ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਡਾ ਨੇ ਏਮਸ ਰਾਜਕੋਟ ਵਿੱਚ ਐਡਵਾਂਸਡ ਰੇਡੀਓਥੈਰੇਪੀ ਸੁਵਿਧਾ ਦਾ ਉਦਘਾਟਨ ਕੀਤਾ, ਹਰੇਕ ਨਾਗਰਿਕ ਨੂੰ ਬਿਹਤਰ ਕੈਂਸਰ ਇਲਾਜ ਉਪਲਬਧ ਕਰਵਾਉਣ ਦੀ ਵਚਨਬੱਧਤਾ ਦੁਹਰਾਈ


ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਤਹਿਤ ਏਮਸ ਰਾਜਕੋਟ ਵਿੱਚ ਲਗਭਗ 39 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਗਈ ਉੱਨਤ ਕੈਂਸਰ ਇਲਾਜ ਸੁਵਿਧਾ ਨਾਲ ਉੱਚ ਪੱਧਰੀ ਸਿਹਤ ਸੇਵਾਵਾਂ ਮਜ਼ਬੂਤ ਹੋਣਗੀਆਂ

ਸ਼੍ਰੀ ਨੱਡਾ ਨੇ ਏਮਸ ਦੇ ਵਿਸਥਾਰ ਅਤੇ ਦੇਸ਼ ਵਿਆਪੀ ਕੈਂਸਰ ਸਕ੍ਰੀਨਿੰਗ ਦਾ ਜ਼ਿਕਰ ਕੀਤਾ, ਹੁਣ ਤੱਕ ਮੂੰਹ ਦੇ ਕੈਂਸਰ ਦੀ 37.70 ਕਰੋੜ ਸਕ੍ਰੀਨਿੰਗ ਕੀਤੀ ਗਈ

ਗੁਜਰਾਤ ਦੇ ਸਿਹਤ ਰਾਜ ਮੰਤਰੀ ਪ੍ਰਫੁੱਲ ਪਨਸ਼ੇਰੀਆ ਨੇ ਰਾਜਕੋਟ ਵਿੱਚ ਐਡਵਾਂਸਡ ਰੇਡੀਓਥੈਰੇਪੀ ਸੇਵਾਵਾਂ ਦੀ ਸ਼ੁਰੂਆਤ ਦਾ ਸੁਆਗਤ ਕੀਤਾ ਅਤੇ ਖੇਤਰ ਵਿੱਚ ਸਿਹਤ ਸੁਵਿਧਾਵਾਂ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟ ਕੀਤਾ

ਕੇਂਦਰੀ ਸਿਹਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਰਾਸ਼ਟਰੀ ਸਿਹਤ ਨੀਤੀ-2017 ਦੇ ਤਹਿਤ ਸਮੁੱਚੀ ਸਿਹਤ ਸੇਵਾਵਾਂ, ਇੱਕ ਲੱਖ 80 ਹਜ਼ਾਰ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰਾਂ ਅਤੇ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨ ਦੇ ਉਪਾਵਾਂ ਦਾ ਜ਼ਿਕਰ ਕੀਤਾ

ਐਡਵਾਂਸਡ ਰੇਡੀਓਥੈਰੇਪੀ ਸੁਵਿਧਾ ਨਾਲ ਲਗਭਗ 1 ਕਰੋੜ 54 ਲੱਖ ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ, ਹਰ ਸਾਲ 500 ਤੋਂ 700 ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇਗਾ

Posted On: 02 NOV 2026 6:17PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਸ (ਏਮਸ) ਰਾਜਕੋਟ ਵਿੱਚ ਐਡਵਾਂਸਡ ਰੇਡੀਓਥੈਰੇਪੀ ਸੁਵਿਧਾ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਆਧੁਨਿਕ ਰੇਡੀਓਥੈਰੇਪੀ ਇਲਾਜ ਤਕਨੀਕਾਂ ਨਾਲ ਲੈਸ ਇਹ ਸੁਵਿਧਾ ਰਾਜਕੋਟ ਅਤੇ ਸੌਰਾਸ਼ਟਰ ਖੇਤਰ ਦੇ ਲੋਕਾਂ ਨੂੰ ਕੈਂਸਰ ਦਾ ਵਿਸ਼ੇਸ਼ ਇਲਾਜ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।

ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਦੇ ਤਹਿਤ ਏਮਸ ਰਾਜਕੋਟ ਵਿੱਚ ਲਗਭਗ 39 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੁਵਿਧਾ ਸਥਾਪਿਤ ਕੀਤੀ ਗਈ ਹੈ। ਇਸ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਉੱਚ ਪੱਧਰੀ ਸਿਹਤ ਸੇਵਾਵਾਂ ਦੀ ਉਪਲਬਧਤਾ ਦਰਮਿਆਨ ਪਾੜੇ ਨੂੰ ਪੂਰਾ ਕਰਨਾ ਹੈ।

 

ਇਸ ਮੌਕੇ ‘ਤੇ ਸ਼੍ਰੀ ਨੱਡਾ ਨੇ ਕਿਹਾ ਕਿ ਕੈਂਸਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਚਿਕਿਤਸਾ, ਭਾਵਨਾਤਮਕ, ਸਮਾਜਿਕ ਅਤੇ ਆਰਥਿਕ ਬੋਝ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ‘ਤੇ ਇਲਾਜ ਬੇਹੱਦ ਜ਼ਰੂਰੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਆਪਣੇ ਖੇਤਰ ਜਾਂ ਆਰਥਿਕ ਸਥਿਤੀ ਦੇ ਕਾਰਨ ਬਿਹਤਰ ਕੈਂਸਰ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੁਵਿਧਾ ਨਾਲ ਵਿਸ਼ੇਸ਼ ਤੌਰ ‘ਤੇ ਸੌਰਾਸ਼ਟਰ ਅਤੇ ਕੱਛ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੂੰ ਪਹਿਲਾਂ ਵਿਸ਼ੇਸ਼ ਇਲਾਜ ਲਈ ਅਹਿਮਦਾਬਾਦ ਅਤੇ ਮੁੰਬਈ ਜਿਹੇ ਦੂਰ ਦੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਉਨ੍ਹਾਂ ਨੇ ਇਸ ਨੂੰ ਖੇਤਰ ਵਿੱਚ ਕੈਂਸਰ ਇਲਾਜ ਦੀ ਪਹੁੰਚ ਵਧਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੱਸਿਆ।

ਸ਼੍ਰੀ ਨੱਡਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਏਮਸ ਦੇ ਵਿਸਥਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਪਹਿਲਾਂ ਸਿਰਫ਼ ਨਵੀਂ ਦਿੱਲੀ ਵਿੱਚ ਇੱਕ ਏਮਸ ਸੀ। ਹੁਣ 22 ਵਿੱਚੋਂ 18 ਏਮਸ ਸੰਸਥਾਨ ਕੰਮ ਕਰ ਰਹੇ ਹਨ। ਇਸ ਨਾਲ ਉੱਚ ਪੱਧਰੀ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਵਧੀ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਉੱਚਿਤ ਇਲਾਜ ਉਪਲਬਧ ਕਰਵਾਉਣ ਲਈ ਸਿਹਤ ਸੇਵਾਵਾਂ ਦੇ ਵੱਖ-ਵੱਖ ਪੱਧਰਾਂ ਦਰਮਿਆਨ ਤਾਲਮੇਲ ਦੀ ਜ਼ਰੂਰਤ ‘ਤੇ ਵੀ ਜ਼ੋਰ  ਦਿੱਤਾ।

ਕੈਂਸਰ ਦੀ ਰੋਕਥਾਮ ਅਤੇ ਸਮੇਂ ਰਹਿੰਦੇ ਬਿਮਾਰੀ ਦਾ ਪਤਾ ਲਗਾਉਣ ‘ਤੇ ਜ਼ੋਰ  ਦਿੰਦੇ ਹੋਏ ਸ਼੍ਰੀ ਨੱਡਾ ਨੇ ਆਯੁਸ਼ਮਾਨ ਆਰੋਗਯ ਮੰਦਿਰਾਂ ਰਾਹੀਂ ਚਲਾਏ ਜਾ ਰਹੇ ਜਾਂਚ ਅਭਿਆਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਰ੍ਹੇ 2018 ਤੋਂ ਹੁਣ ਤੱਕ ਹਾਈ ਬਲੱਡਪ੍ਰੈਸ਼ਰ ਅਤੇ ਸ਼ੂਗਰ ਦੀ ਲਗਭਗ 44 ਕਰੋੜ ਸਕ੍ਰੀਨਿੰਗਾਂ ਕੀਤੀਆਂ ਗਈਆਂ ਹਨ। ਉੱਥੇ ਹੀ, ਮੂੰਹ ਦੇ ਕੈਂਸਰ ਲਈ ਲਗਭਗ 37 ਕਰੋੜ 70 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਇਨ੍ਹਾਂ ਵਿੱਚ ਲਗਭਗ ਢਾਈ ਲੱਖ ਮਰੀਜ਼ ਸਾਹਮਣੇ ਆਏ। ਇਸੇ ਤਰ੍ਹਾਂ ਬ੍ਰੈਸਟ ਕੈਂਸਰ ਲਈ ਲਗਭਗ 17 ਕਰੋੜ 70 ਲੱਖ ਮਹਿਲਾਵਾਂ ਦੀ ਸਕ੍ਰੀਨਿੰਗ ਕੀਤੀ ਗਈ। ਇਨ੍ਹਾਂ ਵਿੱਚ ਲਗਭਗ 95 ਹਜ਼ਾਰ ਮਾਮਲੇ ਸਾਹਮਣੇ ਆਏ। ਸਰਵਾਈਕਲ ਕੈਂਸਰ ਦੀ ਜਾਂਚ ਲਈ 9 ਕਰੋੜ 80 ਲੱਖ ਮਹਿਲਾਵਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚ ਲਗਭਗ ਇੱਕ ਲੱਖ ਮਰੀਜ਼ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਸਮੇਂ ਸਿਰ ਬਿਮਾਰੀ ਦਾ ਪਤਾ ਚੱਲਣ ਨਾਲ ਮਰੀਜ਼ਾਂ ਨੂੰ ਜਲਦੀ ਇਲਾਜ ਮਿਲ ਸਕਦਾ ਹੈ ਅਤੇ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਵਧਦੀ ਹੈ।

ਸਿਹਤ ਮੰਤਰੀ ਨੇ ਲੈਂਸੇਟ ਦੀ ਇੱਕ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਕੈਂਸਰ ਦੇ 90 ਪ੍ਰਤੀਸ਼ਤ ਮਰੀਜ਼ਾਂ ਦਾ ਇਲਾਜ ਬਿਮਾਰੀ ਦਾ ਪਤਾ ਚੱਲਣ ਦੇ 30 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੇ ਇਸ ਦਾ ਇੱਕ ਕਾਰਨ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਆਰਥਿਕ ਸੁਰੱਖਿਆ ਦੇ ਦਾਇਰੇ ਦਾ ਵਿਸਥਾਰ ਦੱਸਿਆ। ਇਸ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜ਼ਾਂ ਨੂੰ ਇਲਾਜ ਕਰਵਾਉਣ ਵਿੱਚ ਮਦਦ ਮਿਲੀ ਹੈ। ਏਮਸ ਰਾਜਕੋਟ ਵਿੱਚ ਇਸ ਯੋਜਨਾ ਦੇ ਯੋਗ ਲਾਭਾਰਥੀਆਂ ਨੂੰ ਕੈਂਸਰ ਦਾ ਇਲਾਜ ਮੁਫ਼ਤ ਮਿਲੇਗਾ। ਜਦਕਿ ਹੋਰ ਮਰੀਜ਼ਾਂ ਨੂੰ ਰਿਆਇਤੀ ਦਰਾਂ ‘ਤੇ ਇਲਾਜ ਉਪਲਬਧ ਕਰਵਾਇਆ ਜਾਵੇਗਾ, ਤਾਂ ਜੋ ਉਨ੍ਹਾਂ ‘ਤੇ ਆਰਥਿਕ ਬੋਝ ਘੱਟ ਹੋਵੇ।

ਗੁਜਰਾਤ ਸਰਕਾਰ ਵਿੱਚ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਐਜੂਕੇਸ਼ਨ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਫੁੱਲ ਪਨਸ਼ੇਰੀਆ ਨੇ ਇਸ ਸੁਵਿਧਾ ਦੇ ਉਦਘਾਟਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਖੇਤਰ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਐਡਵਾਂਸਡ ਰੇਡੀਓਥੈਰੇਪੀ ਫੈਸਿਲਿਟੀ ਨਾਲ ਸੌਰਾਸ਼ਟਰ ਖੇਤਰ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਇਸ ਸੁਵਿਧਾ ਦੇ ਉਦਘਾਟਨ ਨੂੰ ਏਮਸ ਰਾਜਕੋਟ ਦੇ ਵਿਕਾਸ ਵਿੱਚ ਮਹੱਤਵਪੂਰਨ ਪ੍ਰਾਪਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਦੱਸਿਆ। ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਦੇ ਮਾਰਗਦਰਸ਼ਨ ਹੇਠ ਤਿਆਰ ਰਾਸ਼ਟਰੀ ਸਿਹਤ ਨੀਤੀ-2017 ਦਾ ਜ਼ਿਕਰ ਕੀਤਾ। ਇਸ ਨੀਤੀ ਵਿੱਚ ਬਿਮਾਰੀ ਦੀ ਰੋਕਥਾਮ, ਸਿਹਤ ਸੰਭਾਲ, ਇਲਾਜ, ਪੁਨਰਵਾਸ ਅਤੇ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਦੀ ਦੇਖਭਾਲ ਸਮੇਤ ਸੰਪੂਰਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸਾਰਿਆਂ ਲਈ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। 

ਸ਼੍ਰੀਮਤੀ ਸ੍ਰੀਵਾਸਤਵ ਨੇ ਦੱਸਿਆ ਕਿ ਸਰਕਾਰ ਨੇ ਇੱਕ ਲੱਖ 80 ਹਜ਼ਾਰ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰਾਂ ਅਤੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾਗਤ ਮਿਸ਼ਨ ਰਾਹੀਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਉੱਨਤ ਇਲਾਜ ਅਤੇ ਖੋਜ ਵਿੱਚ ਏਮਸ ਰਾਜਕੋਟ ਦੇ ਯੋਗਦਾਨ, ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ਦੇ ਤਹਿਤ ਕੈਂਸਰ ਜਾਂਚ ਅਤੇ ਕੈਂਸਰ ਦੀਆਂ ਦਵਾਈਆਂ ਸਸਤੀਆਂ ਕਰਨ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ। ਇਨ੍ਹਾਂ ਦਵਾਈਆਂ ਦੇ ਵਪਾਰਕ ਲਾਭਅੰਸ਼ ਨੂੰ ਤਰਕਸੰਗਤ ਬਣਾਉਣਾ, ਅੰਮ੍ਰਿਤ ਫਾਰਮੇਸੀ, ਜਨ ਔਸ਼ਧੀ ਕੇਂਦਰਾਂ ਅਤੇ ਬੇਸਿਕ ਕਸਟਮ ਡਿਊਟੀ ਵਿੱਚ ਛੋਟ ਸ਼ਾਮਲ ਹਨ। ਉਨ੍ਹਾਂ ਨੇ ਭਾਰਤ ਵਿੱਚ ਕਿਫਾਇਤੀ ਦਰਾਂ ‘ਤੇ ਸੀਏਆਰ-ਟੀ ਸੈੱਲ ਥੈਰੇਪੀ ਉਪਲਬਧ ਹੋਣ ਦੀ ਜਾਣਕਾਰੀ ਵੀ ਦਿੱਤੀ।

ਏਮਸ ਰਾਜਕੋਟ ਦੇ ਪ੍ਰੈਜ਼ੀਡੈਂਟ ਡਾ. ਜੇ.ਐੱਸ. ਤਿਤਿਯਾਲ ਨੇ ਇਸ ਸੁਵਿਧਾ ਨੂੰ ਖੇਤਰ ਵਿੱਚ ਕੈਂਸਲ ਇਲਾਜ ਲਈ ਮਹੱਤਵਪੂਰਨ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਇਸ ਦੇ ਸੰਚਾਲਨ ਵਿੱਚ ਸਹਿਯੋਗ ਲਈ ਕੇਂਦਰ ਅਤੇ ਗੁਜਰਾਤ ਸਰਕਾਰ ਦੇ ਨਾਲ-ਨਾਲ ਸੰਸਥਾਨ ਦੇ ਅਧਿਆਪਕਾਂ, ਡਾਕਟਰਾਂ, ਨਰਸਾਂ ਅਤੇ ਤਕਨੀਕੀ ਕਰਮਚਾਰੀਆਂ ਦੀ ਸ਼ਲਾਘਾ ਕੀਤੀ।

ਐਡਵਾਂਸਡ ਰੇਡੀਓਥੈਰੇਪੀ ਫੈਸਿਲਿਟੀ ਨਾਲ ਸੌਰਾਸ਼ਟਰ ਖੇਤਰ ਦੇ ਲਗਭਗ ਇੱਕ ਕਰੋੜ 54 ਲੱਖ ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਇਸ ਦੇ ਦਾਇਰੇ ਵਿੱਚ ਰਾਜਕੋਟ, ਜਾਮਨਗਰ, ਜੂਨਾਗੜ੍ਹ, ਪੋਰਬੰਦਰ, ਅਮਰੇਲੀ, ਭਾਵਨਗਰ, ਮੋਰਬੀ, ਸੁਰੇਂਦਰਨਗਰ, ਗਿਰ ਸੋਮਨਾਥ, ਦੇਵਭੂਮੀ ਦਵਾਰਕਾ ਅਤੇ ਬੋਟਾਦ ਜ਼ਿਲ੍ਹੇ ਸ਼ਾਮਲ ਹਨ। ਇਸ ਖੇਤਰ ਵਿੱਚ ਵੱਡੀ ਆਬਾਦੀ ਗ੍ਰਾਮੀਣ, ਅਰਧ-ਸ਼ਹਿਰੀ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਤੋਂ ਹੈ। 

ਇਸ ਸੁਵਿਧਾ ਵਿੱਚ ਹਾਈ ਐਨਰਜੀ ਲੀਨਿਅਰ ਐਕਸੀਲਰੇਟਰ (ਲਿਨੈਕ), ਵਾਇਡ ਬੋਰ ਸੀਟੀ ਸਿਮਯੂਲੇਟਰ ਅਤੇ ਹਾਈ ਡੋਜ਼ ਰੇਟ (ਐੱਚਡੀਆਰ) ਬ੍ਰੈਕੀਥੈਰੇਪੀ ਯੂਨਿਟਸ ਲਗਾਏ ਗਏ ਹਨ। ਲਿਨੈਕ ਰਾਹੀਂ ਇੰਟੈਂਸਿਟੀ ਮੌਡਿਊਲੇਟਿਡ ਰੇਡਿਓਥੈਰੇਪੀ-ਆਈਐੱਮਆਰਟੀ, ਵੌਲਿਊਮੈਟ੍ਰਿਕ ਮੌਡਿਊਲੇਟਿਡ ਆਰਕ ਥੈਰੇਪੀ-ਵੀਐੱਮਏਟੀ, ਇਮੇਜ ਗਾਈਡਿਡ ਰੇਡੀਓਥੈਰੇਪੀ-ਆਈਜੀਆਰਟੀ, ਸਟੀਰਿਓਟੈਕਨੀਕ ਰੇਡੀਓਸਰਜਰੀ-ਐੱਸਆਰਐੱਸ, ਸਟੀਰੀਓਟੈਕਟਿਕ ਰੇਡੀਓਥੈਰੇਪੀ-ਐੱਸਆਰਟੀ ਅਤੇ ਸਟੀਰੀਓਟੈਕਟਿਕ ਬੌਡੀ ਰੇਡੀਓਥੈਰੇਪੀ-ਐੱਸਬੀਆਰਟੀ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਰੈਡੀਏਸ਼ਨ ਟ੍ਰੀਟਮੈਂਟ ਕੀਤਾ ਜਾ ਸਕੇਗਾ। ਇਨ੍ਹਾਂ ਤਕਨੀਕਾਂ ਨਾਲ ਮਿਲੀਮੀਟਰ ਪੱਧਰ ਦੀ ਸਟੀਕਤਾ ਦੇ ਨਾਲ ਕੈਂਸਰ ਪ੍ਰਭਾਵਿਤ ਹਿੱਸੇ ਤੱਕ ਰੈਡੀਏਸ਼ਨ ਪਹੁੰਚਾਇਆ ਜਾ ਸਕਦਾ ਹੈ। ਵਾਇਡ ਬੋਰ ਸੀਟੀ ਸਿਮਿਊਲੇਟਰ ਨਾਲ ਇਲਾਜ ਦੀ ਥ੍ਰੀ-ਡਾਇਮੈਂਸ਼ਨਲ ਸਕੀਮ ਤਿਆਰ ਕਰਨ ਵਿੱਚ ਮਦਦ ਮਿਲੇਗੀ। ਨਾਲ ਹੀ, ਐੱਚਡੀਆਰ ਬ੍ਰੈਕੀਥੈਰੇਪੀ ਰਾਹੀਂ ਗਾਇਨੀਕੋਲੋਜੀਕਲ ਕੈਂਸਰ, ਸਿਰ ਅਤੇ ਗਰਦਨ ਦੇ ਕੈਂਸਰ, ਸਾਰਕੋਮਾ ਅਤੇ ਹੋਰ ਟਿਊਮਰ ਦਾ ਟੀਚਾਬੱਧ ਇੰਟਰਨਲ ਰੈਡੀਏਸ਼ਨ ਟ੍ਰੀਟਮੈਂਟ ਕੀਤਾ ਜਾ ਸਕੇਗਾ।

ਏਮਸ ਰੈਡੀਏਸ਼ਨ ਓਨਕੋਲੌਜੀ ਵਿਭਾਗ ਏਕੀਕ੍ਰਿਤ ਕੈਂਸਰ ਇਲਾਜ ਵਿਵਸਥਾ ਅਧੀਨ ਕੰਮ ਕਰਦਾ ਹੈ। ਇਸ ਨੂੰ ਕੀਮੋਥੈਰੇਪੀ ਅਤੇ ਸਿਰ ਅਤੇ ਗਰਦਨ, ਹੱਡੀਆਂ, ਗਾਇਨੀਕੋਲੋਜੀਕਲ ਕੈਂਸਰ ਅਤੇ ਸਧਾਰਨ ਸਰਜਰੀ ਦੀਆਂ ਸਹੂਲਤਾਂ ਦਾ ਸਹਿਯੋਗ ਪ੍ਰਾਪਤ ਹੈ। ਇਸ ਵਿਵਸਥਾ ਨਾਲ ਮਰੀਜ਼ਾਂ ਨੂੰ ਇੱਕ ਹੀ ਸੰਸਥਾਨ ਵਿੱਚ ਕੈਂਸਰ ਦੇ ਵੱਖ-ਵੱਖ ਤਰੀਕਿਆਂ ਨਾਲ ਇਲਾਜ ਮਿਲ ਸਕਣਗੇ।

ਇਹ ਵਿਭਾਗ 29 ਮਈ 2026 ਤੋਂ ਕਾਰਜਸ਼ੀਲ ਹਨ ਅਤੇ ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਸੇਵਾਵਾਂ ਉਪਲਬਧ ਕਰਵਾ ਰਿਹਾ ਹੈ। ਸ਼ੁਰੂਆਤ ਵਿੱਚ ਇੱਥੇ ਹਰ ਸਾਲ ਲਗਭਗ 500 ਤੋਂ 700 ਮਰੀਜ਼ਾਂ ਦੇ ਇਲਾਜ ਦੀ ਉਮੀਦ ਹੈ। ਇਨ੍ਹਾਂ ਵਿੱਚ ਸਿਰ ਅਤੇ ਗਰਦਨ, ਗਾਇਨੀਕੋਲੋਜੀਕਲ, ਬ੍ਰੈਸਟ, ਹੱਡੀਆਂ ਅਤੇ ਸੌਫਟ ਟਿਸ਼ੂ ਦੇ ਕੈਂਸਰ ਸਮੇਤ ਹੋਰ ਕਈ ਤਰ੍ਹਾਂ ਦੇ ਕੈਂਸਰ ਦੇ ਮਰੀਜ਼ ਸ਼ਾਮਲ ਹੋਣਗੇ।

ਪ੍ਰੋਗਰਾਮ ਵਿੱਚ ਸਾਂਸਦ ਪਰਸ਼ੋਤਮਭਾਈ ਰੂਪਾਲਾ ਅਤੇ ਕੇਸਰੀਦੇਵਸਿੰਘ ਝਾਲਾ, ਏਮਸ ਰਾਜਕੋਟ ਦੇ ਕਾਰਜਕਾਰੀ ਨਿਦੇਸ਼ਕ ਡਾ. ਐੱਲ.ਐੱਨ. ਦੋਰਾਈਰਾਜਨ, ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਸੰਸਥਾਨ ਦੇ ਅਧਿਆਪਕ ਅਤੇ ਸਿਹਤ ਕਰਮੀ ਵੀ ਮੌਜੂਦ ਸਨ।

*********

ਐੱਸਆਰ/ਏਕੇ

HFW/Union Minister of Health inaugurates Advanced Radiotherapy Facility at AIIMS Rajkot/02 November 2026/1


(Release ID: 2332071) ਵਿਜ਼ੀਟਰ ਕਾਊਂਟਰ : 7