ਪ੍ਰਧਾਨ ਮੰਤਰੀ ਦਫਤਰ
azadi ka amrit mahotsav

21ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ

Posted On: 17 NOV 2026 4:10PM by PIB Chandigarh

Your Excellency, ਰਾਸ਼ਟਰਪਤੀ ਮਾਰਕੋਸ,
Your Majesty,
Excellencies,

ਨਮਸਕਾਰ।

ਈਸਟ ਏਸ਼ੀਆ ਸਮਿਟ ਦੇ ਸ਼ਾਨਦਾਰ ਆਯੋਜਨ ਲਈ ਮੈਂ ਰਾਸ਼ਟਰਪਤੀ ਮਾਰਕੋਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕੋਵਿਡ ਮਹਾਮਾਰੀ ਤੋਂ ਬਾਅਦ ਤੋਂ ਦੁਨੀਆ ਲਗਾਤਾਰ ਇੱਕ ਤੋਂ ਬਾਅਦ ਇੱਕ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਸੰਘਰਸ਼ਾਂ ਕਾਰਨ ਭੋਜਨ, ਈਂਧਣ ਅਤੇ ਖਾਦ ’ਤੇ ਦਬਾਅ ਵਧ ਰਿਹਾ ਹੈ।

ਅੰਤਰਰਾਸ਼ਟਰੀ ਜਲਮਾਰਗਾਂ ’ਤੇ ਜਹਾਜ਼ਾਂ ਅਤੇ ਨਾਵਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਤਵਾਦ ਦੇ ਗੰਭੀਰ ਖ਼ਤਰੇ ਦੇ ਨਾਲ-ਨਾਲ, ਸਾਈਬਰ ਧੋਖਾਧੜੀ ਅਤੇ ਔਨਲਾਈਨ ਘੁਟਾਲੇ ਵਰਗੇ ਨਵੇਂ ਸਰਹੱਦ ਪਾਰੋਂ ਹੋਣ ਵਾਲੇ ਅਪਰਾਧ ਵੀ ਵਧ ਰਹੇ ਹਨ।

ਸਾਥੀਓ,

ਅੱਜ ਦੁਨੀਆ ਨੂੰ ਸਭ ਤੋਂ ਵੱਧ ਜ਼ਰੂਰਤ ਹੈ—ਸ਼ਾਂਤੀ, ਸਥਿਰਤਾ ਅਤੇ ਭਵਿੱਖਵਾਣੀ ਦੀ।

ਪਿਛਲੇ ਕਈ ਸਾਲਾਂ ਤੋਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਸਾਂਝੀਆਂ ਚੁਣੌਤੀਆਂ ਦਾ ਹੱਲ ਲੱਭਣ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ​​ਕਰਨ ਦਾ ਮਹੱਤਵਪੂਰਨ ਮੰਚ ਰਿਹਾ ਹੈ। ਗੱਲਬਾਤ, ਆਪਸੀ ਸਤਿਕਾਰ ਅਤੇ ਸਹਿਯੋਗ ਦੀ ਇਹੀ ਭਾਵਨਾ ਭਾਰਤ ਦੀ ਵਿਦੇਸ਼ ਨੀਤੀ ਦੀ ਨੀਂਹ ਹੈ।

ਆਸੀਆਨ ਏਕਤਾ ਅਤੇ ਕੇਂਦਰੀਤਾ ਸਾਡੀ ਐਕਟ ਈਸਟ ਨੀਤੀ ਦੇ ਕੇਂਦਰ ਵਿੱਚ ਹਨ। ਅਸੀਂ ਇੱਕ ਆਜ਼ਾਦ, ਖੁੱਲ੍ਹੇ, ਸਮਾਵੇਸ਼ੀ ਅਤੇ ਨਿਯਮ-ਅਧਾਰਿਤ ਹਿੰਦ-ਪ੍ਰਸ਼ਾਂਤ ਲਈ ਵਚਨਬੱਧ ਹਾਂ। ਭਾਵੇਂ ਯੂਕ੍ਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਸ਼ਾਂਤੀ ਦੇ ਹਰ ਯਤਨ ਦਾ ਸਮਰਥਨ ਕਰਦੇ ਰਹਾਂਗੇ।

ਸਾਥੀਓ,

ਸਾਡੇ ਸਮੁੰਦਰ ਸਾਡੀ ਸਾਂਝੀ ਖ਼ੁਸ਼ਹਾਲੀ ਦੀ ਜੀਵਨ ਰੇਖਾ ਹਨ। ਇਨ੍ਹਾਂ ਦੀ ਸੁਰੱਖਿਆ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਇਸ ਦਿਸ਼ਾ ਵਿੱਚ, ਅਸੀਂ ਇੱਕ ਨਾਵਿਕ ਸੁਰੱਖਿਆ ਪਹਿਲਕਦਮੀ ਸ਼ੁਰੂ ਕਰ ਰਹੇ ਹਾਂ, ਜਿਸ ਤਹਿਤ ਸੰਯੁਕਤ ਸਿਖਲਾਈ ਅਤੇ ਐਮਰਜੈਂਸੀ ਪ੍ਰਤੀਕਿਰਿਆ ਵਿੱਚ ਸਹਿਯੋਗ ਨੂੰ ਵਧਾਇਆ ਜਾਵੇਗਾ।

ਸਾਥੀਓ,

ਡਿਜੀਟਲ ਦੁਨੀਆ ਵਿੱਚ ਵੀ ਵਿਸ਼ਵਾਸ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਓਨਾ ਹੀ ਜ਼ਰੂਰੀ ਹੈ। ਭਾਰਤ ਵਿੱਚ ਇਸ ਸਾਲ ਆਯੋਜਿਤ ਏਆਈ ਇੰਪੈਕਟ ਸਮਿਟ ਵਿੱਚ ਅਸੀਂ ਮਨੁੱਖੀ-ਕੇਂਦ੍ਰਿਤ, ਸਮਾਵੇਸ਼ੀ ਅਤੇ ਸੁਰੱਖਿਅਤ ਏਆਈ  ਦੇ ਵਿਕਾਸ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਡੀਪਫੇਕ ਅਤੇ ਗ਼ਲਤ ਜਾਣਕਾਰੀ ਨਾਲ ਨਜਿੱਠਣ ਲਈ ਡਿਜੀਟਲ ਵਾਟਰਮਾਰਕਿੰਗ ਵਰਗੀਆਂ ਤਕਨੀਕਾਂ ਦੀ ਜ਼ਰੂਰਤ ’ਤੇ ਵੀ ਬਲ ਦਿੱਤਾ ਗਿਆ।

ਔਨਲਾਈਨ ਘੁਟਾਲੇ ਵਿਰੁੱਧ ਅੱਜ ਦੇ ਸੰਯੁਕਤ ਬਿਆਨ ਦਾ ਅਸੀਂ ਸਵਾਗਤ ਕਰਦੇ ਹਾਂ।

ਇਸ ਵਧਦੇ ਖਤਰੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ, ਅਸੀਂ ਭਾਰਤ ਦੀ ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਵਿੱਚ ਪੂਰਬੀ ਏਸ਼ੀਆ ਸਿਖਰ ਸੰਮੇਲਨ ਸਾਈਬਰ ਕ੍ਰਾਈਮ ਕਾਨਫਰੰਸ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਦੇ ਹਾਂ।

ਸਾਥੀਓ,

ਸਾਡੇ ਸਬੰਧਾਂ ਦੀ ਨੀਂਹ ਹਜ਼ਾਰਾਂ ਸਾਲਾਂ ਦੀ ਸਾਂਝੀ ਵਿਰਾਸਤ ਵਿੱਚ ਹੈ। ਭਾਰਤ ਦੇ ਲੋਥਲ ਵਿੱਚ ਬਣ ਰਿਹਾ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਜਲਦੀ ਹੀ ਇਸ ਸਾਂਝੀ ਵਿਰਾਸਤ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੇਗਾ। ਸਾਡੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਲੋਥਲ ਵਿੱਚ ਈਸਟ ਏਸ਼ੀਆ ਸਮਿਟ ਮੈਰੀਟਾਈਮ ਹੈਰੀਟੇਜ ਫੈਸਟੀਵਲ ਵੀ ਆਯੋਜਿਤ ਕਰਾਂਗੇ।

ਅਸੀਂ ਅਗਲੇ ਸਾਲ ਨਾਲੰਦਾ ਵਿੱਚ ਈਸਟ ਏਸ਼ੀਆ ਸਮਿਟ ਯੂਨੀਵਰਸਿਟੀ ਹੈਡਸ ਕਨਕਲੇਵ ਦੀ ਮੇਜ਼ਬਾਨੀ ਕਰਾਂਗੇ, ਜਿਸ ਨਾਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਨਵੀਂ ਊਰਜਾ ਮਿਲੇਗੀ।

ਸਾਥੀਓ,

ਇਸ ਸਾਲ ਅਸੀਂ ਦੱਖਣ-ਪੂਰਬੀ ਏਸ਼ੀਆ ਦੀ ਇਤਿਹਾਸਕ ਟ੍ਰੀਟੀ ਆਫ਼ ਅਮਿਟੀ ਐਂਡ ਕੋਆਪ੍ਰੇਸ਼ਨ ਦੀ ਪੰਜਾਹਵੀਂ ਵਰ੍ਹੇਗੰਢ ਮਨਾ ਰਹੇ ਹਾਂ।

ਪੰਜਾਹ ਸਾਲ ਪਹਿਲਾਂ ਇਸ ਖੇਤਰ ਨੇ ਦੁਨੀਆ ਨੂੰ ਇੱਕ ਮਹੱਤਵਪੂਰਨ ਸੁਨੇਹਾ ਦਿੱਤਾ ਸੀ—ਸ਼ਾਂਤੀ, ਪ੍ਰਭੂਸੱਤਾ ਦੇ ਸਤਿਕਾਰ ਅਤੇ ਸੰਵਾਦ ਦਾ ਸੁਨੇਹਾ। ਅੱਜ ਉਸ ਸੁਨੇਹੇ ਦੀ ਸਾਰਥਕਤਾ ਹੋਰ ਵੀ ਵਧ ਗਈ ਹੈ। ਸਾਡਾ ਸਾਂਝਾ ਭਵਿੱਖ ਸੰਘਰਸ਼ ਨਾਲ ਨਹੀਂ, ਸਗੋਂ ਆਪਸੀ ਸਤਿਕਾਰ ਅਤੇ ਸਹਿਯੋਗ ਨਾਲ ਬਣੇਗਾ।

ਇਸੇ ਵਿਜ਼ਨ ਦੇ ਨਾਲ, ਭਾਰਤ ਆਸੀਆਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਸਾਂਝੀ ਖ਼ੁਸ਼ਹਾਲੀ ਲਈ ਵਚਨਬੱਧ ਰਹੇਗਾ।

ਬਹੁਤ-ਬਹੁਤ ਧੰਨਵਾਦ।

**********

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ


(Release ID: 2337741) ਵਿਜ਼ੀਟਰ ਕਾਊਂਟਰ : 9