Posted On:
08 NOV 2026 4:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਸਤਰ, ਛੱਤੀਸਗੜ੍ਹ ਦੇ ਕਰਨਪੁਰ ਵਿੱਚ ਸਥਿਤ ਕੋਬਰਾ ਅਪਰੇਸ਼ਨਜ਼ ਬੇਸ ਦਾ ਦੌਰਾ ਕੀਤਾ, ਜੋ ਬਸਤਰ ਅਤੇ ਅਬੂਝਮਾੜ ਵਿੱਚ ਨਕਸਲ-ਵਿਰੋਧੀ ਮੁਹਿੰਮਾਂ ਲਈ ਸਿਖਲਾਈ ਕੇਂਦਰ ਅਤੇ ਲਾਂਚ ਪੈਡ ਵਜੋਂ ਕੰਮ ਕਰਦਾ ਹੈ। ਇੱਥੇ ਪ੍ਰਧਾਨ ਮੰਤਰੀ ਨੇ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਈ। ਇਸ ਮੌਕੇ ਜਵਾਨਾਂ ਨੂੰ ਸੰਬੋਧਨ ਕਰਦਿਆਂ, ਜਦੋਂ ਦੇਸ਼ ਅਤੇ ਦੁਨੀਆ ਭਰ ਵਿੱਚ ਕਰੋੜਾਂ ਭਾਰਤੀ ਆਪਣੇ ਪਿਆਰਿਆਂ ਨਾਲ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਮਨਾ ਰਹੇ ਹਨ, ਪ੍ਰਧਾਨ ਮੰਤਰੀ ਨੇ ਕਾਰਗਿਲ ਅਤੇ ਹਿਮਾਲਿਆ ਵਿੱਚ ਲੇਪਚਾ ਤੋਂ ਲੈ ਕੇ ਤੱਟਵਰਤੀ ਖੇਤਰ ਦੇ ਸਰ ਕ੍ਰੀਕ ਅਤੇ ਸਮੁੰਦਰ ਵਿੱਚ ਆਈਐੱਨਐੱਸ ਵਿਕਰਾਂਤ ਤੱਕ, ਬਹਾਦਰ ਸੈਨਿਕਾਂ ਦੇ ਨਾਲ ਮਨਾਈ ਗਈ ਆਪਣੀ ਯਾਦਗਾਰੀ ਦੀਵਾਲੀ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸਰਹੱਦਾਂ ’ਤੇ ਅਤੇ ਦੇਸ਼ ਦੇ ਅੰਦਰ, ਜੋ ਦੇਸ਼ ਦੀ ਰਾਖੀ ਕਰਦੇ ਹਨ, ਮਾਂ ਭਾਰਤੀ ਦੇ ਉਹ ਬਹਾਦਰ ਪੁੱਤਰ—ਤੁਸੀਂ ਸਾਰੇ ਮੇਰੇ ਆਪਣੇ ਹੋ, ਤੁਸੀਂ ਸਾਰੇ ਮੇਰੇ ਪਰਿਵਾਰ ਦਾ ਹਿੱਸਾ ਹੋ।”
ਪ੍ਰਧਾਨ ਮੰਤਰੀ ਨੇ 2026 ਦੀ ਦੀਵਾਲੀ ਨੂੰ ਬੇਹੱਦ ਖ਼ਾਸ ਦੱਸਦਿਆਂ ਕਿਹਾ ਕਿ ਇਹ ਮਾਓਵਾਦੀ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਦਹਾਕਿਆਂ ਪੁਰਾਣੀ ਲੜਾਈ ਜਿੱਤਣ ਤੋਂ ਬਾਅਦ ਰੌਸ਼ਨੀਆਂ ਦਾ ਪਹਿਲਾ ਤਿਉਹਾਰ ਹੈ। ਇਸ ਜਿੱਤ ਨੇ ਹਰ ਜ਼ਿਲ੍ਹੇ ਨੂੰ ਨਕਸਲ-ਮੁਕਤ ਬਣਾ ਦਿੱਤਾ ਹੈ ਅਤੇ ਕਰੋੜਾਂ ਨਾਗਰਿਕਾਂ ਨੂੰ ਡਰ ਤੋਂ ਮੁਕਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਬਸਤਰ ਇਸ ਲਈ ਆਏ ਹਨ ਤਾਂ ਜੋ ਇਸ ਅਸਾਧਾਰਨ ਪ੍ਰਾਪਤੀ ਦਾ ਜਸ਼ਨ ਉਨ੍ਹਾਂ ਲੱਖਾਂ ਸੁਰੱਖਿਆ ਕਰਮੀਆਂ ਦੇ ਨਾਲ ਮਨਾ ਸਕਣ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਹੈ ਅਤੇ 140 ਕਰੋੜ ਨਾਗਰਿਕਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰ ਸਕਣ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਮੈਂ ਤੁਹਾਡੀ ਕੁਰਬਾਨੀ, ਸਮਰਪਣ ਅਤੇ ਸੇਵਾ ਭਾਵਨਾ ਪ੍ਰਤੀ ਧੰਨਵਾਦ ਪ੍ਰਗਟ ਕਰਨ ਆਇਆ ਹਾਂ।”
ਪ੍ਰਧਾਨ ਮੰਤਰੀ ਨੇ ਪ੍ਰਾਚੀਨ ਸੰਸਕ੍ਰਿਤ ਸ਼ਲੋਕ 'आभ्यन्तरं भयं रक्ष्याम्, असारं बाह्यतो भयम्' ਦਾ ਜ਼ਿਕਰ ਕਰਦਿਆਂ ਸਮਝਾਇਆ ਕਿ ਜਿਸ ਦੇਸ਼ ਦੀ ਅੰਦਰੂਨੀ ਸੁਰੱਖਿਆ ਮਜ਼ਬੂਤ ਹੁੰਦੀ ਹੈ, ਉਸ ਨੂੰ ਬਾਹਰੀ ਦੁਸ਼ਮਣ ਨੁਕਸਾਨ ਨਹੀਂ ਪਹੁੰਚਾ ਸਕਦੇ; ਪਰ ਜਦੋਂ ਅੰਦਰੂਨੀ ਸੁਰੱਖਿਆ ਕਮਜ਼ੋਰ ਹੁੰਦੀ ਹੈ, ਤਾਂ ਬਾਹਰੀ ਦੁਸ਼ਮਣ ਸਿਰ ਚੁੱਕਣ ਲੱਗਦੇ ਹਨ। ਪ੍ਰਧਾਨ ਮੰਤਰੀ ਨੇ ਸੁਰੱਖਿਆ ਬਲਾਂ ਦੀ ਅੰਦਰੂਨੀ ਭੂਮਿਕਾ ਦੀ ਤੁਲਨਾ ਸਰਹੱਦਾਂ ’ਤੇ ਤਾਇਨਾਤ ਹਥਿਆਰਬੰਦ ਬਲਾਂ ਨਾਲ ਕੀਤੀ। ਉਨ੍ਹਾਂ ਨੇ ਸੀਆਰਪੀਐੱਫ, ਕੋਬਰਾ, ਬੀਐੱਸਐੱਫ, ਆਈਟੀਬੀਪੀ, ਐੱਸਐੱਸਬੀ, ਆਈਆਰਬੀ, ਰਾਜ ਪੁਲਿਸ ਬਲਾਂ, ਬਸਤਰ ਫਾਈਟਰਜ਼ ਕਮਾਂਡੋਜ਼ ਅਤੇ ਮਹਿਲਾ ਲੜਾਕਿਆਂ ਦੀਆਂ ਅਸੀਮ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਜਵਾਨਾਂ ਨੂੰ ਤਿਉਹਾਰ ਦੀ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਇਹ ਦੇਸ਼ ਤੁਹਾਡੀਆਂ ਸੇਵਾਵਾਂ ਦਾ ਰਿਣੀ ਹੈ ਅਤੇ ਕਰੋੜਾਂ ਦੇਸ਼ ਵਾਸੀਆਂ ਨੂੰ ਤੁਹਾਡੇ ’ਤੇ ਮਾਣ ਹੈ।”
ਪ੍ਰਧਾਨ ਮੰਤਰੀ ਨੇ ਉਸ ਭਿਆਨਕ ਦੌਰ ਨੂੰ ਯਾਦ ਕੀਤਾ, ਜਦੋਂ ਖੱਬੇ-ਪੱਖੀ ਅਤਿਵਾਦ ਨੇ ਬਿਹਾਰ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਲਗਭਗ 20 ਰਾਜਾਂ ਦੇ 230 ਤੋਂ ਵੱਧ ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਰੱਖਿਆ ਸੀ। ਉਸ ਸਮੇਂ ਉੱਥੇ ਡਰ ਕਾਰਨ ਸ਼ਾਮ ਨੂੰ ਕਰਫਿਊ ਵਰਗੇ ਹਾਲਾਤ ਰਹਿੰਦੇ ਸਨ, ਲੋਕਾਂ ਤੋਂ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਖੋਹ ਲਏ ਗਏ ਸਨ, ਹਰ ਸਾਲ 2,000 ਤੱਕ ਹਮਲੇ ਹੁੰਦੇ ਸਨ, ਇਕੱਲੇ ਛੱਤੀਸਗੜ੍ਹ ਵਿੱਚ 1,000 ਤੋਂ ਵੱਧ ਸੁਰੱਖਿਆ ਕਰਮੀਆਂ ਨੇ ਆਪਣੀ ਜਾਨ ਗੁਆਈ, ਕਈ ਸੈਨਿਕਾਂ ਨੇ ਆਈਈਡੀ ਧਮਾਕਿਆਂ ਵਿੱਚ ਆਪਣੇ ਅੰਗ ਗੁਆ ਦਿੱਤੇ ਅਤੇ 2010 ਵਿੱਚ ਦੰਤੇਵਾੜਾ ਵਿੱਚ ਹੋਏ ਵੱਖ-ਵੱਖ ਹਮਲਿਆਂ ਵਿੱਚ ਸੀਆਰਪੀਐੱਫ ਦੇ 76 ਜਵਾਨ ਅਤੇ 44 ਬੇਗੁਨਾਹ ਨਾਗਰਿਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2004 ਤੋਂ 2013 ਦਰਮਿਆਨ ਮਾਰੇ ਗਏ ਨਕਸਲੀਆਂ ਦੇ ਮੁਕਾਬਲੇ ਹਰ ਸਾਲ ਸ਼ਹੀਦ ਹੋਣ ਵਾਲੇ ਸੁਰੱਖਿਆ ਕਰਮੀਆਂ ਦੀ ਗਿਣਤੀ ਵੱਧ ਸੀ, ਜਿਸ ਨਾਲ ਮਾਓਵਾਦੀ ਨੇਤਾਵਾਂ ਦੇ ਹੌਸਲੇ ਬੁਲੰਦ ਹੋ ਗਏ ਸਨ।
ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਕੋਈ ਵੀ ਦੇਸ਼ ਆਪਣੇ ਦੁਸ਼ਮਣਾਂ ਪ੍ਰਤੀ ਨਰਮ ਰੁਖ਼ ਅਪਣਾ ਕੇ ਤਰੱਕੀ ਨਹੀਂ ਕਰ ਸਕਦਾ, ਸਗੋਂ ਉੱਚੇ ਮਨੋਬਲ ਦੇ ਨਾਲ ਰਣਨੀਤਕ ਤੌਰ ’ਤੇ ਉਨ੍ਹਾਂ ਦਾ ਸਫ਼ਾਇਆ ਕਰਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਬਾਅਦ ਦਹਾਕਿਆਂ ਤੋਂ ਚੱਲੀ ਆ ਰਹੀ ਉਸ ਬਿਰਤੀ ਨੂੰ ਬਦਲ ਦਿੱਤਾ ਗਿਆ, ਜਿਸ ਵਿੱਚ ਸੁਰੱਖਿਆ ਬਲਾਂ ਨੂੰ ਸਭ ਤੋਂ ਵੱਧ ਨੁਕਸਾਨ ਉਠਾਉਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਹੋਈ ਹੈ—47 ਵਰ੍ਹਿਆਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਡਿਊਟੀ ਦੌਰਾਨ ਸੀਆਰਪੀਐੱਫ ਦਾ ਇੱਕ ਵੀ ਜਵਾਨ ਸ਼ਹੀਦ ਨਹੀਂ ਹੋਇਆ। ਸ਼੍ਰੀ ਮੋਦੀ ਨੇ ਕਿਹਾ, “ਇਹ ਦੇਸ਼ ਦੀਆਂ ਸਹੀ ਨੀਤੀਆਂ ਅਤੇ ਮਜ਼ਬੂਤ ਇੱਛਾ-ਸ਼ਕਤੀ ਦੀ ਜਿੱਤ ਹੈ ਅਤੇ ਇਹ ਤੁਹਾਡੀ ਬਹਾਦਰੀ, ਹਿੰਮਤ ਅਤੇ ਸੰਜਮ ਦੀ ਜਿੱਤ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫ਼ਲਤਾ ਲਈ ਸਹੀ ਇਰਾਦੇ ਅਤੇ ਸਹੀ ਨੀਤੀਆਂ, ਦੋਵਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਕਈ ਸਖ਼ਤ ਫ਼ੈਸਲੇ ਲਏ—ਜਿਨ੍ਹਾਂ ਵਿੱਚੋਂ ਕੁਝ ਨੂੰ ਜਨਤਕ ਵੀ ਨਹੀਂ ਕੀਤਾ ਗਿਆ ਸੀ—ਜਿਸ ਨਾਲ ਨਕਸਲੀਆਂ ਅਤੇ ਵੱਖਵਾਦੀਆਂ ਵੱਲੋਂ ਪੈਸਾ ਜੁਟਾਉਣ ’ਤੇ ਸੱਟ ਵੱਜੀ ਅਤੇ ਨਕਲੀ ਨੋਟਾਂ ਦਾ ਨੈੱਟਵਰਕ ਤਬਾਹ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਆਰਥਿਕ ਆਧਾਰ ਟੁੱਟ ਗਿਆ, ਸਗੋਂ ਉਨ੍ਹਾਂ ਦੀ ਪੂਰੀ ਸਪਲਾਈ ਵਿਵਸਥਾ ਵੀ ਠੱਪ ਹੋ ਗਈ, ਜਿਸ ਨਾਲ ਹਥਿਆਰਾਂ ਦੀ ਸਪਲਾਈ ਰੁਕ ਗਈ ਅਤੇ ਨਕਸਲੀਆਂ ਦੀ ਆਵਾਜਾਈ ਅਤੇ ਨਵੀਆਂ ਭਰਤੀਆਂ ’ਤੇ ਲਗਾਮ ਲੱਗ ਗਈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਹਰ ਜ਼ਰੂਰੀ ਫ਼ੈਸਲਾ ਲੈਣ ਲਈ ਕੰਮਕਾਜ ਦੀ ਪੂਰੀ ਆਜ਼ਾਦੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਪ੍ਰਚਾਰ ਜਾਂ ਦਿਖਾਵੇ ਦੇ, ਪੂਰੀ ਲਗਨ ਨਾਲ ਇੱਕੋ ਟੀਚੇ ਲਈ ਕੰਮ ਕੀਤਾ—ਇਹ ਯਕੀਨੀ ਬਣਾਉਣਾ ਕਿ ਕਿਸੇ ਮਾਂ ਦਾ ਬੱਚਾ ਨਾ ਵਿਛੜੇ, ਕੋਈ ਪਰਿਵਾਰ ਬਰਬਾਦ ਨਾ ਹੋਵੇ ਅਤੇ ਕੋਈ ਨੌਜਵਾਨ ਹਥਿਆਰ ਨਾ ਚੁੱਕੇ। ਉਨ੍ਹਾਂ ਦੱਸਿਆ ਕਿ ਕਿਵੇਂ ਮਾਓਵਾਦੀ ਦਹਿਸ਼ਤਗਰਦੀ ਦੀ ਲੱਕ ਤੋੜਨ ਵਾਲੀਆਂ ਸੰਵੇਦਨਸ਼ੀਲ ਸੁਰੱਖਿਆ ਮੁਹਿੰਮਾਂ ਨੂੰ ਜਨਸੇਵਾ ਦੀ ਭਾਵਨਾ ਦੇ ਨਾਲ ਜੋੜਨ ਨਾਲ ਲੋਕਾਂ ਦੇ ਜੀਵਨ ਵਿੱਚ ਬਦਲਾਅ ਆਇਆ। ਮਾਓਵਾਦ ਤੋਂ ਪ੍ਰਭਾਵਿਤ ਨਾਗਰਿਕ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਸਮਰਥਨ ਵਿੱਚ ਇੱਕਜੁੱਟ ਹੋਏ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਮੌਜੂਦ ਸਥਾਨਕ ਨਾਗਰਿਕਾਂ ਦਾ ਵੀ ਉਨ੍ਹਾਂ ਦੇ ਮਹੱਤਵਪੂਰਨ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜਨਸੇਵਾ ਦੀ ਭਾਵਨਾ ਦੇ ਨਾਲ, ਅਸੀਂ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ।”
ਇਹ ਉਭਾਰਦਿਆਂ ਕਿ ‘ਰਾਸ਼ਟਰ-ਪ੍ਰਥਮ’ ਦੀ ਭਾਵਨਾ ਦੇ ਨਾਲ ਕੰਮ ਕਰਨ ਨਾਲ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਦੀ ਹੈ, ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਪਹੁੰਚਦਾ ਹੈ ਅਤੇ ਰਾਸ਼ਟਰੀ ਤਰੱਕੀ ਵਿੱਚ ਗ਼ਰੀਬਾਂ ਅਤੇ ਵਾਂਝਿਆਂ ਦੀ ਸ਼ਮੂਲੀਅਤ ਵਧਦੀ ਹੈ, ਪ੍ਰਧਾਨ ਮੰਤਰੀ ਨੇ ਪਿਛਲੇ 12 ਵਰ੍ਹਿਆਂ ਵਿੱਚ ਦੇਸ਼ ਦੀ ਦੋਹਰੀ ਜਿੱਤ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਪਿਛਲੇ 12 ਵਰ੍ਹਿਆਂ ਵਿੱਚ, ਦੇਸ਼ ਨੂੰ ਨਾ ਸਿਰਫ਼ ਨਕਸਲਵਾਦ ਅਤੇ ਵੱਖਵਾਦ ਵਿਰੁੱਧ ਲੜਾਈ ਵਿੱਚ ਜਿੱਤ ਮਿਲੀ ਹੈ, ਸਗੋਂ ਗ਼ਰੀਬੀ ਵਿਰੁੱਧ ਵੀ ਇੱਕ ਵੱਡੀ ਜੰਗ ਵਿੱਚ ਜਿੱਤ ਮਿਲੀ ਹੈ।”
ਦੀਵਾਲੀ ਤੋਂ ਠੀਕ ਪਹਿਲਾਂ ਜਾਰੀ ਹੋਈ ਵਿਸ਼ਵ ਬੈਂਕ ਦੀ ਬਹੁ-ਚਰਚਿਤ ਰਿਪੋਰਟ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 12 ਵਰ੍ਹਿਆਂ ਵਿੱਚ 50 ਕਰੋੜ ਭਾਰਤੀ ਅਤਿ ਦੀ ਗ਼ਰੀਬੀ ਵਿੱਚੋਂ ਬਾਹਰ ਨਿਕਲ ਆਏ ਹਨ।
ਪ੍ਰਧਾਨ ਮੰਤਰੀ ਨੇ ਪਿਛਲੇ 12 ਵਰ੍ਹਿਆਂ ਵਿੱਚ ਭਾਰਤ ਦੇ ਕਲਿਆਣਕਾਰੀ ਢਾਂਚੇ ਦੀ ਤੁਲਨਾ ਦੀਵਾਲੀ ਦੀ ਰੰਗੋਲੀ ਨਾਲ ਕੀਤੀ, ਜਿਸ ਵਿੱਚ ਛੋਟੀਆਂ-ਛੋਟੀਆਂ ਵੱਖ-ਵੱਖ ਲਕੀਰਾਂ ਮਿਲ ਕੇ ਇੱਕ ਸ਼ਾਨਦਾਰ ਤਸਵੀਰ ਬਣਾਉਂਦੀਆਂ ਹਨ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਜਨ ਧਨ ਬੈਂਕਿੰਗ, ‘ਪੀਐੱਮ ਆਵਾਸ ਯੋਜਨਾ’ ਤਹਿਤ ਪੱਕੇ ਘਰ, ਬਿਨਾਂ ਗਰੰਟੀ ਵਾਲੇ ਮੁਦਰਾ ਕਰਜ਼ੇ, ਰੇਹੜੀ-ਫੜ੍ਹੀ ਵਾਲਿਆਂ ਲਈ ‘ਸਵਨਿਧੀ ਯੋਜਨਾ’, ‘ਆਯੁਸ਼ਮਾਨ ਭਾਰਤ’ ਸਿਹਤ ਸੇਵਾ, ਹਰ ਮਹੀਨੇ ਮੁਫ਼ਤ ਰਾਸ਼ਨ, ਬੱਚਿਆਂ ਦੀ ਸਿੱਖਿਆ ਨਾਲ ਜੁੜੀਆਂ ਨੀਤੀਆਂ, ‘ਸਵੱਛ ਭਾਰਤ’ ਅਤੇ ‘ਹਰ ਘਰ ਜਲ’ ਵਰਗੀਆਂ ਯੋਜਨਾਵਾਂ ਨੇ ਮਿਲ ਕੇ ਲੋਕਾਂ ਨੂੰ ਮੁਫ਼ਤ ਦਵਾਈ, ਮੁਫ਼ਤ ਸਿੱਖਿਆ ਅਤੇ ਮੁਫ਼ਤ ਭੋਜਨ ਉਪਲਬਧ ਕਰਵਾਇਆ ਹੈ। ਇਸ ਨਾਲ ਪਰਿਵਾਰਾਂ ਦੀਆਂ ਬੁਨਿਆਦੀ ਚਿੰਤਾਵਾਂ ਦੂਰ ਹੋਈਆਂ ਹਨ, ਜਿਸ ਨਾਲ ਪੀੜ੍ਹੀਆਂ ਤੋਂ ਗ਼ਰੀਬੀ ਵਿੱਚ ਫਸੇ ਪਰਿਵਾਰਾਂ ਨੂੰ ਹੁਣ ਇੱਕ ਬਿਹਤਰ ਭਵਿੱਖ ਮਿਲ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਗ਼ਰੀਬ ਪਰਿਵਾਰਾਂ ਦਾ ਪੂਰਾ ਜੀਵਨ ਪਹਿਲਾਂ ਸਿਰਫ਼ ਚਿੰਤਾਵਾਂ ਵਿੱਚ ਬੀਤ ਜਾਂਦਾ ਸੀ, ਪਰ ਹੁਣ ਉਨ੍ਹਾਂ ਨੂੰ ਸਰਕਾਰ ਦਾ ਭਰੋਸਾ ਮਿਲਿਆ ਹੈ ਅਤੇ ਉਨ੍ਹਾਂ ਵਿੱਚ ਇੱਕ ਨਵਾਂ ਆਤਮ-ਵਿਸ਼ਵਾਸ ਜਾਗਿਆ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗ਼ਰੀਬੀ ’ਤੇ ਇਹ ਜਿੱਤ, ਨਕਸਲਵਾਦ ਵਿਰੁੱਧ ਲੜਾਈ ਨਾਲ ਡੂੰਘਾਈ ਨਾਲ ਜੁੜੀ ਹੈ। ਨਕਸਲਵਾਦ ਨੇ ਪਹਿਲਾਂ ਲੱਖਾਂ ਬੇਗੁਨਾਹ ਨਾਗਰਿਕਾਂ ਨੂੰ ਤੰਗੀ ਵਿੱਚ ਧੱਕ ਦਿੱਤਾ ਸੀ—ਸਕੂਲਾਂ, ਹਸਪਤਾਲਾਂ, ਮੈਡੀਕਲ ਦੁਕਾਨਾਂ, ਪੋਲੀਓ ਟੀਕਾਕਰਨ, ਮੋਬਾਈਲ ਟਾਵਰਾਂ ਅਤੇ ਉਦਯੋਗਾਂ ਵਿੱਚ ਵਿਘਨ ਪਾਇਆ ਗਿਆ ਸੀ ਅਤੇ ਰੇਲਵੇ ਪਟੜੀਆਂ ਨੂੰ ਬੰਬ-ਧਮਾਕਿਆਂ ਨਾਲ ਉਡਾ ਦਿੱਤਾ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਖੱਬੇ-ਪੱਖੀ ਅਤਿਵਾਦ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਚਲਾਈ ਗਈ ਵਿਸ਼ੇਸ਼ ਵਿਕਾਸ ਮੁਹਿੰਮ ਦਾ ਜ਼ਿਕਰ ਕੀਤਾ। ਇਸ ਤਹਿਤ 15,000 ਕਿਲੋਮੀਟਰ ਤੋਂ ਵੱਧ ਸੜਕਾਂ, 9,500 ਤੋਂ ਵੱਧ ਮੋਬਾਈਲ ਟਾਵਰ, ਲਗਭਗ 175 ਏਕਲਵਿਆ ਸਕੂਲ, ਕਰੀਬ 50 ਆਈਟੀਆਈ, 50 ਹੁਨਰ ਵਿਕਾਸ ਕੇਂਦਰ, ਅਤੇ ਹਜ਼ਾਰਾਂ ਡਾਕਘਰ, ਬੈਂਕ ਸ਼ਾਖਾਵਾਂ ਅਤੇ ਏਟੀਐੱਮ ਬਣਾਏ ਗਏ। ਨਾਲ ਹੀ, ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਦਾ ਮੁੜ-ਵਸੇਬਾ ਕੀਤਾ ਗਿਆ ਅਤੇ ‘ਪੀਐੱਮ ਜਨਮਨ’ ਯੋਜਨਾ ਤਹਿਤ ਦੂਰ-ਦੁਰਾਡੇ ਦੇ ਆਦੀਵਾਸੀ ਪਿੰਡਾਂ ਵਿੱਚ ਪਹਿਲੀ ਵਾਰ ਪਾਣੀ, ਬਿਜਲੀ ਅਤੇ ਸੜਕਾਂ ਪਹੁੰਚਾਈਆਂ ਗਈਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜਦੋਂ ਅਸੀਂ ਨਕਸਲਵਾਦ ਵਿਰੁੱਧ ਲੜਾਈ ਸ਼ੁਰੂ ਕੀਤੀ, ਤਾਂ ਉਸੇ ਸਮੇਂ ਅਸੀਂ ਨਕਸਲ ਪ੍ਰਭਾਵਿਤ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਮੁਹਿੰਮਾਂ ਵੀ ਚਲਾਈਆਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਮੁਹਿੰਮ ਨੇ ਗ਼ਰੀਬੀ ਵਿਰੁੱਧ ਲੜਾਈ ਨੂੰ ਨਵੀਂ ਊਰਜਾ ਦਿੱਤੀ, ਨਕਸਲੀ ਹਿੰਸਾ ਨੂੰ ਖ਼ਤਮ ਕੀਤਾ ਅਤੇ 50 ਕਰੋੜ ਲੋਕਾਂ ਨੂੰ ਅਤਿ ਦੀ ਗ਼ਰੀਬੀ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੇ ਇਸ ਖੇਤਰ ਵਿੱਚ ਆਏ ਬਦਲਾਅ ਦੇ ਪ੍ਰਤੀਕ ਵਜੋਂ ‘ਬਸਤਰ ਓਲੰਪਿਕ’ ਦੀ ਉਦਾਹਰਨ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਅੱਜ ਇਸੇ ਬਸਤਰ ਵਿੱਚ ‘ਬਸਤਰ ਓਲੰਪਿਕ’ ਹੋ ਰਿਹਾ ਹੈ, ਜਿੱਥੇ ਬੱਚੇ ਬੰਦੂਕਾਂ ਦੀ ਬਜਾਏ ਖੇਡਾਂ ਵਿੱਚ ਆਪਣਾ ਹੱਥ ਅਜ਼ਮਾ ਰਹੇ ਹਨ।”
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦੀਆਂ ਪ੍ਰਾਪਤੀਆਂ ਕੋਈ ਅੰਤਿਮ ਪੜਾਅ ਨਹੀਂ ਹਨ, ਸਗੋਂ ਇੱਕ ਨਵੀਂ ਸ਼ੁਰੂਆਤ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਹ ਨਵੀਂ ਉਡਾਣ ਆਜ਼ਾਦੀ ਘੁਲਾਟੀਆਂ, ਸਰਹੱਦ ’ਤੇ ਤਾਇਨਾਤ ਸੈਨਿਕਾਂ ਅਤੇ ਨਕਸਲਵਾਦ ਅਤੇ ਦਹਿਸ਼ਤਗਰਦੀ ਨਾਲ ਲੜਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੇ ਸਦੀਆਂ ਪੁਰਾਣੇ ਸੁਪਨਿਆਂ ਨੂੰ ਪੂਰਾ ਕਰੇਗੀ। ਉਨ੍ਹਾਂ ਨੇ ਉਨ੍ਹਾਂ ਸੁਰੱਖਿਆ ਬਲਾਂ ਨੂੰ, ਜੋ ‘ਤੇਰਾ ਗੌਰਵ ਅਮਰ ਰਹੇ ਮਾਂ, ਹਮ ਦਿਨ ਚਾਰ ਰਹੇਂ ਨਾ ਰਹੇਂ’ ਦੇ ਜਜ਼ਬੇ ਦੇ ਨਾਲ ਜਿਊਂਦੇ ਹਨ, ਆਪਣੀ ਇਸ ਭਾਵਨਾ ਨੂੰ ਨਵੇਂ ਆਤਮ-ਵਿਸ਼ਵਾਸ ਵਿੱਚ ਬਦਲਣ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਹੁਣ ਸਮਾਂ ਆ ਗਿਆ ਹੈ ਕਿ ਅਸੀਂ ਦੇਸ਼ ਲਈ ਜੀਵੀਏ ਅਤੇ ਦੇਸ਼ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਈਏ।”
ਪ੍ਰਧਾਨ ਮੰਤਰੀ ਨੇ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਉਣ, ਹਰ ਘਰ ਵਿੱਚ ਪਖਾਨੇ ਬਣਾਉਣ ਅਤੇ ਟੀਕਾਕਰਨ ਮੁਹਿੰਮ ਦੇ ਵਿਸਤਾਰ ਵਰਗੇ ਵੱਡੇ ਸੰਕਲਪਾਂ ਨੂੰ ਪੂਰਾ ਕਰਨ ਦੇ ਦੇਸ਼ ਦੇ ਸ਼ਾਨਦਾਰ ਰਿਕਾਰਡ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸੁਰੱਖਿਆ ਬਲਾਂ ਅਤੇ ਨਾਗਰਿਕਾਂ ’ਤੇ ਪੂਰਾ ਭਰੋਸਾ ਜਤਾਉਂਦਿਆਂ ਕਿਹਾ ਕਿ ਭਾਰਤ ਗ਼ਰੀਬੀ ਨੂੰ ਜੜ੍ਹੋਂ ਮਿਟਾਉਣ, ਅਤੇ ਨਸ਼ਾ-ਮੁਕਤ, ਆਤਮ-ਨਿਰਭਰ ਅਤੇ ਵਿਕਸਿਤ ਭਾਰਤ ਬਣਾਉਣ ਦੇ ਆਪਣੇ ਟੀਚਿਆਂ ਨੂੰ ਵੀ ਇਸੇ ਤਰ੍ਹਾਂ ਹਾਸਲ ਕਰੇਗਾ। ਉਨ੍ਹਾਂ ਨੇ ਸਾਰਿਆਂ ਨੂੰ ਇਨ੍ਹਾਂ ਸੁਪਨਿਆਂ ਨੂੰ ਸੱਚ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਅਪੀਲ ਕੀਤੀ ਅਤੇ ਆਪਣਾ ਸੰਬੋਧਨ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਸਮਾਪਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਤੁਹਾਡੀ ਕੁਰਬਾਨੀ ਅਤੇ ਤੁਹਾਡੀ ਸਖ਼ਤ ਮਿਹਨਤ ‘ਵਿਕਸਿਤ ਭਾਰਤ’ ਦੀ ਵਿਸ਼ਾਲ ਇਮਾਰਤ ਲਈ ਇੱਕ ਮਜ਼ਬੂਤ ਨੀਂਹ ਪੱਥਰ ਬਣੇਗੀ।”
https://x.com/narendramodi/status/2119321706074382695
https://x.com/PMOIndia/status/2119322847491559453
https://x.com/PMOIndia/status/2119322847491559453
https://x.com/PMOIndia/status/2119327144426041443
https://x.com/PMOIndia/status/2119329396385575283
*********
ਐੱਮਜੇਪੀਐੱਸ/ਐੱਸਐੱਸ/ਪੀਆਰਕੇ