ਸੱਭਿਆਚਾਰ ਮੰਤਰਾਲਾ
azadi ka amrit mahotsav

ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ 65ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ ਅਤੇ ਤੀਜੇ ਪ੍ਰਿੰਟ ਬਿਏਨੇਲ ਇੰਡੀਆ (Print Biennale India) ਸਮਾਰੋਹ ਵਿੱਚ ਕਲਾਕਾਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ, ਭਾਰਤ ਦੀ ਸਮ੍ਰਿੱਧ ਕਲਾਤਮਕ ਵਿਰਾਸਤ ਅਤੇ ਸਮਕਾਲੀ ਸਿਰਜਣਾਤਮਕਤਾ ਦਾ ਜਸ਼ਨ


ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲਲਿਤ ਕਲਾ ਅਕਾਦਮੀ ਦੁਆਰਾ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ

Posted On: 21 OCT 2026 7:01PM by PIB Chandigarh

ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ, ਅੱਜ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਲਲਿਤ ਕਲਾ ਅਕਾਦਮੀ ਦੁਆਰਾ ਆਯੋਜਿਤ 65ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ ਅਤੇ ਤੀਜੇ ਪ੍ਰਿੰਟ ਬਿਏਨੇਲ ਇੰਡੀਆ 2026 ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਏ। ਇਹ ਸਮਾਰੋਹ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਅਤੇ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ, ਸ਼੍ਰੀ ਵਿਵੇਕ ਅਗਰਵਾਲ, ਸੀਨੀਅਰ ਅਧਿਕਾਰੀ, ਕਲਾਕਾਰ ਅਤੇ ਸੱਭਿਆਚਾਰਕ ਖੇਤਰ ਦੇ ਪਤਵੰਤੇ ਹਾਜ਼ਰ ਸਨ।

ਪੁਰਸਕਾਰ ਸਮਾਰੋਹ ਵਿੱਚ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸਮਕਾਲੀ ਵਿਜ਼ੂਅਲ ਆਰਟਸ ਵਿੱਚ ਕਲਾਕਾਰਾਂ ਦੇ ਸ਼ਾਨਦਾਰ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ। 65ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ ਅਤੇ ਤੀਜੇ ਪ੍ਰਿੰਟ ਬਿਏਨੇਲ ਇੰਡੀਆ 2026 ਤੋਂ ਚੁਣੇ ਗਏ ਕਲਾਕਾਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ।

 ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮਾਣਯੋਗ ਰਾਸ਼ਟਰਪਤੀ ਦਾ ਸਵਾਗਤ ਕੀਤਾ ਅਤੇ ਧੰਨਵਾਦ ਦੇ ਪ੍ਰਤੀਕ ਵਜੋਂ, ਉਨ੍ਹਾਂ ਨੂੰ ਇੱਕ ਗੋਂਡ ਪੇਂਟਿੰਗ (Gond painting) ਭੇਟ ਕੀਤੀ, ਜੋ ਭਾਰਤ ਦੀਆਂ ਸਵਦੇਸ਼ੀ ਕਲਾਤਮਕ ਪਰੰਪਰਾਵਾਂ ਦੀ ਅਮੀਰੀ ਨੂੰ ਦਰਸਾਉਂਦੀ ਹੈ। ਇਸ ਮੌਕੇ 'ਤੇ ਲਲਿਤ ਕਲਾ ਅਕਾਦਮੀ ਦੀ ਯਾਤਰਾ ਅਤੇ 1955 ਵਿੱਚ ਇਸਦੀ ਸਥਾਪਨਾ ਤੋਂ ਲੈ ਕੇ ਰਾਸ਼ਟਰੀ ਕਲਾ ਪ੍ਰਦਰਸ਼ਨੀ ਦੇ ਵਿਕਾਸ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਫਿਲਮ ਵੀ ਦਿਖਾਈ ਗਈ। 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਭਾਰਤ ਦੀ ਅਮੀਰ ਅਤੇ ਵਿਭਿੰਨ ਕਲਾਤਮਕ ਵਿਰਾਸਤ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਲਾ ਨੂੰ ਦੇਸ਼ ਦੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਸੱਭਿਅਤਾ ਦੀ ਯਾਤਰਾ ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਨੇ ਰਵਾਇਤੀ ਕਲਾ ਰੂਪਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਪ੍ਰਿੰਟ ਮੇਕਿੰਗ ਨੂੰ ਕਲਾਤਮਕ ਪ੍ਰਗਟਾਵੇ ਦੀ ਇੱਕ ਮਹੱਤਵਪੂਰਨ ਪਰੰਪਰਾ ਦੱਸਿਆ।

 

ਮਾਣਯੋਗ ਰਾਸ਼ਟਰਪਤੀ ਨੇ ਕਲਾਕਾਰਾਂ ਵਿੱਚ ਸੰਵਾਦ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰਦਰਸ਼ਨੀਆਂ ਅਤੇ ਬਾਇਏਨੇਲ ਯਾਨੀ ਹਰ ਦੋ ਵਰ੍ਹੇ ਦੌਰਾਨ ਹੋਣ ਵਾਲੀ ਅੰਤਰਰਾਸ਼ਟਰੀ ਮੁਦ੍ਰਿਤ ਕਲਾ ਪ੍ਰਦਰਸ਼ਨੀ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਲਾਕ੍ਰਿਤੀਆਂ ਤੱਕ ਵਿਆਪਕ ਪਹੁੰਚ ਲਈ ਮੌਕੇ ਪੈਦਾ ਕਰਨ ਅਤੇ ਉਤਸ਼ਾਹਿਤ ਕਰਨ ਅਤੇ ਕਲਾਕਾਰਾਂ ਨੂੰ ਰਚਨਾਤਮਕ ਅਰਥਵਿਵਸਥਾ ਵਿੱਚ ਏਕੀਕ੍ਰਿਤ ਕਰਨ ਦੇ ਸੱਭਿਆਚਾਰ ਮੰਤਰਾਲੇ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲਲਿਤ ਕਲਾ ਅਕਾਦਮੀ ਦੀ ਸ਼ਲਾਘਾ ਕੀਤੀ ਕਿ ਉਹ ਕਲਾਕਾਰਾਂ ਨੂੰ ਆਪਣੀਆਂ ਰਚਨਾਵਾਂ ਪ੍ਰਦਰਸ਼ਿਤ ਕਰਨ ਅਤੇ ਭਾਰਤ ਦੀ ਕਲਾਤਮਕ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਇੱਕ ਰਾਸ਼ਟਰੀ ਪਲੈਟਫਾਰਮ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਕਲਾਕ੍ਰਿਤੀ ਕਲਾਕਾਰ ਦੀ ਵਿਲੱਖਣ ਦ੍ਰਿਸ਼ਟੀ ਅਤੇ ਕਲਪਨਾ ਨੂੰ ਦਰਸਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਲਾਤਮਕ ਪ੍ਰਗਟਾਵੇ ਦੀ ਇਹ ਵਿਭਿੰਨਤਾ ਕਲਾ ਜਗਤ ਨੂੰ ਸਮ੍ਰਿੱਧ ਬਣਾਉਂਦੀ ਹੈ ਅਤੇ ਭਾਰਤ ਦੀਆਂ ਜੀਵੰਤ ਰਚਨਾਤਮਕ ਪਰੰਪਰਾਵਾਂ ਨੂੰ ਮਜ਼ਬੂਤ ​​ਬਣਾਉਂਦੀ ਹੈ।

ਹਰ ਦੋ ਸਾਲਾਂ ਬਾਅਦ ਆਯੋਜਿਤ ਹੋਣ ਵਾਲੀ ਅੰਤਰਰਾਸ਼ਟਰੀ ਮੁਦ੍ਰਿਤ ਕਲਾ ਪ੍ਰਦਰਸ਼ਨੀ, ਬਿਏਨੇਲ ਦੇ ਉਦਘਾਟਨ ਦੌਰਾਨ ਮੁਦ੍ਰਣ ਕਲਾ ਦੇ ਅਭਿਆਸਾਂ ਨੂੰ ਦੇਖਣ ਦੇ ਆਪਣੇ ਅਨੁਭਵ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਪ੍ਰਿੰਟ ਮੇਕਿੰਗ (ਮੁਦ੍ਰਣ ਕਲਾ) ਦੀ ਮਹੱਤਤਾ 'ਤੇ ਚਾਨਣਾ ਪਾਇਆ, ਜੋ ਕਿ ਤਕਨੀਕੀ ਮੁਹਾਰਤ ਅਤੇ ਕਲਾਤਮਕ ਨਵੀਨਤਾ ਦਾ ਸੰਗਮ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਕਲਾ ਪ੍ਰਦਰਸ਼ਨੀ ਅਤੇ ਪ੍ਰਿੰਟ ਬਿਏਨੇਲ ਵਰਗੇ ਪਲੇਟਫਾਰਮ ਕਲਾਤਮਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦੇ ਹਨ, ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ​​ਕਰਦੇ ਹਨ ਅਤੇ ਭਾਰਤੀ ਕਲਾ ਦੀ ਵਿਸ਼ਵਵਿਆਪੀ ਪਹੁੰਚ ਦਾ ਵਿਸਤਾਰ ਕਰਦੇ ਹਨ।

ਭਾਰਤ ਦੀ ਸੱਭਿਆਚਾਰਕ ਤਰੱਕੀ ਨੂੰ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਜੋੜਦੇ ਹੋਏ, ਸ਼੍ਰੀ ਸ਼ੇਖਾਵਤ ਨੇ ਦੇਸ਼ ਦੀ ਵਿਕਾਸ ਯਾਤਰਾ ਵਿੱਚ ਸੰਸਕ੍ਰਿਤ ਸਮ੍ਰਿੱਧੀ ਅਤੇ ਭਾਰਤੀ ਸਿਰਜਣਾਤਮਕਤਾ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸਮਾਗਮ ਵਿੱਚ ਆਰਟਵਰਕ ਸੇਲਜ ਨੂੰ ਸ਼ਾਮਲ ਕਰਨ ਨੂੰ ਕਲਾਕਾਰਾਂ ਲਈ ਮੌਕਿਆਂ ਦਾ ਵਿਸਤਾਰ ਕਰਨ, ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ​​ਕਰਨ ਅਤੇ ਭਾਰਤ ਦੀ ਰਚਨਾਤਮਕ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ।

 ਆਪਣੇ ਸੰਬੋਧਨ ਵਿੱਚ, ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਨੇ ਲਲਿਤ ਕਲਾ ਅਕਾਦਮੀ ਦੀ ਯਾਤਰਾ ਅਤੇ 1954 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਰਾਸ਼ਟਰੀ ਕਲਾ ਪ੍ਰਦਰਸ਼ਨੀ ਦੇ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨੋਟ ਕੀਤਾ ਕਿ ਪ੍ਰਦਰਸ਼ਨੀ 1955 ਵਿੱਚ ਜੈਪੁਰ ਹਾਊਸ ਵਿੱਚ ਸ਼ੁਰੂ ਹੋਈ ਸੀ, ਜਿਸ ਵਿੱਚ ਲਗਭਗ 1,200 ਐਂਟਰੀਆਂ ਪ੍ਰਾਪਤ ਹੋਈਆਂ ਸਨ।

65ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ ਦੇ ਪੈਮਾਨੇ 'ਤੇ ਚਾਨਣਾ ਪਾਉਂਦਿਆਂ, ਉਨ੍ਹਾਂ ਕਿਹਾ ਕਿ ਇਸ ਸਾਲ ਦੇ ਐਡੀਸ਼ਨ ਵਿੱਚ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 2,495 ਕਲਾਕਾਰਾਂ ਦੀਆਂ 6,175 ਕਲਾਕ੍ਰਿਤੀਆਂ ਪ੍ਰਾਪਤ ਹੋਈਆਂ। ਪ੍ਰਦਰਸ਼ਨੀ ਲਈ ਕੁੱਲ 270 ਕਲਾਕ੍ਰਿਤੀਆਂ ਦੀ ਚੋਣ ਕੀਤੀ ਗਈ ਅਤੇ 20 ਕਲਾਕਾਰਾਂ ਨੂੰ ਪੁਰਸਕਾਰਾਂ ਲਈ ਚੁਣਿਆ ਗਿਆ।

ਸ਼੍ਰੀ ਅਗਰਵਾਲ ਨੇ ਪ੍ਰਿੰਟ ਬਿਏਨੇਲ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਜੋ ਪ੍ਰਿੰਟਮੇਕਿੰਗ ਨੂੰ ਉਤਸ਼ਾਹਿਤ ਕਰਨ, ਪ੍ਰਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਵਿਚਕਾਰ ਸੰਵਾਦ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਕਲਾ ਨਾਲ ਜਨਤਕ ਸ਼ਮੂਲੀਅਤ ਨੂੰ ਵਧਾਉਣ, ਉੱਭਰ ਰਹੀ ਪ੍ਰਤਿਭਾ ਨੂੰ ਪਾਲਣ ਪੋਸ਼ਣ ਅਤੇ ਕਲਾਕਾਰਾਂ ਲਈ ਵਿਸ਼ਾਲ ਦਰਸ਼ਕਾਂ ਨਾਲ ਜੁੜਨ ਦੇ ਮੌਕੇ ਪੈਦਾ ਕਰਨ ਲਈ ਅਕਾਦਮੀ ਦੇ ਨਿਰੰਤਰ ਯਤਨਾਂ 'ਤੇ ਜ਼ੋਰ ਦਿੱਤਾ।

ਸੱਭਿਆਚਾਰ ਮੰਤਰਾਲਾ 4 ਦਸੰਬਰ 2026 ਤੋਂ 21 ਮਾਰਚ 2027 ਤੱਕ ਦਿੱਲੀ ਦੇ ਸਮਾਰਕਾਂ ਅਤੇ ਵਿਰਾਸਤੀ ਸਥਾਨਾਂ 'ਤੇ ਇੰਡੀਆ ਬਿਏਨੇਲ 2026 ਦਾ ਆਯੋਜਨ ਕਰੇਗਾ। ਇਹ ਪਹਿਲ ਕਲਾਤਮਕ ਪ੍ਰਗਟਾਵੇ ਅਤੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗੀ, ਜਿਸ ਨਾਲ ਦੇਸ਼ ਦੇ ਇਤਿਹਾਸਕ ਸਥਾਨਾਂ ਨਾਲ ਸਮਕਾਲੀ ਰਚਨਾਤਮਕਤਾ ਨੂੰ ਸੰਵਾਦ ਵਿੱਚ ਲਿਆਂਦਾ ਜਾਵੇਗਾ।

ਬਿਏਨੇਲ ਕਲਾਕਾਰਾਂ ਲਈ ਆਪਣੀਆਂ ਰਚਨਾਵਾਂ ਪ੍ਰਦਰਸ਼ਿਤ ਕਰਨ, ਰਚਨਾਤਮਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਕਲਾ ਅਤੇ ਵਿਰਾਸਤ ਨਾਲ ਜਨਤਕ ਸ਼ਮੂਲੀਅਤ ਨੂੰ ਵਧਾਉਣ ਦੇ ਮੌਕਿਆਂ ਨੂੰ ਮਜ਼ਬੂਤ ​​ਕਰੇਗਾ।

ਪੁਰਸਕਾਰ ਸਮਾਰੋਹ ਨੇ ਭਾਰਤ ਦੀਆਂ ਵਿਭਿੰਨ ਕਲਾਤਮਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ, ਸਮਕਾਲੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ, ਕਲਾਕਾਰਾਂ ਨੂੰ ਵਿਆਪਕ ਮਾਨਤਾ ਪ੍ਰਦਾਨ ਕਰਨ ਅਤੇ ਦੇਸ਼ ਦੀ ਸੱਭਿਆਚਾਰਕ ਅਤੇ ਰਚਨਾਤਮਕ ਅਰਥਵਿਵਸਥਾ ਵਿੱਚ ਕਲਾਵਾਂ ਨੂੰ ਜੋੜਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ।

ਪੁਰਸਕਾਰ ਜੇਤੂਆਂ ਦੀ ਸੂਚੀ

 

*************

ਐੱਮ. ਅੰਨਾਦੁਰਈ/ਏਕੇ


(Release ID: 2327012) ਵਿਜ਼ੀਟਰ ਕਾਊਂਟਰ : 11