ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਬਾਲ ਵਿਆਹ ਦੇ ਵਿਰੁੱਧ ਦੇਸ਼ ਵਿਆਪੀ ਮੁਹਿੰਮ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ 27 ਨਵੰਬਰ 2026 ਨੂੰ ਬਾਲ ਵਿਆਹ ਮੁਕਤ ਭਾਰਤ 'ਤੇ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ

Posted On: 26 NOV 2026 3:12PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 27 ਨਵੰਬਰ 2026 ਨੂੰ ‘ਬਾਲ ਵਿਆਹ ਮੁਕਤ ਭਾਰਤ’ (ਬੀਵੀਐੱਮਬੀ) 'ਤੇ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਆਯੋਜਿਤ ਕਰੇਗਾ। ਇਹ ਪ੍ਰੋਗਰਾਮ 27 ਨਵੰਬਰ 2024 ਨੂੰ ਸ਼ੁਰੂ ਕੀਤੀ ਗਈ ਰਾਸ਼ਟਰੀ ਮੁਹਿੰਮ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ‘ਸਮੁੱਚੀ ਸਰਕਾਰ’ ਅਤੇ ‘ਸਮੁੱਚੇ ਸਮਾਜ’ ਦੇ ਦ੍ਰਿਸ਼ਟੀਕੋਣ ਰਾਹੀਂ ਬਾਲ ਵਿਆਹ ਦਾ ਖਾਤਮਾ ਕਰਨਾ ਹੈ।

ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਹੋਵੇਗਾ। ਇਸ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਤੀਨਿਧੀ, ਬਾਲ ਵਿਆਹ ਰੋਕਥਾਮ ਅਧਿਕਾਰੀ (ਸੀਐੱਮਪੀਓ), ਬਾਲ ਭਲਾਈ ਕਮੇਟੀ ਦੇ ਮੈਂਬਰ, ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ), ਸਿਵਲ ਸੁਸਾਇਟੀ ਸੰਗਠਨਾਂ ਅਤੇ ਹੋਰ ਸਬੰਧਤ ਧਿਰਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਮੌਕੇ ਬਾਲ ਵਿਆਹ ਮੁਕਤ ਭਾਰਤ ਦੇ ਸਮੂਹਿਕ ਸੰਕਲਪ ਨੂੰ ਦੁਹਰਾਇਆ ਜਾਵੇਗਾ।

ਇਸ ਆਯੋਜਨ ਰਾਹੀਂ ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ, ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਅਤੇ ਸਬੰਧਤ ਧਿਰਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਜਾਵੇਗੀ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਬਾਲ ਵਿਆਹ ਦੀ ਰੋਕਥਾਮ ਦੇ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਜਾਵੇਗਾ।

ਇਸ ਆਯੋਜਨ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ 27 ਨਵੰਬਰ ਨੂੰ ਬਾਲ, ਘੱਟ ਉਮਰ ਅਤੇ ਜਬਰੀ ਵਿਆਹ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਐਲਾਨਿਆ ਹੈ।

ਸ਼ੁਰੂਆਤ ਤੋਂ ਹੀ ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਦਾ ਮੁੱਖ ਜ਼ੋਰ ਜਾਗਰੂਕਤਾ ਵਧਾਉਣ, ਭਾਈਚਾਰਿਆਂ ਨੂੰ ਸਰਗਰਮੀ ਨਾਲ ਜੋੜਨ, ਬਾਲ ਵਿਆਹ ਰੋਕਥਾਮ ਅਧਿਕਾਰੀਆਂ ਦੀ ਸੰਸਥਾਗਤ ਵਿਵਸਥਾ ਨੂੰ ਮਜ਼ਬੂਤ ਕਰਨ, ਮਾਮਲਿਆਂ ਦੀ ਸਮੇਂ ਸਿਰ ਸੂਚਨਾ ਦੇਣ ਨੂੰ ਉਤਸ਼ਾਹਿਤ ਕਰਨ ਅਤੇ ਬਾਲੜੀਆਂ ਦੀ ਸਿੱਖਿਆ, ਸਸ਼ਕਤੀਕਰਨ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ 'ਤੇ ਰਿਹਾ ਹੈ। ਦੇਸ਼ ਭਰ ਵਿੱਚ ਜਾਗਰੂਕਤਾ ਪ੍ਰੋਗਰਾਮਾਂ, ਭਾਈਚਾਰਕ ਸੰਪਰਕ ਮੁਹਿੰਮਾਂ ਅਤੇ ਸਹੁੰ ਚੁੱਕ ਗਤੀਵਿਧੀਆਂ ਰਾਹੀਂ ਇਸ ਮੁਹਿੰਮ ਵਿੱਚ ਵਿਆਪਕ ਸ਼ਮੂਲੀਅਤ ਦੇਖਣ ਨੂੰ ਮਿਲੀ ਹੈ।

ਇਸ ਆਯੋਜਨ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜ, ਜ਼ਿਲ੍ਹਾ, ਬਲਾਕ ਅਤੇ ਪਿੰਡ ਪੱਧਰ 'ਤੇ ਵਿਸ਼ੇਸ਼ ਜਾਗਰੂਕਤਾ ਅਤੇ ਜਨ-ਸੰਪਰਕ ਗਤੀਵਿਧੀਆਂ ਚਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਵਿੱਦਿਅਕ ਅਦਾਰਿਆਂ, ਫਰੰਟਲਾਈਨ ਵਰਕਰਾਂ, ਨੌਜਵਾਨਾਂ, ਭਾਈਚਾਰਕ ਅਤੇ ਧਾਰਮਿਕ ਆਗੂਆਂ, ਸਿਵਲ ਸੁਸਾਇਟੀ ਸੰਗਠਨਾਂ ਅਤੇ ਆਮ ਨਾਗਰਿਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਬਾਲ ਵਿਆਹ ਦੇ ਵਿਰੁੱਧ ਭਾਈਚਾਰਕ ਪੱਧਰ 'ਤੇ ਕਾਰਵਾਈ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਗ੍ਰਾਮ ਸਭਾਵਾਂ, ਜਾਗਰੂਕਤਾ ਮੁਹਿੰਮਾਂ, ਸਹੁੰ ਚੁੱਕ ਸਮਾਗਮਾਂ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਲੋਕਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

‘ਬਾਲ ਵਿਆਹ ਮੁਕਤ ਭਾਰਤ ਪੋਰਟਲ’ (https://stopchildmarriage.wcd.gov.in/) ਬਾਲ ਵਿਆਹ ਦੇ ਮਾਮਲਿਆਂ ਦੀ ਸੂਚਨਾ ਦੇਣ, ਬਾਲ ਵਿਆਹ ਰੋਕਥਾਮ ਅਧਿਕਾਰੀਆਂ ਦਾ ਵੇਰਵਾ ਪ੍ਰਾਪਤ ਕਰਨ, ਜਾਗਰੂਕਤਾ ਗਤੀਵਿਧੀਆਂ ਦਾ ਰਿਕਾਰਡ ਦਰਜ ਕਰਨ ਅਤੇ ਬਾਲ ਵਿਆਹ ਦੇ ਵਿਰੁੱਧ ਸਹੁੰ ਚੁੱਕਣ ਲਈ ਇੱਕ ਸਮਰਪਿਤ ਮੰਚ ਵਜੋਂ ਕੰਮ ਕਰਦਾ ਹੈ। ਨਾਗਰਿਕਾਂ ਅਤੇ ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਅਤੇ ‘ਬਾਲ ਵਿਆਹ ਮੁਕਤ ਭਾਰਤ ਪੋਰਟਲ’, ‘ਮਾਈਗਵ’ ਅਤੇ ‘ਮੇਰਾ ਯੁਵਾ ਭਾਰਤ’ ਪਲੇਟਫਾਰਮਾਂ ਰਾਹੀਂ ਭਾਰਤ ਨੂੰ ਬਾਲ ਵਿਆਹ ਮੁਕਤ ਬਣਾਉਣ ਦੀ ਸਹੁੰ ਚੁੱਕਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

27 ਨਵੰਬਰ 2026 ਨੂੰ ਆਯੋਜਿਤ ਹੋਣ ਵਾਲਾ ਇਹ ਰਾਸ਼ਟਰੀ ਪ੍ਰੋਗਰਾਮ ਬਾਲ ਵਿਆਹ ਨੂੰ ਖਤਮ ਕਰਨ ਅਤੇ ਹਰੇਕ ਬੱਚੇ ਲਈ ਸੁਰੱਖਿਅਤ, ਸਿਹਤਮੰਦ, ਸਿੱਖਿਅਤ ਅਤੇ ਸਸ਼ਕਤ ਬਚਪਨ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਨਿਰੰਤਰ, ਤਾਲਮੇਲ ਵਾਲੇ ਅਤੇ ਭਾਈਚਾਰਾ-ਅਧਾਰਤ ਯਤਨਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਏਗਾ।

***

 

ਆਰ.ਸੀ.


(Release ID: 2342092) ਵਿਜ਼ੀਟਰ ਕਾਊਂਟਰ : 7