ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

45ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲਾ, 2026 ਵਿਖੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਪੈਵੇਲੀਅਨ


17.37 ਲੱਖ ਰੁਪਏ ਦੀ ਕੁਲ ਵਿਕਰੀ ਦਰਜ; ਖਪਤਕਾਰਾਂ ਦੀ ਵਧਦੀ ਰੁਚੀ ਨਾਲ ਰਵਾਇਤੀ ਕਾਰੀਗਰਾਂ ਦੀ ਰੋਜ਼ੀ-ਰੋਟੀ ਲਈ ਬਿਹਤਰ ਮੌਕੇ

19 ਰਾਜਾਂ ਦੇ 130 ਤੋਂ ਵੱਧ ਕਾਰੀਗਰਾਂ ਨੇ ਭਾਰਤ ਦੇ ਅਮੀਰ ਦਸਤਕਾਰੀ, ਹੈਂਡਲੂਮ ਅਤੇ ਸਵਦੇਸ਼ੀ ਕਲਾਤਮਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ

Posted On: 17 NOV 2026 7:39PM by PIB Chandigarh

ਸਵਦੇਸ਼ੀ ਸ਼ਿਲਪਕਾਰੀ ਅਤੇ ਰਵਾਇਤੀ ਹੱਥ ਨਾਲ ਬਣੇ ਉਤਪਾਦਾਂ ਪ੍ਰਤੀ ਖਪਤਕਾਰਾਂ ਦੀ ਵਧਦੀ ਰੁਚੀ ਨੂੰ ਦਰਸਾਉਂਦੇ ਹੋਏ, ਇੱਥੇ ਰਾਸ਼ਟਰੀ ਰਾਜਧਾਨੀ ਸਥਿਤ ਭਾਰਤ ਮੰਡਪਮ ਵਿਖੇ ਆਯੋਜਿਤ 45ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) 2026 ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਪੈਵੇਲੀਅਨ ਵਿੱਚ 16 ਨਵੰਬਰ, 2026 ਤੱਕ ਕੁੱਲ 17.37 ਲੱਖ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਹੈ।

15 ਨਵੰਬਰ, 2026 ਤੱਕ ਲਗਭਗ 5.50 ਲੱਖ ਰੁਪਏ ਦੀ ਵਿਕਰੀ ਦੇ ਮੁਕਾਬਲੇ ਕੁੱਲ ਵਿਕਰੀ ਵਿੱਚ ਤਿੰਨ ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਹਿੱਸਾ ਲੈਣ ਵਾਲੇ ਕਾਰੀਗਰਾਂ ਅਤੇ ਉੱਦਮੀਆਂ ਪ੍ਰਤੀ ਖਪਤਕਾਰਾਂ ਦੇ ਉਤਸ਼ਾਹਜਨਕ ਹੁੰਗਾਰੇ ਅਤੇ ਉਨ੍ਹਾਂ ਲਈ ਵਧ ਰਹੇ ਬਾਜ਼ਾਰ ਮੌਕਿਆਂ ਨੂੰ ਦਰਸਾਉਂਦਾ ਹੈ।

ਆਈਟੀਪੀਓ ਦੇ ਹਾਲ ਨੰਬਰ 5 ਦੀ ਜ਼ਮੀਨੀ ਮੰਜ਼ਿਲ ’ਤੇ ਸਥਿਤ ਮੰਤਰਾਲਾ ਦਾ ਪੈਵੇਲੀਅਨ, ਦੇਸ਼ ਭਰ ਤੋਂ ਰਵਾਇਤੀ ਸ਼ਿਲਪਕਾਰੀ, ਸੱਭਿਆਚਾਰਕ ਵਿਭਿੰਨਤਾ ਅਤੇ ਉੱਦਮੀ ਪ੍ਰਤਿਭਾ ਨੂੰ ਇੱਕ ਪਲੇਟਫ਼ਾਰਮ ’ਤੇ ਲਿਆ ਰਿਹਾ ਹੈ। ਇਹ ਕਾਰੀਗਰਾਂ ਨੂੰ ਸਿੱਧੇ ਖਪਤਕਾਰਾਂ ਨਾਲ ਜੁੜਨ, ਆਪਣੇ ਉਤਪਾਦਾਂ ਦੀ ਪਹੁੰਚ ਅਤੇ ਪਛਾਣ ਵਧਾਉਣ ਅਤੇ ਆਪਣੀਆਂ ਆਰਥਿਕ ਸੰਭਾਵਨਾਵਾਂ ਨੂੰ ਮਜ਼ਬੂਤ ​​ਕਰਨ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ।

ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਪਾਰ ਮੇਲੇ ਵਿੱਚ ਮੰਤਰਾਲੇ ਦੇ ਤਿੰਨ ਚੋਟੀ ਦੇ  ਨਿਗਮਾਂ ਰਾਹੀਂ 19 ਰਾਜਾਂ ਦੇ 130 ਤੋਂ ਵੱਧ ਕਾਰੀਗਰ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੇ ਹਨ।ਇਹ ਤਿੰਨ ਨਿਗਮ ਹਨ- ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ), ਰਾਸ਼ਟਰੀ ਪੱਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਅਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਕੇਐੱਫਡੀਸੀ) ।

ਉਨ੍ਹਾਂ ਦੱਸਿਆ ਕਿ ਇਸ ਪੈਵੇਲੀਅਨ ਵਿੱਚ ਬਾਰੀਕੀ ਨਾਲ ਤਿਆਰ ਕੀਤੇ ਗਏ ਵੱਖ ਵੱਖ ਪ੍ਰਕਾਰ ਦੀ ਦਸਤਕਾਰੀ, ਰਵਾਇਤੀ ਹੈਂਡਲੂਮ ਉਤਪਾਦ, ਹੱਥ ਨਾਲ ਬਣੇ ਗਹਿਣੇ, ਜੁੱਤੇ, ਕੱਪੜੇ, ਹੱਥ ਨਾਲ ਬਣੇ ਸਮਾਨ ਅਤੇ ਹੋਰ ਸਵਦੇਸ਼ੀ ਉਤਪਾਦ  ਪ੍ਰਦਰਸ਼ਿਤ ਕੀਤੇ ਜਾ ਰਹੇ ਹਨ । ਇਹ ਉਤਪਾਦ ਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਕਲਾਤਮਕ ਪਰੰਪਰਾਵਾਂ ਨੂੰ ਦਰਸਾਉਂਦੇ ਹਨ।

ਅਧਿਕਾਰੀ ਨੇ ਕਿਹਾ ਕਿ ਕੁਲ ਵਿਕਰੀ ਵਿੱਚ ਮਹੱਤਵਪੂਰਨ ਵਾਧਾ ਰਵਾਇਤੀ ਉਤਪਾਦਾਂ  ਪ੍ਰਤੀ ਖਪਤਕਾਰਾਂ ਦੀ ਵੱਧ ਰਹੀ ਰੁਚੀ ਨੂੰ ਦਰਸਾਉਂਦਾ ਹੈ। ਇਹ ਕਾਰੀਗਰਾਂ ਅਤੇ ਛੋਟੇ ਉੱਦਮੀਆਂ ਲਈ ਬਾਜ਼ਾਰ-ਅਧਾਰਿਤ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨ ਵਿੱਚ ਰਾਸ਼ਟਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ। 

ਉਨ੍ਹਾਂ ਕਿਹਾ ਕਿ ਉਤਪਾਦਾਂ ਦੀ ਸਿੱਧੀ ਵਿਕਰੀ ਨੂੰ ਸੁਖਾਲਾ ਬਣਾਉਣ ਤੋਂ ਇਲਾਵਾ, ਇਹ ਵਪਾਰ ਮੇਲਾ ਹਿੱਸਾ ਲੈ ਰਹੇ  ਕਾਰੀਗਰਾਂ ਨੂੰ ਖਪਤਕਾਰਾਂ ਦੀਆਂ ਬਦਲਦੀ ਪਸੰਦ ਨੂੰ ਸਮਝਣ, ਉੱਭਰ ਰਹੇ ਬਾਜ਼ਾਰ ਰੁਝਾਨਾਂ ਦੀ ਪੜਚੋਲ ਕਰਨ, ਨਵੇਂ ਵਪਾਰਕ ਸੰਪਰਕ ਸਥਾਪਤ ਕਰਨ ਅਤੇ ਲੰਬੇ ਸਮੇਂ ਦੇ ਉੱਦਮੀ ਵਿਕਾਸ ਲਈ ਮੌਕਿਆਂ ਦੀ ਪਛਾਣ ਕਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।

ਅਧਿਕਾਰੀ ਨੇ ਕਿਹਾ ਕਿ ਅਜਿਹੇ ਪਲੇਟਫ਼ਾਰਮ ਰਵਾਇਤੀ ਉਤਪਾਦਕਾਂ ਅਤੇ ਮੁੱਖ ਧਾਰਾ ਦੇ ਬਾਜ਼ਾਰਾਂ ਵਿਚਲੇ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਕਾਰੀਗਰ ਆਪਣੇ ਹੁਨਰ, ਰਚਨਾਤਮਕਤਾ ਅਤੇ ਸਵਦੇਸ਼ੀ ਗਿਆਨ ਨੂੰ ਆਮਦਨ ਵਧਾਉਣ ਦੇ ਸਥਾਈ ਮੌਕਿਆਂ ਵਿੱਚ ਬਦਲਣ ਦੇ ਸਮਰੱਥ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਮੰਤਰਾਲਾ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਸਫ਼ਾਈ ਮਿੱਤਰਾਂ ਅਤੇ ਡੀਨੋਟੀਫਾਈਡ, ਖਾਨਾਬਦੋਸ਼ ਅਤੇ ਅਰਧ- -ਘੁੰਮਣ-ਫਿਰਨ ਵਾਲੇ ਕਬੀਲਿਆਂ (ਡੀਐਨਟੀ) ਨਾਲ ਸਬੰਧਿਤ ਕਾਰੀਗਰਾਂ ਅਤੇ ਉੱਦਮੀਆਂ ਦੀ ਆਰਥਿਕ ਭਾਗੀਵਾਲੀ ਵਧਾਉਣ ਲਈ ਲਗਾਤਾਰ ਯਤਨ ਕਰ ਰਿਹਾ ਹੈ।

ਅਧਿਕਾਰੀ ਨੇ ਕਿਹਾ ਕਿ ਆਈਆਈਟੀਐੱਫ 2026 ਵਿੱਚ ਮੰਤਰਾਲੇ ਦੀ ਭਾਗੀਵਾਲੀ ਦਾ ਇੱਕ ਮੁੱਖ ਆਕਰਸ਼ਣ ਟਿਊਲਿਪ (ਟ੍ਰੈਡੀਸ਼ਨਲ ਆਰਟੀਜਨਸ ਅਪਲਫਿਟਮੈਂਟ ਲਾਈਵਲੀਹੁੱਡ ਪ੍ਰੋਗਰਾਮ) ਬ੍ਰਾਂਡ ਦਾ ਪ੍ਰਚਾਰ ਹੈ। ਇਸ ਬ੍ਰਾਂਡ ਦਾ ਉਦੇਸ਼ ਕਾਰੀਗਰਾਂ ਵੱਲੋਂ ਬਣਾਏ ਉਤਪਾਦਾਂ ਲਈ ਇੱਕ ਵਿਲੱਖਣ ਬਾਜ਼ਾਰ ਪਛਾਣ ਦਿਵਾਉਣਾ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਖਪਤਕਾਰਾਂ ਵਿੱਚ ਉਨ੍ਹਾਂ ਦੀ ਪਛਾਣ ਅਤੇ ਪ੍ਰਸਿੱਧੀ ਨੂੰ ਮਜ਼ਬੂਤ ​​ਕਰਨਾ ਹੈ।

ਉਨ੍ਹਾਂ ਦੱਸਿਆ ਕਿ ਟਿਊਲਿਪ ਪਹਿਲਕਦਮੀ ਹਾਲ ਹੀ ਵਿੱਚ ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਵੱਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਹਾਟ ਵਿੱਚ ਆਯੋਜਿਤ ਸ਼ਿਲਪ ਸਮਾਗਮ ਮੇਲੇ ਦੌਰਾਨ ਸ਼ੁਰੂ ਕੀਤੀ ਗਈ ਸੀ।

ਅਧਿਕਾਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਰਵਾਇਤੀ ਸ਼ਿਲਪਕਾਰੀ ਨੂੰ ਸਮਕਾਲੀ ਬਾਜ਼ਾਰ ਦੀਆਂ ਲੋੜਾਂ ਨਾਲ ਜੋੜਨਾ ਹੈ। ਇਸ ਦੇ ਨਾਲ ਇਹ ਕਾਰੀਗਰਾਂ ਵਿੱਚ ਨਵੀਨਤਾ, ਉੱਦਮਤਾ ਅਤੇ ਆਰਥਿਕ ਸਵੈ-ਨਿਰਭਰਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਟਿਊਲਿਪ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਮੁੱਖ ਰਾਸ਼ਟਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਵਿੱਚ ਭਾਗੀਦਾਰੀ ਰਾਹੀਂ ਮੰਤਰਾਲਾ ਇੱਕ ਅਜਿਹਾ ਅਨੁਕੂਲ ਮਾਹੌਲ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਜਿੱਥੇ ਰਵਾਇਤੀ ਕਾਰੀਗਰ ਆਪਣੇ ਬਾਜ਼ਾਰ ਦਾ ਵਿਸਥਾਰ ਕਰ ਸਕਣ, ਆਪਣੀ ਉੱਦਮਤਾ ਸਮਰੱਥਾ ਨੂੰ ਮਜ਼ਬੂਤ ਬਣਾ ਸਕਣ ਅਤੇ ਰੋਜ਼ੀ-ਰੋਟੀ ਦੇ ਟਿਕਾਊ ਮੌਕਿਆਂ ਤੱਕ ਪਹੁੰਚ ਪ੍ਰਾਪਤ ਕਰ ਸਕਣ। 

ਅਧਿਕਾਰੀ ਨੇ ਕਿਹਾ ਕਿ ਆਈਆਈਟੀਐੱਫ 2026 ਵਿੱਚ ਮੰਤਰਾਲੇ ਦੇ ਤਿੰਨ ਚੋਟੀ ਦੇ ਨਿਗਮਾਂ ਦੀ ਭਾਗੀਦਾਰੀ ਬਾਜ਼ਾਰ ਤੱ ਪਹੁੰਚ ਨੂੰ ਸੁਚਾਰੂ ਬਣਾਉਣ, ਉੱਦਮਤਾ ਨੂੰ ਹੁਲਾਰਾ ਦੇਣ ਅਤੇ ਵਾਂਝੇ ਤੇ ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰਿਆਂ ਦੇ ਲਾਭਪਾਤਰੀਆਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਮਜ਼ਬੂਤ ​​ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਉਜਾਗਰ ਕਰਦੀ ਹੈ।

ਉਨ੍ਹਾਂ ਕਿਹਾ ਕਿ ਮੰਤਰਾਲੇ ਦੇ ਪੈਵੇਲੀਅਨ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਭਾਰਤ ਦੇ ਵਿਭਿੰਨ ਕਲਾਤਮਕ ਵਿਰਸੇ ਨੂੰ ਜਾਣਨ, ਕਾਰੀਗਰਾਂ ਨਾਲ ਸਿੱਧੀ ਗੱਲਬਾਤ ਕਰਨ ਅਤੇ ਪ੍ਰਮਾਣਿਕ ​​ਸਵਦੇਸ਼ੀ ਅਤੇ ਹੱਥੀਂ ਬਣੇ ਉਤਪਾਦਾਂ ਦੀ ਖ਼ਰੀਦਦਾਰੀ ਰਾਹੀਂ ਉਨ੍ਹਾਂ ਦੇ ਆਰਥਿਕ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲ ਰਿਹਾ ਹੈ।

45ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) 2026 ਦਾ 13 ਨਵੰਬਰ 2026 ਨੂੰ  ਉਦਘਾਟਨ ਕੀਤਾ ਗਿਆ ਸੀ , ਜੋ ਕਿ ਵਪਾਰ, ਵਣਜ, ਉੱਦਮਤਾ ਅਤੇ ਸੱਭਿਆਚਾਰਕ ਅਦਲਾ-ਬਦਲੀ ਲਈ ਇੱਕ ਪ੍ਰਮੁੱਖ ਪਲੇਟਫ਼ਾਰਮ ਪ੍ਰਦਾਨ ਕਰ ਰਿਹਾ ਹੈ , ਜਿੱਥੇ ਵੱਖ ਵੱਖ ਪਿਛੋਕੜਾਂ ਦੇ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਹੈ। 

ਆਈਆਈਟੀਐੱਫ 2026 ਵਿੱਚ ਉਤਸ਼ਾਹਜਨਕ ਵਿਕਰੀ ਪ੍ਰਦਰਸ਼ਨ ਅਤੇ ਖਪਤਕਾਰਾਂ ਦੀ ਵਧਦੀ ਭਾਗੀਦਾਰੀ ਦੇ ਨਾਲ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਭਾਰਤ ਦੇ ਸੱਭਿਆਚਾਰਕ ਵਿਰਸੇ ਦੀ ਸੰਭਾਲ, ਟਿਕਾਊ ਰੋਜ਼ਗਾਰ ਨੂੰ ਮਜ਼ਬੂਤ ਕਰਨ, ਆਰਥਿਕ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਕਸਿਤ ਭਾਰਤ@2047 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਸਮਾਵੇਸ਼ੀ ਸਮਾਜਿਕ-ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਲਗਾਤਾਰ ਮਜ਼ਬੂਤ ​​ਕਰ ਰਿਹਾ ਹੈ।

*****

ਪੀਆਰ-231-ਟੀਏਆਰ/ਕੇਵੀ/ਜੀਏ/ਆਰਕੇ


(Release ID: 2337915) ਵਿਜ਼ੀਟਰ ਕਾਊਂਟਰ : 4