ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ


ਇਹ ਪ੍ਰੋਗਰਾਮ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ 151ਵੀਂ ਜਯੰਤੀ ਮੌਕੇ ਕਰਵਾਇਆ ਜਾ ਰਿਹਾ ਹੈ

ਪ੍ਰਧਾਨ ਮੰਤਰੀ ਲਗਭਗ 3,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸਿੱਖਿਆ, ਸਿਹਤ ਸੇਵਾਵਾਂ, ਰੋਜ਼ੀ-ਰੋਟੀ, ਕਬਾਇਲੀ ਵਿਰਾਸਤ ਦੀ ਸੰਭਾਲ ਅਤੇ ਭਾਈਚਾਰਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਧਿਆਨ ਦਿੰਦਿਆਂ ਕਬਾਇਲੀ ਸਸ਼ਕਤੀਕਰਣ ਕਰਨਾ ਹੈ

ਪ੍ਰਧਾਨ ਮੰਤਰੀ ਮਿਜ਼ੋਰਮ ਵਿੱਚ ਰੋਪੁਈਲਿਆਨੀ ਕਬਾਇਲੀ ਆਜ਼ਾਦੀ ਘੁਲਾਟੀਏ ਅਜਾਇਬ ਘਰ ਦਾ ਵੀ ਉਦਘਾਟਨ ਕਰਨਗੇ

Posted On: 14 NOV 2026 4:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ 2026 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਗੜ੍ਹਚਿਰੌਲੀ, ਮਹਾਰਾਸ਼ਟਰ ਵਿੱਚ ‘ਜਨਜਾਤੀਯ ਗੌਰਵ ਦਿਵਸ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ 151ਵੀਂ ਜਯੰਤੀ ਦੇ ਮੌਕੇ ’ਤੇ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਲਗਭਗ 3,000 ਕਰੋੜ ਰੁਪਏ ਦੇ 246 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਮਕਸਦ ਦੇਸ਼ ਭਰ ਦੇ ਕਬਾਇਲੀ ਭਾਈਚਾਰਿਆਂ ਲਈ ਸਿੱਖਿਆ, ਸਿਹਤ ਸੇਵਾਵਾਂ, ਰੋਜ਼ੀ-ਰੋਟੀ ਅਤੇ ਭਾਈਚਾਰਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।

ਪ੍ਰਧਾਨ ਮੰਤਰੀ 173 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਵਿੱਚ ਕਬਾਇਲੀ ਵਿਦਿਆਰਥੀਆਂ ਲਈ 38 ਏਕਲਵਿਆ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਅਤੇ ‘ਪ੍ਰਧਾਨ ਮੰਤਰੀ ਜਨਜਾਤੀ ਆਦੀਵਾਸੀ ਨਿਆਂ ਮਹਾ ਅਭਿਆਨ’ (ਪੀਐੱਮ-ਜਨਮਨ) ਤਹਿਤ 100 ਬਹੁ-ਮੰਤਵੀ ਕੇਂਦਰ ਸ਼ਾਮਲ ਹਨ, ਜੋ ਸੇਵਾਵਾਂ ਪ੍ਰਦਾਨ ਕਰਨ ਅਤੇ ਭਾਈਚਾਰਕ ਗਤੀਵਿਧੀਆਂ ਦੇ ਕੇਂਦਰ ਵਜੋਂ ਕੰਮ ਕਰਨਗੇ। ਉਹ ਪੀਐੱਮ-ਜਨਮਨ ਅਤੇ ‘ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ’ (ਡੀਏਜੇਜੀਯੂਏ) ਤਹਿਤ ਕਈ ਹੋਰ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ।

ਉਦਘਾਟਨ ਕੀਤੇ ਜਾਣ ਵਾਲੇ ਹੋਰ ਪ੍ਰਮੁੱਖ ਪ੍ਰੋਜੈਕਟਾਂ ਵਿੱਚ ਈਟਾਨਗਰ, ਅਰੁਣਾਚਲ ਪ੍ਰਦੇਸ਼ ਵਿੱਚ ਕਬਾਇਲੀ ਖੋਜ ਸੰਸਥਾਨ (ਟੀਆਰਆਈ) ਦੀ ਇਮਾਰਤ ਅਤੇ ਆਈਜ਼ੌਲ, ਮਿਜ਼ੋਰਮ ਵਿੱਚ ਰੋਪੁਈਲਿਆਨੀ ਕਬਾਇਲੀ ਆਜ਼ਾਦੀ ਘੁਲਾਟੀਏ ਅਜਾਇਬ ਘਰ ਸ਼ਾਮਲ ਹਨ, ਜਿਨ੍ਹਾਂ ਦਾ ਉਦੇਸ਼ ਕਬਾਇਲੀ ਸੱਭਿਆਚਾਰ ਅਤੇ ਵਿਰਾਸਤ ਨੂੰ ਸਾਂਭਣਾ ਹੈ। ਇਹ ਅਜਾਇਬ ਘਰ ਮਿਜ਼ੋ ਲੋਕਾਂ ਦੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ, ਇਤਿਹਾਸਕ ਵਿਰਸੇ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਮਿਜ਼ੋ ਕਬਾਇਲੀ ਆਜ਼ਾਦੀ ਘੁਲਾਟੀਆਂ ਦੀ ਹਿੰਮਤ, ਬਹਾਦਰੀ ਅਤੇ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਇਸ ਦਾ ਨਾਮ ਉੱਨੀਵੀਂ ਸਦੀ ਦੀ ਮਿਜ਼ੋ ਕਬੀਲੇ ਦੀ ਮਹਿਲਾ ਮੁਖੀ ਰੋਪੁਈਲਿਆਨੀ ਦੇ ਨਾਮ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦਾ ਹਿੰਮਤ ਨਾਲ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਨੂੰ ਕਬਾਇਲੀ ਸੰਘਰਸ਼ ਅਤੇ ਕੁਰਬਾਨੀ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ 19 ਨਵੇਂ ਏਕਲਵਿਆ ਮਾਡਲ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਰੱਖਣਗੇ, ਜਿਸ ਨਾਲ ਕਬਾਇਲੀ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਉਹ ਕਬਾਇਲੀ ਉਤਪਾਦਕਾਂ ਲਈ ਬਾਜ਼ਾਰ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਵਾਸਤੇ 12 ਕਬਾਇਲੀ ਬਹੁ-ਮੰਤਵੀ ਮਾਰਕੀਟਿੰਗ ਕੇਂਦਰਾਂ (ਟੀਐੱਮਐੱਮਸੀ) ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਪੀਐੱਮ-ਜਨਮਨ ਅਤੇ ਡੀਏਜੇਜੀਯੂਏ ਤਹਿਤ 42 ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਇਹ ਪ੍ਰੋਗਰਾਮ 1 ਤੋਂ 15 ਨਵੰਬਰ 2026 ਤੱਕ ਦੇਸ਼ ਭਰ ਵਿੱਚ ਮਨਾਏ ਜਾ ਰਹੇ ‘ਜਨਜਾਤੀਯ ਗੌਰਵ ਪਖਵਾੜਾ’ ਦੀ ਸਮਾਪਤੀ ਦਾ ਪ੍ਰਤੀਕ ਹੋਵੇਗਾ। ਇਸ ਪਖਵਾੜੇ ਦੌਰਾਨ ਰਾਸ਼ਟਰੀ ਅਤੇ ਜ਼ਮੀਨੀ ਪੱਧਰ ’ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਈਐੱਮਆਰਐੱਸ ਦੇ ਵਿਦਿਆਰਥੀਆਂ ਨਾਲ ਰਾਸ਼ਟਰਪਤੀ ਦੀ ਗੱਲਬਾਤ, ਰਾਸ਼ਟਰੀ ਕਬਾਇਲੀ ਸਾਹਿਤ ਉਤਸਵ, ਕਬਾਇਲੀ ਇਲਾਜ ਕਰਤਾਵਾਂ ਲਈ ਸਿਖਲਾਈ ਪ੍ਰੋਗਰਾਮ, ਵਿਸ਼ੇਸ਼ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਲਈ ਸਿਹਤ ਅਤੇ ਪੋਸ਼ਣ ਕੈਂਪ ਅਤੇ ‘ਧਰਤੀ ਆਬਾ ਜਨਭਾਗੀਦਾਰੀ ਅਭਿਆਨ’ ਤਹਿਤ ਕਬਾਇਲੀ ਪਿੰਡਾਂ ਵਿੱਚ ਸਮਾਜ ਸੇਵਾ ਮੁਹਿੰਮਾਂ ਸ਼ਾਮਲ ਹਨ।

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2336330) ਵਿਜ਼ੀਟਰ ਕਾਊਂਟਰ : 19