ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਕੇਂਦਰੀ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਮਦੁਰਾਈ ਦੇ ਸਜਾਵਟੀ ਮੱਛੀ ਪਾਲਣ ਕਲੱਸਟਰ ਦਾ ਕੀਤਾ ਦੌਰਾ, ਪ੍ਰਗਤੀਸ਼ੀਲ਼ ਮੱਛੀ ਪਾਲਕਾਂ ਨਾਲ ਕੀਤੀ ਗੱਲਬਾਤ


ਕੇਂਦਰੀ ਸਕੱਤਰ ਨੇ ਸਜਾਵਟੀ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਮਿਆਰੀ ਪ੍ਰਜਨਨ ਸਮੱਗਰੀ, ਵਿਗਿਆਨਕ ਪ੍ਰਜਨਨ, ਜੈਵਿਕ ਸੁਰੱਖਿਆ ਅਤੇ ਬਾਜ਼ਾਰ ਸਬੰਧਾਂ ’ਤੇ ਦਿੱਤਾ ਜ਼ੋਰ

Posted On: 12 OCT 2026 3:05PM by PIB Chandigarh

ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ ਨੇ 12 ਅਕਤੂਬਰ, 2026 ਨੂੰ ਤਾਮਿਲਨਾਡੂ ਦੇ ਮਦੁਰਾਈ ਜ਼ਿਲ੍ਹੇ ਦੇ ਮੇਲੂਰ ਖੇਤਰ ਅਧੀਨ ਮੁੱਕਮਪੱਟੀ ਪਿੰਡ ਵਿੱਚ ਸਥਿਤ ਪਦਿਮੁਨੇਸ਼ਵਰ ਏਕੀਕ੍ਰਿਤ ਸਜਾਵਟੀ ਮੱਛੀ ਫਾਰਮ ਦਾ ਦੌਰਾ ਕੀਤਾ। ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਤਹਿਤ ਤਾਮਿਲਨਾਡੂ ਦੇ ਮਦੁਰਾਈ ਜ਼ਿਲ੍ਹੇ ਨੂੰ ਸਜਾਵਟੀ ਮੱਛੀ ਪਾਲਣ ਕਲੱਸਟਰ ਵਜੋਂ ਨੋਟੀਫਾਈ ਕੀਤਾ ਗਿਆ ਹੈ।

ਇਸ ਦੌਰੇ ਦਾ ਉਦੇਸ਼ ਸਜਾਵਟੀ ਮੱਛੀ ਪਾਲਣ ਦੇ ਵਿਕਾਸ ਅਤੇ ਸੰਭਾਵਨਾਵਾਂ ਦਾ ਮੁਲਾਂਕਣ ਕਰਨਾ, ਮੱਛੀ ਪਾਲਕਾਂ ਅਤੇ ਉੱਦਮੀਆਂ ਨਾਲ ਗੱਲਬਾਤ ਕਰਨਾ ਅਤੇ ਸਜਾਵਟੀ ਮੱਛੀ ਪਾਲਣ ਕਲੱਸਟਰ ਦੇ ਵਿਕਾਸ ਨੂੰ ਹੋਰ ਮਜ਼ਬੂਤ ਕਰਨਾ ਸੀ।

ਇਸ ਗੱਲਬਾਤ ਦੌਰਾਨ ਕੇਂਦਰੀ ਸਕੱਤਰ ਨੇ ਮੱਛੀ ਪਾਲਕਾਂ ਅਤੇ ਉੱਦਮੀਆਂ ਨਾਲ ਸਜਾਵਟੀ ਮੱਛੀਆਂ ਦੀਆਂ ਕਿਸਮਾਂ, ਪ੍ਰਜਨਨ ਸਮੱਗਰੀ ਅਤੇ ਮੱਛੀ ਦੇ ਬੀਜ ਦੀ ਉਪਲਬਧਤਾ, ਪਾਣੀ ਦੀ ਗੁਣਵੱਤਾ, ਜਲਜੀਵ ਸਿਹਤ, ਆਵਾਜਾਈ ਅਤੇ ਮੰਡੀਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਵਿਗਿਆਨਕ ਪ੍ਰਜਨਨ ਅਤੇ ਪਾਲਣ ਤਕਨੀਕਾਂ ਅਪਣਾਉਣ, ਉੱਚ ਮੁੱਲ ਵਾਲੀਆਂ ਸਵਦੇਸ਼ੀ ਪ੍ਰਜਾਤੀਆਂ ਨੂੰ ਉਤਸ਼ਾਹਿਤ ਕਰਨ ਅਤੇ ਤਕਨਾਲੋਜੀ, ਸੰਸਥਾਗਤ ਵਿੱਤੀ ਸਹਾਇਤਾ ਤੇ ਬਾਜ਼ਾਰਾਂ ਤੱਕ ਪਹੁੰਚ ਵਧਾਉਣ ਲਈ ਸਮੂਹਿਕ ਯਤਨਾਂ ’ਤੇ ਜ਼ੋਰ ਦਿੱਤਾ।

ਸਰਕਾਰ ਦੇ ਕਲੱਸਟਰ-ਆਧਾਰਿਤ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਸਕੱਤਰ ਨੇ ਕਿਹਾ ਕਿ ਦੇਸ਼ ਭਰ ਵਿੱਚ 34 ਨੋਟੀਫਾਈ ਕੀਤੇ ਮੱਛੀ ਪਾਲਣ ਕਲੱਸਟਰ ਵਿਕਸਿਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਉਤਪਾਦਨ, ਇਨਪੁੱਟ ਦੀ ਸਪਲਾਈ, ਬੁਨਿਆਦੀ ਢਾਂਚਾ, ਸਮਰੱਥਾ ਨਿਰਮਾਣ, ਪ੍ਰੋਸੈਸਿੰਗ, ਮੁੱਲ ਵਾਧਾ, ਬ੍ਰਾਂਡਿੰਗ, ਲੌਜਿਸਟਿਕਸ ਅਤੇ ਬਾਜ਼ਾਰ ਨਾਲ ਸੰਪਰਕ ਵਰਗੀਆਂ ਗਤੀਵਿਧੀਆਂ ਨੂੰ ਏਕੀਕ੍ਰਿਤ ਕੀਤਾ ਜਾ ਰਿਹਾ ਹੈ। ਇਸ ਪਹੁੰਚ ਦਾ ਉਦੇਸ਼ ਮੁੱਲ ਲੜੀ ਦੀਆਂ ਕਮੀਆਂ ਦੂਰ ਕਰਨਾ, ਮੁਕਾਬਲੇ ਦੀ ਸਮਰੱਥਾ ਵਧਾਉਣਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਹੈ।

ਸਰਕਾਰ ਦੇ ਕਲੱਸਟਰ-ਅਧਾਰਿਤ ਵਿਕਾਸ ਦੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੰਦੇ ਹੋਏ, ਸਕੱਤਰ ਨੇ ਕਿਹਾ ਕਿ ਉਤਪਾਦਨ, ਇਨਪੁਟ ਸਪਲਾਈ, ਬੁਨਿਆਦੀ ਢਾਂਚਾ, ਸਮਰੱਥਾ ਨਿਰਮਾਣ, ਪ੍ਰੋਸੈਸਿੰਗ, ਮੁੱਲ ਵਾਧਾ, ਬ੍ਰਾਂਡਿੰਗ, ਲੌਜਿਸਟਿਕਸ ਅਤੇ ਮਾਰਕੀਟ ਲਿੰਕੇਜ ਨੂੰ ਸ਼ਾਮਲ ਕਰਦੇ ਹੋਏ ਤਾਲਮੇਲ ਵਾਲੀਆਂ ਗਤੀਵਿਧੀਆਂ ਰਾਹੀਂ ਦੇਸ਼ ਭਰ ਵਿੱਚ 34 ਅਧਿਸੂਚਿਤ ਮੱਛੀ ਪਾਲਣ ਕਲੱਸਟਰ ਵਿਕਸਿਤ ਕੀਤੇ ਜਾ ਰਹੇ ਹਨ। ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਮੁੱਲ ਲੜੀ ਦੀ ਕਮੀਆਂ ਨੂੰ ਦੂਰ ਕਰਨਾ, ਮੁਕਾਬਲੇਬਾਜ਼ੀ ਵਧਾਉਣਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਹੈ।

ਪਦਿਮੁਨੇਸ਼ਵਰ ਏਕੀਕ੍ਰਿਤ ਸਜਾਵਟੀ ਮੱਛੀ ਫਾਰਮ ਦੀ ਸਥਾਪਨਾ ਪੀਐੱਮਐੱਮਐੱਸਵਾਈ ਤਹਿਤ 25 ਲੱਖ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਕੀਤੀ ਗਈ ਸੀ। ਇਸ ਫਾਰਮ ਵਿੱਚ ਗੱਪੀ, ਪਲੈਟੀ, ਮੌਲੀ, ਸਵੋਰਡਟੇਲ, ਗੋਲਡਫਿਸ਼, ਕੋਈ ਕਾਰਪ, ਸਿਕਲਿਡ ਅਤੇ ਫਾਈਟਰ ਫਿਸ਼ ਸਮੇਤ 30 ਤੋਂ ਵੱਧ ਕਿਸਮਾਂ ਦੀਆਂ ਸਜਾਵਟੀ ਮੱਛੀਆਂ ਦਾ ਪ੍ਰਜਨਨ ਅਤੇ ਪਾਲਣ ਕੀਤਾ ਜਾਂਦਾ ਹੈ । ਸਾਲ ਵਿੱਚ ਚਾਰ ਉਤਪਾਦਨ ਚੱਕਰਾਂ ਰਾਹੀਂ ਇਹ ਇਕਾਈ ਹਰ ਸਾਲ ਲਗਭਗ 2 ਲੱਖ ਸਜਾਵਟੀ ਮੱਛੀਆਂ ਦੇ ਬੱਚੇ ਪੈਦਾ ਕਰਦੀ ਹੈ ਅਤੇ ਇਸ ਤੋਂ ਸਾਲਾਨਾ ਲਗਭਗ 3.75 ਲੱਖ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਇਹ ਫਾਰਮ ਤਾਮਿਲਨਾਡੂ ਅਤੇ ਕੇਰਲਮ ਦੇ ਘਰੇਲੂ ਬਾਜ਼ਾਰਾਂ ਵਿੱਚ ਸਜਾਵਟੀ ਮੱਛੀਆਂ ਦੀ ਸਪਲਾਈ ਕਰਦਾ ਹੈ।

ਪਿਛੋਕੜ

ਭਾਰਤ ਦੇ ਮੱਛੀ ਪਾਲਣ ਖੇਤਰ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ। ਸਾਲ 2024-25 ਦੌਰਾਨ ਦੇਸ਼ ਵਿੱਚ ਮੱਛੀ ਉਤਪਾਦਨ 197.75 ਲੱਖ ਟਨ ਤੱਕ ਪਹੁੰਚ ਗਿਆ। ਵਿਸ਼ਵ ਵਪਾਰ ਵਿੱਚ ਚੁਣੌਤੀਆਂ ਦੇ ਬਾਵਜੂਦ, ਸਮੁੰਦਰੀ ਉਤਪਾਦਾਂ ਦੀ ਬਰਾਮਦ ਸਾਲ 2025-26 ਵਿੱਚ ਰਿਕਾਰਡ 73,890 ਕਰੋੜ ਰੁਪਏ ਤੱਕ ਪਹੁੰਚ ਗਈ। ਜੋ ਬਰਾਮਦ ਆਮਦਨ, ਰੁਜ਼ਗਾਰ ਸਿਰਜਣ ਅਤੇ ਮਛੇਰਿਆਂ ਤੇ ਮੱਛੀ ਪਾਲਕਾਂ ਦੀ ਰੋਜ਼ੀ-ਰੋਟੀ ਵਿੱਚ ਇਸ ਖੇਤਰ ਵੱਲੋਂ ਪਾਏ ਜਾ ਰਹੇ ਵਧਦੇ ਯੋਗਦਾਨ ਨੂੰ ਦਰਸਾਉਂਦਾ ਹੈ।

ਸਜਾਵਟੀ ਮੱਛੀ ਪਾਲਣ ਖੇਤਰ ਦਾ ਇੱਕ ਵਿਸ਼ੇਸ਼ ਅਤੇ ਉੱਚ ਮੁੱਲ ਵਾਲਾ ਹਿੱਸਾ ਹੈ। ਇਸ ਵਿੱਚ ਮੱਛੀਆਂ ਦਾ ਪ੍ਰਜਨਨ ਅਤੇ ਪਾਲਣ-ਪੋਸ਼ਣ, ਪ੍ਰਜਨਨ ਸਮੱਗਰੀ ਅਤੇ ਬੀਜ ਉਤਪਾਦਨ, ਜੀਵਤ ਚਾਰਾ, ਜਲੀਯ ਪੌਦੇ, ਐਕੁਏਰੀਅਮ ਦੇ ਸਹਾਇਕ ਉਪਕਰਣ, ਚਾਰਾ ਅਤੇ ਸਿਹਤ ਉਤਪਾਦ, ਪ੍ਰਚੂਨ ਵਿਕਰੀ, ਆਵਾਜਾਈ ਅਤੇ ਬਰਾਮਦ ਸ਼ਾਮਲ ਹਨ। ਭਾਰਤ ਵਿੱਚ ਸਜਾਵਟੀ ਮੱਛੀਆਂ ਦੀ ਇੱਕ ਅਮੀਰ ਜੈਵ ਵਿਭਿੰਨਤਾ ਹੈ, ਜਿਸ ਵਿੱਚ 374 ਤੋਂ ਵੱਧ ਸਵਦੇਸ਼ੀ ਮਿੱਠੇ ਪਾਣੀ ਦੀਆਂ ਸਜਾਵਟੀ ਮੱਛੀਆਂ ਦੀਆਂ ਕਿਸਮਾਂ ਅਤੇ 700 ਤੋਂ ਵੱਧ ਦੇਸੀ ਸਮੁੰਦਰੀ ਸਜਾਵਟੀ ਮੱਛੀਆਂ ਦੀਆਂ ਕਿਸਮਾਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਤਹਿਤ ਦੇਸ਼ ਭਰ ਵਿੱਚ ਸਜਾਵਟੀ ਮੱਛੀ ਪਾਲਣ ਅਤੇ ਏਕੀਕ੍ਰਿਤ ਪ੍ਰਜਨਨ ਤੇ ਪਾਲਣ ਦੀਆਂ 2,672 ਇਕਾਈਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ 2,465 ਪਾਲਣ ਇਕਾਈਆਂ ਅਤੇ 207 ਏਕੀਕ੍ਰਿਤ ਇਕਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਸਾਲ 2024-25 ਤੱਕ ਮਿੱਠੇ ਪਾਣੀ ਦੀਆਂ ਸਜਾਵਟੀ ਮੱਛੀਆਂ ਦੇ ਪੰਜ ਪ੍ਰਜਨਨ ਬੈਂਕਾਂ ਅਤੇ ਮਨੋਰੰਜਕ ਮੱਛੀ ਪਾਲਣ ਦੀਆਂ 144 ਇਕਾਈਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਪਹਿਲਕਦਮੀਆਂ ਲਈ ਕੁੱਲ 230.45 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਆਈਸੀਏਆਰ-ਕੇਂਦਰੀ ਮਿੱਠੇ ਪਾਣੀ ਦੇ ਮੱਛੀ ਪਾਲਣ ਸੰਸਥਾਨ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ, ਭਾਰਤੀ ਸਜਾਵਟੀ ਮੱਛੀ ਉਦਯੋਗ ਦਾ ਅਨੁਮਾਨਿਤ ਮੁੱਲ ਲਗਭਗ 3,000 ਕਰੋੜ ਰੁਪਏ ਹੈ। ਇਸ ਵਿੱਚ ਸਜਾਵਟੀ ਮੱਛੀਆਂ ਦਾ ਪ੍ਰਜਨਨ, ਪਾਲਣ ਅਤੇ ਵਪਾਰ, ਐਕੁਏਰੀਅਮ ਦੇ ਸਹਾਇਕ ਉਪਕਰਣ, ਜਲੀਯ ਪੌਦੇ ਅਤੇ ਸਜਾਵਟੀ ਉਤਪਾਦ ਸ਼ਾਮਲ ਹਨ। ਇਹ ਖੇਤਰ ਛੋਟੇ ਉੱਦਮਾਂ, ਮਹਿਲਾ ਸਵੈ-ਸਹਾਇਤਾ ਸਮੂਹਾਂ, ਪੇਂਡੂ ਨੌਜਵਾਨਾਂ, ਸਟਾਰਟਅੱਪਾਂ ਅਤੇ ਹੋਰ ਉੱਦਮੀਆਂ ਨੂੰ ਸਹਿਯੋਗ ਦੇਣ ਦੀਆਂ ਆਪਾਰ ਸਮਰੱਥਾ ਰੱਖਦਾ ਹੈ, ਕਿਉਂਕਿ ਇਸਨੂੰ ਮੁਕਾਬਲਤਨ ਸੀਮਤ ਜ਼ਮੀਨ ਅਤੇ ਪਾਣੀ ਦੇ ਸਰੋਤਾਂ ਨਾਲ ਚਲਾਇਆ ਜਾ ਸਕਦਾ ਹੈ।

ਸਮੁੰਦਰੀ ਉਤਪਾਦ ਬਰਾਮਦ ਵਿਕਾਸ ਅਥਾਰਟੀ (ਐੱਮਪੀਈਡੀਏ) ਵੱਲੋਂ ਪ੍ਰਕਾਸ਼ਿਤ ਤਾਜ਼ਾ ਸਾਲਾਨਾ ਅੰਕੜਿਆਂ ਅਨੁਸਾਰ, ਭਾਰਤ ਨੇ ਸਾਲ 2024-25 ਦੌਰਾਨ ਲਗਭਗ 59.73 ਟਨ ਸਜਾਵਟੀ ਮੱਛੀ ਉਤਪਾਦਾਂ ਦੀ ਬਰਾਮਦ ਕੀਤੀ, ਜਿਨ੍ਹਾਂ ਦਾ ਮੁੱਲ 16.94 ਕਰੋੜ ਰੁਪਏ ਸੀ। ਭਾਰਤ ਵਿੱਚ ਮਿੱਠੇ ਪਾਣੀ ਅਤੇ ਸਮੁੰਦਰੀ ਸਜਾਵਟੀ ਮੱਛੀਆਂ ਦੀਆਂ ਵਿਆਪਕ ਕਿਸਮਾਂ ਮੌਜੂਦ ਹਨ, ਪਰ ਉੱਚ-ਮੁੱਲ ਵਾਲੀਆਂ ਪ੍ਰਜਾਤੀਆਂ ਦੇ ਵਪਾਰਕ ਪ੍ਰਜਨਨ,ਸਵਦੇਸ਼ੀ ਕਿਸਮਾਂ ਨੂੰ ਉਤਸ਼ਾਹਿਤ ਕਰਨ, ਬਿਹਤਰ ਗੁਣਵੱਤਾ ਭਰੋਸਾ, ਪ੍ਰਮਾਣੀਕਰਣ, ਟਰੇਸੇਬਿਲਟੀ, ਜੈਵ ਸੁਰੱਖਿਆ ਅਤੇ ਕੁਸ਼ਲ ਜੀਵਤ ਮੱਛੀ ਆਵਾਜਾਈ ਰਾਹੀਂ ਨਿਰਯਾਤ ਵਧਾਉਣ ਦੀਆਂ ਅਥਾਹ ਸੰਭਾਵਨਾਵਾਂ ਹਨ।

*****

ਜੇਪੀ/ਬਲਜੀਤ


(Release ID: 2323954) ਵਿਜ਼ੀਟਰ ਕਾਊਂਟਰ : 2