Posted On:
28 OCT 2026 2:27PM by PIB Chandigarh
ਦੇਸ਼ ਭਰ ਵਿੱਚ 22 ਅਕਤੂਬਰ ਤੋਂ 30 ਨਵੰਬਰ, 2026 ਤੱਕ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਦੋਵੇਂ ਵਿਭਾਗਾਂ ਦੁਆਰਾ ‘ਖੇਤ ਬਚਾਓ ਅਭਿਆਨ-ਰਬੀ 2026’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਅਭਿਆਨ ਦਾ ਮੁੱਖ ਉਦੇਸ਼, ਪਿੰਡ-ਪਿੰਡ ਵਿੱਚ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਤੱਕ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਅਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਸਿੱਧੇ ਤੌਰ ‘ਤੇ ਪਹੁੰਚਾਉਣਾ ਅਤੇ ਆਧੁਨਿਕ ਤਕਨੀਕਾਂ ਰਾਹੀਂ ਰਬੀ ਫਸਲਾਂ ਦੇ ਬਿਹਤਰ ਪ੍ਰਬੰਧਨ ਅਤੇ ਉਤਪਾਦਕਤਾ ਵਿੱਚ ਵਾਧੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਇਹ ਅਭਿਆਨ ਵਿਕਸਿਤ ਭਾਰਤ ਲਈ ਵਿਕਸਿਤ ਖੇਤੀਬਾੜੀ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ। ਇਸ ਅਧੀਨ ‘ਲੈਬ ਟੂ ਲੈਂਡ’ ਦੀ ਧਾਰਨਾ ਨੂੰ ਸਾਕਾਰ ਕਰਦੇ ਹੋਏ ਖੇਤੀਬਾੜੀ ਵਿਗਿਆਨਕ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਕੇ ਨਵੀਆਂ ਵਿਗਿਆਨਕ ਤਕਨੀਕਾਂ ਅਤੇ ਖੋਜ ਅਧਾਰਿਤ ਜਾਣਕਾਰੀਆਂ ਨੂੰ ਸਾਂਝਾ ਕਰ ਰਹੇ ਹਨ।

ਇਸ ਰਾਸ਼ਟਰਵਿਆਪੀ ਅਭਿਆਨ ਦੇ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ), ਉਜਵਾ, ਦਿੱਲੀ ਦੁਆਰਾ ਵੀ 22 ਅਕਤੂਬਰ ਤੋਂ 30 ਨਵੰਬਰ, 2026 ਤੱਕ ਦਿੱਲੀ ਪੇਂਡੂ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਲਈ ਰਾਸ਼ਟਰੀ ਰਾਜਧਾਨੀ ਖੇਤਰ, ਦਿੱਲੀ ਦੇ ਦੱਖਣ-ਪੱਛਮ, ਉੱਤਰ-ਪੱਛਮ ਅਤੇ ਉੱਤਰੀ ਜ਼ਿਲ੍ਹਿਆਂ ਦੀਆਂ 25 ਥਾਵਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਦਰਮਿਆਨ ਸਿੱਧਾ ਸੰਵਾਦ ਸਥਾਪਿਤ ਕੀਤਾ ਜਾ ਰਿਹਾ ਹੈ।
ਇਸ ਅਭਿਆਨ ਦੇ ਤਹਿਤ ਬਣਾਈ ਹਰੇਕ ਟੀਮ ਵਿੱਚ 4 ਤੋਂ 5 ਵਿਸ਼ਾ-ਮਾਹਿਰਾਂ, ਵਿਗਿਆਨੀਆਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪ੍ਰਗਤੀਸ਼ੀਲ ਕਿਸਾਨ ਸ਼ਾਮਲ ਹਨ। ਭਾਰਤੀ ਖੇਤੀਬਾੜੀ ਖੋਜ ਸੰਸਥਾਨ (IARI), ਪੂਸਾ, ਨਵੀਂ ਦਿੱਲੀ ਦੇ ਸੀਨੀਅਰ ਵਿਗਿਆਨੀ ਵੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਕਿਸਾਨਾਂ ਨਾਲ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਵਿਗਿਆਨਿਕ ਜਾਣਕਾਰੀ ਨੂੰ ਸਾਂਝਾ ਕਰ ਰਹੇ ਹਨ। ਇਹ ਟੀਮਾਂ ਕਿਸਾਨਾਂ ਨੂੰ ਜ਼ਰੂਰੀ ਜਾਣਕਾਰੀ ਦੇ ਕੇ ਅਤੇ ਖੇਤੀ ਦੇ ਬਿਹਤਰ ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਕੇ, ਖੇਤੀਬਾੜੀ ਖੋਜ ਅਤੇ ਖੇਤਾਂ ਵਿੱਚ ਇਸ ਦੀ ਵਿਵਹਾਰਕ ਵਰਤੋਂ ਦਰਮਿਆਨ ਦੂਰੀ ਨੂੰ ਘੱਟ ਕਰਨ ਦਾ ਕੰਮ ਕਰ ਰਹੀਆਂ ਹਨ।


ਇਸ ਅਭਿਆਨ ਦੇ ਤਹਿਤ, ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ), ਉਜਵਾ, ਦਿੱਲੀ ਦੁਆਰਾ 27 ਅਕਤੂਬਰ, 2026 ਨੂੰ ਕਾਜ਼ੀਪੁਰ ਪਿੰਡ ਵਿੱਚ ‘ਖੇਤ ਬਚਾਓ ਅਭਿਆਨ’ ਅਧੀਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸੌਇਲ ਹੈਲਥ ਕੰਜ਼ਰਵੇਸ਼ਨ, ਆਉਣ ਵਾਲੀਆਂ ਰਬੀ ਫਸਲਾਂ ਲਈ ਸਮੇਂ ਅਨੁਸਾਰ ਖੇਤੀਬਾੜੀ ਕਾਰਜਾਂ, ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਕੁਦਰਤੀ ਖੇਤੀ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ। ਪ੍ਰੋਗਰਾਮ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ, ਫਸਲਾਂ ਵਿੱਚ ਸਮੇਂ ਸਿਰ ਲੋੜੀਂਦੇ ਖੇਤੀ ਕਾਰਜ ਕਰਨ ਅਤੇ ਖਾਦਾਂ ਅਤੇ ਹੋਰ ਖੇਤੀਬਾੜੀ ਲੈਣ-ਦੇਣ ਬਾਰੇ ਵਿਗਿਆਨਿਕ ਅਤੇ ਲੋੜ-ਅਧਾਰਿਤ ਵਰਤੋਂ ਕਰਨ ਦੇ ਸਬੰਧ ਵਿੱਚ ਜਾਣਕਾਰੀ ਪ੍ਰਦਾਨ ਕੀਤੀ। ਨਾਲ ਹੀ, ਸੌਇਲ ਹੈਲਥ ਮੁਤਾਬਕ ਸੰਤੁਲਿਤ ਖਾਦਾਂ ਦੀ ਵਰਤੋਂ ਅਪਣਾਉਣ ਅਤੇ ਖੇਤੀਬਾੜੀ ਸੰਸਾਧਨਾਂ ਦੇ ਕੁਸ਼ਲ ਪ੍ਰਬੰਧਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਆਉਣ ਵਾਲੇ ਰਬੀ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨਾਂ ਨੂੰ ਕਣਕ ਦੀ ਉੱਨਤ ਅਤੇ ਵਧੇਰੇ ਪੈਦਾਵਾਰ ਦੇਣ ਵਾਲੀਆਂ ਕਿਸਮਾਂ, ਫਸਲ ਪ੍ਰਬੰਧਨ ਦੇ ਸਹੀ ਤਰੀਕਿਆਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਸਰ੍ਹੋਂ ਦੀ ਫਸਲ ਦੀ ਨਿਯਮਿਤ ਨਿਗਰਾਨੀ ਕਰਨ, ਸ਼ੁਰੂਆਤੀ ਪੜਾਅ ਵਿੱਚ ਹੀ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪ੍ਰਬੰਧਨ ਲਈ ਢੁਕਵੇਂ ਉਪਾਅ ਅਪਣਾਉਣ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਇਨ੍ਹਾਂ ਤਰੀਕਿਆਂ ਦਾ ਉਦੇਸ਼ ਕਿਸਾਨਾਂ ਨੂੰ ਫਸਲ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਾਉਣਾ, ਫਸਲ ਦੀ ਸਿਹਤ ਦੀ ਰੱਖਿਆ ਕਰਨਾ ਅਤੇ ਬਿਹਤਰ ਪੈਦਾਵਾਰ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ। ਇਸ ਪ੍ਰੋਗਰਾਮ ਦੌਰਾਨ ਦਿੱਤੇ ਗਏ ਵਿਗਿਆਨਕ ਮਾਰਗਦਰਸ਼ਨ ਦਾ ਟੀਚਾ ਕਿਸਾਨਾਂ ਨੂੰ ਫਸਲੀ ਪ੍ਰਬੰਧਨ ਦੇ ਸਹੀ ਤਰੀਕੇ ਅਪਣਾ ਕੇ ਅਤੇ ਫਸਲਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਖੇਤੀਬਾੜੀ ਸੰਸਾਧਨਾਂ ਦੀ ਵਰਤੋਂ ਕਰਕੇ ਆਉਣ ਵਾਲੇ ਸੀਜ਼ਨ ਲਈ ਤਿਆਰ ਹੋਣ ਵਿੱਚ ਮਦਦ ਕਰਨਾ ਸੀ।
ਪ੍ਰੋਗਰਾਮ ਵਿੱਚ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਵਿੱਚ ਕੁਦਰਤੀ ਖੇਤੀ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਮਿੱਟੀ ਦੀ ਸਿਹਤ ਨੂੰ ਬਣਾਈ ਰੱਖਣਾ ਸ਼ਾਮਲ ਹੈ। ਕਿਸਾਨਾਂ ਨੂੰ ਆਪਣੇ ਕੋਲ ਉਪਲਬਧ ਖੇਤੀਬਾੜੀ ਸੰਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਵਾਤਾਵਰਣ ਅਨੁਕੂਲ ਖੇਤੀਬਾੜੀ ਦੀਆਂ ਤਕਨੀਕਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਵਿੱਚ ਅਜਿਹੇ ਅਭਿਆਸਾਂ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ ਗਿਆ ਜੋ ਕਿ ਲੰਬੇ ਸਮੇਂ ਤੱਕ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ, ਸਰੋਤਾਂ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਟਿਕਾਊ ਖੇਤੀਬਾੜੀ ਉਤਪਾਦਨ ਵਿੱਚ ਯੋਗਦਾਨ ਪਾਉਣ ਵਿੱਚ ਸਹਾਇਕ ਹੋਣ। ਕਿਸਾਨਾਂ ਨਾਲ ਇਸ ਤਰ੍ਹਾਂ ਦੇ ਸਿੱਧੇ ਸੰਵਾਦ ਰਾਹੀਂ, ਇਹ ਅਭਿਆਨ ਵਿਗਿਆਨਕ ਖੇਤੀ ਦੇ ਤਰੀਕਿਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਪਿੰਡ ਪੱਧਰ 'ਤੇ ਟਿਕਾਊ ਖੇਤੀਬਾੜੀ ਤਕਨੀਕਾਂ ਨੂੰ ਵਿਵਹਾਰਕ ਤੌਰ 'ਤੇ ਅਪਣਾਉਣ ਲਈ ਉਤਸ਼ਾਹਿਤ ਕਰਨ ਦੀ ਯਤਨ ਕਰਦਾ ਹੈ।
*****
ਐੱਸਐੱਸ/ਐੱਮਐੱਸ/ਐੱਮਕੇ/ਏਕੇ