Posted On:
23 NOV 2026 4:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ’ਤੇ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਬਾਲੇਂਦਰ ਸ਼ਾਹ ਨੇ 22 ਤੋਂ 23 ਨਵੰਬਰ 2026 ਤੱਕ ਭਾਰਤ ਦੀ ਸਰਕਾਰੀ ਯਾਤਰਾ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਨਵੀਂ ਦਿੱਲੀ ਵਿੱਚ ਸੁਹਿਰਦ, ਸਾਰਥਕ ਅਤੇ ਦੂਰ-ਦਰਸ਼ੀ ਵਿਚਾਰ-ਵਟਾਂਦਰਾ ਕੀਤਾ ਅਤੇ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕੀਤੀ।
ਦੋਵਾਂ ਆਗੂਆਂ ਨੇ ਸਵੀਕਾਰ ਕੀਤਾ ਕਿ ਭਾਰਤ ਅਤੇ ਨੇਪਾਲ ਵਿਚਕਾਰ ਸਦੀਆਂ ਪੁਰਾਣੇ ਸੱਭਿਅਤਾਗਤ ਸਬੰਧ ਹੁਣ ਇੱਕ ਬਹੁ-ਆਯਾਮੀ ਭਾਈਵਾਲੀ ਦੇ ਰੂਪ ਵਿੱਚ ਵਿਕਸਤ ਹੋ ਚੁੱਕੇ ਹਨ। ਇਹ ਭਾਈਵਾਲੀ ਆਪਸੀ ਸਨਮਾਨ ਅਤੇ ਆਪਸੀ ਲਾਭ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਡੂੰਘੇ ਜਨ-ਸੰਪਰਕ ਸਬੰਧਾਂ ਤੋਂ ਵੀ ਸ਼ਕਤੀ ਪ੍ਰਾਪਤ ਕਰਦੀ ਹੈ।
ਨੇਪਾਲ ਨੇ ਅਗਸਤ 2026 ਵਿੱਚ ਰਸੁਵਾ–ਤ੍ਰਿਸ਼ੂਲੀ ਨਦੀ ਬੇਸਿਨ ਅਤੇ ਹੋਰ ਖੇਤਰਾਂ ਵਿੱਚ ਆਏ ਹੜ੍ਹਾਂ ਅਤੇ ਮਲਬੇ ਦੇ ਵਹਾਅ ਤੋਂ ਬਾਅਦ ਭਾਰਤ ਵੱਲੋਂ ਤੁਰੰਤ ਮਨੁੱਖੀ ਸਹਾਇਤਾ ਅਤੇ ਖੋਜ ਤੇ ਬਚਾਅ ਕਾਰਜਾਂ ਵਿੱਚ ਪ੍ਰਦਾਨ ਕੀਤੀ ਗਈ ਮਦਦ ਲਈ ਆਪਣੀ ਸ਼ਲਾਘਾ ਪ੍ਰਗਟਾਈ। ਦੋਵਾਂ ਆਗੂਆਂ ਨੇ ਨੇਪਾਲ ਦੇ ਮੁੜ-ਨਿਰਮਾਣ ਯਤਨਾਂ ਲਈ ਭਵਿੱਖ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਵਾਧੂ ਸਹਾਇਤਾ ਸਬੰਧੀ ਲਗਾਤਾਰ ਵਿਚਾਰ-ਵਟਾਂਦਰਾ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਦੁਵੱਲੀ ਭਾਈਵਾਲੀ ਵਿੱਚ ਸਮਕਾਲੀ ਰਾਜਨੀਤਿਕ, ਆਰਥਿਕ ਅਤੇ ਤਕਨੀਕੀ ਹਕੀਕਤਾਂ ਨੂੰ ਦਰਸਾਇਆ ਜਾਣਾ ਚਾਹੀਦਾ ਹੈ ਅਤੇ ਇਹ ਇੱਕ ਅਪਡੇਟ ਕੀਤੇ ਅਤੇ ਦੂਰਦਰਸ਼ੀ ਕਾਨੂੰਨੀ ਢਾਂਚੇ ’ਤੇ ਅਧਾਰਿਤ ਹੋਣੀ ਚਾਹੀਦੀ ਹੈ। ਇਸ ਦੇ ਤਹਿਤ ਸਾਲ 1950 ਦੀ ਸ਼ਾਂਤੀ ਅਤੇ ਮਿੱਤਰਤਾ ਸੰਧੀ ਸਮੇਤ ਮੌਜੂਦਾ ਦੁਵੱਲੇ ਸਮਝੌਤਿਆਂ ਦੀ ਆਪਸੀ ਸਹਿਮਤੀ ਦੇ ਅਧਾਰ ’ਤੇ ਸਮੀਖਿਆ ਕੀਤੀ ਜਾ ਸਕਦੀ ਹੈ। ਜਲ ਸਰੋਤ, ਊਰਜਾ, ਵਪਾਰ ਅਤੇ ਵਣਜ ਅਤੇ ਸਰਹੱਦ ਨਾਲ ਸਬੰਧਤ ਮੁੱਦਿਆਂ ਸਮੇਤ ਸਾਰੇ ਲਟਕਦੇ ਮਾਮਲਿਆਂ ਦਾ ਹੱਲ ਆਪਸੀ ਵਿਚਾਰ-ਵਟਾਂਦਰੇ ਅਤੇ ਸੰਵਾਦ ਰਾਹੀਂ ਕੀਤਾ ਜਾਣਾ ਹੈ।
ਭਾਰਤ-ਨੇਪਾਲ ਸਬੰਧਾਂ ਨੂੰ ਇੱਕ ਆਧੁਨਿਕ ਅਤੇ ਨਤੀਜਾਮੁਖੀ ਭਾਈਵਾਲੀ ਵਿੱਚ ਬਦਲਣ ਦੇ ਉਦੇਸ਼ ਨਾਲ, ਜੋ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਠੋਸ ਲਾਭ ਪ੍ਰਦਾਨ ਕਰੇ, ਦੋਵਾਂ ਆਗੂਆਂ ਨੇ ਇਸ ਜੁਆਇੰਟ ਵਿਜ਼ਨ ਦਸਤਾਵੇਜ਼ ਨੂੰ ਅਪਣਾਇਆ ਹੈ। ਇਹ ਵਿਜ਼ਨ ਦਸਤਾਵੇਜ਼ ਭਾਰਤ ਅਤੇ ਨੇਪਾਲ ਦੀ ਜਨਤਾ, ਖ਼ਾਸ ਕਰਕੇ ਨੌਜਵਾਨਾਂ ਦੀਆਂ ਇੱਛਾਵਾਂ ’ਤੇ ਕੇਂਦ੍ਰਿਤ ਹੈ ਅਤੇ ਹੇਠ ਲਿਖੇ 10 ਥੰਮ੍ਹਾਂ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਦੁਵੱਲੀ ਭਾਈਵਾਲੀ ਦੇ ਭਵਿੱਖ ਲਈ ਇੱਕ ਰੂਪਰੇਖਾ ਪੇਸ਼ ਕਰੇਗਾ:
I. ਵਿਆਪਕ ਆਰਥਿਕ ਅਤੇ ਵਿਕਾਸਸ਼ੀਲ ਭਾਈਵਾਲੀ
ਭਾਰਤ ਦੇ 'ਵਿਕਸਤ ਭਾਰਤ 2047' ਦੇ ਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਨੇਪਾਲ ਦੀ ਰਾਸ਼ਟਰੀ ਇੱਛਾ 'ਸਮੁੰਨਤ ਨੇਪਾਲ' ਵਿੱਚ ਕਈ ਸਮਾਨਤਾਵਾਂ ਹਨ, ਜਿਨ੍ਹਾਂ ਦਾ ਲਾਭ ਉਠਾ ਕੇ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਵਿੱਚ ਹੇਠ ਲਿਖੇ ਪਹਿਲੂ ਸ਼ਾਮਲ ਹੋਣਗੇ:
-
ਵਧੇਰੇ ਵਿਆਪਕ ਆਰਥਿਕ ਭਾਈਵਾਲੀ ਨੂੰ ਸੁਖਾਲਾ ਬਣਾਉਣ ਲਈ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਸਬੰਧੀ ਸਹਾਇਕ ਢਾਂਚਿਆਂ/ਸਮਝੌਤਿਆਂ ਦੀ ਸਮੀਖਿਆ ਕਰਨਾ।
2. ਬਿਹਤਰ ਪਹੁੰਚ ਯਕੀਨੀ ਬਣਾਉਣ ਅਤੇ ਸੰਪਰਕ-ਸਹੂਲਤ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਟ੍ਰਾਂਜ਼ਿਟ ਸੰਪਰਕ ਅਤੇ ਹਵਾਈ ਮਾਰਗ ਖੋਲ੍ਹਣਾ।
3. ਭਾਰਤ-ਨੇਪਾਲ ਸਰਹੱਦ ਦੇ ਨੇੜੇ ਨਿਰਯਾਤਮੁਖੀ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਰਹੱਦ ਪਾਰ ਵਿਸ਼ੇਸ਼ ਆਰਥਿਕ ਖੇਤਰਾਂ/ਪਾਰਕਾਂ ਦੀ ਸਥਾਪਨਾ ਵਿੱਚ ਸਹਿਯੋਗ ਕਰਨਾ, ਤਾਂ ਜੋ ਨਿਰਮਾਣ ਅਤੇ ਹੋਰ ਪ੍ਰੋਸੈੱਸਿੰਗ ਉਦਯੋਗਾਂ ਦੀਆਂ ਸਪਲਾਈ ਚੇਨਾਂ ਨਾਲ ਸੰਪਰਕ ਸਥਾਪਿਤ ਕੀਤਾ ਜਾ ਸਕੇ। ਇਸ ਦੇ ਨਾਲ ਹੀ, ਸੂਚਨਾ ਤਕਨਾਲੋਜੀ (ਆਈਟੀ) ਪਾਰਕਾਂ ਦੇ ਵਿਕਾਸ ਵਿੱਚ ਵੀ ਸਹਿਯੋਗ ਕਰਨਾ।
4. ਨਿਵੇਸ਼ਕਾਂ ਦਾ ਭਰੋਸਾ ਵਧਾਉਣ ਅਤੇ ਕਾਰੋਬਾਰ ਕਰਨ ਵਿੱਚ ਸੁਖਾਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਸਮਝੌਤਿਆਂ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਸਮੇਤ, ਨੇਪਾਲ ਦੇ ਤਰਜੀਹੀ ਖੇਤਰਾਂ ਵਿੱਚ ਭਾਰਤੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
5. ਭਾਰਤ, ਨੇਪਾਲ ਨੂੰ 15,000 ਕਰੋੜ ਰੁਪਏ (24,000 ਕਰੋੜ ਨੇਪਾਲੀ ਰੁਪਏ) ਦੀ ਵਿਕਾਸ ਸਹਾਇਤਾ ਪ੍ਰਦਾਨ ਕਰੇਗਾ। ਇਸ ਵਿੱਚ ਨੇਪਾਲ ਵਿੱਚ ਆਫ਼ਤ ਤੋਂ ਬਾਅਦ ਮੁੜ-ਨਿਰਮਾਣ ਅਤੇ ਨਵੇਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਲਈ 3,500 ਕਰੋੜ ਰੁਪਏ (5,600 ਕਰੋੜ ਨੇਪਾਲੀ ਰੁਪਏ) ਦੀ ਗ੍ਰਾਂਟ ਸਹਾਇਤਾ ਅਤੇ ਊਰਜਾ ਖੇਤਰ ਦੇ ਪ੍ਰੋਜੈਕਟਾਂ ਲਈ 11,500 ਕਰੋੜ ਰੁਪਏ (18,400 ਕਰੋੜ ਨੇਪਾਲੀ ਰੁਪਏ) ਦੀ ਰੁਪਏ-ਅਧਾਰਿਤ ਕਰਜ਼ਾ ਸਹੂਲਤ (ਲਾਈਨ ਆਫ਼ ਕ੍ਰੈਡਿਟ) ਸ਼ਾਮਲ ਹੋਵੇਗੀ। ਵਿਕਾਸ ਸਹਾਇਤਾ ਪ੍ਰਦਾਨ ਕਰਨ ਨਾਲ ਸਬੰਧਤ ਵਿਸ਼ੇਸ਼ ਪ੍ਰੋਜੈਕਟਾਂ ਅਤੇ ਤਰੀਕਿਆਂ ਨੂੰ ਆਪਸੀ ਸਲਾਹ-ਮਸ਼ਵਰੇ ਰਾਹੀਂ ਅੰਤਿਮ ਰੂਪ ਦਿੱਤਾ ਜਾਵੇਗਾ।
II. ਫਿਜ਼ੀਕਲ ਅਤੇ ਡਿਜੀਟਲ ਕਨੈਕਟੀਵਿਟੀ (ਸੰਪਰਕ-ਸਹੂਲਤ)
ਸੰਪਰਕ-ਸਹੂਲਤ ਆਰਥਿਕ ਸਹਿਯੋਗ ਨੂੰ ਡੂੰਘਾ ਕਰਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਦਾ ਇੱਕ ਪ੍ਰਮੁੱਖ ਮਾਧਿਅਮ ਹੈ। ਇਸ ਖੇਤਰ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਸਵੀਕਾਰ ਕਰਦਿਆਂ, ਦੋਵਾਂ ਆਗੂਆਂ ਨੇ ਅਯੋਧਿਆ (ਭਾਰਤ) ਅਤੇ ਜਨਕਪੁਰ (ਨੇਪਾਲ) ਵਿਚਕਾਰ ਸਿੱਧੀ ਐਕਸਪ੍ਰੈੱਸ ਰੇਲ ਸੇਵਾ ਅਤੇ ਧਾਰਚੂਲਾ (ਭਾਰਤ) ਅਤੇ ਦਾਰਚੁਲਾ (ਨੇਪਾਲ) ਵਿਚਕਾਰ ਮਹਾਕਾਲੀ ਨਦੀ ’ਤੇ ਮੋਟਰ-ਵਾਹਨ ਯੋਗ ਪੁਲ ਦੀ ਸ਼ੁਰੂਆਤ ਦਾ ਸਵਾਗਤ ਕੀਤਾ। ਉਨ੍ਹਾਂ ਨੇ ਅੱਗੇ ਹੇਠ ਲਿਖੇ ਬਿੰਦੂਆਂ ’ਤੇ ਸਹਿਮਤੀ ਪ੍ਰਗਟਾਈ:
-
ਭੈਰਹਵਾ (ਨੇਪਾਲ) ਅਤੇ ਸੁਨੌਲੀ (ਭਾਰਤ) ਵਿੱਚ ਏਕੀਕ੍ਰਿਤ ਜਾਂਚ ਚੌਕੀਆਂ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣਾ ਅਤੇ ਬਨਬਸਾ (ਭਾਰਤ) ਅਤੇ ਦੋਧਾਰਾ ਚਾਂਦਨੀ (ਨੇਪਾਲ) ਵਿੱਚ ਨਵੀਂ ਆਈਸੀਪੀ ਦੀ ਸਥਾਪਨਾ ਦੇ ਕੰਮ ਨੂੰ ਜਲਦੀ ਅੱਗੇ ਵਧਾਉਣਾ।
-
ਜੈਨਗਰ–ਬਰਦੀਬਾਸ ਅਤੇ ਜੋਗਬਨੀ–ਵਿਰਾਟਨਗਰ ਰੇਲ ਲਾਈਨਾਂ ਦੇ ਅੰਤਿਮ ਹਿੱਸਿਆਂ ਦਾ ਨਿਰਮਾਣ ਕਾਰਜ ਜਲਦੀ ਪੂਰਾ ਕਰਨਾ।
-
ਰਕਸੌਲ–ਕਾਠਮਾਂਡੂ ਰੇਲ ਸੰਪਰਕ ਮਾਰਗ ਦੇ ਅੰਤਿਮ ਸਥਾਨ ਸਰਵੇਖਣ ਦੇ ਪੂਰਾ ਹੋਣ ਦਾ ਸਵਾਗਤ ਕਰਦਿਆਂ, ਦੋਵਾਂ ਆਗੂਆਂ ਨੇ ਭਾਰਤ ਅਤੇ ਨੇਪਾਲ ਵਿਚਕਾਰ ਆਪਸੀ ਤੌਰ ’ਤੇ ਚਲਾਉਣ ਯੋਗ ਰੇਲ ਨੈੱਟਵਰਕ ਵਿਕਸਤ ਕਰਨ ਦੇ ਉਦੇਸ਼ ਨਾਲ ਨੇਪਾਲ ਵਿੱਚ ਪੂਰਬ-ਪੱਛਮੀ ਰੇਲ ਸੰਪਰਕ ਮਾਰਗ ਦੇ ਵਿਕਾਸ ਵਿੱਚ ਸਹਿਯੋਗ ਕਰਨ ’ਤੇ ਸਹਿਮਤੀ ਪ੍ਰਗਟਾਈ। ਇਸ ਦੇ ਤਹਿਤ ਬਰਦੀਬਾਸ–ਨਿਜਗੜ੍ਹ ਸੈਕਸ਼ਨ ਅਤੇ ਬੀਰਗੰਜ–ਨਿਜਗੜ੍ਹ ਰੇਲ ਸੰਪਰਕ ਮਾਰਗ ਨੂੰ ਤਰਜੀਹ ਦਿੱਤੀ ਜਾਵੇਗੀ।
-
ਨਵੇਂ ਮੋਟਰ-ਵਾਹਨ ਯੋਗ ਪੁਲਾਂ ਅਤੇ ਵਪਾਰਕ ਕੇਂਦਰਾਂ ਰਾਹੀਂ ਭਾਰਤ ਅਤੇ ਨੇਪਾਲ ਵਿਚਕਾਰ ਸੜਕ ਸੰਪਰਕ-ਸਹੂਲਤ ਨੂੰ ਹੋਰ ਮਜ਼ਬੂਤ ਬਣਾਉਣਾ।
-
ਸਰਹੱਦ ਪਾਰ ਪੈਟਰੋਲੀਅਮ ਸਪਲਾਈ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨਾ। ਇਸ ਵਿੱਚ ਸਿਲੀਗੁੜੀ (ਭਾਰਤ) ਅਤੇ ਝਾਪਾ (ਨੇਪਾਲ) ਨੂੰ ਜੋੜਨ ਵਾਲੀ ਨਵੀਂ ਪਾਈਪਲਾਈਨ ਦਾ ਨਿਰਮਾਣ ਅਤੇ ਭਾਰਤ ਅਤੇ ਨੇਪਾਲ ਵਿਚਕਾਰ ਗੈਸ ਪਾਈਪਲਾਈਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਸ਼ਾਮਲ ਹੈ।
-
ਭਾਰਤ ਦੀ ਯੂਪੀਆਈ ਪ੍ਰਣਾਲੀ ਨੂੰ ਨੇਪਾਲ ਦੀ ਰਾਸ਼ਟਰੀ ਭੁਗਤਾਨ ਪ੍ਰਣਾਲੀ ਨਾਲ ਜੋੜਨ ਦੀ ਪਹਿਲਕਦਮੀ ਨੂੰ ਅੱਗੇ ਵਧਾਉਂਦਿਆਂ, ਦੋਵਾਂ ਧਿਰਾਂ ਨੇ ਸਰਹੱਦ ਪਾਰ ਪ੍ਰਚੂਨ ਭੁਗਤਾਨ ਪ੍ਰਬੰਧ ਦੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ’ਤੇ ਸਹਿਮਤੀ ਪ੍ਰਗਟਾਈ।
-
ਪੀਐੱਮ ਗਤੀ ਸ਼ਕਤੀ ਵਰਗੇ ਮੰਚਾਂ ਰਾਹੀਂ ਏਕੀਕ੍ਰਿਤ ਬੁਨਿਆਦੀ ਢਾਂਚਾ ਯੋਜਨਾਬੰਦੀ ਅਤੇ ਸੰਪਰਕ-ਸਹੂਲਤ ਦੇ ਵਿਕਾਸ ਵਿੱਚ ਸਹਿਯੋਗ ਕਰਨਾ। ਨੇਪਾਲ ਆਪਣੀਆਂ ਸਥਾਨਕ ਅਤੇ ਵਿਕਾਸ ਸਬੰਧੀ ਤਰਜੀਹਾਂ ਦੇ ਅਨੁਸਾਰ ਇਸ ਪ੍ਰਬੰਧ ਨੂੰ ਅਪਣਾਉਣ ’ਤੇ ਵਿਚਾਰ ਕਰ ਸਕਦਾ ਹੈ।
-
ਭਾਰਤ ਅਤੇ ਨੇਪਾਲ ਵਿਚਕਾਰ ਅੰਤਰਰਾਸ਼ਟਰੀ ਸਰਹੱਦ ਨੂੰ ਖੁੱਲ੍ਹਾ, ਸੁਰੱਖਿਅਤ ਅਤੇ ਸੁਚੱਜਾ ਬਣਾਈ ਰੱਖਣਾ ਅਤੇ ਸਰਹੱਦ ਪਾਰ ਅਪਰਾਧਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਾ।
III. ਊਰਜਾ, ਜਲ ਸਰੋਤ ਅਤੇ ਜਲਵਾਯੂ ਅਨੁਕੂਲਨ ਸੁਰੱਖਿਆ
ਭਾਰਤ ਅਤੇ ਨੇਪਾਲ ਵਿਚਕਾਰ ਊਰਜਾ, ਜਲ ਸਰੋਤ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀ ਸਮਰੱਥਾ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀਆਂ ਅਪਾਰ ਸੰਭਾਵਨਾਵਾਂ ਨੂੰ ਦੇਖਦਿਆਂ, ਦੋਵਾਂ ਧਿਰਾਂ ਨੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ, ਆਪਸੀ ਲਾਭਕਾਰੀ ਭਾਈਵਾਲੀਆਂ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ, ਲਚਕੀਲੇ ਤੇ ਸਮਾਵੇਸ਼ੀ ਵਿਕਾਸ ਵੱਲ ਸਾਂਝੇ ਯਤਨਾਂ ਨੂੰ ਅੱਗੇ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਇਸ ਦਿਸ਼ਾ ਵਿੱਚ:
-
ਭਾਰਤ-ਨੇਪਾਲ ਬਿਜਲੀ ਖੇਤਰ ਸਹਿਯੋਗ ਸਬੰਧੀ ਜੁਆਇੰਟ ਵਿਜ਼ਨ ਦਸਤਾਵੇਜ਼ ਦੇ ਅਨੁਸਾਰ, ਭਾਰਤ ਨੇਪਾਲ ਦੇ ਪਣ-ਬਿਜਲੀ ਅਤੇ ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਵਿੱਚ ਵਧੇਰੇ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ, ਜਦਕਿ ਨੇਪਾਲ ਅਜਿਹੇ ਨਿਵੇਸ਼ਾਂ ਲਈ ਅਨੁਕੂਲ ਅਤੇ ਆਪਸੀ ਲਾਭਕਾਰੀ ਢਾਂਚੇ ਸਮੇਤ ਢੁਕਵਾਂ ਸਹਿਯੋਗ ਅਤੇ ਸਹੂਲਤਾਂ ਪ੍ਰਦਾਨ ਕਰੇਗਾ। ਸਬੰਧਤ ਅਧਿਕਾਰੀ ਆਪਸੀ ਲਾਭ ਅਤੇ ਬਾਜ਼ਾਰ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ ਵਪਾਰ ਨੂੰ ਹੋਰ ਵਧਾਉਣ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰਨਗੇ, ਤਾਂ ਜੋ ਭਾਰਤ ਅਤੇ ਨੇਪਾਲ ਵਿਚਕਾਰ ਬਿਜਲੀ ਵਪਾਰ ਦਾ ਵਿਸਥਾਰ ਕੀਤਾ ਜਾ ਸਕੇ।
-
ਦੋਵੇਂ ਧਿਰਾਂ ਪੰਚੇਸ਼ਵਰ ਅਤੇ ਸਪਤਕੋਸ਼ੀ ਤੇ ਸੁਨਕੋਸ਼ੀ ਬਹੁ-ਮੰਤਵੀ ਪ੍ਰੋਜੈਕਟਾਂ ਸਮੇਤ, ਜਾਰੀ ਅਤੇ ਪ੍ਰਸਤਾਵਿਤ ਪਣ-ਬਿਜਲੀ ਅਤੇ ਬਹੁ-ਮੰਤਵੀ ਪ੍ਰੋਜੈਕਟਾਂ ਦੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣਗੀਆਂ, ਤਾਂ ਜੋ ਜਲ ਸਰੋਤਾਂ ਦੀ ਆਪਸੀ ਲਾਭ ਲਈ ਵਰਤੋਂ ਕੀਤੀ ਜਾ ਸਕੇ ਅਤੇ ਹੜ੍ਹਾਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ।
-
ਦੋਵਾਂ ਧਿਰਾਂ ਨੇ ਜਾਨ-ਮਾਲ, ਰੋਜ਼ੀ-ਰੋਟੀ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਆਫ਼ਤ ਜੋਖਮ ਘਟਾਉਣ, ਅਗਾਊਂ ਚੇਤਾਵਨੀ ਅਤੇ ਆਫ਼ਤ ਤੋਂ ਬਾਅਦ ਮੁੜ-ਬਹਾਲੀ ਦੇ ਖੇਤਰ ਵਿੱਚ ਸਰਗਰਮ ਭਾਈਵਾਲੀ ’ਤੇ ਸਹਿਮਤੀ ਪ੍ਰਗਟਾਈ।
-
ਦੋਵਾਂ ਧਿਰਾਂ ਨੇ ਹਾਇਡ੍ਰੋ-ਮੀਟੀਓਰੋਲੋਜੀਕਲ ਸਬੰਧੀ ਅੰਕੜਿਆਂ, ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਅਤੇ ਅਗਾਊਂ ਚੇਤਾਵਨੀ ਪ੍ਰਣਾਲੀ ਨਾਲ ਸਬੰਧਤ ਸੂਚਨਾਵਾਂ ਨੂੰ ਅਸਲ ਸਮੇਂ ਵਿੱਚ, ਦੋਵਾਂ ਦਿਸ਼ਾਵਾਂ ਵਿੱਚ ਸਾਂਝਾ ਕਰਨ ਦੇ ਪ੍ਰਬੰਧ ਨੂੰ ਸੰਸਥਾਗਤ ਰੂਪ ਦੇਣ ’ਤੇ ਸਹਿਮਤੀ ਪ੍ਰਗਟਾਈ। ਇਸ ਦੇ ਨਾਲ ਹੀ, ਦੋਵਾਂ ਦੇਸ਼ਾਂ ਦੀਆਂ ਸਬੰਧਤ ਏਜੰਸੀਆਂ ਵਿਚਕਾਰ ਸਾਂਝੀ ਮਨੁੱਖਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਅਭਿਆਸਾਂ, ਸਮਰੱਥਾ ਨਿਰਮਾਣ, ਸਿਖਲਾਈ ਅਤੇ ਮਨੁੱਖਤਾਵਾਦੀ ਸਹਾਇਤਾ ਰਾਹੀਂ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਬਣੀ।
-
ਦੋਵਾਂ ਧਿਰਾਂ ਅੰਤਰਰਾਸ਼ਟਰੀ ਸੂਰਜੀ ਗਠਜੋੜ, ਆਫ਼ਤ-ਰੋਕੂ ਬੁਨਿਆਦੀ ਢਾਂਚਾ ਗਠਜੋੜ, ਆਈਸੀਆਈਐੱਮਓਡੀ ਅਤੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਸਮੇਤ ਬਹੁ-ਪੱਖੀ ਸੰਗਠਨਾਂ ਦੇ ਅੰਦਰ ਸਹਿਯੋਗ ਵਧਾਉਣ ’ਤੇ ਸਹਿਮਤ ਹੋਈਆਂ।
-
ਦੋਵਾਂ ਧਿਰਾਂ ਨੇ ਸੂਰਜੀ ਊਰਜਾ ਤੋਂ ਲੈ ਕੇ ਭੂਮੀਗਤ ਊਰਜਾ ਸਰੋਤਾਂ ਤੱਕ, ਊਰਜਾ ਦੇ ਵਾਧੂ ਸਰੋਤਾਂ ਦੇ ਵਿਕਾਸ ਵਿੱਚ ਸਹਿਯੋਗ ਕਰਨ ’ਤੇ ਸਹਿਮਤੀ ਪ੍ਰਗਟਾਈ। ਇਸ ਵਿੱਚ ਨੇਪਾਲ ਵਿੱਚ ਗ੍ਰੀਨ ਹਾਈਡ੍ਰੋਜਨ ਨਾਲ ਸਬੰਧਤ ਇੱਕ ਪਾਇਲਟ ਪ੍ਰੋਜੈਕਟ ਵੀ ਸ਼ਾਮਲ ਹੈ।
-
ਭਾਰਤ ਵਾਤਾਵਰਣ ਨਾਲ ਜੁੜੇ ਵੱਖ-ਵੱਖ ਖੇਤਰਾਂ, ਜਿਵੇਂ ਨੀਤੀ ਨਿਰਮਾਣ, ਰੈਗੂਲੇਸ਼ਨ, ਮਿਆਰ, ਜੰਗਲਾਤ, ਜੋਖਮ ਮੈਪਿੰਗ ਅਤੇ ਜਲਵਾਯੂ-ਅਨੁਕੂਲ ਖੇਤੀਬਾੜੀ ਵਿੱਚ ਨੇਪਾਲ ਦੇ ਨੌਜਵਾਨ ਪੇਸ਼ੇਵਰਾਂ, ਅਧਿਕਾਰੀਆਂ ਅਤੇ ਮਾਹਿਰਾਂ ਦੀ ਸਿਖਲਾਈ ਵਿੱਚ ਸਹਾਇਤਾ ਕਰੇਗਾ।
-
ਭਾਰਤ ਜਲ ਸਰੋਤਾਂ ਦੀ ਮੁੜ-ਸੁਰਜੀਤੀ ਅਤੇ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਦੇ ਖੇਤਰ ਵਿੱਚ ਵੀ ਆਪਣੀ ਮੁਹਾਰਤ ਸਾਂਝੀ ਕਰੇਗਾ।
IV. ਸੁਸ਼ਾਸਨ:
ਸੁਸ਼ਾਸਨ ਨਾਲ ਸਬੰਧਤ ਨੇਪਾਲ ਦੀਆਂ ਤਰਜੀਹਾਂ ਅਤੇ ਭਾਰਤ ਵੱਲੋਂ ਅਪਣਾਈ ਗਈ ਪਹੁੰਚ ਵਿੱਚ ਬਹੁਤ ਸਮਾਨਤਾ ਹੈ, ਖ਼ਾਸ ਕਰਕੇ ਡਿਜੀਟਲ ਤਕਨਾਲੋਜੀ ਨੂੰ ਅਪਣਾਉਣ ਅਤੇ ਨਾਗਰਿਕਾਂ ਅਤੇ ਸਰਕਾਰ ਵਿਚਕਾਰ ਸੰਪਰਕ ਅਤੇ ਸੇਵਾਵਾਂ ਦੇ ਪ੍ਰਬੰਧ ਨੂੰ ਵਧੇਰੇ ਪਾਰਦਰਸ਼ੀ, ਸੁਵਿਧਾਜਨਕ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਸਬੰਧ ਵਿੱਚ। ਇਸ ਦਿਸ਼ਾ ਵਿੱਚ:
-
ਡਿਜੀਟਲ ਪ੍ਰਭੂਸੱਤਾ ਅਤੇ ਡੇਟਾ ਸੁਰੱਖਿਆ ਦੇ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਸਿਧਾਂਤਾਂ ਦੇ ਅਨੁਸਾਰ, 'ਡਿਜੀਟਲ ਨੇਪਾਲ ਫਰੇਮਵਰਕ' ਦੇ ਲਾਗੂ ਕਰਨ ਨੂੰ ਸਮਰੱਥ ਬਣਾਉਣ ਲਈ ਡਿਜੀਟਲ ਪਛਾਣ, ਭੁਗਤਾਨ ਅਤੇ ਈ-ਗਵਰਨੈਂਸ ਵਰਗੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਤਕਨੀਕੀ ਮੁਹਾਰਤ ਅਤੇ ਵਧੀਆ ਕਾਰਜ-ਪ੍ਰਣਾਲੀਆਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ।
-
ਰਾਸ਼ਟਰੀ ਸੁਸ਼ਾਸਨ ਕੇਂਦਰ ਰਾਹੀਂ ਨੇਪਾਲੀ ਸਿਵਲ ਸੇਵਕਾਂ ਲਈ ਭਾਰਤ ਵਿੱਚ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ।
-
ਦੋਵੇਂ ਧਿਰਾਂ ਰਾਸ਼ਟਰੀ ਅਤੇ ਸੂਬਾਈ ਪੱਧਰ ’ਤੇ ਵਿਧਾਨਕ ਸੰਸਥਾਵਾਂ ਵਿਚਕਾਰ ਅਨੁਭਵਾਂ ਅਤੇ ਵਧੀਆ ਕਾਰਜ-ਪ੍ਰਣਾਲੀਆਂ ਨੂੰ ਸਾਂਝਾ ਕਰਨਗੀਆਂ।
-
ਦੋਵੇਂ ਧਿਰਾਂ ਭਾਰਤ ਦੀਆਂ ਸਬੰਧਤ ਏਜੰਸੀਆਂ ਨਾਲ ਦੌਰਿਆਂ ਅਤੇ ਸਿਖਲਾਈ ਪ੍ਰੋਗਰਾਮਾਂ ਦੇ ਆਦਾਨ-ਪ੍ਰਦਾਨ ਰਾਹੀਂ ਸਥਾਨਕ ਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਗੀਆਂ।
V. ਤਕਨਾਲੋਜੀ, ਪੁਲਾੜ ਅਤੇ ਨਵੀਨਤਾ:
ਤਕਨਾਲੋਜੀ ਨੂੰ ਵੱਧ ਤੋਂ ਵੱਧ ਅਪਣਾਉਣ ਅਤੇ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਤਕਨਾਲੋਜੀ ਹੱਬ ਬਣਨ ਦੇ ਨੇਪਾਲ ਦੇ ਉਦੇਸ਼ ਅਤੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ-ਨੇਪਾਲ ਭਾਈਵਾਲੀ ਤਹਿਤ ਹੇਠ ਲਿਖੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ:
-
ਭਾਰਤੀ-ਨੇਪਾਲ ਸਟਾਰਟਅੱਪ ਭਾਈਵਾਲੀ ਨੈੱਟਵਰਕ (ਆਈਐੱਨ-ਸਪੈਨ) ਦਾ ਵਿਸਥਾਰ ਕੀਤਾ ਜਾਵੇਗਾ। ਇਸ ਤਹਿਤ ਭਾਰਤ ਵਿੱਚ ਨੇਪਾਲ ਦੇ ਸਟਾਰਟਅੱਪਸ ਨੂੰ ਸਿਖਲਾਈ ਅਤੇ ਮਾਰਗਦਰਸ਼ਨ ਪ੍ਰਦਾਨ ਕਰਨਾ, ਕਾਠਮਾਂਡੂ ਵਿੱਚ ਸਟਾਰਟਅੱਪ ਸੈਂਟਰ ਆਫ਼ ਐਕਸੀਲੈਂਸ ਅਤੇ ਪੋਖਰਾ ਵਿੱਚ ਡਿਜੀਟਲ ਨੋਮੈਡਜ਼ ਐਂਡ ਇਨੋਵੇਸ਼ਨ ਹੱਬ ਸਥਾਪਿਤ ਕਰਨਾ ਸ਼ਾਮਲ ਹੈ।
-
ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਮੇਤ ਨੇਪਾਲ ਵਿੱਚ ਡਿਜੀਟਲ ਪਾਰਕ ਅਤੇ ਡੇਟਾ ਸੈਂਟਰ ਵਿਕਸਤ ਕੀਤੇ ਜਾਣਗੇ।
-
ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਦੁਵੱਲਾ ਸਹਿਯੋਗ ਵਧਾਇਆ ਜਾਵੇਗਾ। ਇਸ ਵਿੱਚ ਭਾਸ਼ਿਣੀ ਨਾਲ ਸਹਿਯੋਗ ਰਾਹੀਂ ਨੇਪਾਲੀ ਭਾਸ਼ਾ ਲਈ ਲਾਰਜ ਲੈਂਗੂਏਜ ਮਾਡਲ ਵਿਕਸਤ ਕਰਨਾ ਵੀ ਸ਼ਾਮਲ ਹੈ।
-
ਪੁਲਾੜ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਤਹਿਤ ਉਪਗ੍ਰਹਿ ਵਿਕਾਸ, ਅਰਥ ਔਬਜ਼ਰਵੇਸ਼ਨ, ਆਫ਼ਤ ਪ੍ਰਬੰਧਨ ਲਈ ਰਿਮੋਟ ਸੈਂਸਿੰਗ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਨੇਪਾਲ ਵਿਗਿਆਨ ਅਤੇ ਤਕਨਾਲੋਜੀ ਅਕਾਦਮੀ ਅਤੇ ਨੇਪਾਲ ਦੀਆਂ ਸਬੰਧਤ ਏਜੰਸੀਆਂ ਦੇ ਨਾਲ ਇਸਰੋ ਅਤੇ ਇਨ-ਸਪੇਸ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
-
5ਜੀ/6ਜੀ ਅਤੇ ਹੋਰ ਅਗਲੀ ਪੀੜ੍ਹੀ ਦੇ ਨੈੱਟਵਰਕ ਵਰਗੀਆਂ ਉੱਭਰਦੀਆਂ ਦੂਰਸੰਚਾਰ ਤਕਨਾਲੋਜੀਆਂ ਦੇ ਖੇਤਰ ਵਿੱਚ ਸਹਿਯੋਗ ਵਧਾਇਆ ਜਾਵੇਗਾ।
VI. ਸਿੱਖਿਆ ਅਤੇ ਹੁਨਰ ਵਿਕਾਸ:
ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ, ਦੋਵੇਂ ਦੇਸ਼ ਸਿਖਲਾਈ, ਮਨੁੱਖੀ ਵਸੀਲਿਆਂ ਦੇ ਵਿਕਾਸ ਅਤੇ ਅਕਾਦਮਿਕ ਆਦਾਨ-ਪ੍ਰਦਾਨ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਹੇਠ ਲਿਖੀਆਂ ਪਹਿਲਕਦਮੀਆਂ ਸਮੇਤ ਮਿਲ ਕੇ ਕੰਮ ਕਰਨਗੇ:
-
ਨੇਪਾਲ ਵਿੱਚ ਨਾਮਵਰ ਭਾਰਤੀ ਉੱਚ ਸਿੱਖਿਆ ਸੰਸਥਾਨਾਂ ਦੀਆਂ ਸ਼ਾਖਾਵਾਂ/ਕੈਂਪਸ ਖੋਲ੍ਹਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਇਸ ਦੀ ਸ਼ੁਰੂਆਤ ਇੱਕ ਆਈਆਈਟੀ ਤੋਂ ਕੀਤੀ ਜਾਵੇਗੀ।
-
ਵਰਤਮਾਨ ਵਿੱਚ ਸਫ਼ਲਤਾਪੂਰਵਕ ਚੱਲ ਰਹੀਆਂ ਵਜ਼ੀਫ਼ਾ ਯੋਜਨਾਵਾਂ ਨੂੰ ਅੱਗੇ ਵਧਾਉਂਦਿਆਂ, ਨੇਪਾਲੀ ਵਿਦਿਆਰਥੀਆਂ ਲਈ ਕਾਨੂੰਨ, ਤਕਨਾਲੋਜੀ ਅਤੇ ਏਆਈ ਵਰਗੇ ਨਵੇਂ ਵਿਸ਼ਿਆਂ ਵਿੱਚ ਵਜ਼ੀਫ਼ੇ ਅਤੇ ਸਿਖਲਾਈ ਦੇ ਮੌਕੇ ਵੀ ਉਪਲਬਧ ਕਰਵਾਏ ਜਾਣਗੇ।
-
ਅਕਾਦਮਿਕ ਅਤੇ ਸਿਖਲਾਈ ਸੰਸਥਾਨਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਫੈਕਲਟੀ ਮੈਂਬਰਾਂ ਅਤੇ ਮਾਹਿਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ।
-
ਭਾਰਤ ਦੀ ਸਹਾਇਤਾ ਨਾਲ ਇੱਕ ਕਿੱਤਾਮੁਖੀ ਸਿਖਲਾਈ ਸੰਸਥਾਨ ਸਥਾਪਿਤ ਕੀਤਾ ਜਾਵੇਗਾ, ਜਿੱਥੇ ਨੇਪਾਲ ਦੇ ਨੌਜਵਾਨਾਂ ਨੂੰ ਨਿਰਮਾਣ, ਸੇਵਾ ਖੇਤਰ ਅਤੇ ਉੱਦਮਤਾ ਨਾਲ ਜੁੜੇ ਖੇਤਰਾਂ ਵਿੱਚ ਹੁਨਰ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।
VII. ਖੇਡਾਂ:
ਖੇਡਾਂ ਦੇ ਵਿਕਾਸ ਅਤੇ ਸਬੰਧਤ ਬੁਨਿਆਦੀ ਢਾਂਚੇ ਦੇ ਵਿਸਥਾਰ ’ਤੇ ਨੇਪਾਲ ਦੇ ਖ਼ਾਸ ਜ਼ੋਰ ਨੂੰ ਧਿਆਨ ਵਿੱਚ ਰੱਖਦਿਆਂ, ਭਾਰਤ ਅਤੇ ਨੇਪਾਲ ਹੇਠ ਲਿਖੀਆਂ ਪ੍ਰਮੁੱਖ ਪਹਿਲਕਦਮੀਆਂ ’ਤੇ ਮਿਲ ਕੇ ਕੰਮ ਕਰਨਗੇ:
-
ਭਾਰਤ ਨੇਪਾਲ ਵਿੱਚ ਰਾਸ਼ਟਰੀ ਕ੍ਰਿਕਟ ਕੋਚਿੰਗ/ਸਿਖਲਾਈ ਅਕਾਦਮੀ ਦੀ ਸਥਾਪਨਾ ਵਿੱਚ ਸਹਿਯੋਗ ਕਰੇਗਾ। ਇਸ ਦੇ ਨਾਲ ਹੀ ਰਾਸ਼ਟਰੀ ਅਤੇ ਸੂਬਾਈ ਪੱਧਰ ’ਤੇ ਕ੍ਰਿਕਟ ਨਾਲ ਸਬੰਧਤ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵੀ ਸਹਾਇਤਾ ਪ੍ਰਦਾਨ ਕਰੇਗਾ।
-
ਨੇਪਾਲ ਦੀਆਂ ਸੂਬਾਈ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਨੂੰ ਭਾਰਤ ਦੀਆਂ ਰਾਸ਼ਟਰੀ ਸਿਖਲਾਈ ਅਕਾਦਮੀਆਂ ਵਿੱਚ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਜਾਵੇਗਾ।
-
ਬੈਡਮਿੰਟਨ, ਟੈਨਿਸ, ਸ਼ੂਟਿੰਗ ਅਤੇ ਐਥਲੈਟਿਕਸ ਵਰਗੀਆਂ ਹੋਰ ਖੇਡਾਂ ਵਿੱਚ ਵੀ ਅਜਿਹੇ ਮੌਕੇ ਉਪਲਬਧ ਕਰਵਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਇਸ ਵਿੱਚ ਨੇਪਾਲ ਵਿੱਚ ਆਧੁਨਿਕ ਮਲਟੀ-ਸਪੋਰਟਸ ਸੈਂਟਰ ਦੇ ਵਿਕਾਸ ਵਿੱਚ ਸਹਿਯੋਗ ਵੀ ਸ਼ਾਮਲ ਹੈ।
-
ਪਹਾੜੀ ਖੇਡਾਂ ਵਿੱਚ ਸਹਿਯੋਗ ਦੀ ਖੋਜ ਕੀਤੀ ਜਾਵੇਗੀ, ਜਿਸ ਵਿੱਚ ਸਾਂਝੀਆਂ ਮੁਹਿੰਮਾਂ ਵੀ ਸ਼ਾਮਲ ਹਨ।
-
ਦੋਵਾਂ ਦੇਸ਼ਾਂ ਦੀਆਂ ਸਬੰਧਤ ਖੇਡ ਸੰਸਥਾਵਾਂ/ਅਥਾਰਟੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਉਹ ਕ੍ਰਿਕਟ, ਫੁੱਟਬਾਲ ਅਤੇ ਹੋਰ ਖੇਡਾਂ ਦੀਆਂ ਲੀਗਾਂ ਵਿੱਚ ਭਾਰਤ ਅਤੇ ਨੇਪਾਲ ਦੇ ਖਿਡਾਰੀਆਂ ਦੀ ਇੱਕ-ਦੂਜੇ ਦੇ ਦੇਸ਼ ਵਿੱਚ ਭਾਗੀਦਾਰੀ ਦੇ ਮੌਕੇ ਤਲਾਸ਼ਣ।
VIII. ਸੱਭਿਆਚਾਰ ਅਤੇ ਸੈਰ-ਸਪਾਟਾ:
ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧ ਦੁਵੱਲੇ ਰਿਸ਼ਤਿਆਂ ਦੇ ਸਭ ਤੋਂ ਮਹੱਤਵਪੂਰਨ ਅਧਾਰਾਂ ਵਿੱਚੋਂ ਇੱਕ ਰਹੇ ਹਨ। ਇਸ ਜੀਵੰਤ ਆਪਸੀ ਜੁੜਾਅ ਨੂੰ ਹੋਰ ਖ਼ੁਸ਼ਹਾਲ ਬਣਾਉਣ ਲਈ:
-
ਭਾਰਤ ਅਤੇ ਨੇਪਾਲ ਧਾਰਮਿਕ ਸੈਰ-ਸਪਾਟਾ ਸਰਕਟਾਂ ਅਤੇ ਨਵੇਂ ਸੈਰ-ਸਪਾਟਾ ਸਥਾਨਾਂ ਦੇ ਵਿਕਾਸ ਲਈ ਭਾਈਵਾਲੀ ਕਰਨਗੇ। ਇਸ ਵਿੱਚ ਜਨਕਪੁਰ-ਅਯੋਧਿਆ, ਲੁੰਬਿਨੀ-ਬੋਧਗਯਾ-ਸਾਰਨਾਥ-ਕੁਸ਼ੀਨਗਰ ਅਤੇ ਕਾਠਮਾਂਡੂ (ਪਸ਼ੁਪਤੀਨਾਥ)-ਵਾਰਾਣਸੀ ਨੂੰ ਜੋੜ ਕੇ ਰਾਮਾਇਣ, ਬੋਧੀ ਅਤੇ ਸ਼ਿਵ-ਸ਼ਕਤੀ ਸਰਕਟ ਦਾ ਵਿਕਾਸ ਕਰਨਾ ਅਤੇ ਸਿਸਟਰ ਸਿਟੀ ਸਮਝੌਤਿਆਂ ਰਾਹੀਂ ਸਹਿਯੋਗ ਵਧਾਉਣਾ ਸ਼ਾਮਲ ਹੈ।
-
ਦੋਵੇਂ ਦੇਸ਼ ਵਾਰੀ-ਵਾਰੀ ਨੇਪਾਲ ਅਤੇ ਭਾਰਤ ਵਿੱਚ ਸਾਲਾਨਾ ਨੌਜਵਾਨ ਸੱਭਿਆਚਾਰਕ ਉਤਸਵ ਆਯੋਜਿਤ ਕਰਨ ’ਤੇ ਸਹਿਮਤ ਹੋਏ। ਇਸ ਦੇ ਨਾਲ ਹੀ, ਫ਼ਿਲਮ ਨਿਰਮਾਣ, ਰੰਗਮੰਚ ਅਤੇ ਲਲਿਤ ਕਲਾ ਦੇ ਖੇਤਰ ਵਿੱਚ ਕਲਾਕਾਰਾਂ ਦੀ ਸਿਖਲਾਈ ਅਤੇ ਆਦਾਨ-ਪ੍ਰਦਾਨ ਦਾ ਵਿਸਥਾਰ ਕੀਤਾ ਜਾਵੇਗਾ।
-
ਲੁੰਬਿਨੀ ਬੋਧੀ ਯੂਨੀਵਰਸਿਟੀ (ਐੱਲਬੀਯੂ) ਵਿੱਚ ਨਾਲੰਦਾ ਕੇਂਦਰ ਦੀ ਸਥਾਪਨਾ ਰਾਹੀਂ ਨਾਲੰਦਾ ਯੂਨੀਵਰਸਿਟੀ ਅਤੇ ਲੁੰਬਿਨੀ ਬੋਧੀ ਯੂਨੀਵਰਸਿਟੀ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ।
-
ਦੋਵੇਂ ਦੇਸ਼ ਸੈਰ-ਸਪਾਟਾ ਅਤੇ ਪਰਾਹੁਣਚਾਰੀ ਖੇਤਰ ਵਿੱਚ ਨੌਜਵਾਨ ਉੱਦਮੀਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਦੋ-ਤਰਫ਼ਾ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਕੰਟੈਂਟ ਕ੍ਰਿਏਟਰਾਂ ਦੀਆਂ ਜਾਣ-ਪਛਾਣ ਯਾਤਰਾਵਾਂ ਨੂੰ ਉਤਸ਼ਾਹਿਤ ਕਰਨ ’ਤੇ ਸਹਿਮਤ ਹੋਏ।
IX. ਸਿਹਤ:
ਦੇਸ਼ ਭਰ ਵਿੱਚ ਬੁਨਿਆਦੀ ਸਿਹਤ ਸੇਵਾਵਾਂ ਦੇ ਏਕੀਕ੍ਰਿਤ ਮਾਡਲ ਨੂੰ ਲੈ ਕੇ ਨੇਪਾਲ ਸਰਕਾਰ ਦੀਆਂ ਤਰਜੀਹਾਂ, ਸਿਹਤ ਦੇ ਖੇਤਰ ਵਿੱਚ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ। ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਦੀਆਂ ਮੌਜੂਦਾ ਸਮਰੱਥਾਵਾਂ ਅਤੇ ਇੱਕ-ਦੂਜੇ ਦੀਆਂ ਪੂਰਕ ਭੂਮਿਕਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ, ਦੋਵੇਂ ਧਿਰਾਂ ਹੇਠ ਲਿਖੇ ਕਦਮ ਚੁੱਕਣਗੀਆਂ:
-
ਨੇਪਾਲ ਸਰਕਾਰ ਦੀਆਂ ਲੋੜਾਂ ਅਨੁਸਾਰ, ਹਾਈ-ਇੰਪੈਕਟ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟ (ਐੱਚਆਈਸੀਡੀਪੀ) ਤਹਿਤ ਸਿਹਤ ਕੇਂਦਰਾਂ, ਜਣੇਪਾ ਕੇਂਦਰਾਂ ਅਤੇ ਹਸਪਤਾਲਾਂ ਦੇ ਨਿਰਮਾਣ ਦੇ ਪ੍ਰੋਜੈਕਟ ਜਾਰੀ ਰੱਖਦਿਆਂ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।
-
ਨੇਪਾਲ ਦੀ ਰਾਸ਼ਟਰੀ ਮੈਡੀਕਲ ਲੈਬਾਰਟਰੀ ਨੂੰ ਅਪਗ੍ਰੇਡ ਕਰਨ ਲਈ ਸਹਿਯੋਗ ਕੀਤਾ ਜਾਵੇਗਾ।
-
ਕਿਫ਼ਾਇਤੀ ਅਤੇ ਮਿਆਰੀ ਦਵਾਈਆਂ ਤੱਕ ਲੋਕਾਂ ਦੀ ਪਹੁੰਚ ਬਿਹਤਰ ਬਣਾਉਣ ਲਈ ਭਾਰਤ-ਨੇਪਾਲ ਜਨ ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾਣਗੇ।
-
ਨੇਪਾਲ ਦੇ ਸਿਹਤ ਪੇਸ਼ੇਵਰਾਂ ਦੀ ਸਮਰੱਥਾ ਨਿਰਮਾਣ ਲਈ ਇੰਡੀਅਨ ਟੈਕਨੀਕਲ ਐਂਡ ਇਕਨੌਮਿਕ ਕੋਆਪਰੇਸ਼ਨ ਪ੍ਰੋਗਰਾਮ (ਆਈਟੀਈਸੀ) ਤਹਿਤ ਸਿਹਤ ਸਬੰਧੀ ਖੇਤਰਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
-
ਦੋਵਾਂ ਦੇਸ਼ਾਂ ਦੇ ਪ੍ਰਮੁੱਖ ਮੈਡੀਕਲ ਸੰਸਥਾਨਾਂ ਵਿਚਕਾਰ ਸੰਪਰਕ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
-
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਨੇਪਾਲ ਸਿਹਤ ਖੋਜ ਪ੍ਰੀਸ਼ਦ (ਐੱਨਐੱਚਆਰਸੀ) ਵਿਚਕਾਰ ਖੋਜ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਭਾਰਤ ਦੇ ਡ੍ਰਗ ਕੰਟਰੋਲਰ ਜਨਰਲ ਦਫ਼ਤਰ (ਸੀਡੀਐੱਸਸੀਓ) ਅਤੇ ਨੇਪਾਲ ਦੇ ਡ੍ਰਗ ਪ੍ਰਸ਼ਾਸਨ ਵਿਭਾਗ ਵਿਚਕਾਰ ਵੀ ਸਹਿਯੋਗ ਵਧਾਇਆ ਜਾਵੇਗਾ।
X. ਖੇਤੀਬਾੜੀ:
ਇਸ ਖੇਤਰ ਵਿੱਚ ਭਾਰਤ ਅਤੇ ਨੇਪਾਲ ਵਿਚਕਾਰ ਅਨੁਭਵਾਂ ਦੇ ਆਦਾਨ-ਪ੍ਰਦਾਨ, ਸਿਖਲਾਈ ਅਤੇ ਰੂਪਰੇਖਾ ਸਬੰਧੀ ਦਸਤਾਵੇਜ਼ਾਂ ਦੇ ਸਿੱਟੇ ਸਮੇਤ ਵਿਆਪਕ ਪੱਧਰ ’ਤੇ ਸਹਿਯੋਗ ਹੁੰਦਾ ਰਿਹਾ ਹੈ। ਇਸ ਖੇਤਰ ਵਿੱਚ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਹਿਯੋਗ ਨੂੰ ਹੋਰ ਵਧਾਉਣ ਲਈ ਦੋਵੇਂ ਦੇਸ਼ ਹੇਠ ਲਿਖੇ ਕਦਮ ਚੁੱਕਣਗੇ:
-
ਨੇਪਾਲ ਦੇ ਖੇਤੀਬਾੜੀ ਉਤਪਾਦਾਂ ਦਾ ਮੁੱਲ ਵਧਾਉਣ ਦੇ ਉਦੇਸ਼ ਨਾਲ ਭਾਰਤ ਦੀ ਗ੍ਰਾਂਟ ਸਹਾਇਤਾ ਨਾਲ ਚਿਤਵਨ ਵਿੱਚ ਇੱਕ ਖੇਤੀ-ਉਦਯੋਗਿਕ ਪਾਰਕ ਸਥਾਪਿਤ ਕੀਤਾ ਜਾਵੇਗਾ।
-
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਅਤੇ ਨੇਪਾਲ ਖੇਤੀਬਾੜੀ ਖੋਜ ਪ੍ਰੀਸ਼ਦ (ਐੱਨਏਆਰਸੀ) ਵਿਚਕਾਰ ਸਾਲ 2026-2030 ਦੀ ਕਾਰਜ-ਯੋਜਨਾ ਦੇ ਲਾਗੂ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
-
ਨੇਪਾਲ ਦੇ ਅਧਿਕਾਰੀਆਂ, ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਹੋਰ ਪੇਸ਼ੇਵਰਾਂ ਦੀ ਸਮਰੱਥਾ ਨਿਰਮਾਣ ਲਈ ਖੇਤੀਬਾੜੀ ਅਤੇ ਪਸ਼ੂ ਧਨ ਸਬੰਧੀ ਖੇਤਰਾਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
-
ਨੇਪਾਲ ਵਿੱਚ ਆਈਸੀਏਆਰ ਦਾ ਇੱਕ ਉੱਤਮਤਾ ਕੇਂਦਰ ਸਥਾਪਿਤ ਕੀਤਾ ਜਾਵੇਗਾ, ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀਆਂ ਵਿਚਕਾਰ ਸੰਪਰਕ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਨੇਪਾਲ ਦੇ ਅਧਿਕਾਰੀਆਂ, ਕਿਸਾਨਾਂ ਅਤੇ ਉੱਦਮੀਆਂ ਲਈ ਖੇਤੀਬਾੜੀ ਅਤੇ ਪਸ਼ੂ ਧਨ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਲੋੜਾਂ ਦੇ ਅਨੁਸਾਰ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਲਾਗੂ ਕਰਨ ਦੀ ਰੂਪ-ਰੇਖਾ
ਦੋਵਾਂ ਪ੍ਰਧਾਨ ਮੰਤਰੀਆਂ ਨੇ ਨੇਪਾਲ ਦੇ ਵਿਦੇਸ਼ ਸਕੱਤਰ ਅਤੇ ਭਾਰਤ ਦੇ ਰਾਜਦੂਤ ਦੀ ਅਗਵਾਈ ਵਿੱਚ ਉੱਚ-ਪੱਧਰੀ ਨਿਗਰਾਨੀ ਸਮੂਹ ਨੂੰ ਸਰਗਰਮ ਕਰਨ ਦਾ ਫ਼ੈਸਲਾ ਕੀਤਾ। ਇਹ ਨਿਗਰਾਨੀ ਸਮੂਹ ਹਰ ਛੇ ਮਹੀਨਿਆਂ ਵਿੱਚ ਘੱਟੋ-ਘੱਟ ਇੱਕ ਵਾਰ ਮੀਟਿੰਗ ਕਰੇਗਾ ਅਤੇ ਪ੍ਰਸਤਾਵਿਤ ਪ੍ਰੋਜੈਕਟਾਂ, ਵਿਚਾਰਾਂ ਅਤੇ ਪਹਿਲਕਦਮੀਆਂ ਦੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣਾ ਯਕੀਨੀ ਬਣਾਏਗਾ। ਇਸ ਦੇ ਨਾਲ ਹੀ, ਲੋੜੀਂਦੀਆਂ ਮਨਜ਼ੂਰੀਆਂ ਅਤੇ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗਾ।
ਦੋਵਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਉੱਚ-ਪੱਧਰੀ ਨਿਗਰਾਨੀ ਸਮੂਹ ਆਪਣੀ ਰਿਪੋਰਟ ਭਾਰਤ-ਨੇਪਾਲ ਸਾਂਝੇ ਕਮਿਸ਼ਨ ਨੂੰ ਸੌਂਪੇਗਾ, ਜਿਸ ਦੀ ਸਹਿ-ਪ੍ਰਧਾਨਗੀ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਕਰਦੇ ਹਨ। ਆਗੂਆਂ ਨੇ ਫ਼ੈਸਲਾ ਕੀਤਾ ਕਿ ਭਾਰਤ-ਨੇਪਾਲ ਸਾਂਝੇ ਕਮਿਸ਼ਨ ਦੀ ਅਗਲੀ ਮੀਟਿੰਗ ਸਾਲ 2027 ਵਿੱਚ ਆਯੋਜਿਤ ਕੀਤੀ ਜਾਵੇਗੀ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਜੁਆਇੰਟ ਵਿਜ਼ਨ ਦਸਤਾਵੇਜ਼ ਦੋਵਾਂ ਮਿੱਤਰ ਦੇਸ਼ਾਂ ਵਿਚਕਾਰ ਮਹੱਤਵਪੂਰਨ, ਆਧੁਨਿਕ ਅਤੇ ਆਪਸੀ ਤੌਰ ’ਤੇ ਲਾਭਕਾਰੀ ਭਾਈਵਾਲੀ ਲਈ ਇੱਕ ਰੂਪਰੇਖਾ ਪੇਸ਼ ਕਰਦਾ ਹੈ। ਉਨ੍ਹਾਂ ਨੇ ਭਾਰਤ ਅਤੇ ਨੇਪਾਲ ਦੇ ਅਧਿਕਾਰੀਆਂ ਨੂੰ ਇਸ ਜੁਆਇੰਟ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਨਿਰਦੇਸ਼ ਦਿੱਤਾ।
****
ਐੱਮਜੇਪੀਐੱਸ/ਐੱਸਐੱਸ/ਵੀਜੇ