Posted On:
05 NOV 2026 2:06PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਅਵੰਤੀਪੋਰਾ ਵਿੱਚ ਸਥਿਤ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਸ(ਏਮਸ) ਦੇ ਨਿਰਮਾਣ ਕਾਰਜ ਦੀ ਪ੍ਰਗਤੀ ਅਤੇ ਇਸਦੇ ਜਲਦੀ ਸੰਚਾਲਨ ਦੀ ਸਮੀਖਿਆ ਕੀਤੀ।
ਸ਼੍ਰੀ ਨੱਡਾ ਨੇ ਸੰਸਥਾਨ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਡਾਕਟਰੀ ਉਪਕਰਣਾਂ ਅਤੇ ਫਰਨੀਚਰ ਦੀ ਖਰੀਦ, ਫੈਕਲਟੀ ਮੈਂਬਰਾਂ ਅਤੇ ਹੋਰ ਸਟਾਫ ਦੀ ਭਰਤੀ ਅਤੇ ਮੈਡੀਕਲ ਅਤੇ ਅਕਾਦਮਿਕ ਗਤੀਵਿਧੀਆਂ ਦੀ ਸ਼ੁਰੂਆਤ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ।

ਸਮੀਖਿਆ ਦੌਰਾਨ, ਸ਼੍ਰੀ ਨੱਡਾ ਨੂੰ ਦੱਸਿਆ ਗਿਆ ਕਿ ਏਮਸ ਅਵੰਤੀਪੋਰਾ ਦਾ ਨਿਰਮਾਣ ਲਗਭਗ ਪੂਰਾ ਹੋ ਗਿਆ ਹੈ, ਜਿਸ ਵਿੱਚ ਸਾਰੀਆਂ ਵੱਡੀਆਂ ਇਮਾਰਤਾਂ ਬਣ ਚੁੱਕੀਆਂ ਹਨ। ਸ਼੍ਰੀ ਨੱਡਾ ਨੇ ਸਾਈਟ ਦੀਆਂ ਮੁਸ਼ਕਲ ਭੂਗੋਲਿਕ ਸਥਿਤੀਆਂ ਅਤੇ ਹੋਰ ਰੁਕਾਵਟਾਂ ਦੇ ਬਾਵਜੂਦ ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਕੇਂਦਰੀ ਲੋਕ ਨਿਰਮਾਣ ਵਿਭਾਗ ਅਤੇ ਸਾਰੀਆਂ ਸਬੰਧਿਤ ਏਜੰਸੀਆਂ ਅਤੇ ਹਿੱਸੇਦਾਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਏਮਸ ਅਵੰਤੀਪੋਰਾ ਨੂੰ ਇੱਕ ਤਰਜੀਹੀ ਪ੍ਰੋਜੈਕਟ ਦੱਸਦਿਆਂ, ਉਨ੍ਹਾਂ ਸਬੰਧਿਤ ਏਜੰਸੀਆਂ ਨੂੰ ਮਾਰਚ 2027 ਤੱਕ ਬਾਕੀ ਉਸਾਰੀ ਕਾਰਜ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਕੇਂਦਰੀ ਸਿਹਤ ਮੰਤਰੀ ਨੇ ਉਸਾਰੀ ਕਾਰਜ ਅਤੇ ਇਸ ਦੇ ਪੜਾਅਵਾਰ ਸੌਂਪਣ ਦੀ ਸਮੀਖਿਆ ਕੀਤੀ । ਉਨ੍ਹਾਂ ਨੂੰ ਦੱਸਿਆ ਗਿਆ ਕਿ ਪਹਿਲੇ ਪੜਾਅ ਵਿੱਚ ਓਪੀਡੀ ਰਜਿਸਟ੍ਰੇਸ਼ਨ ਬਲਾਕ, ਓਪੀਡੀ ਬਲਾਕ, ਰਿਹਾਇਸ਼ੀ ਇਮਾਰਤ ਅਤੇ ਨਿਰਧਾਰਿਤ ਹੋਸਟਲਾਂ ਦਾ ਨਿਰਮਾਣ ਪੂਰਾ ਹੋ ਗਿਆ ਹੈ। ਇਨ੍ਹਾਂ ਇਮਾਰਤਾਂ ਲਈ ਸੰਪਤੀ ਤਸਦੀਕ ਅਤੇ ਰਸਮੀ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ। ਬਾਕੀ ਅਕਾਦਮਿਕ, ਪ੍ਰਸ਼ਾਸਕੀ, ਹਸਪਤਾਲ, ਰਿਹਾਇਸ਼ੀ ਅਤੇ ਹੋਸਟਲਾਂ ਦਾ ਨਿਰਮਾਣ ਪੜਾਅਵਾਰ ਢੰਗ ਨਾਲ ਜਾਰੀ ਹੈ।
ਸੰਸਥਾਨ ਦੇ ਜਲਦੀ ਹੀ ਕਾਰਜਸ਼ੀਲ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਐੱਚਐੱਲਐੱਲ ਇੰਫਰਾ ਟੈਕ ਸਰਵਿਸਿਜ਼ ਲਿਮਿਟੇਡ, ਜੋ ਕਿ ਸਿਹਤ ਸੰਭਾਲ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਡਾਕਟਰੀ ਉਪਕਰਣਾਂ ਦੀ ਖਰੀਦ ਵਿੱਚ ਸ਼ਾਮਲ ਇੱਕ ਸਰਕਾਰੀ ਕੰਪਨੀ ਹੈ, ਅਤੇ ਏਮਸ ਅਵੰਤੀਪੋਰਾ ਦੇ ਕਾਰਜਕਾਰੀ ਨਿਰਦੇਸ਼ਕ ਨੂੰ ਤਾਲਮੇਲ ਵਿੱਚ ਕੰਮ ਕਰਨ ਅਤੇ ਡਾਕਟਰੀ ਉਪਕਰਣਾਂ, ਓਪੀਡੀ ਉਪਕਰਣਾਂ, ਪ੍ਰਯੋਗਸ਼ਾਲਾ ਉਪਕਰਣਾਂ ਅਤੇ ਡਾਕਟਰੀ ਅਤੇ ਪ੍ਰਸ਼ਾਸਨਿਕ ਫਰਨੀਚਰ ਦੀ ਖਰੀਦ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਓਪੀਡੀ ਸੇਵਾਵਾਂ ਸ਼ੁਰੂ ਕਰਨ ਲਈ ਲੋੜੀਂਦੇ ਸਾਰੇ ਖਰੀਦ ਕਾਰਜ ਪਹਿਲ ਦੇ ਅਧਾਰ 'ਤੇ ਪੂਰੇ ਕੀਤੇ।

ਸ੍ਰੀ ਨੱਡਾ ਨੂੰ ਦੱਸਿਆ ਗਿਆ ਕਿ 59.41 ਕਰੋੜ ਰੁਪਏ ਦੀ ਲਾਗਤ ਵਾਲੇ 180 ਮੈਡੀਕਲ ਉਪਕਰਣਾਂ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ , ਜਿਨ੍ਹਾਂ ਵਿੱਚੋਂ 140 ਲਈ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ। ਓਪੀਡੀ ਉਪਕਰਣਾਂ, ਪ੍ਰਯੋਗਸ਼ਾਲਾ ਫਰਨੀਚਰ ਅਤੇ ਮੈਡੀਕਲ ਅਤੇ ਪ੍ਰਸ਼ਾਸਕੀ ਫਰਨੀਚਰ ਦੀ ਖਰੀਦ ਪ੍ਰਕਿਰਿਆਵਾਂ ਵੀ ਵੱਖ-ਵੱਖ ਪੜਾਵਾਂ ਵਿੱਚ ਹਨ।
ਕੇਂਦਰੀ ਸਿਹਤ ਮੰਤਰੀ ਨੇ ਮੈਡੀਕਲ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਜ਼ਰੂਰੀ ਪ੍ਰਬੰਧ, ਜਿਨ੍ਹਾਂ ਵਿੱਚ ਉਪਕਰਣ , ਟੈਸਟਿੰਗ ਸਹੂਲਤਾਂ , ਮਨੁੱਖੀ ਸਰੋਤ ਅਤੇ ਹੋਰ ਸੰਚਾਲਨ ਜ਼ਰੂਰਤਾਂ ਸ਼ਾਮਲ ਹਨ, ਪਹਿਲਾਂ ਤੋਂ ਹੀ ਪੂਰੇ ਕਰ ਲਏ ਜਾਣ। ਟੀਚਾ ਦਸੰਬਰ 2026 ਤੋਂ ਪਹਿਲਾਂ ਏਮਸ ਅਵੰਤੀਪੋਰਾ ਵਿਖੇ ਓਪੀਡੀ ਸੇਵਾਵਾਂ ਸ਼ੁਰੂ ਕਰਨਾ ਹੈ। ਜ਼ਰੂਰੀ ਬੁਨਿਆਦੀ ਢਾਂਚੇ ਅਤੇ ਸੰਚਾਲਨ ਪ੍ਰਬੰਧਾਂ ਦੇ ਪੂਰਾ ਹੋਣ 'ਤੇ, ਆਈਪੀਡੀ ਸੇਵਾਵਾਂ (ਇਨਪੇਸ਼ੈਂਟ ਵਿਭਾਗ) ਜੁਲਾਈ 2027 ਵਿੱਚ ਸ਼ੁਰੂ ਕਰਨ ਦਾ ਪ੍ਰਸਤਾਵ ਹੈ। ਐੱਮਬੀਬੀਐੱਸ ਕਲਾਸਾਂ ਦੀ ਸ਼ੁਰੂਆਤ ਸਮੇਤ ਅਕਾਦਮਿਕ ਸੈਸ਼ਨ ਜੂਨ-ਜੁਲਾਈ 2027 ਵਿੱਚ ਸ਼ੁਰੂ ਕਰਨ ਦਾ ਪ੍ਰਸਤਾਵ ਹੈ ।

ਹਸਪਤਾਲ ਦੇ ਸਟਾਫ ਭਰਤੀ ਦੀ ਸਮੀਖਿਆ ਕਰਦੇ ਹੋਏ, ਸਿਹਤ ਮੰਤਰੀ ਨੇ ਕਾਰਜਕਾਰੀ ਨਿਦੇਸ਼ਕ ਅਤੇ ਸੰਸਥਾ ਦੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਕਿ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਭਰਤੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਯੋਗ ਫੈਕਲਟੀ ਮੈਂਬਰਾਂ ਦੀ ਉਪਲਬਧਤਾ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਗੈਰ-ਫੈਕਲਟੀ ਅਹੁਦਿਆਂ ਲਈ ਭਰਤੀ ਅਤੇ ਓਪੀਡੀ ਅਤੇ ਹੋਰ ਸੇਵਾਵਾਂ ਸ਼ੁਰੂ ਕਰਨ ਲਈ ਲੋੜੀਂਦੇ ਸਟਾਫ ਦੀ ਭਰਤੀ ਨੂੰ ਤੇਜ਼ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਪਹਿਲਾਂ ਹੀ ਓਪੀਡੀ ਅਤੇ ਸੰਬੰਧਿਤ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਲਈ ਲੋੜੀਂਦੇ ਸਟਾਫ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ ਹਸਪਤਾਲ ਦੇ ਸੇਵਾਦਾਰ, ਹਾਊਸਕੀਪਿੰਗ ਅਤੇ ਸੈਨੀਟੇਸ਼ਨ ਸਟਾਫ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਪ੍ਰਸਤਾਵਿਤ ਮਨੁੱਖੀ ਸਰੋਤ ਪ੍ਰਬੰਧ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ 652 ਅਹੁਦੇ ਸ਼ਾਮਲ ਹਨ , ਜਿਨ੍ਹਾਂ ਵਿੱਚ ਸੁਰੱਖਿਆ ਕਰਮਚਾਰੀਆਂ ਲਈ 150 ਅਹੁਦੇ ਸ਼ਾਮਲ ਹਨ ।

ਸਿਹਤ ਮੰਤਰੀ ਨੇ ਸੰਸਥਾਗਤ ਤਿਆਰੀ ਅਤੇ ਸਹਾਇਤਾ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ। ਇਨ੍ਹਾਂ ਵਿੱਚ ਕੈਂਪਸ ਸੁਰੱਖਿਆ, ਆਵਾਜਾਈ ਸੰਪਰਕ, ਵੈੱਬਸਾਈਟ ਵਿਕਾਸ ਅਤੇ ਸੰਚਾਲਨ ਭਾਈਵਾਲੀ ਸ਼ਾਮਲ ਸਨ। ਉਨ੍ਹਾਂ ਨੇ ਏਮਸ ਅਵੰਤੀਪੋਰਾ, ਕੇਂਦਰੀ ਲੋਕ ਨਿਰਮਾਣ ਵਿਭਾਗ (CPWD), HLL ਇੰਫਰਾਟੈਕ ਸਰਵਿਸਿਜ਼ ਲਿਮਿਟੇਡ (HITES) ਅਤੇ ਸਥਾਨਕ ਪ੍ਰਸ਼ਾਸਨ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਸੁਰੱਖਿਆ ਅਤੇ ਹੋਰ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਕੇ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।
ਦੇਸ਼ ਭਰ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਨੱਡਾ ਨੇ ਕਿਹਾ ਕਿ ਏਮਸ ਅਵੰਤੀਪੋਰਾ ਦਾ ਸਮੇਂ ਸਿਰ ਪੂਰਾ ਹੋਣਾ ਅਤੇ ਸੰਚਾਲਨ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਗੁਣਵੱਤਾਪੂਰਨ ਤੀਜੇ ਦਰਜੇ ਦੀ ਸਿਹਤ ਸੰਭਾਲ (ਗੰਭੀਰ, ਗੁੰਝਲਦਾਰ ਜਾਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਉੱਨਤ ਅਤੇ ਵਿਸ਼ੇਸ਼ ਦੇਖਭਾਲ) ਅਤੇ ਵਿਸ਼ੇਸ਼ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਸ਼੍ਰੀ ਨੱਡਾ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਰਿਆਂ ਲਈ ਪਹੁੰਚਯੋਗ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਸੰਸਥਾ ਮੈਡੀਕਲ ਸਿੱਖਿਆ ਨੂੰ ਵੀ ਮਜ਼ਬੂਤ ਕਰੇਗੀ ਅਤੇ ਖੇਤਰ ਵਿੱਚ ਸਿਹਤ ਸੰਭਾਲ ਸਮਰੱਥਾ ਵਿਕਾਸ ਵਿੱਚ ਯੋਗਦਾਨ ਪਾਵੇਗੀ।
***********
ਐੱਸਆਰ/ਏਕੇ