Posted On:
02 NOV 2026 9:34AM by PIB Chandigarh
ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਬ੍ਰੁਸੇਲਜ਼ ਵਿੱਚ ਯੂਰੋਪੀਅਨ ਕਮਿਸ਼ਨ ਦੇ ਡਾਇਰੈਕਟੋਰੇਟ ਜਨਰਲ ਫਾਰ ਟ੍ਰੇਡ ਐਂਡ ਇਕਨੌਮਿਕ ਸਿਕਓਰਿਟੀ (DG TRADE) ਦੇ ਡਾਇਰੈਕਟਰ ਜਨਰਲ ਸੁਸ਼੍ਰੀ ਦਿਤੇ ਜੂਏਲ ਜੌਰਗੇਨਸਨ, ਡਾਇਰੈਕਟੋਰੇਟ ਜਨਰਲ ਫੋਰ ਇੰਟਰਨੈਸ਼ਨਲ ਪਾਰਟਨਰਸ਼ਿਪ (DG INTPA) ਦੇ ਡਾਇਰੈਕਟਰ ਜਨਰਲ ਸ਼੍ਰੀ ਕੋਏਨ ਡੋਏਨਸ, ਅਤੇ ਡਾਇਰੈਕਟਰ ਜਨਰਲ ਫੋਰ ਟੈਕਸੇਸ਼ਨ ਐਂਡ ਕਸਟਮਜ਼ ਯੂਨੀਅਨ (DG TAXUD) ਦੇ ਡਾਇਰੈਕਟਰ ਜਨਰਲ ਸ਼੍ਰੀ ਗੇਰਾਸਿਮੋਸ ਥਾਮਸ ਨਾਲ ਉੱਚ-ਪੱਧਰੀ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦਾ ਮੁੱਖ ਉਦੇਸ਼ ਭਾਰਤ ਅਤੇ ਯੂਰੋਪੀਅਨ ਯੂਨੀਅਨ (EU) ਦਰਮਿਆਨ ਵਿਆਪਕ ਆਰਥਿਕ ਅਤੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਸੀ।
ਸੁਸ਼੍ਰੀ ਦਿਤੇ ਜੂਏਲ ਜੌਰਗੇਨਸਨ ਨਾਲ ਮੀਟਿੰਗ ਦੌਰਾਨ, ਦੋਵਾਂ ਧਿਰਾਂ ਨੇ ਦੁਵੱਲੇ ਵਪਾਰ ਨੂੰ ਸੁਵਿਧਾਜਨਕ ਬਣਾਉਣ, ਮਾਰਕਿਟ ਪਹੁੰਚ ਵਿੱਚ ਸੁਧਾਰ ਕਰਨ, ਸਪਲਾਈ ਚੇਨ ਦੇ ਲਚਕੀਲੇਪਣ ਨੂੰ ਮਜ਼ਬੂਤ ਕਰਨ ਅਤੇ ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿੱਚ ਕਾਰੋਬਾਰਾਂ ਲਈ ਨਵੇਂ ਮੌਕੇ ਪੈਦਾ ਕਰਨ ਦੇ ਉਪਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇੱਕ ਨਿਰਪੱਖ, ਸੰਤੁਲਿਤ ਅਤੇ ਆਪਸੀ ਲਾਹੇਵੰਦ ਸਮਝੌਤੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਬਾਕੀ ਪ੍ਰਕਿਰਿਆਤਮਕ ਅਤੇ ਲਾਗੂਕਰਨ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਨਿਰੰਤਰ ਸੰਪਰਕ ਬਣਾਈ ਰੱਖਣ 'ਤੇ ਸਹਿਮਤੀ ਪ੍ਰਗਟਾਈ।
ਸ਼੍ਰੀ ਕੋਏਨ ਡੋਏਨਸ ਨਾਲ ਹੋਈ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਭਾਰਤ-ਯੂਰੋਪੀਅਨ ਯੂਨੀਅਨ ਵਿਕਾਸ ਸਹਿਯੋਗ ਅਤੇ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ, ਜਿਸ ਵਿੱਚ ਟਿਕਾਊ ਵਿਕਾਸ, ਸਵੱਛ ਊਰਜਾ, ਹਰਿਤ ਤਕਨਾਲੋਜੀਆਂ ਅਤੇ ਸਬੰਧਿਤ ਖੇਤਰਾਂ 'ਤੇ ਚਰਚਾ ਸ਼ਾਮਲ ਰਹੀ।
ਸ਼੍ਰੀ ਗੇਰਾਸਿਮੋਸ ਥਾਮਸ ਨਾਲ ਮੀਟਿੰਗ ਕਸਟਮ ਸਹਿਯੋਗ, ਵਪਾਰ ਸੁਵਿਧਾਜਨਕ ਬਣਾਉਣ ਅਤੇ ਭਾਰਤ-ਯੂਰੋਪੀਅਨ ਯੂਨੀਅਨ ਮੁਫ਼ਤ ਵਪਾਰ ਸਮਝੌਤੇ (FTA) ਦੇ ਲਾਗੂਕਰਨ ਦੀਆਂ ਤਿਆਰੀਆਂ 'ਤੇ ਕੇਂਦ੍ਰਿਤ ਰਹੀ। ਦੋਵਾਂ ਧਿਰਾਂ ਨੇ ਕਾਰੋਬਾਰਾਂ ਨੂੰ ਸਮਰਥਨ ਦੇਣ, ਲੈਣ-ਦੇਣ ਦੀ ਲਾਗਤ ਘਟਾਉਣ ਅਤੇ ਕਾਨੂੰਨੀ ਵਪਾਰ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਕੁਸ਼ਲ, ਪਾਰਦਰਸ਼ੀ ਅਤੇ ਡਿਜੀਟਲ ਤੌਰ 'ਤੇ ਸਮਰੱਥ ਕਸਟਮ ਪ੍ਰਕਿਰਿਆਵਾਂ ਦੀ ਮਹੱਤਤਾ ਨੂੰ ਸਵੀਕਾਰ ਕੀਤਾ।
ਸ਼੍ਰੀ ਅਗਰਵਾਲ ਨੇ ਐਂਟਵਰਪ ਡਾਇਮੰਡ ਈਕੋਸਿਸਟਮ ਨਾਲ ਜੁੜੇ ਪ੍ਰਤੀਨਿਧੀਆਂ ਸਮੇਤ ਹੀਰਾ ਉਦਯੋਗ ਦੇ ਹਿੱਸੇਦਾਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਗਲੋਬਲ ਡਾਇਮੰਡ ਵੈਲਿਊ ਚੇਨ, ਪ੍ਰਮਾਣੀਕਰਣ ਅਤੇ ਪਤਾ ਲਗਾਉਣ ਦੀ ਸਮਰੱਥਾ (ਟ੍ਰੇਸੇਬਿਲਿਟੀ) ਦੀਆਂ ਜ਼ਰੂਰਤਾਂ, ਜ਼ਿੰਮੇਵਾਰ ਸੋਰਸਿੰਗ ਅਤੇ ਭਾਰਤ ਦੇ ਵਧ ਰਹੇ ਹੀਰਾ ਬਜ਼ਾਰ ਅਤੇ ਮੈਨੂਫੈਕਚਰਿੰਗ ਈਕੋਸਿਸਟਮ ਤੋਂ ਪੈਦਾ ਹੋਣ ਵਾਲੇ ਮੌਕਿਆਂ 'ਤੇ ਚਰਚਾ ਹੋਈ। ਭਾਰਤ ਅਤੇ ਬੈਲਜੀਅਮ ਨੇ ਰਤਨ ਅਤੇ ਗਹਿਣਿਆਂ ਨੂੰ ਡੂੰਘੇ ਸਹਿਯੋਗ ਦੇ ਇੱਕ ਮਹੱਤਵਪੂਰਨ ਖੇਤਰ ਵਜੋਂ ਪਛਾਣਿਆ ਹੈ, ਜਿਸ ਵਿੱਚ ਐਂਟਵਰਪ, ਮੁੰਬਈ ਅਤੇ ਸੂਰਤ ਨੂੰ ਪ੍ਰਮੁੱਖ ਹੀਰਾ ਕੇਂਦਰਾਂ ਵਜੋਂ ਜਾਣਿਆ ਜਾਂਦਾ ਹੈ।
ਵਣਜ ਸਕੱਤਰ ਨੇ ਯੂਰੋਪੀਅਨ ਉਦਯੋਗ ਦੇ ਪ੍ਰਤੀਨਿਧੀਆਂ ਨਾਲ 'ਬਿਜ਼ਨਸਯੂਰੋਪ' (BusinessEurope) ਗੋਲਮੇਜ਼ ਮੀਟਿੰਗ ਵਿੱਚ ਹਿੱਸਾ ਲਿਆ, ਤਾਂ ਜੋ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ, ਮਾਰਕਿਟ ਪਹੁੰਚ ਵਿੱਚ ਸੁਧਾਰ ਲਿਆਉਣ, ਸਪਲਾਈ ਚੇਨ ਦੇ ਲਚਕੀਲੇਪਣ ਨੂੰ ਵਧਾਉਣ ਅਤੇ ਭਾਰਤ-ਯੂਰੋਪੀਅਨ ਯੂਨੀਅਨ FTA ਤਹਿਤ ਸਹਿਯੋਗ ਨੂੰ ਅੱਗੇ ਵਧਾਉਣ ਦੇ ਮੌਕਿਆਂ 'ਤੇ ਚਰਚਾ ਕੀਤੀ ਜਾ ਸਕੇ। ਉਨ੍ਹਾਂ ਨੇ ਭਾਰਤ ਦੇ ਮਜ਼ਬੂਤ ਆਰਥਿਕ ਵਾਧੇ, ਸੁਧਾਰਾਂ ਦੀ ਗਤੀ ਅਤੇ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਉਜਾਗਰ ਕੀਤਾ, ਨਾਲ ਹੀ ਯੂਰੋਪੀਅਨ ਕਾਰੋਬਾਰਾਂ ਨੂੰ ਭਾਰਤ ਨਾਲ ਆਪਣੇ ਸੰਪਰਕ ਨੂੰ ਡੂੰਘਾ ਕਰਨ ਅਤੇ ਇਸ ਦੀ ਫੈਲ ਰਹੀਆਂ ਮੁੱਲ ਲੜੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ।
ਇਹ ਮੀਟਿੰਗਾਂ ਵਪਾਰ, ਨਿਵੇਸ਼, ਵਿਕਾਸ ਸਾਂਝੇਦਾਰੀ, ਟੈਕਸੇਸ਼ਨ ਅਤੇ ਕਸਟਮ ਦੇ ਖੇਤਰਾਂ ਵਿੱਚ ਭਾਰਤ-ਯੂਰੋਪੀਅਨ ਯੂਨੀਅਨ ਦੇ ਵਧ ਰਹੇ ਵਿਆਪਕ ਸਹਿਯੋਗ ਨੂੰ ਦਰਸਾਉਂਦੀਆਂ ਹਨ ਅਤੇ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਦੋਵਾਂ ਧਿਰਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਦੀਆਂ ਹਨ।
************
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਸ਼ੀਨਮ