ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਭਾਰਤ ਨੇ ਅੰਦਰੂਨੀ ਲਘੂ ਮੱਛੀ ਪਾਲਣ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਦੇ ਵਿਕਾਸ ਪੜਾਅ ਵਿੱਚ ਪ੍ਰਵੇਸ਼ ਕੀਤਾ


ਭਾਰਤ ਨੇ ਅਗਲੇ ਪੰਜ ਸਾਲਾਂ ਵਿੱਚ 3 ਕਰੋੜ ਟਨ ਮੱਛੀ ਪੈਦਾ ਕਰਨ ਦਾ ਟੀਚਾ ਰੱਖਿਆ: ਕੇਂਦਰੀ ਮੱਛੀ ਪਾਲਣ ਸਕੱਤਰ

Posted On: 23 OCT 2026 3:58PM by PIB Chandigarh

ਭਾਰਤ ਨੇ ਅੰਦਰੂਨੀ ਲਘੂ ਮੱਛੀ ਪਾਲਣ ਲਈ ਇੱਕ ਵੱਖਰੇ ਰਾਸ਼ਟਰੀ ਕਾਰਜ ਯੋਜਨਾ ਦੇ ਵਿਕਾਸ ਪੜਾਅ ਵਿੱਚ ਪ੍ਰਵੇਸ਼ ਕਰ ਲਿਆ ਹੈ, ਜਿਸਦਾ ਮੁੱਖ ਉਦੇਸ਼ ਆਜੀਵਕਾ ਵਿੱਚ ਸੁਧਾਰ, ਬਿਹਤਰ ਤਾਲਮੇਲ ਅਤੇ ਮਿੱਠੇ ਪਾਣੀ ਦੇ ਸਰੋਤਾਂ ਦਾ ਬਿਹਤਰ ਪ੍ਰਬੰਧਨ ਕਰਨਾ ਹੈ। ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਸ਼ੁੱਕਰਵਾਰ ਨੂੰ ਅੰਦਰੂਨੀ ਲਘੂ ਮੱਛੀ ਪਾਲਣ ਲਈ ਰਾਸ਼ਟਰੀ ਕਾਰਜ ਯੋਜਨਾ (ਐਨਪੀਓਏ) ਦੇ ਵਿਕਾਸ ਪੜਾਅ ਦੀ ਰਸਮੀ ਸ਼ੁਰੂਆਤ ਕੀਤੀ। ਇਹ ਯੋਜਨਾ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਕਿਊ) ਦੇ ਢਾਂਚੇ ਦੇ ਤਹਿਤ ਵਿਕਸਿਤ ਕੀਤੀ ਜਾ ਰਹੀ ਹੈ। ਇਸ ਪਹਿਲਕਦਮੀ ਦੀ ਅਗਵਾਈ ਕੇਂਦਰੀ ਮੱਛੀ ਪਾਲਣ ਵਿਭਾਗ ਦੁਆਰਾ ਬੰਗਾਲ ਦੀ ਖਾੜੀ ਪ੍ਰੋਗਰਾਮ ਅੰਤਰ-ਸਰਕਾਰੀ ਸੰਗਠਨ (ਬੀਓਬੀਪੀ-ਆਈਜੀਓ) ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।

ਭੋਪਾਲ ਵਿੱਚ ਆਯੋਜਿਤ ਦੋ-ਦਿਨਾਂ ਰਾਸ਼ਟਰੀ ਵਰਕਸ਼ੌਪ ਵਿੱਚ ਇੱਕ ਕਾਰਜ ਯੋਜਨਾ ਵਿਕਸਿਤ ਕਰਨ ਲਈ ਮੁੱਖ ਤਰਜੀਹਾਂ ਦੀ ਪਛਾਣ ਕੀਤੀ ਗਈ, ਜਿਸ ਵਿੱਚ ਮੱਛੀ ਪਾਲਣ ਭਾਈਚਾਰਿਆਂ ਅਤੇ ਹੋਰ ਹਿੱਤਧਾਰਕਾਂ ਨਾਲ ਸਲਾਹ-ਮਸ਼ਵਰੇ ਦਾ ਪ੍ਰਸਤਾਵਿਤ ਪ੍ਰੋਗਰਾਮ ਵੀ ਸ਼ਾਮਲ ਹੈ। ਮੱਛੀ ਪਾਲਣ ਸੰਸਥਾਵਾਂ ਅਤੇ ਹਿੱਤਧਾਰਕਾਂ ਦੇ ਮਾਹਿਰਾਂ ਨੇ ਵਿਕਾਸ ਪੜਾਅ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਇੱਕ ਢਾਂਚਾ ਤਿਆਰ ਕੀਤਾ। ਡਾ. ਅਭਿਲਕਸ਼ ਲਿਖੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਭਾਰਤ ਦੇ ਪ੍ਰਸਤਾਵਿਤ ਰਾਸ਼ਟਰੀ ਕਾਰਜ ਯੋਜਨਾ ਨੂੰ ਟਿਕਾਊ ਅੰਦਰੂਨੀ ਲਘੂ ਮੱਛੀ ਪਾਲਣ ਲਈ ਦੇਸ਼ ਭਰ ਦੇ ਮੱਛੀ ਫੜਨ ਵਾਲੇ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਇੱਕ ਮਿਸ਼ਨ-ਅਧਾਰਿਤ ਪ੍ਰਚਾਰ ਪ੍ਰੋਗਰਾਮ ਦਾ ਸੱਦਾ ਦਿੱਤਾ। "ਇਹ ਦਸਤਾਵੇਜ਼ ਸਰਕਾਰੀ ਦਫ਼ਤਰਾਂ ਤੱਕ ਸੀਮਤ ਰਹਿਣ ਦੀ ਬਜਾਏ, ਜੀਵਨ-ਨਿਰਬਾਹ ਵਿੱਚ ਵਿਵਹਾਰਕ ਸੁਧਾਰ ਲਿਆਉਣ ਵਿੱਚ ਮਦਦਗਾਰ ਹੋਣਾ ਚਾਹੀਦਾ ਹੈ," ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਸਤਾਵਿਤ ਯੋਜਨਾ ਨੂੰ ਜਲਵਾਯੂ ਸੰਕਟ ਦੇ ਵਿਚਕਾਰ ਸਥਿਰਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਮਛੇਰਿਆਂ ਦੀ ਆਮਦਨ ਨੂੰ ਬਿਹਤਰ ਬਣਾਉਣ ਲਈ ਮੁੱਲ ਲੜੀ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ।

* ਅਗਲੇ 5 ਸਾਲਾਂ ਵਿੱਚ 3 ਕਰੋੜ ਟਨ ਮੱਛੀ ਉਤਪਾਦਨ ਦਾ ਟੀਚਾ *

ਡਾ. ਲਿਖੀ ਨੇ ਕਿਹਾ, "ਭਾਰਤ ਨੇ ਅਗਲੇ ਪੰਜ ਸਾਲਾਂ ਵਿੱਚ 3 ਕਰੋੜ ਟਨ ਮੱਛੀ ਉਤਪਾਦਨ ਦਾ ਟੀਚਾ ਰੱਖਿਆ ਹੈ, ਜਦੋਂ ਕਿ ਸਮੁੰਦਰੀ ਭੋਜਨ ਨਿਰਯਾਤ ਵਧ ਕੇ ₹1.25 ਲੱਖ ਕਰੋੜ ਤੱਕ ਹੋਣ ਦੀ ਉਮੀਦ ਹੈ।" ਇਸ ਖੇਤਰ ਦੀ ਮੌਜੂਦਾ ਸਥਿਤੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਭਾਰਤ ਸਲਾਨਾ 19.7 ਮਿਲੀਅਨ ਟਨ ਮੱਛੀ ਪੈਦਾ ਕਰਦਾ ਹੈ, ਜਿਸ ਵਿੱਚੋਂ ਅੰਦਰੂਨੀ ਮੱਛੀ ਪਾਲਣ ਲਗਭਗ ਤਿੰਨ-ਚੌਥਾਈ ਯੋਗਦਾਨ ਪਾਉਂਦਾ ਹੈ, ਜਦੋਂ ਕਿ ਸਮੁੰਦਰੀ ਖੁਰਾਕ ਨਿਰਯਾਤ ₹70,000 ਕਰੋੜ ਤੋਂ ਵੱਧ ਗਿਆ ਹੈ। ਮੱਛੀ ਪਾਲਣ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ, ਉਤਪਾਦਨ ਅਤੇ ਨਿਰਯਾਤ ਵਧਾਉਣ ਦੇ ਨਾਲ-ਨਾਲ, ਛੋਟੇ ਪੱਧਰ ਦੇ ਮਛੇਰਿਆਂ ਦੀ ਰੋਜ਼ੀ-ਰੋਟੀ ਨੂੰ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ। ਸਥਿਰਤਾ ਦੇ ਮੁੱਦੇ 'ਤੇ, ਡਾ. ਲਿਖੀ ਨੇ ਜਲ ਸਰੋਤਾਂ ਵਿੱਚ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਵਰਗੀਆਂ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ, ਜਲਵਾਯੂ ਪਰਿਵਰਤਨ ਅਤੇ ਵਿਗੜਦੀ ਪਾਣੀ ਦੀ ਗੁਣਵੱਤਾ ਨੂੰ ਅੰਦਰੂਨੀ ਮੱਛੀ ਪਾਲਣ ਲਈ ਪ੍ਰਮੁੱਖ ਚਿੰਤਾ ਦਾ ਵਿਸ਼ਾ ਦੱਸਿਆ । ਉਨ੍ਹਾਂ ਕਿਹਾ ਕਿ ਯੋਜਨਾ ਵਿੱਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਮਰੱਥਾ ਵਿਕਸਿਤ ਕਰਨ ਦੇ ਉਪਾਅ ਸ਼ਾਮਲ ਹੋਣੇ ਚਾਹੀਦੇ ਹਨ, ਜੋ ਮੱਛੀ ਪਾਲਣ ਵਾਲੇ ਭਾਈਚਾਰਿਆਂ ਦੇ ਤਜ਼ਰਬਿਆਂ ਦੇ ਅਧਾਰ ‘ਤੇ ਹੋਣ ਜੋ ਸਿੱਧੇ ਤੌਰ 'ਤੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ।

ਵਿਭਿੰਨਤਾ

ਡਾ. ਲਿਖੀ ਨੇ ਕਿਹਾ, "ਭਾਰਤ ਦਾ ਵਿਭਿੰਨ ਅੰਦਰੂਨੀ ਮੱਛੀ ਪਾਲਣ ਖੇਤਰ, ਇਸਦੇ ਵਿਭਿੰਨ ਈਕੋਸਿਸਟਮ, ਮੱਛੀ ਫੜਨ ਵਾਲੇ ਭਾਈਚਾਰਿਆਂ ਅਤੇ ਖੇਤਰ-ਵਿਸ਼ੇਸ਼ ਚੁਣੌਤੀਆਂ ਦੇ ਨਾਲ, ਐੱਫਏਕਿਊ ਲਈ ਸਹਿਯੋਗ ਕਰਨ, ਖੇਤਰ-ਵਿਸ਼ੇਸ਼ ਦ੍ਰਿਸ਼ਟੀਕੋਣਾਂ ਦੀ ਜਾਂਚ ਕਰਨ ਅਤੇ ਵਿਆਪਕ ਭੂਗੋਲਿਆਂ ਵਿੱਚ ਸਿੱਖਿਆਵਾਂ ਨੂੰ ਲਾਗੂ ਕਰਨ ਲਈ ਇੱਕ ਮਾਡਲ ਵਜੋਂ ਕੰਮ ਕਰ ਸਕਦਾ ਹੈ। ਦੇਸ਼ ਭਰ ਵਿੱਚ ਮੱਛੀ ਫੜਨ ਵਾਲੇ ਭਾਈਚਾਰਿਆਂ ਦੇ ਤਜ਼ਰਬੇ ਟਿਕਾਊ ਮੱਛੀ ਪਾਲਣ ਪ੍ਰਬੰਧਨ ਅਤੇ ਰੋਜ਼ੀ-ਰੋਟੀ ਦੇ ਵਿਕਾਸ ਲਈ ਸੰਦਰਭ-ਵਿਸ਼ੇਸ਼ ਪਹੁੰਚਾਂ ਨੂੰ ਆਕਾਰ ਦੇਣ ਵਿੱਚ ਮਦਦ ਕਰ ਸਕਦੇ ਹਨ, ਵਿਆਪਕ ਵਰਤੋਂ ਲਈ ਕੀਮਤੀ ਸਬਕ ਪ੍ਰਦਾਨ ਕਰਦੇ ਹਨ।" ਪ੍ਰਸਤਾਵਿਤ ਯੋਜਨਾ ਵਿੱਚ ਨਦੀਆਂ, ਨਹਿਰਾਂ, ਜਲ ਭੰਡਾਰਾਂ, ਝੀਲਾਂ, ਹੜ੍ਹਾਂ ਦੇ ਮੈਦਾਨਾਂ, ਵੈੱਟ ਲੈਂਡਸ, ਤਲਾਬਾਂ ਅਤੇ ਠੰਡੇ ਪਾਣੀ ਪ੍ਰਣਾਲੀਆਂ ਵਿੱਚ ਮੱਛੀ ਪਾਲਣ ਸ਼ਾਮਲ ਹੈ।

ਬੀਓਬੀਪੀ-ਆਈਜੀਓ ਦੇ ਡਾਇਰੈਕਟਰ ਡਾ. ਪੀ. ਕ੍ਰਿਸ਼ਨਨ ਨੇ ਕਿਹਾ "ਵਿਕਾਸ ਪੜਾਅ ਵਿੱਚ ਮੱਛੀ ਫੜਨ ਦੇ ਅਧਿਕਾਰਾਂ ਅਤੇ ਸਰੋਤ ਪ੍ਰਬੰਧਨ, ਰੁਜ਼ਗਾਰ ਅਤੇ ਵਧੀਆ ਕੰਮ, ਲਿੰਗ ਸਮਾਨਤਾ, ਮੁੱਲ ਲੜੀ ਅਤੇ ਵਾਢੀ ਤੋਂ ਬਾਅਦ ਵਪਾਰ ਦੇ ਨਾਲ-ਨਾਲ ਆਫ਼ਤ ਜੋਖਮ ਅਤੇ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕੀਤੇ ਜਾਣ ਦੀ ਉਮੀਦ ਹੈ," । ਯੋਜਨਾ ਨੂੰ ਅਗਲੇ ਮਹੀਨੇ ਜਨਤਕ ਰਿਲੀਜ਼ ਅਤੇ ਬਾਅਦ ਵਿੱਚ ਲਾਗੂ ਕਰਨ ਤੋਂ ਪਹਿਲਾਂ ਹਿੱਤਧਾਰਕਾਂ ਨਾਲ ਸਲਾਹ-ਮਸ਼ਵਰੇ ਰਾਹੀਂ ਅੰਤਿਮ ਰੂਪ ਦਿੱਤਾ ਜਾਵੇਗਾ।

ਇਸ ਸਮਾਗਮ ਨੂੰ ਮੱਧ ਪ੍ਰਦੇਸ਼ ਦੇ ਮੱਛੀ ਪਾਲਣ ਸਕੱਤਰ ਸਵਤੰਤਰ ਕੁਮਾਰ ਸਿੰਘ, ਸੰਯੁਕਤ ਸਕੱਤਰ ਡਾ. ਗੁੰਜਨ ਕ੍ਰਿਸ਼ਨਾ ਅਤੇ ਐੱਫਏਓ ਪ੍ਰੋਜੈਕਟ ਅਫਸਰ ਜੂਲੀਆ ਗੋਰੇਲੀ ਨੇ ਵੀ ਸੰਬੋਧਨ ਕੀਤਾ।

*****

ਜੇਪੀ/ਏਕੇ


(Release ID: 2328591) ਵਿਜ਼ੀਟਰ ਕਾਊਂਟਰ : 3