• Skip to Content
  • Sitemap
  • Advance Search
Others

ਭਾਰਤੀ ਰੇਲਵੇ: ਜਿੱਥੇ ਵਿਕਾਸ ਅਤੇ ਟਿਕਾਊਤਾ ਦਾ ਸੁਮੇਲ ਹੈ

Posted On: 04 JUN 2025 5:52PM

 

ਅਸ਼ਵਿਨੀ ਵੈਸ਼ਣਵ ਦੁਆਰਾ

 

ਹਰ ਵਾਰ ਜਦੋਂ ਤੁਸੀਂ ਆਵਾਜਾਈ ਦੇ ਹੋਰ ਸਾਧਨਾਂ ਦੀ ਬਜਾਏ ਰੇਲਗੱਡੀ ਰਾਹੀਂ ਯਾਤਰਾ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਸਿਰਫ਼ ਆਰਾਮ ਅਤੇ ਸਹੂਲਤ ਹੀ ਨਹੀਂ ਚੁਣ ਰਹੇ ਹੁੰਦੇ - ਤੁਸੀਂ ਇੱਕ ਸਵੱਛ, ਹਰੇ-ਭਰੇ ਭਾਰਤ ਨੂੰ ਚੁਣਦੇ ਹੋ। ਪਿਛਲੇ ਸਾਲ 700 ਕਰੋੜ ਤੋਂ ਵੱਧ ਲੋਕਾਂ ਨੇ ਭਾਰਤੀ ਰੇਲਵੇ ਵਿੱਚ ਯਾਤਰਾ ਕਰਨ ਦੀ ਚੋਣ ਕੀਤੀ। ਇਹ ਸਾਡੀ ਜੀਵਨ ਰੇਖਾ ਹੈ ਅਤੇ ਕੱਲ੍ਹ ਲਈ ਇੱਕ ਹਰਿਤ ਵਾਅਦਾ (Green promise) ਹੈ।

 

ਭਾਰਤੀ ਰੇਲਵੇ ਦੇਸ਼ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਪੰਚਾਮ੍ਰਿਤ ਟੀਚਿਆਂ - 2070 ਤੱਕ ਸ਼ੁੱਧ ਜ਼ੀਰੋ ਦੇ ਨੇੜੇ ਜਾਣ ਵਿੱਚ ਮਦਦ ਕਰ ਰਿਹਾ ਹੈ। ਰੇਲਵੇ ਇਸ ਨੂੰ ਇੱਕ ਬਹੁ-ਪੱਖੀ ਪਹੁੰਚ ਰਾਹੀਂ ਸਮਰੱਥ ਬਣਾ ਰਿਹਾ ਹੈ, ਜਿਸ ਰਾਹੀਂ ਆਵਾਜਾਈ ਨੂੰ ਸੜਕ ਤੋਂ ਰੇਲ ਵੱਲ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਸਵੱਛ, ਗ੍ਰੀਨ ਊਰਜਾ ਸਰੋਤਾਂ ਨਾਲ ਬਿਜਲੀ ਕਾਰਜਾਂ ਨੂੰ ਸਮਰੱਥ ਬਣਾਇਆ ਜਾ ਰਿਹਾ ਹੈ। ਇਕੱਠੇ ਹੋ ਕੇ, ਇਹ ਕਦਮ ਭਾਰਤ ਨੂੰ ਪੈਮਾਨੇ 'ਤੇ ਆਪਣੀ ਆਰਥਿਕਤਾ ਨੂੰ ਡੀ-ਕਾਰਬਨਾਇਜ਼ ਕਰਨ ਵਿੱਚ ਮਦਦ ਕਰ ਰਹੇ ਹਨ।

ਸੜਕ ਤੋਂ ਰੇਲ ਮਾਰਗ ਦੀ ਅਗਵਾਈ

2013-14 ਵਿੱਚ, ਰੇਲਵੇ ਨੇ ਲਗਭਗ 1,055 ਮਿਲੀਅਨ ਟਨ ਮਾਲ ਢੋਇਆ। ਇਹ 2024-25 ਵਿੱਚ ਵਧ ਕੇ 1,617 ਮਿਲੀਅਨ ਟਨ ਹੋ ਗਿਆ ਹੈ, ਜਿਸ ਨਾਲ ਸਾਡੀ ਰੇਲਵੇ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਮਾਲ ਢੋਣ ਵਾਲੀ ਰੇਲਵੇ ਬਣ ਗਈ ਹੈ। ਮਾਹਰਾਂ ਦੁਆਰਾ ਕੀਤੀ ਗਈ ਗਣਨਾ ਦੀ ਵਰਤੋਂ ਕਰਦੇ ਹੋਏ, ਸੜਕ ਤੋਂ ਰੇਲ ਤੱਕ ਮਾਲ ਦੇ ਇਸ ਤਬਾਦਲੇ ਨੇ ਸਾਡੇ ਦੇਸ਼ ਨੂੰ 143 ਮਿਲੀਅਨ ਟਨ ਤੋਂ ਵੱਧ ਸੀਓ2 ਨਿਕਾਸ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ। ਇਹ 121 ਕਰੋੜ ਰੁੱਖ ਲਗਾਉਣ ਦੀ ਤਰ੍ਹਾਂ ਹੈ।

ਰੇਲ ਰਾਹੀਂ ਮਾਲ ਦੀ ਢੋਆ-ਢੁਆਈ ਸੜਕ ਰਾਹੀਂ ਕੀਤੇ ਜਾਣ ਵਾਲੇ ਲਗਭਗ ਅੱਧੇ ਖਰਚੇ ਦੇ ਬਰਾਬਰ ਹੈ। ਇਸ ਦਾ ਭਾਵ ਹੈ ਕਿ ਨਾ ਸਿਰਫ਼ ਕਾਰੋਬਾਰਾਂ ਲਈ, ਸਗੋਂ ਸਮੁੱਚੀ ਆਰਥਿਕਤਾ ਲਈ ਵੱਡੀ ਬੱਚਤ ਹੈ। ਇਸ ਤਬਦੀਲੀ ਨੇ ਪਿਛਲੇ ਦਹਾਕੇ ਦੌਰਾਨ ਲੌਜਿਸਟਿਕਸ ਲਾਗਤਾਂ ਵਿੱਚ ₹3.2 ਲੱਖ ਕਰੋੜ ਦੀ ਬੱਚਤ ਕਰਨ ਵਿੱਚ ਮਦਦ ਕੀਤੀ ਹੈ।

ਰੇਲਵੇ ਵੀ ਬਹੁਤ ਸਵੱਛ ਹੈ, ਜੋ ਟਰੱਕਾਂ ਨਾਲੋਂ 90% ਘੱਟ ਕਾਰਬਨ ਡਾਈਆਕਸਾਈਡ ਛੱਡਦੀ ਹੈ। ਇਹ ਸਾਡੇ ਅਸਮਾਨ ਵਿੱਚ ਘੱਟ ਧੂੰਆਂ ਛੱਡਦੀ ਹੈ ਅਤੇ ਸਾਨੂੰ ਸਾਫ਼ ਹਵਾ ਮਿਲਦੀ ਹੈ। ਸੜਕ ਤੋਂ ਰੇਲ ਤਬਦੀਲੀ ਨੇ ਸਾਡੇ ਲਈ 2,857 ਕਰੋੜ ਲੀਟਰ ਡੀਜ਼ਲ ਬਚਾਇਆ ਹੈ, ਜਿਸ ਨਾਲ ਈਂਧਣ ਦੀ ਲਾਗਤ ਵਿੱਚ ਲਗਭਗ ₹2 ਲੱਖ ਕਰੋੜ ਦੀ ਬੱਚਤ ਹੋਈ ਹੈ।

ਗ੍ਰੀਨ ਟ੍ਰੈਕ, ਮਜ਼ਬੂਤ ਰਾਸ਼ਟਰ

ਭਾਰਤ ਤੇਲ ਆਯਾਤ ਕਰਦਾ ਹੈ। ਇਸ ਲਈ, ਸਾਡੇ ਆਵਾਜਾਈ ਖੇਤਰ ਦਾ ਬਿਜਲੀਕਰਣ ਕਰਨਾ ਰਣਨੀਤਕ ਤੌਰ 'ਤੇ ਸਮਝਦਾਰੀ ਵਾਲਾ ਫ਼ੈਸਲਾ ਹੈ ਤਾਂ ਜੋ ਆਯਾਤ 'ਤੇ ਸਾਡੀ ਨਿਰਭਰਤਾ ਘਟ ਜਾਵੇ। 2014 ਤੋਂ ਪਹਿਲਾਂ ਦੇ 60 ਸਾਲਾਂ ਵਿੱਚ, ਭਾਰਤੀ ਰੇਲਵੇ ਨੇ 21,000 ਕਿਲੋਮੀਟਰ ਟ੍ਰੈਕ  ਦਾ ਬਿਜਲੀਕਰਣ ਕੀਤਾ ਸੀ। ਅਤੇ ਪਿਛਲੇ 11 ਸਾਲਾਂ ਵਿੱਚ, ਅਸੀਂ 47,000 ਕਿਲੋਮੀਟਰ ਦਾ ਬਿਜਲੀਕਰਣ ਕੀਤਾ ਹੈ। ਅੱਜ ਸਾਡੇ ਬ੍ਰੌਡਗੇਜ ਨੈੱਟਵਰਕ ਦਾ 99% ਬਿਜਲੀਕਰਣ ਕੀਤਾ ਜਾ ਚੁੱਕਾ ਹੈ।

ਰੇਲਵੇ ਸਟੇਸ਼ਨਾਂ, ਫੈਕਟਰੀਆਂ ਅਤੇ ਵਰਕਸ਼ਾਪਾਂ ਲਈ ਗ੍ਰੀਨ ਊਰਜਾ ਦੀ ਵਰਤੋਂ ਵੱਧ ਤੋਂ ਵੱਧ ਕਰ ਰਿਹਾ ਹੈ। ਹੁਣ ਇਹ ਰਾਜਾਂ ਨਾਲ ਮਿਲ ਕੇ ਰੇਲਗੱਡੀਆਂ ਚਲਾਉਣ ਲਈ ਵਧੇਰੇ ਗ੍ਰੀਨ ਊਰਜਾ ਹਾਸਲ ਕਰਨ ਲਈ ਕੰਮ ਕਰ ਰਿਹਾ ਹੈ। ਇਹ ਸਭ ਭਾਰਤ ਨੂੰ ਆਪਣੇ ਸ਼ੁੱਧ ਜ਼ੀਰੋ ਟੀਚੇ ਨੂੰ ਪ੍ਰਾਪਤ ਕਰਨ ਵੱਲ ਲੈ ਜਾਵੇਗਾ।

ਮਾਲ ਢੋਆ-ਢੁਆਈ ਨੂੰ ਬਿਹਤਰ ਬਣਾਉਣਾ

ਇਸ ਗਤੀ ਦੇ ਅਧਾਰ 'ਤੇ, ਸਮਰਪਿਤ ਮਾਲ ਢੋਆ-ਢੁਆਈ ਕੌਰੀਡੋਰ (ਡੀਐੱਫਸੀਜ਼) ਬਿਜਲੀਕਰਣ ਕੀਤੇ ਗਏ ਹਨ, ਜੋ ਉੱਚ-ਸਮਰੱਥਾ ਵਾਲੀਆਂ ਰੇਲਵੇ ਲਾਈਨਾਂ ਹਨ ਜੋ ਵਿਸ਼ੇਸ਼ ਤੌਰ 'ਤੇ ਮਾਲ ਢੋਆ-ਢੁਆਈ ਲਈ ਤਿਆਰ ਕੀਤੀਆਂ ਗਈਆਂ ਹਨ। 2,741 ਕਿਲੋਮੀਟਰ ਦੇ ਕਾਰਜਸ਼ੀਲ ਹੋਣ ਦੇ ਨਾਲ, ਡੀਐੱਫਸੀਜ਼ ਨੇ ਸੜਕਾਂ 'ਤੇ ਭੀੜ-ਭੜੱਕੇ ਨੂੰ ਘੱਟ ਕੀਤਾ ਹੈ ਅਤੇ ਡੀਜ਼ਲ ਦੀ ਖਪਤ ਅਤੇ ਕਾਰਬਨ ਨਿਕਾਸੀ ਨੂੰ ਕਾਫ਼ੀ ਘਟਾ ਦਿੱਤਾ ਹੈ।

 

ਭਾਰਤ ਹਾਈਡ੍ਰੋਜਨ ਨਾਲ ਚੱਲਣ ਵਾਲੀ ਰੇਲਗੱਡੀ ਵਰਗੀ ਆਧੁਨਿਕ, ਜ਼ੀਰੋ-ਨਿਕਾਸ ਟੈਕਨੋਲੋਜੀ ਨੂੰ ਵੀ ਅਪਣਾ ਰਿਹਾ ਹੈ। ਪਹਿਲੀ ਰੇਲਗੱਡੀ ਹਰਿਆਣਾ ਵਿੱਚ ਜੀਂਦ ਅਤੇ ਸੋਨੀਪਤ ਦਰਮਿਆਨ ਚੱਲੇਗੀ ਅਤੇ 2,600 ਯਾਤਰੀਆਂ ਨੂੰ ਲੈ ਕੇ ਜਾਵੇਗੀ। ਇਹ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਲੰਬੀ ਹਾਈਡ੍ਰੋਜਨ ਰੇਲਗੱਡੀ ਹੋਵੇਗੀ।

 

ਅਰਥਵਿਵਸਥਾ ਅਤੇ ਵਾਤਾਵਰਣ

ਭਾਰਤ ਸਾਬਤ ਕਰ ਰਿਹਾ ਹੈ ਕਿ ਆਰਥਿਕ ਵਿਕਾਸ ਅਤੇ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਨਾਲ-ਨਾਲ ਚੱਲ ਸਕਦੇ ਹਨ ਅਤੇ ਨਾਲ-ਨਾਲ ਚੱਲਣੇ ਚਾਹੀਦੇ ਹਨ। ਵਿਸ਼ਵ ਬੈਂਕ ਦੇ ਲੌਜਿਸਟਿਕਸ ਪ੍ਰਦਰਸ਼ਨ ਸੂਚਕਾਂਕ 2023 ਦੇ ਅਨੁਸਾਰ, ਭਾਰਤ ਹੁਣ 139 ਦੇਸ਼ਾਂ ਵਿੱਚੋਂ 38ਵੇਂ ਸਥਾਨ 'ਤੇ ਹੈ, ਜੋ ਕਿ 2014 ਤੋਂ ਬਾਅਦ ਸੋਲ੍ਹਾਂ ਸਥਾਨਾਂ ਦੀ ਛਾਲ ਹੈ। ਰੇਲਵੇ ਬਿਜਲੀਕਰਣ ਦੇ ਵਿਸਥਾਰ ਨੇ ਲਾਗਤਾਂ ਅਤੇ ਨਿਕਾਸੀ ਨੂੰ ਘਟਾ ਦਿੱਤਾ ਹੈ। ਇਸ ਨੇ ਗਤੀ ਅਤੇ ਸਮਰੱਥਾ ਵਿੱਚ ਵੀ ਵਾਧਾ ਕੀਤਾ ਹੈ, ਜਿਸ ਨਾਲ ਭਾਰਤ ਨੂੰ ਵਿਸ਼ਵ ਪੱਧਰੀ ਲੌਜਿਸਟਿਕ ਮਿਆਰਾਂ ਦੇ ਨੇੜੇ ਜਾਣ ਵਿੱਚ ਮਦਦ ਮਿਲੀ ਹੈ।

 

ਰੇਲਵੇ ਨੈੱਟ ਜ਼ੀਰੋ ਵੱਲ ਵਧੇਗਾ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਰੇਲਵੇ ਲਈ ਨੈੱਟ ਜ਼ੀਰੋ ਪ੍ਰਾਪਤ ਕਰਨ ਲਈ ਸਾਲ 2030 ਦਾ ਟੀਚਾ ਮਿੱਥਿਆ ਹੈ। ਤੇਜ਼ ਬਿਜਲੀਕਰਣ ਅਤੇ ਸੜਕ ਤੋਂ ਰੇਲ ਤੱਕ ਮਾਲ ਦੀ ਵੱਡੇ ਪੱਧਰ 'ਤੇ ਤਬਦੀਲੀ ਦੇ ਕਾਰਨ, ਭਾਰਤੀ ਰੇਲਵੇ 2025 ਦੇ ਅੰਦਰ ਹੀ ਨੈੱਟ ਜ਼ੀਰੋ (ਸਕੋਪ 1) ਹਾਸਲ ਕਰਨ ਦੇ ਰਾਹ 'ਤੇ ਹੈ।

ਇਸ ਵਿਸ਼ਵ ਵਾਤਾਵਰਣ ਦਿਵਸ 'ਤੇ, ਭਾਰਤੀ ਰੇਲਵੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰ ਰਿਹਾ ਹੈ। ਹਰੇਕ ਇਲੈਕਟ੍ਰੀਫਾਇਡ ਟ੍ਰੈਕ, ਲਗਾਇਆ ਗਿਆ ਹਰੇਕ ਸੋਲਰ ਪੈਨਲ ਅਤੇ ਸੜਕ ਤੋਂ ਹਟਾਇਆ ਗਿਆ ਹਰ ਮਾਲ ਢੋਆ-ਢੁਆਈ ਵਾਲਾ ਕੰਟੇਨਰ ਸਾਡੇ ਲੋਕਾਂ ਅਤੇ ਸਾਡੇ ਗ੍ਰਹਿ ਲਈ ਇੱਕ ਵਾਅਦਾ ਹੈ।

 

ਲੇਖਕ ਭਾਰਤ ਸਰਕਾਰ ਦੇ ਕੇਂਦਰੀ ਰੇਲਵੇ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਹਨ।

****

 

(Features ID: 154551) Visitor Counter : 6
Read this release in: English
Link mygov.in
National Portal Of India
STQC Certificate