ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਰਾਸ਼ਟਰੀ ਕੈਂਸਰ ਗਰਿੱਡ ਸਲਾਨਾ ਮੀਟਿੰਗ 2026 ਵਿੱਚ ਐੱਨਸੀਜੀ ਵਿਸ਼ਵਾਸ ਦੀ ਸ਼ੁਰੂਆਤ ਕੀਤੀ ਅਤੇ ਕੈਂਸਰ ਦੇਖਭਾਲ ਦੀ ਨਿਰੰਤਰਤਾ ਲਈ ਸਕ੍ਰੀਨਿੰਗ ਰਿਕਾਰਡਾਂ ਨੂੰ ਆਯੁਸ਼ਮਾਨ ਭਾਰਤ ਸਿਹਤ ਖਾਤੇ (ਏਬੀਐੱਚਏ) ਨਾਲ ਜੋੜਨ 'ਤੇ ਜ਼ੋਰ ਦਿੱਤਾ


ਸ਼੍ਰੀਮਤੀ ਸ੍ਰੀਵਾਸਤਵ ਨੇ ਅੰਤਰ-ਸੰਚਾਲਿਤ ਸਿਹਤ ਰਿਕਾਰਡਾਂ, ਜ਼ਿੰਮੇਵਾਰ ਡੇਟਾ ਸਾਂਝਾਕਰਨ ਅਤੇ ਸਬੂਤ-ਅਧਾਰਿਤ ਸਿਹਤ ਸੰਭਾਲ ਸਪੁਰਦਗੀ ਲਈ ਭਾਰਤ ਦੇ ਡਿਜੀਟਲ ਸਿਹਤ ਬੁਨਿਆਦੀ ਢਾਂਚੇ ਦਾ ਲਾਭ ਲੈਣ 'ਤੇ ਜ਼ੋਰ ਦਿੱਤਾ

ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਦੱਸਿਆ ਕਿ ਰਾਸ਼ਟਰੀ ਪ੍ਰੋਗਰਾਮਾਂ ਤਹਿਤ, ਓਰਲ ਕੈਂਸਰ ਲਈ 37.1 ਕਰੋੜ, ਬ੍ਰੈਸਟ ਕੈਂਸਰ ਲਈ 17.4 ਕਰੋੜ ਅਤੇ ਸਰਵਾਈਕਲ ਕੈਂਸਰ ਲਈ 9.7 ਕਰੋੜ ਟੈਸਟ ਕੀਤੇ ਗਏ ਹਨ

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਤਹਿਤ ਲਗਭਗ 99 ਕਰੋੜ ਆਭਾ ਆਈਡੀਜ਼ ਬਣਾਈਆਂ ਗਈਆਂ ਹਨ ਅਤੇ ਲਗਭਗ 100 ਕਰੋੜ ਸਿਹਤ ਰਿਕਾਰਡਾਂ ਨੂੰ ਜੋੜਿਆ ਗਿਆ ਹੈ

ਸ਼੍ਰੀਮਤੀ ਸ੍ਰੀਵਾਸਤਵ ਨੇ ਕਿਹਾ ਕਿ ਐੱਨਸੀਜੀ ਵਿਸ਼ਵਾਸ ਆਯੁਸ਼ਮਾਨ ਆਰੋਗਯ ਕੈਂਪਾਂ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਰਾਹੀਂ ਕੈਂਸਰ ਜਾਗਰੂਕਤਾ ਵਿੱਚ ਸਹਿਯੋਗ ਕਰ ਸਕਦਾ ਹੈ

ਸ਼੍ਰੀਮਤੀ ਸ੍ਰੀਵਾਸਤਵ ਨੇ ਕੈਂਸਰ ਦੀ ਸ਼ੁਰੂਆਤੀ ਜਾਂਚ ਅਤੇ ਕਿਫਾਇਤੀ ਦੇਖਭਾਲ ਲਈ ਅੰਤਰ-ਖੇਤਰੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ

Posted On: 21 NOV 2026 2:50PM by PIB Chandigarh

ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ  ਨੇ ਅੱਜ ਮੁੰਬਈ ਵਿੱਚ ਆਯੋਜਿਤ ਨੈਸ਼ਨਲ ਕੈਂਸਰ ਗਰਿੱਡ (ਐੱਨਸੀਜੀ) ਸਲਾਨਾ ਮੀਟਿੰਗ 2026 ਵਿੱਚ ਐੱਨਸੀਜੀ ਵਿਸ਼ਵਾਸ ਨਾਮਕ ਇੱਕ ਰੋਗੀ ਸਿੱਖਿਆ ਪਹਿਲਕਦਮੀ ਦੀ ਸ਼ੁਰੂਆਤ ਕੀਤੀ। 'ਤਕਨਾਲੋਜੀ ਅਤੇ ਏਆਈ ਦੇ ਵਿਕਾਸ ਅਤੇ ਵਰਤੋਂ ਵਿੱਚ ਮੁੱਖ ਵਿਚਾਰ' ਅਤੇ 'ਕੈਂਸਰ ਨਿਯੰਤਰਣ ਲਈ ਰਾਸ਼ਟਰੀ ਅੰਤਰ-ਖੇਤਰੀ ਸਹਿਯੋਗ' ਵਿਸ਼ੇ 'ਤੇ ਸੈਸ਼ਨਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕੈਂਸਰ ਜਾਗਰੂਕਤਾ, ਸਕ੍ਰੀਨਿੰਗ ਅਤੇ ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ​​ਕਰਨ ਲਈ ਭਾਰਤ ਦੇ ਡਿਜੀਟਲ ਸਿਹਤ ਬੁਨਿਆਦੀ ਢਾਂਚੇ ਅਤੇ ਅੰਤਰ-ਖੇਤਰੀ ਸਹਿਯੋਗ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਸਾਰਿਆਂ ਲਈ ਪਹੁੰਚਯੋਗ, ਕਿਫਾਇਤੀ ਅਤੇ ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਸਿਹਤ ਮੰਤਰਾਲੇ ਦੀ ਵਚਨਬੱਧਤਾ ਨੂੰ ਦੁਹਰਾਇਆ।

ਐੱਨਸੀਜੀ ਵਿਸ਼ਵਾਸ (ਸਿਹਤ, ਤੰਦਰੁਸਤੀ, ਜਾਗਰੂਕਤਾ ਅਤੇ ਸਵੈ-ਸੰਭਾਲ ਨੂੰ ਉਤਸ਼ਾਹਿਤ ਕਰਨ ਵਾਲਾ ਵੀਡੀਓ) ਇੱਕ ਏਆਈ-ਅਧਾਰਿਤ ਮਰੀਜ਼ ਸਿੱਖਿਆ ਪਹਿਲਕਦਮੀ ਹੈ ਜੋ ਹਿੰਦੀ, ਮਰਾਠੀ, ਤਮਿਲ ਅਤੇ ਅੰਗ੍ਰੇਜ਼ੀ ਵਿੱਚ ਛਾਤੀ, ਸਰਵਾਈਕਲ ਅਤੇ ਓਰਲ ਕੈਂਸਰ ਨੂੰ ਕਵਰ ਕਰਦੀ ਹੈ। ਇਨ੍ਹਾਂ ਵੀਡੀਓ ਵਿੱਚ ਰੋਕਥਾਮ, ਨਿਦਾਨ, ਇਲਾਜ ਅਤੇ ਲੰਬੇ ਸਮੇਂ ਦੀ ਦੇਖਭਾਲ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਭਰੋਸੇਯੋਗ ਜਾਣਕਾਰੀ ਤੱਕ ਪਹੁੰਚ ਕਰਨ ਅਤੇ ਸੂਚਿਤ ਫੈਸਲੇ ਲੈਣ ਵਿੱਚ ਮਦਦ ਕਰਦੇ ਹਨ। ਇਸ ਪਹਿਲਕਦਮੀ ਨੂੰ ਨੈਸ਼ਨਲ ਕੈਂਸਰ ਗਰਿੱਡ ਦੇ ਹਸਪਤਾਲਾਂ ਅਤੇ ਸਿਹਤ ਸੰਭਾਲ ਭਾਈਵਾਲਾਂ ਦੇ ਨੈੱਟਵਰਕ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ।

ਰਾਸ਼ਟਰੀ ਸਿਹਤ ਪ੍ਰੋਗਰਾਮਾਂ ਤਹਿਤ ਵਿਆਪਕ ਸਕ੍ਰੀਨਿੰਗ 'ਤੇ ਚਾਨਣਾ ਪਾਉਂਦਿਆਂ, ਸ਼੍ਰੀਮਤੀ ਸ੍ਰੀਵਾਸਤਵ  ਨੇ ਕਿਹਾ ਕਿ ਦੇਸ਼ ਭਰ ਵਿੱਚ ਸਥਿਤ 1.87 ਲੱਖ ਆਯੁਸ਼ਮਾਨ ਆਰੋਗਯ ਮੰਦਿਰ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਸਮੇਤ ਆਮ ਗੈਰ-ਸੰਚਾਰੀ ਬਿਮਾਰੀਆਂ ਲਈ ਜਾਂਚ ਕਰ ਰਹੇ ਹਨ। ਹੁਣ ਤੱਕ 153 ਕਰੋੜ ਤੋਂ ਵੱਧ ਸਕ੍ਰੀਨਿੰਗਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 37.1 ਕਰੋੜ ਓਰਲ ਕੈਂਸਰ ਲਈ, 17.4 ਕਰੋੜ ਬ੍ਰੈਸਟ ਕੈਂਸਰ ਲਈ ਅਤੇ 9.7 ਕਰੋੜ ਬੱਚੇਦਾਨੀ ਦੇ ਕੈਂਸਰ ਲਈ ਹਨ।

ਉਨ੍ਹਾਂ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ, ਜੋ ਸਕ੍ਰੀਨਿੰਗ ਡੇਟਾ ਨੂੰ ਆਯੁਸ਼ਮਾਨ ਭਾਰਤ ਸਿਹਤ ਖਾਤਾ (ਆਭਾ) ਆਈਡੀ ਨਾਲ ਜੋੜਦਾ ਹੈ। ਲਗਭਗ 990 ਮਿਲੀਅਨ ਆਭਾ ਆਈਡੀਜ਼ ਬਣਾਈਆਂ ਗਈਆਂ ਹਨ ਅਤੇ ਲਗਭਗ 100 ਕਰੋੜ ਸਿਹਤ ਰਿਕਾਰਡ ਜੁੜੇ ਹੋਏ ਹਨ। ਆਭਾ ਆਈਡੀ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸਹੂਲਤਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦੀ ਹੈ, ਜਿਸ ਵਿੱਚ ਆਯੁਸ਼ਮਾਨ ਭਾਰਤ ਪੀਐੱਮ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ) ਅਧੀਨ ਸੂਚੀਬੱਧ ਹਸਪਤਾਲ ਸ਼ਾਮਲ ਹਨ, ਅਤੇ ਇੱਕ ਲੰਬੇ ਸਮੇਂ ਦਾ ਸਿਹਤ ਰਿਕਾਰਡ ਬਣਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹਿਮਤੀ ਨਾਲ, ਸਿਹਤ ਰਿਕਾਰਡ ਵੱਖ-ਵੱਖ ਪੱਧਰਾਂ 'ਤੇ ਸਿਹਤ ਸੰਭਾਲ ਪ੍ਰਦਾਤਾਵਾਂ ਲਈ ਪਹੁੰਚਯੋਗ ਹੋਣੇ ਚਾਹੀਦੇ ਹਨ।

ਜਾਗਰੂਕਤਾ ਫੈਲਾਉਣ ਦੇ ਵਿਸ਼ੇ 'ਤੇ, ਸ਼੍ਰੀਮਤੀ ਸ੍ਰੀਵਾਸਤਵ  ਨੇ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਦਾ ਜ਼ਿਕਰ ਕੀਤਾ, ਜੋ ਪਿਛਲੇ ਵਰ੍ਹੇ ਸਤੰਬਰ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ 11 ਕਰੋੜ ਲੋਕਾਂ ਨੇ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਰਾਜਾਂ ਵਿੱਚ ਮਾਸਿਕ ਆਯੁਸ਼ਮਾਨ ਆਰੋਗਯ ਕੈਂਪਾਂ ਰਾਹੀਂ ਜਾਗਰੂਕਤਾ ਮੁਹਿੰਮਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਨਸੀਜੀ ਵਿਸ਼ਵਾਸ ਦੇ ਵੀਡੀਓ ਮਰੀਜ਼ਾਂ ਤੱਕ ਸਿੱਧੇ ਪਹੁੰਚ ਕੇ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤ ​​ਕਰ ਸਕਦੇ ਹਨ।

ਕੇਂਦਰੀ ਸਿਹਤ ਸਕੱਤਰ ਨੇ ਕੈਂਸਰ ਦੇ ਇਲਾਜ ਨੂੰ ਕਿਫਾਇਤੀ ਬਣਾਉਣ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ, ਕੈਂਸਰ ਦੀਆਂ ਦਵਾਈਆਂ 'ਤੇ ਵਪਾਰਕ ਮਾਰਜਿਨ ਨੂੰ ਤਰਕਸੰਗਤ ਬਣਾਉਣ ਅਤੇ ਕਮਜ਼ੋਰ ਅਤੇ ਹਾਸ਼ੀਏ 'ਤੇ ਪਏ ਮਰੀਜ਼ਾਂ ਲਈ ਏਬੀ ਪੀਐੱਮ-ਜੇਏਵਾਈ ਯੋਜਨਾ ਤਹਿਤ ਵਿੱਤੀ ਸਹਾਇਤਾ ਵਰਗੀਆਂ ਪਹਿਲਕਦਮੀਆਂ ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਕੈਂਸਰ ਦੇ ਇਲਾਜ ਲਈ ਲਗਭਗ 27,000 ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾਏ ਗਏ ਹਨ।

ਸ਼੍ਰੀਮਤੀ ਸ੍ਰੀਵਾਸਤਵ  ਨੇ ਕੈਂਸਰ ਸਹੂਲਤਾਂ ਵਾਲੇ ਸਾਰੇ ਏਮਜ਼ ਸੰਸਥਾਨਾਂ ਦੇ ਰਾਸ਼ਟਰੀ ਕੈਂਸਰ ਗਰਿੱਡ ਦਾ ਹਿੱਸਾ ਹੋਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਸੰਸਥਾਵਾਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜੋ ਅਜੇ ਮੈਂਬਰ ਨਹੀਂ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਐੱਨਸੀਜੀਮੈਂਬਰ ਹਸਪਤਾਲ ਆਈਸੀਐੱਮਆਰਦੇ ਸਹਿਯੋਗ ਨਾਲ ਸਥਾਪਿਤ 'ਪੈਨ-ਏਮਸ ਰਿਸਰਚ ਕਨਸੋਰਟੀਅਮ' (Pan-AIIMS Research Consortium) ਨਾਲ ਸਾਂਝੇਦਾਰੀ ਕਰਨ, ਤਾਂ ਜੋ ਕੈਂਸਰ ਦੇਖਭਾਲ ਅਤੇ ਖੋਜ ਨੂੰ ਅੱਗੇ ਵਧਾਉਣ ਲਈ ਸਹਿਮਤੀ ਨਾਲ ਪ੍ਰਾਪਤ ਮਰੀਜ਼ਾਂ ਦੇ ਡੇਟਾ ਦੀ ਵਰਤੋਂ ਕੀਤੀ ਜਾ ਸਕੇ।

ਸ਼੍ਰੀਮਤੀ ਸ੍ਰੀਵਾਸਤਵ  ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਪ੍ਰਾਇਮਰੀ ਤੋਂ ਤੀਜੇ ਪੱਧਰ ਤੱਕ ਨਿਰੰਤਰ ਦੇਖਭਾਲ ਦੀ ਵਿਵਸਥਾ ਅਤੇ 2018 ਵਿੱਚ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਦੇ ਵਿਸਥਾਰ ਬਾਰੇ ਚਰਚਾ ਕੀਤੀ, ਜਿਸਨੂੰ 6 ਤੋਂ 12 ਪੈਕੇਜਾਂ ਤੱਕ ਵਧਾ ਦਿੱਤਾ ਗਿਆ ਹੈ ਅਤੇ ਇਸ ਵਿੱਚ ਮੂੰਹ, ਛਾਤੀ ਅਤੇ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਸ਼ਾਮਲ ਹੈ। ਸਕ੍ਰੀਨਿੰਗ ਅਤੇ ਫਾਲੋ-ਅੱਪ ਰਾਸ਼ਟਰੀ ਪ੍ਰੋਗਰਾਮ ਪੋਰਟਲ 'ਤੇ ਦਰਜ ਕੀਤੇ ਜਾਂਦੇ ਹਨ, ਨਿਦਾਨ ਦੀ ਪੁਸ਼ਟੀ ਮੁੱਖ ਤੌਰ 'ਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੀਤੀ ਜਾਂਦੀ ਹੈ, ਅਤੇ ਇਲਾਜ ਮੈਡੀਕਲ ਕਾਲਜਾਂ ਅਤੇ ਏਬੀ ਪੀਐੱਮ-ਜੇਏਵਾਈ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲਾਂ ਵਿੱਚ ਡੇਅ ਕੇਅਰ ਕੈਂਸਰ ਸੈਂਟਰਾਂ ਦੀ ਸਥਾਪਨਾ, ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਤਕਨਾਲੋਜੀ-ਅਧਾਰਿਤ ਰੇਡੀਓਲੋਜੀ ਸੇਵਾਵਾਂ ਅਤੇ 22 ਨਵੇਂ ਏਮਸ ਵਿੱਚ ਓਨਕੋਲੋਜੀ ਸਹੂਲਤਾਂ ਨੂੰ ਮਜ਼ਬੂਤ ​​ਕਰਨ'ਤੇ ਵੀ ਚਾਨਣਾ ਪਾਇਆ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸ਼ੁਰੂਆਤੀ ਨਿਦਾਨ ਲਈ ਸਕ੍ਰੀਨਿੰਗ ਬਹੁਤ ਮਹੱਤਵਪੂਰਨ ਹੈ, ਉਸਨੇ ਹਿੱਸੇਦਾਰਾਂ ਨੂੰ ਕੈਂਸਰ ਸਕ੍ਰੀਨਿੰਗ ਨੂੰ ਮਜ਼ਬੂਤ ​​ਕਰਨ ਅਤੇ ਕਿਫਾਇਤੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ।

ਐੱਨਸੀਜੀ ਵਿਸ਼ਵਾਸ ਬਾਰੇ ਬੋਲਦਿਆਂ, ਸ਼੍ਰੀਮਤੀ ਸ੍ਰੀਵਾਸਤਵ  ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਵਿੱਚ ਕੈਂਸਰ ਜਾਗਰੂਕਤਾ ਅਤੇ ਦੇਖਭਾਲ ਦੇ ਯਤਨਾਂ ਲਈ ਇਸਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮਰੀਜ਼ਾਂ ਅਤੇ ਪਰਿਵਾਰਾਂ ਤੱਕ ਪਹੁੰਚਣ ਲਈ ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਸਮੇਤ ਕਮਿਊਨਿਟੀ ਫੋਰਮਾਂ ਰਾਹੀਂ ਵੀਡੀਓ ਪ੍ਰਸਾਰਿਤ ਕਰਨ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਵੀਡੀਓਜ਼ ਏਬੀਡੀਐੱਮ ਅਤੇ 'ਸਵਸਥ ਭਾਰਤ' ਪੋਰਟਲ ਵਰਗੇ ਪਲੈਟਫਾਰਮਾਂ ਰਾਹੀਂ ਵੀ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ, ਜਿਸ ਨਾਲ ਕੈਂਸਰ ਸਬੰਧੀ ਭਰੋਸੇਯੋਗ ਜਾਣਕਾਰੀ ਤੱਕ ਪਹੁੰਚ ਹੋਰ ਵਧੇਗੀ। ਉਨ੍ਹਾਂ ਨੇ 'ਸਵਸਥ ਭਾਰਤ, ਵਿਕਸਿਤ ਭਾਰਤ' ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਇੱਕ ਏਕੀਕ੍ਰਿਤ, ਬਰਾਬਰੀ ਵਾਲੀ ਅਤੇ ਲੋਕ-ਕੇਂਦਰਿਤ ਕੈਂਸਰ-ਦੇਖਭਾਲ ਪ੍ਰਣਾਲੀ ਤਿਆਰ ਕਰਨ ਲਈ ਨੀਤੀ ਨਿਰਮਾਤਾਵਾਂ, ਸਿਹਤ ਸੰਭਾਲ ਸੰਸਥਾਵਾਂ, ਖੋਜਕਰਤਾਵਾਂ, ਤਕਨਾਲੋਜੀ ਵਿਕਾਸਕਰਤਾਵਾਂ ਅਤੇ ਮਰੀਜ਼ ਸੰਗਠਨਾਂ ਵਿਚਕਾਰ ਵਧੇਰੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ।

ਨੈਸ਼ਨਲ ਕੈਂਸਰ ਗਰਿੱਡ ਦੇ ਕਨਵੀਨਰ, ਡਾ. ਸੀ. ਐੱਸ. ਪ੍ਰਮੇਸ਼ ਨੇ ਕਿਹਾ ਕਿ ਇਹ ਪਹਿਲਕਦਮੀ ਗਰਿੱਡ ਦੀ ਕਲੀਨਿਕਲ ਮੁਹਾਰਤ ਨੂੰ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸਮਰੱਥਾ ਨਾਲ ਜੋੜਦੀ ਹੈ, ਤਾਂ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਾਕਟਰਾਂ ਦੁਆਰਾ ਜਾਂਚੀ ਗਈ ਭਰੋਸੇਯੋਗ ਜਾਣਕਾਰੀ ਉਨ੍ਹਾਂ ਦੀ ਸਮਝ ਆਉਣ ਵਾਲੀਆਂ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਜਾ ਸਕੇ।

ਉਨ੍ਹਾਂ ਨੇ ਕਿਹਾ, "ਸਾਡਾ ਉਦੇਸ਼ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਕੈਂਸਰ ਦੇ ਸਫ਼ਰ ਦੇ ਹਰ ਪੜਾਅ 'ਤੇ ਸਹੀ ਅਤੇ ਸਮਝਣ ਵਿੱਚ ਆਸਾਨ ਜਾਣਕਾਰੀ ਪ੍ਰਦਾਨ ਕਰਕੇ ਸਮਰੱਥ ਬਣਾਉਣਾ ਹੈ।"

 

ਡਾ. ਸ਼ਰਮੀਲਾ ਪਿੰਪਲ, ਪ੍ਰੋਫੈਸਰ ਅਤੇ ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਵਿਖੇ ਪ੍ਰੀਵੈਂਟਿਵ ਓਨਕੋਲੋਜੀ ਵਿਭਾਗ ਦੀ ਮੁਖੀ, ਨੇ ਵਿਸ਼ਵਾਸ ਨੂੰ "ਇੱਕ ਭਰੋਸੇਮੰਦ ਵਿਦਿਅਕ ਵੀਡੀਓ ਸਾਥੀ" ਦੱਸਿਆ ਜਿਸਨੂੰ ਰੋਕਥਾਮ ਤੋਂ ਲੈ ਕੇ ਪੈਲੀਏਟਿਵ ਕੇਅਰ ਤੱਕ, ਪੂਰੀ ਕੈਂਸਰ ਦੇਖਭਾਲ ਪ੍ਰਕਿਰਿਆ ਵਿੱਚ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ।

ਐੱਨਸੀਜੀ ਦੀ ਸਲਾਨਾ  ਮੀਟਿੰਗ 2026 ਮੁੰਬਈ ਵਿੱਚ ਦੋ ਦਿਨਾਂ ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ 300 ਤੋਂ ਵੱਧ ਕੈਂਸਰ ਸੈਂਟਰ ਦੇ ਨੇਤਾ, ਨੀਤੀ ਨਿਰਮਾਤਾ, ਗਲੋਬਲ ਕੈਂਸਰ ਕੰਟਰੋਲ ਸੰਗਠਨ, ਮਰੀਜ਼ ਸਮੂਹ, ਤਕਨਾਲੋਜੀ ਵਿਕਾਸਕਰਤਾ ਅਤੇ ਉਦਯੋਗ ਦੇ ਨੇਤਾ ਮਰੀਜ਼-ਕੇਂਦ੍ਰਿਤ ਸਿਹਤ ਸੰਭਾਲ ਪ੍ਰਣਾਲੀਆਂ, ਕੈਂਸਰ ਦੇਖਭਾਲ ਦੀ ਗੁਣਵੱਤਾ, ਤਕਨਾਲੋਜੀ ਨੂੰ ਅਪਣਾਉਣ ਅਤੇ ਸਹਿਯੋਗ ਦੁਆਰਾ ਕੈਂਸਰ ਨਿਯੰਤਰਣ ਨੂੰ ਮਜ਼ਬੂਤ ​​ਕਰਨ ਬਾਰੇ ਚਰਚਾ ਕਰਨ ਲਈ ਇਕੱਠੇ ਕੀਤੇ ਜਾ ਰਹੇ ਹਨ।

ਨੈਸ਼ਨਲ ਕੈਂਸਰ ਗਰਿੱਡ 400  ਤੋਂ ਵੱਧ ਕੈਂਸਰ ਸੈਂਟਰਾਂ, ਖੋਜ ਸੰਸਥਾਵਾਂ ਅਤੇ ਮਰੀਜ਼ ਸਮੂਹਾਂ ਦਾ ਇੱਕ ਨੈੱਟਵਰਕ ਹੈ ਜੋ ਮਿਆਰੀ ਪ੍ਰੋਟੋਕੋਲ, ਗੁਣਵੱਤਾ ਭਰੋਸਾ, ਸਮਰੱਥਾ ਨਿਰਮਾਣ ਅਤੇ ਸਹਿਯੋਗੀ ਖੋਜ ਦੁਆਰਾ ਕੈਂਸਰ ਦੇਖਭਾਲ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ।

*****

ਐੱਸਆਰ/ਏਕੇ

HFW/ Union Health Secretary at NCG Annual Meeting/21 November 2026/2


(Release ID: 2340514) ਵਿਜ਼ੀਟਰ ਕਾਊਂਟਰ : 3