Posted On:
20 NOV 2026 3:26PM by PIB Chandigarh
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਨਵੀਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸੋਮਨਾਥ ਸਵਾਭਿਮਾਨ ਪਰਵ ਦੇ ਹਿੱਸੇ ਵਜੋਂ ਆਯੋਜਿਤ "ਯੁਵਾ ਸੋਮਨਾਥ ਯਾਤਰਾ" ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ 1,100 ਤੋਂ ਵੱਧ ਵਿਦਿਆਰਥੀ ਗੁਜਰਾਤ ਦੇ ਸੋਮਨਾਥ ਮੰਦਰ ਦੀ ਵਿਸ਼ੇਸ਼ ਯਾਤਰਾ ਲਈ ਰਵਾਨਾ ਹੋਏ।
ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਇੱਕ ਹਜ਼ਾਰ ਵਰ੍ਹਿਆਂ ਤੋਂ ਵਾਰ-ਵਾਰ ਹਮਲਿਆਂ ਦੇ ਬਾਵਜੂਦ, ਸੋਮਨਾਥ ਮੰਦਿਰ ਅਜੇ ਵੀ ਭਾਰਤ ਦੀ ਸਥਾਈ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵਜੋਂ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਨਾ ਸਿਰਫ਼ ਆਪਣੇ ਵਿਸ਼ਵਾਸ ਦੀ ਰੱਖਿਆ ਕੀਤੀ, ਸਗੋਂ ਦੇਸ਼ ਦੀਆਂ ਅਮੀਰ ਪਰੰਪਰਾਵਾਂ ਅਤੇ ਵਿਰਾਸਤ ਨੂੰ ਵੀ ਸੁਰੱਖਿਅਤ ਰੱਖਿਆ। ਉਨ੍ਹਾਂ ਕਿਹਾ ਕਿ ਸੋਮਨਾਥ ਦਾ ਇਤਿਹਾਸ ਭਾਰਤ ਦੀ ਆਸਥਾ, ਦ੍ਰਿੜਤਾ ਅਤੇ ਸੱਭਿਆਚਾਰਕ ਨਿਰੰਤਰਤਾ ਨੂੰ ਦਰਸਾਉਂਦਾ ਹੈ।
ਨੌਜਵਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਇਹ ਕੋਈ ਆਮ ਯਾਤਰਾ ਨਹੀਂ ਹੈ, ਸਗੋਂ ਭਾਰਤ ਦੇ ਸੰਘਰਸ਼ ਅਤੇ ਲਚਕੀਲੇਪਣ ਦੇ ਇਤਿਹਾਸ ਨੂੰ ਸਮਝਣ ਅਤੇ ਇਸਦੀ ਸ਼ਾਨਦਾਰ ਵਿਰਾਸਤ ਨੂੰ ਅੱਗੇ ਵਧਾਉਣ ਦਾ ਇੱਕ ਮੌਕਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤ ਦੀ ਬੌਧਿਕ ਦੌਲਤ, ਆਰਕੀਟੈਕਚਰਲ ਵਿਰਾਸਤ ਅਤੇ ਸੱਭਿਆਚਾਰਕ ਪ੍ਰਾਪਤੀਆਂ 'ਤੇ ਮਾਣ ਕਰਨ ਲਈ ਉਤਸ਼ਾਹਿਤ ਕੀਤਾ, ਜਿਨ੍ਹਾਂ ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਅੱਜ ਵੀ ਜਾਰੀ ਰੱਖਿਆ ਹੈ।
ਸੋਮਨਾਥ ਸਵਾਭਿਮਾਨ ਪਰਵ ਦੇ ਤਹਿਤ, ਹੁਣ ਤੱਕ 35,000 ਤੋਂ ਵੱਧ ਸ਼ਰਧਾਲੂਆਂ ਨੂੰ ਸੋਮਨਾਥ ਮਹਾਦੇਵ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਪਹਿਲਕਦਮੀ ਸੋਮਨਾਥ ਮੰਦਿਰ ਦੇ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਵ ਅਤੇ ਭਾਰਤ ਦੀ ਵਿਰਾਸਤ ਵਿੱਚ ਇਸ ਦੇ ਅਮਿਟ ਸਥਾਨ ਨੂੰ ਉਜਾਗਰ ਕਰਦੀ ਹੈ।
ਸੱਭਿਆਚਾਰਕ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸਮਰ ਨੰਦਾ ਨੇ ਕਿਹਾ, "ਸੋਮਨਾਥ ਸਵਾਭਿਮਾਨ ਪਰਵ ਦੇ ਹਿੱਸੇ ਵਜੋਂ 17 ਰਾਜਾਂ ਦੇ ਸ਼ਰਧਾਲੂਆਂ ਨੇ ਸੋਮਨਾਥ ਮਹਾਦੇਵ ਦੇ ਦਰਸ਼ਨ ਕੀਤੇ ਹਨ। ਸੋਮਨਾਥ ਮੰਦਿਰ ਦੇ ਪੁਨਰ ਨਿਰਮਾਣ ਦੀ 75ਵੀਂ ਵਰ੍ਹੇਗੰਢ ਵੀ 11 ਮਈ, 2026 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਵਿੱਚ ਮਨਾਈ ਗਈ। ਯੁਵਾ ਸੋਮਨਾਥ ਯਾਤਰਾ ਨੌਜਵਾਨ ਪੀੜ੍ਹੀ ਨੂੰ ਸੋਮਨਾਥ ਅਤੇ ਇਸਦੇ ਅਮੀਰ ਇਤਿਹਾਸਿਕ ਅਤੇ ਅਧਿਆਤਮਿਕ ਮਹੱਤਵ ਨਾਲ ਜੋੜਨ ਲਈ ਇੱਕ ਮਹੱਤਵਪੂਰਨ ਪਹਿਲ ਹੈ।"
ਰੇਲਗੱਡੀ ਦੇ ਰਵਾਨਾ ਹੋਣ ਤੋਂ ਪਹਿਲਾਂ, "ਸਾਧੋ ਬੈਂਡ" ਨੇ ਰੇਲਵੇ ਸਟੇਸ਼ਨ 'ਤੇ ਭਗਤੀ ਸੰਗੀਤ ਪੇਸ਼ ਕੀਤਾ, ਜਿਸ ਨਾਲ ਪੂਰਾ ਵਾਤਾਵਰਣ ਅਧਿਆਤਮਿਕ ਅਤੇ ਉਤਸ਼ਾਹੀ ਮਾਹੌਲ ਨਾਲ ਭਰ ਗਿਆ। ਇਨ੍ਹਾਂ ਭਗਤੀ ਪ੍ਰਦਰਸ਼ਨਾਂ ਨੇ ਨੌਜਵਾਨ ਭਾਗੀਦਾਰਾਂ ਵਿੱਚ ਨਵਾਂ ਜੋਸ਼ ਭਰਿਆ ਅਤੇ ਇਸ ਮੌਕੇ ਦੀ ਸ਼ਾਨ ਨੂੰ ਵਧਾ ਦਿੱਤਾ।
ਇਸ ਮੌਕੇ 'ਤੇ, ਐੱਨਸੀਸੀ ਦੀਆਂ ਮਹਿਲਾ ਕੈਡਿਟਾਂ ਦੁਆਰਾ ਦਿੱਤੇ ਗਏ ਰਸਮੀ 'ਗਾਰਡ ਆਫ਼ ਆਨਰ' ਨੇ ਪ੍ਰੋਗਰਾਮ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੱਤਾ।
ਇਸ ਪਹਿਲ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਇਤਿਹਾਸਿਕ ਵਿਰਾਸਤ ਨਾਲ ਜੋੜਨਾ ਹੈ, ਨਾਲ ਹੀ ਸੋਮਨਾਥ ਦੇ ਇਤਿਹਾਸਿਕ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਇਹ ਵਿਸ਼ੇਸ਼ ਰੇਲਗੱਡੀ, ਜੋ 20 ਤੋਂ 25 ਨਵੰਬਰ, 2026 ਤੱਕ ਨਿਰਧਾਰਤ ਹੈ, ਨਵੀਂ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਗੁਜਰਾਤ ਦੇ ਵੈਰਾਵਲ ਜੰਕਸ਼ਨ ਤੱਕ ਯਾਤਰਾ ਕਰੇਗੀ। ਉੱਥੋਂ, ਵਿਦਿਆਰਥੀ ਸੋਮਨਾਥ ਮੰਦਿਰ ਦੇ ਇਤਿਹਾਸਿਕ ਅਤੇ ਅਧਿਆਤਮਿਕ ਮਹੱਤਵ ਦਾ ਅਨੁਭਵ ਕਰਨ ਲਈ ਰਵਾਨਾ ਹੋਣਗੇ।







**********
ਐੱਮ.ਅੰਨਾਦੁਰਈ/ਏਕੇ