ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਨੇਪਾਲ ਵਿੱਚ ਜਨਕਪੁਰ ਧਾਮ ਨੂੰ ਭਾਰਤ ਦੇ ਅਯੋਧਿਆ ਨਾਲ ਜੋੜਨ ਵਾਲੀ ਹਫ਼ਤਾਵਾਰੀ ਰੇਲ ਸੇਵਾ ਨੂੰ ਮਨਜ਼ੂਰੀ ਦਿੱਤੀ


ਸਰਹੱਦ ਪਾਰ ਸੰਪਰਕ, ਧਾਰਮਿਕ ਸੈਰ-ਸਪਾਟਾ ਅਤੇ ਭਾਰਤ-ਨੇਪਾਲ ਦੋਸਤੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਵੱਡਾ ਕਦਮ

Posted On: 14 NOV 2026 4:10PM by PIB Chandigarh

ਭਾਰਤ-ਨੇਪਾਲ ਸੰਪਰਕ ਨੂੰ ਮਜ਼ਬੂਤ ​​ਕਰਨ ਵੱਲ ਇੱਕ ਅਹਿਮ ਕਦਮ ਚੁੱਕਦੇ ਹੋਏ, ਭਾਰਤੀ ਰੇਲਵੇ ਨੇ ਨੇਪਾਲ ਵਿੱਚ ਜਨਕਪੁਰ ਧਾਮ ਅਤੇ ਭਾਰਤ ਦੇ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿਚਕਾਰ ਇੱਕ ਨਵੀਂ ਹਫ਼ਤਾਵਾਰੀ ਰੇਲ ਸੇਵਾ ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਸੇਵਾ ਰਾਮਾਇਣ ਪਰੰਪਰਾ ਨਾਲ ਡੂੰਘਾਈ ਨਾਲ ਜੁੜੇ ਦੋ ਸਥਾਨਾਂ - ਜਨਕਪੁਰ ਧਾਮ, ਜਿਸ ਨੂੰ ਮਾਤਾ ਸੀਤਾ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ, ਅਤੇ ਅਯੋਧਿਆ, ਜੋ ਪ੍ਰਭੂ ਸ਼੍ਰੀ ਰਾਮ ਦਾ ਜਨਮ ਸਥਾਨ ਹੈ, ਵਿਚਕਾਰ ਇੱਕ ਅਹਿਮ ਰੇਲ ਸੰਪਰਕ ਸਥਾਪਿਤ ਕਰੇਗੀ। ਇਸ ਪਹਿਲਕਦਮੀ ਨਾਲ ਦੋਵਾਂ ਦੇਸ਼ਾਂ ਦੇ ਯਾਤਰੀਆਂ ਨੂੰ ਇਨ੍ਹਾਂ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਕੇਂਦਰਾਂ ਤੱਕ ਬਿਹਤਰ ਪਹੁੰਚ ਮਿਲੇਗੀ, ਨਾਲ ਹੀ ਉਨ੍ਹਾਂ ਦੀ ਸਾਂਝੀ ਸਭਿਅਤਾ ਵਿਰਾਸਤ ਨੂੰ ਵੀ ਮਜ਼ਬੂਤ ​​ਕਰੇਗੀ।

ਸਰਹੱਦ ਪਾਰ ਪ੍ਰਮੁੱਖ ਸਥਾਨਾਂ ਨੂੰ ਜੋੜਨਾ

ਲਗਭਗ 604 ਕਿੱਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਇਹ ਹਫ਼ਤਾਵਾਰੀ ਸੇਵਾ ਜਨਕਪੁਰ ਧਾਮ ਨੂੰ ਅਯੋਧਿਆ ਕੈਂਟ ਨਾਲ ਜੋੜੇਗੀ, ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਮਹੱਤਵਪੂਰਨ ਕਸਬਿਆਂ ਅਤੇ ਸ਼ਹਿਰਾਂ ਵਿੱਚੋਂ ਹੋ ਕੇ ਲੰਘੇਗੀ।

ਰੇਲਗੱਡੀ ਦੇ ਟਰਮੀਨਲ ਸਟੇਸ਼ਨਾਂ ਤੋਂ ਇਲਾਵਾ ਜੈਨਗਰ, ਮਧੂਬਨੀ, ਸ਼ਿਸ਼ੋ, ਸੀਤਾਮੜ੍ਹੀ, ਰਕਸੌਲ, ਨਰਕਟੀਆਗੰਜ, ਗੋਰਖਪੁਰ, ਬਸਤੀ, ਮਾਨਕਪੁਰ ਅਤੇ ਅਯੋਧਿਆ ਧਾਮ ’ਤੇ ਵਪਾਰਕ ਠਹਿਰਾਅ  ਹੋਣਗੇ।

ਇਹ ਸੇਵਾ ਹਫ਼ਤੇ ਵਿੱਚ ਇੱਕ ਵਾਰ ਚੱਲੇਗੀ, ਅਤੇ ਇਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਜਨਕਪੁਰ ਧਾਮ ਤੋਂ ਅਤੇ ਸੋਮਵਾਰ ਨੂੰ ਅਯੋਧਿਆ ਛਾਉਣੀ ਤੋਂ ਹੋਵੇਗੀ।

ਸੈਰ-ਸਪਾਟੇ, ਵਪਾਰ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ

ਨਵੀਂ ਸੇਵਾ ਨਾਲ ਤੀਰਥ ਯਾਤਰੀਆਂ, ਸੈਲਾਨੀਆਂ ਅਤੇ ਹੋਰ ਮੁਸਾਫ਼ਰਾਂ ਲਈ ਸਰਹੱਦ ਪਾਰ ਯਾਤਰਾ ਹੋਰ ਆਸਾਨ ਹੋਣ ਦੀ ਉਮੀਦ ਹੈ। ਇਸ ਨਾਲ ਜਨਕਪੁਰ ਅਤੇ ਅਯੋਧਿਆ ਵਿਚਕਾਰ ਧਾਰਮਿਕ ਯਾਤਰਾਵਾਂ ਸੁਖਾਲੀਆਂ ਹੋਣਗੀਆਂ, ਰਾਮਾਇਣ ਨਾਲ ਜੁੜੇ ਸੈਰ-ਸਪਾਟਾ ਸਰਕਟ ਨੂੰ ਹੁਲਾਰਾ ਮਿਲੇਗਾ ਅਤੇ ਪੜ੍ਹਾਈ, ਕਾਰੋਬਾਰ ਅਤੇ ਪਰਿਵਾਰ ਨਾਲ ਜੁੜੇ ਕੰਮਾਂ ਲਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਆਵਾਜਾਈ ਦੀ ਵਧੇਰੇ ਸਹੂਲਤ ਮਿਲੇਗੀ।

ਬਿਹਤਰ ਰੇਲ ਪਹੁੰਚ ਨਾਲ ਸੈਰ-ਸਪਾਟਾ ਸੰਚਾਲਕਾਂ, ਪ੍ਰਾਹੁਣਚਾਰੀ ਅਦਾਰਿਆਂ, ਸਥਾਨਕ ਵਪਾਰੀਆਂ ਅਤੇ ਰਵਾਇਤੀ ਕਾਰੀਗਰਾਂ ਲਈ ਮੌਕੇ ਪੈਦਾ ਕਰਕੇ ਇਸ ਮਾਰਗ ਦੇ ਨਾਲ ਲੱਗਦੇ ਸਥਾਨਕ ਅਰਥਚਾਰਿਆਂ ਨੂੰ ਵੀ ਲਾਭ ਹੋਣ ਦੀ ਉਮੀਦ ਹੈ। ਬਿਹਾਰ ਅਤੇ ਨੇਪਾਲ ਦੇ ਸਰਹੱਦੀ ਖੇਤਰਾਂ ਦੇ ਭਾਈਚਾਰਿਆਂ ਲਈ, ਇਹ ਸੇਵਾ ਯਾਤਰੀ ਆਵਾਜਾਈ ਦਾ ਇੱਕ ਵਾਧੂ ਵਿਕਲਪ ਪ੍ਰਦਾਨ ਕਰੇਗੀ ਅਤੇ ਆਰਥਿਕ ਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰੇਗੀ।

ਭਾਰਤ-ਨੇਪਾਲ ਦੋਸਤੀ ਨੂੰ ਮਜ਼ਬੂਤ ​​ਕਰਨਾ

ਭਾਰਤ ਅਤੇ ਨੇਪਾਲ ਵਿਚਕਾਰ ਸਦੀਆਂ ਪੁਰਾਣੇ ਸੱਭਿਆਚਾਰਕ, ਇਤਿਹਾਸਕ ਅਤੇ ਸਮਾਜਿਕ ਸਬੰਧ ਹਨ, ਜਿਸ ਵਿੱਚ ਧਾਰਮਿਕ ਪਰੰਪਰਾਵਾਂ ਅਤੇ ਸਰਹੱਦ ਪਾਰ ਦੇ ਭਾਈਚਾਰਿਆਂ ਵਿਚਲੇ ਸਬੰਧ ਇਸ ਭਾਈਵਾਲੀ ਦਾ ਇੱਕ ਅਹਿਮ ਹਿੱਸਾ ਹਨ। ਨਵੀਂ ਰੇਲ ਸੇਵਾ ਭਾਈਚਾਰਿਆਂ ਨੂੰ ਹੋਰ ਨੇੜੇ ਲਿਆਉਣ ਲਈ ਰੇਲਵੇ ਸੰਪਰਕ ਦੀ ਵਰਤੋਂ ਕਰਕੇ ਆਪਸੀ ਸਹਿਯੋਗ ਵਿੱਚ ਇੱਕ ਹੋਰ ਪਹਿਲੂ ਜੋੜੇਗੀ।

ਇਸ ਪਹਿਲਕਦਮੀ ਰਾਹੀਂ, ਭਾਰਤੀ ਰੇਲਵੇ ਖੇਤਰੀ ਸੈਰ-ਸਪਾਟੇ, ਆਰਥਿਕ ਗਤੀਵਿਧੀਆਂ ਅਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਸਦੀਵੀ ਦੋਸਤੀ ਦਾ ਸਮਰਥਨ ਕਰਦੇ ਹੋਏ ਯਾਤਰੀ ਸੰਪਰਕ ਦਾ ਵਿਸਥਾਰ ਕਰਨਾ ਜਾਰੀ ਰੱਖਦਾ ਹੈ।

*****

 

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ


(Release ID: 2336965) ਵਿਜ਼ੀਟਰ ਕਾਊਂਟਰ : 4