Posted On:
06 NOV 2026 7:24PM by PIB Chandigarh
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਵਿਆਪਕ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯਾਤਰੀ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਦੀਵਾਲੀ ਤੇ ਛੱਠ ਦੇ ਤਿਉਹਾਰਾਂ ਦੇ ਸਮੇਂ ਵਧਣ ਵਾਲੀ ਭੀੜ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ, ਉਨ੍ਹਾਂ ਨੇ ਯਾਤਰੀਆਂ ਨਾਲ ਗੱਲਬਾਤ ਕਰਕੇ ਸਹੂਲਤਾਂ ਬਾਰੇ ਉਨ੍ਹਾਂ ਦੀ ਫੀਡਬੈਕ ਵੀ ਲਈ। ਯਾਤਰੀਆਂ ਨੇ ਸਟੇਸ਼ਨ ’ਤੇ ਕੀਤੇ ਗਏ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ ।
ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਦੁਰਗਾ ਪੂਜਾ, ਦੀਵਾਲੀ ਅਤੇ ਛੱਠ ਵਰਗੇ ਤਿਉਹਾਰਾਂ ਦੌਰਾਨ ਹਰ ਸਾਲ ਸਭ ਤੋਂ ਵੱਧ ਭੀੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ, ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਵਾਧੂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਗਈਆਂ ਹਨ ਅਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਵੱਧ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਨਿਗਰਾਨੀ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ 700 ਵਾਧੂ ਏ.ਆਈ. ਕੈਮਰੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਕਿ ਸਟੇਸ਼ਨ ਪਹੁੰਚਣ ਤੋਂ ਬਾਅਦ ਯਾਤਰੀ ਘੱਟ ਤੋਂ ਘੱਟ ਸਮੇਂ ਵਿੱਚ ਆਪਣੀ ਰੇਲਗੱਡੀ ਤੱਕ ਪਹੁੰਚ ਸਕਣ।
ਭਾਰਤੀ ਰੇਲਵੇ ਤਿਉਹਾਰਾਂ ਦੇ ਦੌਰਾਨ ਯਾਤਰੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਯਾਤਰਾ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਵਿਆਪਕ ਯਤਨ ਕਰ ਰਹੀ ਹੈ। ਇਨ੍ਹਾਂ ਵਿੱਚ ਮੁੱਖ ਸਟੇਸ਼ਨਾਂ ’ਤੇ ਯਾਤਰੀਆਂ ਦੇ ਠਹਿਰਨ ਲਈ ਵਿਸ਼ੇਸ਼ ਜਗ੍ਹਾ, ਟਿਕਟ ਬੁਕਿੰਗ ਦੇ ਵਾਧੂ ਪ੍ਰਬੰਧ ਸਾਮਾਨ ਦੀ ਜਾਂਚ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਸਾਫ਼-ਸੁਥਰੇ ਪਖਾਨੇ ਵਰਗੀਆਂ ਸਹੂਲਤਾਂ ਸ਼ਾਮਲ ਹਨ। ਇਨ੍ਹਾਂ ਪ੍ਰਬੰਧਾਂ ਦਾ ਉਦੇਸ਼ ਇਹ ਹੈ ਕਿ ਬਹੁਤ ਜ਼ਿਆਦਾ ਭੀੜ ਦੇ ਸਮੇਂ ਵੀ ਯਾਤਰੀਆਂ ਨੂੰ ਸੁਚੱਜਾ ਅਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਮਿਲੇ।
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਹੋਲਡਿੰਗ ਏਰੀਆ (ਉਡੀਕ ਘਰ)ਦੇ ਬਿਹਤਰ ਪ੍ਰਬੰਧ
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ, ਪਿਛਲੇ ਸਾਲ ਅਣ-ਰਾਖਵੇਂ (ਬਿਨਾਂ ਰਿਜ਼ਰਵੇਸ਼ਨ ਵਾਲੇ) ਯਾਤਰੀਆਂ ਲਈ ਸ਼ੁਰੂ ਕੀਤੀ ਗਈ ਸਹੂਲਤ ਤੋਂ ਇਲਾਵਾ, ਹੁਣ ਰਾਖਵੀਆਂ ਟਿਕਟਾਂ ਵਾਲੇ ਯਾਤਰੀਆਂ ਲਈ ਵੀ ਇੱਕ ਵੱਖਰਾ ਹੋਲਡਿੰਗ ਏਰੀਆ ਬਣਾਇਆ ਗਿਆ ਹੈ। ਯਾਤਰੀਆਂ ਦੇ ਦਾਖਲੇ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਹੁਣ ਇੱਕ ਸਾਂਝਾ ਹੋਲਡਿੰਗ ਏਰੀਆ ਤਿਆਰ ਕੀਤਾ ਗਿਆ ਹੈ। ਸਮਾਨ ਦੀ ਜਾਂਚ ਦੀ ਸਹੂਲਤ ਨੂੰ ਵੀ ਸਟੇਸ਼ਨ ਦੀ ਇਮਾਰਤ ਦੇ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਨਾਲ ਸਟੇਸ਼ਨ ਦੇ ਅੰਦਰ ਪਹਿਲਾਂ ਟਿਕਟ ਬੁਕਿੰਗ ਲਈ ਵਰਤੀ ਜਾਂਦੀ ਜਗ੍ਹਾ ’ਤੇ ਹੁਣ ਇੱਕ ਆਰਾਮਦਾਇਕ ਉਡੀਕ-ਘਰ ਬਣਾ ਦਿੱਤਾ ਗਿਆ ਹੈ। ਇਹਨਾਂ ਪ੍ਰਬੰਧਾਂ ਨਾਲ ਭੀੜ ਘਟਾਉਣ ਅਤੇ ਯਾਤਰੀਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਮਿਲਣ ਦੇ ਨਾਲ-ਨਾਲ ਯਾਤਰੀਆਂ ਨੂੰ ਆਪਣੇ ਸੰਬੰਧਿਤ ਪਲੇਟਫਾਰਮ 'ਤੇ ਜਾਣ ਤੋਂ ਪਹਿਲਾਂ ਇੱਕ ਸੁਵਿਧਾਜਨਕ ਉਡੀਕ ਘਰ ਵੀ ਉਪਲਬਧ ਹੁੰਦਾ ਹੈ।
ਮੁੱਖ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਆਵਾਜਾਈ
ਨਵੀਂ ਦਿੱਲੀ (ਐਨਡੀਐੱਲਐੱਸ), ਪੁਰਾਣੀ ਦਿੱਲੀ, ਆਨੰਦ ਵਿਹਾਰ ਟਰਮੀਨਲ (ਏਐੱਨਵੀਟੀ), ਹਜ਼ਰਤ ਨਿਜ਼ਾਮੂਦੀਨ ਅਤੇ ਸਰਾਏ ਰੋਹਿਲਾ ਸਮੇਤ ਦਿੱਲੀ ਦੇ ਮੁੱਖ ਰੇਲਵੇ ਸਟੇਸ਼ਨਾਂ ’ਤੇ 1 ਅਕਤੂਬਰ ਤੋਂ 5 ਨਵੰਬਰ 2026 ਤੱਕ ਲਗਭਗ 2 ਕਰੋੜ ਯਾਤਰੀਆਂ ਦੀ ਆਮਦ ਦਰਜ ਕੀਤੀ ਗਈ। ਆਮ ਤੌਰ ’ਤੇ ਇੱਥੇ ਰੋਜ਼ਾਨਾ ਔਸਤਨ ਲਗਭਗ 5 ਲੱਖ ਯਾਤਰੀ ਆਉਂਦੇ ਹਨ, ਪਰ 1 ਤੋਂ 5 ਨਵੰਬਰ 2026 ਤੱਕ ਦੇ ਬਹੁਤ ਜ਼ਿਆਦਾ ਭੀੜ-ਭੜੱਕੇ (ਪੀਕ ਸੀਜ਼ਨ) ਵਾਲੇ ਸਮੇਂ ਦੌਰਾਨ ਇਹ ਗਿਣਤੀ ਵਧ ਕੇ ਰੋਜ਼ਾਨਾ ਔਸਤਨ ਲਗਭਗ 8 ਲੱਖ ਹੋ ਗਈ।
ਬਾਂਦਰਾ ਟਰਮੀਨਸ, ਲੋਕਮਾਨਿਆ ਤਿਲਕ ਟਰਮੀਨਸ (ਐੱਲਟੀਟੀ) ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ) ਸਮੇਤ ਮੁੰਬਈ ਖੇਤਰ ਦੇ ਮੁੱਖ ਰੇਲਵੇ ਸਟੇਸ਼ਨਾਂ ’ਤੇ 1 ਅਕਤੂਬਰ ਤੋਂ 5 ਨਵੰਬਰ 2026 ਤੱਕ ਕੁੱਲ ਮਿਲਾ ਕੇ ਲਗਭਗ 1.5 ਕਰੋੜ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਗਈ। ਇੱਥੇ ਰੋਜ਼ਾਨਾ ਔਸਤਨ ਲਗਭਗ 4 ਲੱਖ ਯਾਤਰੀ ਆਉਂਦੇ ਹਨ, ਪਰ 1 ਤੋਂ 5 ਨਵੰਬਰ 2026 ਤੱਕ ਦੇ ਬਹੁਤ ਜ਼ਿਆਦਾ ਭੀੜ-ਭੜੱਕੇ (ਪੀਕ) ਵਾਲੇ ਸਮੇਂ ਦੌਰਾਨ ਇਹ ਗਿਣਤੀ ਵਧ ਕੇ ਰੋਜ਼ਾਨਾ ਔਸਤਨ ਲਗਭਗ 5 ਲੱਖ ਹੋ ਗਈ।
ਸਿਕੰਦਰਾਬਾਦ, ਕਾਚੇਗੁੜਾ ਅਤੇ ਚਾਰਲਾਪੱਲੀ ਸਮੇਤ ਹੈਦਰਾਬਾਦ ਖੇਤਰ ਦੇ ਰੇਲਵੇ ਸਟੇਸ਼ਨਾਂ ’ਤੇ 1 ਅਕਤੂਬਰ ਤੋਂ 5 ਨਵੰਬਰ 2026 ਦੇ ਵਿਚਕਾਰ ਲਗਭਗ 90 ਲੱਖ ਯਾਤਰੀਆਂ ਦੀ ਆਮਦ ਦਰਜ ਕੀਤੀ ਗਈ। ਇੱਥੇ ਰੋਜ਼ਾਨਾ ਔਸਤਨ ਲਗਭਗ 2.5 ਲੱਖ ਯਾਤਰੀ ਆਉਂਦੇ ਹਨ, ਪਰ 1 ਤੋਂ 5 ਨਵੰਬਰ 2026 ਤੱਕ ਦੇ ਬਹੁਤ ਜ਼ਿਆਦਾ ਭੀੜ-ਭੜੱਕੇ (ਪੀਕ) ਵਾਲੇ ਸਮੇਂ ਦੌਰਾਨ ਇਹ ਗਿਣਤੀ ਵਧ ਕੇ ਰੋਜ਼ਾਨਾ ਔਸਤਨ ਲਗਭਗ 4 ਲੱਖ ਹੋ ਗਈ।
ਬੰਗਲੁਰੂ ਸਿਟੀ, ਸਰ ਐੱਮ. ਵਿਸ਼ਵੇਸ਼ਵਰਈਆ ਟਰਮੀਨਲ (ਐੱਸਐੱਮਵੀਬੀ), ਯਸ਼ਵੰਤਪੁਰ ਅਤੇ ਯੇਲਹੰਕਾ ਸਮੇਤ ਬੰਗਲੁਰੂ ਖੇਤਰ ਦੇ ਰੇਲਵੇ ਸਟੇਸ਼ਨਾਂ ’ਤੇ 1 ਅਕਤੂਬਰ ਤੋਂ 5 ਨਵੰਬਰ 2026 ਤੱਕ ਕੁੱਲ ਮਿਲਾ ਕੇ ਲਗਭਗ 1 ਕਰੋੜ ਯਾਤਰੀਆਂ ਦੀ ਆਮਦ ਦਰਜ ਕੀਤੀ ਗਈ। ਇੱਥੇ ਰੋਜ਼ਾਨਾ ਔਸਤਨ ਲਗਭਗ 2.5 ਲੱਖ ਯਾਤਰੀ ਆਉਂਦੇ ਹਨ, ਪਰ 1 ਤੋਂ 5 ਨਵੰਬਰ 2026 ਤੱਕ ਦੇ ਬਹੁਤ ਜ਼ਿਆਦਾ ਭੀੜ-ਭੜੱਕੇ (ਪੀਕ) ਵਾਲੇ ਸਮੇਂ ਦੌਰਾਨ ਇਹ ਗਿਣਤੀ ਵਧ ਕੇ ਰੋਜ਼ਾਨਾ ਔਸਤਨ ਲਗਭਗ 3.5 ਲੱਖ ਹੋ ਗਈ।
ਸੂਰਤ ਅਤੇ ਉਧਨਾ ਰੇਲਵੇ ਸਟੇਸ਼ਨਾਂ ’ਤੇ 1 ਅਕਤੂਬਰ ਤੋਂ 5 ਨਵੰਬਰ 2026 ਤੱਕ ਕੁੱਲ ਮਿਲਾ ਕੇ ਲਗਭਗ 50 ਲੱਖ ਯਾਤਰੀਆਂ ਦੀ ਆਮਦ ਦਰਜ ਕੀਤੀ ਗਈ। ਇੱਥੇ ਰੋਜ਼ਾਨਾ ਔਸਤਨ ਲਗਭਗ 1 ਲੱਖ ਯਾਤਰੀ ਆਉਂਦੇ ਹਨ, ਪਰ 1 ਤੋਂ 5 ਨਵੰਬਰ 2026 ਤੱਕ ਦੇ ਬਹੁਤ ਜ਼ਿਆਦਾ ਭੀੜ-ਭੜੱਕੇ (ਪੀਕ) ਵਾਲੇ ਸਮੇਂ ਦੌਰਾਨ ਇਹ ਗਿਣਤੀ ਵਧ ਕੇ ਰੋਜ਼ਾਨਾ ਔਸਤਨ ਲਗਭਗ 1.6 ਲੱਖ ਹੋ ਗਈ।
ਭਾਰਤੀ ਰੇਲਵੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ, ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਪਣੇ ਤਜ਼ਰਬਿਆਂ ਤੇ ਯਾਤਰੀਆਂ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਸੰਚਾਲਨ ਵਿੱਚ ਸੁਧਾਰ ਲਿਆਉਣ ’ਤੇ ਲਗਾਤਾਰ ਧਿਆਨ ਦੇ ਰਿਹਾ ਹੈ। ਇਨ੍ਹਾਂ ਯਤਨਾਂ ਦਾ ਉਦੇਸ਼ ਤਿਉਹਾਰਾਂ ਦੇ ਸਮੇਂ ਯਾਤਰੀਆਂ ਲਈ ਸੁਰੱਖਿਅਤ, ਸੁਵਿਧਾਜਨਕ ਅਤੇ ਮੁਸ਼ਕਲ ਰਹਿਤ ਯਾਤਰਾ ਯਕੀਨੀ ਬਣਾਉਣਾ ਹੈ।
****
ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਵੰਸ਼ਿਤਾ ਜੈਸਵਾਲ