Posted On:
25 OCT 2026 8:27PM by PIB Chandigarh
ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ (ਐੱਮਓਪੀਐੱਸਡਬਲਿਊ), ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਦੱਖਣੀ ਕੋਰੀਆ ਦਾ ਚਾਰ ਦਿਨਾਂ ਦੌਰਾ ਸ਼ੁਰੂ ਕੀਤਾ। ਇਸ ਦੌਰਾਨ ਉਹ ਕੋਰੀਆਈ ਉਦਯੋਗ ਜਗਤ ਦੇ ਸਾਹਮਣੇ ਭਾਰਤ ਵਿੱਚ ਸਮੁੰਦਰੀ ਖੇਤਰ ਵਿੱਚ ਉਪਲਬਧ ਮੌਕਿਆਂ ਨੂੰ ਪੇਸ਼ ਕਰਨਗੇ।ਦੋਵੇਂ ਦੇਸ਼ ਜਹਾਜ਼ ਨਿਰਮਾਣ ਵਿੱਚ ਸਹਿਯੋਗ ਵਧਾਉਣ ਅਤੇ ਸਾਲ 2047 ਤੱਕ ਭਾਰਤ ਨੂੰ ਦੁਨੀਆ ਦੇ ਚੋਟੀ ਦੇ ਪੰਜ ਜਹਾਜ਼ ਨਿਰਮਾਣ ਦੇਸ਼ਾਂ ਵਿੱਚ ਸ਼ਾਮਲ ਕਰਨ ਦੇ ਟੀਚੇ ਵੱਲ ਵਧਣ ਲਈ ਯਤਨਸ਼ੀਲ ਹਨ।
ਸ਼੍ਰੀ ਸੋਨੋਵਾਲ ਨੇ ਆਪਣੀ ਫੇਰੀ ਦੀ ਸ਼ੁਰੂਆਤ ਬੁਸਾਨ ਤੋਂ ਕੀਤੀ, ਜਿਸ ਨੂੰ ਉਨ੍ਹਾਂ ਨੇ ਕੋਰੀਆ ਦੇ ਸਮੁੰਦਰੀ ਉਦਯੋਗ ਦਾ ਕੇਂਦਰ ਦੱਸਿਆ। ਉੱਥੇ, ਉਨ੍ਹਾਂ ਨੇ ਕੋਰੀਆਈ ਜਹਾਜ਼ ਨਿਰਮਾਣ ਉਦਯੋਗ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ। ਦੱਖਣੀ ਕੋਰੀਆ ਵਿੱਚ ਭਾਰਤ ਦੇ ਰਾਜਦੂਤ ਗੌਰਾੰਗਲਾਲ ਦਾਸ ਨੇ ਮੌਜੂਦ ਲੋਕਾਂ ਦਾ ਸਵਾਗਤ ਕੀਤਾ ਅਤੇ ਇਸ ਭਾਈਚਾਰੇ ਨਾਲ ਜਾਣ-ਪਛਾਣ ਕਰਵਾਈ, ਜਿਸ ਵਿੱਚ ਸੈਮਸੰਗ ਹੈਵੀ ਇੰਡਸਟਰੀਜ਼, ਹਨਵਾ ਓਸ਼ਨ, ਐਚਡੀ ਹੁੰਡਈ, ਡੀਐਨਵੀ ਅਤੇ ਭਾਰਤੀ ਜਹਾਜ਼ ਰਾਨੀ ਰਜਿਸਟਰ ਦੇ ਲੋਕ ਸ਼ਾਮਲ ਸਨ।
ਸ਼੍ਰੀ ਸੋਨੋਵਾਲ ਨੇ ਕਿਹਾ, “ਦੁਨੀਆ ਦੇ ਸਭ ਤੋਂ ਉੱਨਤ ਜਹਾਜ਼ ਨਿਰਮਾਣ ਈਕੋਸਿਸਟਮ ਵਿੱਚੋਂ ਇੱਕ ਦੇ ਕੇਂਦਰ, ਕੋਰੀਆ ਵਿੱਚ ਤੁਹਾਡੀ ਮੌਜੂਦਗੀ ਭਾਰਤ ਲਈ ਮਾਣ ਦਾ ਵਿਸ਼ਾ ਹੈ।”
ਉਨ੍ਹਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਅਪ੍ਰੈਲ ਵਿੱਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਦੀ ਭਾਰਤ ਦੀ ਸਰਕਾਰੀ ਫੇਰੀ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਅਪਣਾਏ ਗਏ ਢਾਂਚੇ ਨੂੰ ਸਿਰਫ਼ ਇੱਕ ਸਰਕਾਰੀ ਸਮਝੌਤੇ ਵਜੋਂ ਨਾ ਦੇਖਣ। ‘ਵਾਏਜਿਸ’ VOYAGES ਨਾਮਕ ਇਹ ਢਾਂਚਾ ਜਹਾਜ਼ ਨਿਰਮਾਣ, ਜਹਾਜ਼ ਰਾਨੀ ਸ਼ਿਪਿੰਗ ਅਤੇ ਸਮੁੰਦਰੀ ਲੌਜਿਸਟਿਕਸ ਦੇ ਖੇਤਰ ਵਿੱਚ ਸਹਿਯੋਗ ਨੂੰ ਸ਼ਾਮਲ ਹੈ।
"ਸ਼੍ਰੀ ਸੋਨੋਵਾਲ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੁਸੀਂ ‘ਵਾਏਜਿਸ’ (Voyages) ਨੂੰ ਕੇਵਲ ਇੱਕ ਸਰਕਾਰੀ ਰੂਪਰੇਖਾ ਵਜੋਂ ਨਹੀਂ, ਸਗੋਂ ਆਪਣੀ ਪੇਸ਼ੇਵਰ ਉੱਨਤੀ ਅਤੇ ਭਾਰਤ ਦੇ ਸਮੁੰਦਰੀ ਖੇਤਰ ਦੇ ਭਵਿੱਖ ਲਈ ਇੱਕ ਮੰਚ ਵਜੋਂ ਦੇਖੋ।”
ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮੁੰਦਰੀ ਭਾਰਤ ਵਿਜ਼ਨ 2030 ਅਤੇ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਦੇ ਤਹਿਤ, ਭਾਰਤ ਦਾ ਉਦੇਸ਼ ਜਹਾਜ਼ ਨਿਰਮਾਣ, ਜਹਾਜ਼ ਮੁਰੰਮਤ, ਸਮੁੰਦਰੀ ਨਿਰਮਾਣ ਅਤੇ ਲੌਜਿਸਟਿਕਸ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਕੇਂਦਰ ਬਣਨਾ ਹੈ। ਭਾਰਤ ਦੇ ਕੇਂਦਰੀ ਮੰਤਰੀ ਮੰਡਲ ਨੇ ਸਤੰਬਰ 2025 ਵਿੱਚ ਇਸ ਖੇਤਰ ਲਈ ਨੀਤੀਗਤ ਉਤਸ਼ਾਹਾਂ ਦੀ ਇੱਕ ਲੜੀ ਨੂੰ ਮਨਜ਼ੂਰੀ ਦਿੱਤੀ ਸੀ ।
ਸ਼੍ਰੀ ਸੋਨੋਵਾਲ ਨੇ ਕਿਹਾ ਕਿ ਭਾਰਤ ਨੂੰ ਹੋਰ ਜ਼ਿਆਦਾ ਜਹਾਜ਼ ਨਿਰਮਾਤਾਵਾਂ, ਸਮੁੰਦਰੀ ਇੰਜੀਨੀਅਰਾਂ, ਜਹਾਜ਼ ਆਰਕੀਟੈਕਟਾਂ, ਡਿਜ਼ਾਈਨਰਾਂ, ਵੈਲਡਰਾਂ, ਪ੍ਰੋਜੈਕਟ ਮੈਨੇਜਰਾਂ ਅਤੇ ਤਕਨਾਲੋਜੀ ਮਾਹਿਰਾਂ ਦੀ ਲੋੜ ਹੋਵੇਗੀ। ਉਨ੍ਹਾਂ ਨੇ ਪੇਸ਼ੇਵਰਾਂ ਨੂੰ ਅਪੀਲ ਕੀਤੀ ਕਿ ਉਹ ਕੋਰੀਆ ਵਿੱਚ ਹਾਸਲ ਕੀਤੇ ਆਪਣੇ ਤਜ਼ਰਬੇ ਨੂੰ ਭਾਰਤ ਵਿੱਚ ਲਿਆਉਣ ਜਾਂ ਕੋਰੀਆ ਤੋਂ ਹੀ ਭਾਰਤੀ ਕੰਪਨੀਆਂ ਨੂੰ ਸਹਿਯੋਗ ਦੇਣ।
ਸ਼੍ਰੀ ਸੋਨੋਵਾਲ ਨੇ ਕਿਹਾ, “ਤੁਸੀਂ ਦੋਵਾਂ ਦੇਸ਼ਾਂ ਵਿੱਚ ਆਪਣੇ-ਆਪਣੇ ਸੰਪਰਕ ਨੈੱਟਵਰਕ ਵਿਚਕਾਰ ਇੱਕ ਜੀਵੰਤ ਪੁਲ ਦੀ ਭੂਮਿਕਾ ਨਿਭਾ ਸਕਦੇ ਹੋ।” ਉਨ੍ਹਾਂ ਨੇ ਉਨ੍ਹਾਂ ਨੂੰ ਨੌਜਵਾਨ ਭਾਰਤੀ ਪੇਸ਼ੇਵਰਾਂ ਦਾ ਮਾਰਗਦਰਸ਼ਨ ਕਰਨ ਅਤੇ ‘ਭਾਰਤ ਜਹਾਜ਼ ਤਕਨਾਲੋਜੀ ਕੇਂਦਰ’ ਅਤੇ ‘ਭਾਰਤ ਅਤੇ ਕੋਰੀਆ ਅੰਤਰਰਾਸ਼ਟਰੀ ਸਹਿਯੋਗ ਏਜੰਸੀ’ ਵਿਚਕਾਰ ਜਹਾਜ਼ ਨਿਰਮਾਣ ਹੁਨਰ ਭਾਈਵਾਲੀ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕੀਤਾ।
ਸ਼੍ਰੀ ਸੋਨੋਵਾਲ ਨੇ ਭਾਈਚਾਰੇ ਤੋਂ ਤਿੰਨ ਵਿਸ਼ਿਆਂ ’ਤੇ ਅਮਲੀ ਸੁਝਾਅ ਮੰਗੇ: ਜਹਾਜ਼ ਨਿਰਮਾਣ ਯਾਰਡਾਂ ਦੀ ਉਤਪਾਦਕਤਾ ਅਤੇ ਪ੍ਰੋਜੈਕਟਾਂ ਦੇ ਅਮਲ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ, ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ ਹੁਨਰਮੰਦ ਕਾਰਜਬਲ ਕਿਵੇਂ ਤਿਆਰ ਕੀਤੇ ਜਾਣ ਅਤੇ ਭਾਰਤੀ ਤੇ ਕੋਰੀਆਈ ਉਦਯੋਗ ਤਕਨਾਲੋਜੀ, ਨਿਰਮਾਣ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਕਿਵੇਂ ਮਜ਼ਬੂਤ ਕਰ ਸਕਦੇ ਹਨ।
ਸ਼੍ਰੀ ਸੋਨੋਵਾਲ ਨੇ ਕਿਹਾ, “ਅਸੀਂ ਜਹਾਜ਼ ਨਿਰਮਾਣ, ਜਹਾਜ਼ ਰਾਨੀ, ਬੰਦਰਗਾਹਾਂ ਅਤੇ ਸਮੁੰਦਰੀ ਲੌਜਿਸਟਿਕਸ ਦੇ ਖੇਤਰ ਵਿੱਚ ਕੋਰੀਆ ਨਾਲ ਭਾਈਵਾਲੀ ਕਰਨ ਦੇ ਇੱਛੁਕ ਹਾਂ।
ਇਸ ਦੌਰੇ ਦੇ ਪ੍ਰੋਗਰਾਮ ਵਿੱਚ ਵਿਸ਼ਵ ਜਹਾਜ਼ ਨਿਰਮਾਣ ਉਦਯੋਗ ਦੇ ਆਗੂਆਂ ਨਾਲ ਬੈਠਕਾਂ ਕਰਨਾ ਅਤੇ ਸਮੁੰਦਰੀ ਉਦਯੋਗ ਸੰਗਠਨਾਂ ਤੇ ਹੋਰ ਸਮੁੰਦਰੀ ਖੇਤਰ ਦੇ ਵਿਚਾਰ-ਮੰਚਾਂ ਅਤੇ ਖੋਜ ਸੰਸਥਾਵਾਂ ਨਾਲ ਗੱਲਬਾਤ ਕਰਨਾ ਸ਼ਾਮਲ ਹੈ।
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵਿਸ਼ਵ ਸਮੁੰਦਰੀ ਦਿਵਸ ਦੇ ਮੌਕੇ ’ਤੇ ਬੁਸਾਨ ਵਿੱਚ ਆਯੋਜਿਤ ਮੰਤਰੀ-ਪੱਧਰੀ ਗੋਲਮੇਜ਼ ਬੈਠਕ ਵਿੱਚ ਹਿੱਸਾ ਲੈਣਗੇ। ਇਸ ਵਿੱਚ ਵਿਸ਼ਵ ਦੇ ਮੁੱਖ ਸਮੁੰਦਰੀ ਰਾਸ਼ਟਰਾਂ ਦੇ ਮੰਤਰੀ-ਪੱਧਰੀ ਨੁਮਾਇੰਦਿਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਆਈਐੱਮਓ) ਦੇ ਸਕੱਤਰ ਜਨਰਲ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।

****
ਐੱਮਆਈ/ਇੰਦੂ