦੇ ਦੂਜੇ ਪੰਦਰਵਾੜੇ ਦੌਰਾਨ ਬਠਿੰਡਾ ਵਿੱਚ ਕਲਾ ਮੇਲਿਆਂ ਨਾਲ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ। ਸੁਸਾਇਟੀ ਵੱਲੋਂ 27 ਨਵੰਬਰ ਨੂੰ ਸ੍ਰੀ ਹਰਿਗੋਬਿੰਦਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਧਾਰਮਿਕ ਦੀਵਾਨ ਅਤੇ ਸਕੂਲੀ ਵਿਦਿਆਰਥੀਆਂ ਲਈ ਚਿੱਤਰਕਾਰੀ ਮੁਕਾਬਲੇ ਸ਼ਾਮਲ ਹੋਣਗੇ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਪ੍ਰੋਗਰਾਮ ਕਰਵਾਏ ਜਾਣਗੇ। ਕਲਾਕਾਰ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਦੌਰਾਨ ਉਨ੍ਹਾਂ ਨਾਲ ਜੁੜੇ ਰਹੇ ਪਰਿਵਾਰਾਂ ਦੇ ਵਾਰਸਾਂ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਸ਼ੁਕਰਾਨਾ ਸਮਾਗਮ ਕਰਵਾਉਣ ਦੀ ਯੋਜਨਾ ਵੀ ਹੈ।
ਡਾ. ਪਾਲ ਨੇ ਦੱਸਿਆ ਕਿ ਸਾਲ 2027 ਵਿੱਚ ਅੰਦਰੇਟਾ ਵਿਖੇ ਉਨ੍ਹਾਂ ਦੇ ਇਤਿਹਾਸਕ ਸਟੂਡੀਓ ਵਿੱਚ ਸੋਭਾ ਸਿੰਘ ਦੇ ਸਿਲੀਕਾਨ ਦੇ ਬੁੱਤ ਤੋਂ ਵੀ ਪਰਦਾ ਹਟਾਇਆ ਜਾਵੇਗਾ। ਸੁਸਾਇਟੀ ਵੱਲੋਂ ਕਲਾਤਮਕ ਉੱਤਮਤਾ ਦੀ ਮਾਨਤਾ ਵਜੋਂ ਕਿਸੇ ਉੱਘੇ ਕਲਾਕਾਰ ਨੂੰ ਸੋਭਾ ਸਿੰਘ ਕਲਾ ਪੁਰਸਕਾਰ ਦੇਣ ਦੀ ਵੀ ਤਜਵੀਜ਼ ਹੈ।
ਸੋਭਾ ਸਿੰਘ ਦੇ ਕੁਝ ਪ੍ਰਸਿੱਧ ਕਥਨ ਇਸ ਪ੍ਰਕਾਰ ਹਨ: “ਗੁਰੂ ਨਾਨਕ ਮੇਰੇ ਧਿਆਨ ਦੀ ਮੂਰਤ ਹਨ”। “ਚਿੱਤਰਕਾਰੀ ਮੇਰਾ ਜੀਵਨ ਹੈ—ਗੁਰੂ ਮੇਰੇ ਜੀਵਨ ਦਾ ਲਹੂ ਹਨ”। “ਮੈਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਗੁਰੂਆਂ ਦੇ ਚਿੱਤਰ ਬਣਾਏ। ਗੁਰੂ ਦਾ ਚਿੱਤਰ ਬਣਾਉਣਾ ਮੇਰੇ ਅਸਲ ਸਰੂਪ ਦੇ ਵਿਕਾਸ ਦੀ ਅੰਤਿਮ ਅਵਸਥਾ ਦੇ ਸਭ ਤੋਂ ਨੇੜੇ ਹੈ”। “ਲੋਕਾਂ ਨੂੰ ਭੌਤਿਕਵਾਦੀ ਫ਼ਲਸਫ਼ੇ ਰਾਹੀਂ ਸਿੱਖਿਅਤ ਨਹੀਂ ਕੀਤਾ ਜਾ ਸਕਦਾ। ਉਹ ਧਰਮ ਰਾਹੀਂ ਗਿਆਨ ਹਾਸਲ ਕਰ ਸਕਦੇ ਹਨ।”
ਸਿੱਖ ਪਰਿਵਾਰਾਂ ਵਿੱਚ ਬਜ਼ੁਰਗ ਪਿਤਾ-ਸਮਾਨ ਸ਼ਖ਼ਸੀਅਤਾਂ ਨੂੰ ਦਿੱਤੇ ਜਾਣ ਵਾਲੇ ਨਾਂ ‘ਦਾਰਜੀ’ ਨਾਲ ਜਾਣੇ ਜਾਂਦੇ ਸਰਦਾਰ ਸੋਭਾ ਸਿੰਘ ਜੀ, ਆਪਣੇ ਨਾਂ ‘ਸੋਭਾ’(ਜਿਸ ਦਾ ਭਾਵ ਹੈ ਸੁੰਦਰਤਾ ਜਾਂ ਸ਼ਾਨ) ਵਾਂਗ, ਚਾਰ ਦਹਾਕੇ ਪਹਿਲਾਂ 22 ਅਗਸਤ, 1986 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਹ ਆਪਣੀਆਂ ਅਜਿਹੀਆਂ ਯਾਦਾਂ ਛੱਡ ਗਏ ਹਨ, ਜੋ ਉਨ੍ਹਾਂ ਦੀਆਂ ਸ਼ਾਨਦਾਰ ਕਲਾਕ੍ਰਿਤਾਂ ਰਾਹੀਂ ਦੁਨੀਆ ਭਰ ਦੇ ਕਲਾ ਇਤਿਹਾਸ ਅਤੇ ਕਲਾ ਪ੍ਰੇਮੀਆਂ ਨੂੰ ਸਦਾ ਮੋਹਪਾਸ਼ ਕਰਦੀਆਂ ਰਹਿਣਗੀਆਂ।
****************
(ਲੇਖਕ ਭਾਰਤੀ ਸੂਚਨਾ ਸੇਵਾ (ਆਈਆਈਐੱਸ) ਦੇ ਅਧਿਕਾਰੀ ਹਨ ਅਤੇ ਇਸ ਸਮੇਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਕਾਸ਼ਵਾਣੀ, ਜਲੰਧਰ ਵਿਖੇ ਖੇਤਰੀ ਸਮਾਚਾਰ ਮੁਖੀ ਵਜੋਂ ਤਾਇਨਾਤ ਹਨ।)/ਵੀ.ਐੱਸ./ਐੱਮ.ਪੀ.
(Features ID: 160870)
आगंतुक पटल : 46
Provide suggestions / comments
इस विज्ञप्ति को इन भाषाओं में पढ़ें:
English