ਖੇਤੀਬਾੜੀ ਮੰਤਰਾਲਾ
azadi ka amrit mahotsav

ਦਿੱਲੀ ਵਿੱਚ ਐਗਰੀਵਿਜ਼ਨ ਦੀ 10ਵੇਂ ਨੈਸ਼ਨਲ ਕਨਵੈਂਸ਼ਨ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਸ਼ਿਰਕਤ


ਫਰਜ਼ੀ ਖੇਤੀਬਾੜੀ ਕਾਲਜਾਂ ‘ਤੇ ਲਗੇਗੀ ਲਗਾਮ, ਛੇਤੀ ਹੀ ਬਣੇਗੀ ਐਗਰੀਕਲਚਰ ਕੌਂਸਲ-ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ

ਖੇਤੀਬਾੜੀ ਵਿਦਿਆਰਥੀਆਂ ਦੀ ਡਿਗਰੀ ਬੇਕਾਰ ਨਹੀਂ ਜਾਣ ਦੇਵਾਂਗੇ, ਸ਼ੌਰਟ ਅਤੇ ਲੌਂਗ ਟਰਮ ਰੋਡਮੈਪ ‘ਤੇ ਕੰਮ ਕਰੇਗੀ ਸਰਕਾਰ-ਸ਼੍ਰੀ ਸ਼ਿਵਰਾਜ ਸਿੰਘ

‘ਤੁਸੀਂ ਮੰਥਨ ਤੋਂ ਅੰਮ੍ਰਿਤ ਕੱਢੋ, ਅਸੀਂ ਲਾਗੂ ਕਰਾਂਗੇ: ਐਗਰੀਵਿਜ਼ਨ ਕਨਵੈਂਸ਼ਨ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਐਲਾਨ

10 ਵਰ੍ਹਿਆਂ ਵਿੱਚ 49% ਵਧਿਆ ਫੂਡਗ੍ਰੇਨ ਪ੍ਰੋਡਕਸ਼ਨ, ਚੌਲਾਂ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਨੰਬਰ ਵਨ ਹੋਇਆ ਭਾਰਤ-ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
​
ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ ਹੀ ਭਾਰਤ ਹੁਣ ਸਿਰਫ਼ ਆਪਣਾ ਪੇਟ ਨਹੀਂ ਭਰੇਗਾ , ਦੁਨੀਆ ਦੀ ਫੂਡ ਬਾਸਕੇਟ ਬਣੇਗਾ –ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

Posted On: 14 OCT 2026 6:21PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪੂਸਾ, ਦਿੱਲੀ ਵਿੱਚ ਐਗਰੀਵਿਜ਼ਨ ਦੀ 10ਵੀਂ ਨੈਸ਼ਨਲ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ ਹੀ ਭਾਰਤ ਹੁਣ ਸਿਰਫ ਆਪਣਾ ਪੇਟ ਭਰਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਆਉਣ ਵਾਲੇ ਸਮੇਂ ਵਿੱਚ ਪੂਰੀ ਦੂਨੀਆ ਦੀ ਫੂਡ ਬਾਸਕੇਟ ਬਣ ਕੇ ਉਭਰੇਗਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦੇਸ਼ ਵਿੱਚ ਬਿਨਾ ਮਿਆਰਾਂ ਦੇ ਖੁੱਲ ਰਹੇ ਪ੍ਰਾਈਵੇਟ ਐਗਰੀਕਲਚਰਲ ਕਾਲਜਾਂ ਅਤੇ ਫਰਜ਼ੀ ਡਿਗਰੀਆਂ ‘ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇਗੀ ਅਤੇ ਇਸ ਦੇ ਨਿਯਮਾਂ ਲਈ ਜਲਦੀ ਹੀ ਐਗਰੀਕਲਚਰਲ ਕੌਂਸਲ ਦਾ ਗਠਨ ਹੋਵੇਗਾ।

ਕਮੀ ਦੇ ਦੌਰ ਤੋਂ ਆਤਮਨਿਰਭਰਤਾ ਅਤੇ ਰਿਕਾਰਡ ਉਤਪਾਦਨ ਤੱਕ ਦਾ ਸਫ਼ਰ

ਆਪਣੇ ਸੰਬੋਧਨ ਵਿੱਚ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੇਸ਼ ਦੀ ਖੇਤੀਬਾੜੀ ਯਾਤਰਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇੱਕ ਦੌਰ ਉਹ ਸੀ ਜਦੋਂ ਦੇਸ਼ ਨੂੰ ਪੀਐੱਲ-480 ਦੇ ਤਹਿਤ ਆਯਾਤ ਕੀਤੇ ਅਨਾਜ ਉੱਪਰ ਨਿਰਭਰ ਰਹਿਣਾ ਪੈਂਦਾ ਸੀ,  ਪਰ ਅੱਜ ਭਾਰਤੀ ਕਿਸਾਨਾਂ ਦੀ ਮਿਹਨਤ ਅਤੇ ਆਧੁਨਿਕ ਨੀਤੀਆਂ ਸਦਕਾ ਦੇਸ਼ ਅਨਾਜ ਵਿੱਚ ਪੂਰੀ ਤਰ੍ਹਾਂ ਆਤਮਨਿਰਭਰ ਹੈ। ਸਾਲ 2014 ਤੋਂ 2024 ਦਰਮਿਆਨ ਦੇਸ਼ ਦਾ ਕੁੱਲ  ਖੇਤੀਬਾੜੀ ਉਤਪਾਦਨ 49 ਫੀਸਦੀ ਵਧਿਆ ਹੈ। ਭਾਰਤ ਅੱਜ ਚੌਲ ਉਤਪਾਦਨ ਅਤੇ ਨਿਰਯਾਤ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹੈ, ਜਦੋਂਕਿ ਕਣਕ ਵਿੱਚ ਦੂਜੇ ਨੰਬਰ ‘ਤੇ ਹੈ। ਹੁਣ ਸਮੱਸਿਆ ਉਤਪਾਦਨ ਦੀ ਨਹੀਂ, ਸਗੋਂ ਉਸ ਦੇ ਵਿਗਿਆਨਕ ਭੰਡਾਰਣ, ਪ੍ਰਬੰਧਨ ਅਤੇ ਵਿਸ਼ਵਵਿਆਪੀ ਨਿਰਯਾਤ ਦੀ ਹੈ।

 “ਤੁਸੀਂ ਵਿਚਾਰਾਂ ਦਾ ਅੰਮ੍ਰਿਤ ਲੈ ਕੇ ਆਓ; ਅਸੀਂ ਨੀਤੀਆਂ ਬਣਾਵਾਂਗੇ ਅਤੇ ਉਨ੍ਹਾਂ ਨੂੰ ਲਾਗੂ ਕਰਾਂਗੇ”

ਸ਼੍ਰੀ ਸ਼ਿਵਰਾਜ ਚੌਹਾਨ ਨੇ ਨੀਤੀ-ਨਿਰਮਾਣ ਦੀ ਪ੍ਰਕਿਰਿਆ ਵਿੱਚ ਵਿਦਿਆਰਥੀਆਂ ਅਤੇ ਕਿਸਾਨ ਸੰਗਠਨਾਂ ਦੀ ਮੁਹਾਰਤ ਨੂੰ ਬਹੁਤ ਮਹੱਤਵਪੂਰਨ ਦੱਸਿਆ। ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਮਾਹਰਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਅਤੇ ਸੁਝਾਅ ਦੇਣ ਲਈ ਉਤਸ਼ਾਹਿਤ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ, “ਇਸ ਨੈਸ਼ਨਲ ਕਾਨਫਰੰਸ ਵਿੱਚ ਡੂੰਘਾਈ ਨਾਲ ਚਰਚਾ ਕਰੋ ਅਤੇ ਆਪਣੇ ਨਤੀਜਿਆਂ ਦੇ ਰੂਪ ਵਿੱਚ ‘ਅੰਮ੍ਰਿਤ ਲੈ ਕੇ ਆਓ। ਸਰਕਾਰ ਇਨ੍ਹਾਂ ਵਿਚਾਰਾਂ ਨੂੰ ਰਾਸ਼ਟਰੀ ਹਿਤ ਵਿੱਚ ਸਾਂਝਾ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਲਵੇਗੀ।” ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚਰਚਾਵਾਂ ਨਾਲ ਅਜਿਹੇ ਵਿਵਹਾਰਕ ਸੁਝਾਅ ਸਾਹਮਣੇ ਆਉਣੇ ਚਾਹੀਦੇ ਹਨ ਜੋ ਖੇਤੀਬਾੜੀ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ ਅਤੇ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰ ਸਕਣ। ਅਗਲੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਕਾਨਫਰੰਸ ਦੇ ਨਤੀਜਿਆਂ ਦੇ ਅਧਾਰ 'ਤੇ ਇੱਕ ਵਿਸਤ੍ਰਿਤ ਕਾਰਜ-ਯੋਜਨਾ ਤਿਆਰ ਕਰਨ ਲਈ ਅਗਲੇ 15 ਦਿਨਾਂ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਪ੍ਰਤੀਨਿਧੀਆਂ ਨੂੰ ਦੁਬਾਰਾ ਮੁਲਾਕਾਤ ਕਰਨਗੇ। ਅਗਲੀ ਚਰਚਾ ਵਿੱਚ ਮੁੱਖ ਤੌਰ 'ਤੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਨੂੰ ਤਿਆਰ ਕਰਨ ਅਤੇ ਲਾਗੂ ਕਰਨ 'ਤੇ ਧਿਆਨ ਦਿੱਤਾ ਜਾਵੇਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਨਫਰੰਸ ਵਿੱਚੋਂ ਨਿਕਲੇ ਸੁਝਾਵਾਂ ਨੂੰ ਠੋਸ ਕਾਰਵਾਈ ਵਿੱਚ ਬਦਲਿਆ ਜਾ ਸਕੇ।

ਖੇਤੀਬਾੜੀ ਸਿੱਖਿਆ ਦੇ ਵਿਦਿਆਰਥੀਆਂ ਦੇ ਭਵਿੱਖ ਦੀ ਸੁਰੱਖਿਆ ਮੁੱਖ ਤਰਜੀਹ ਹੈ

ਖੇਤੀਬਾੜੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਲੋੜ 'ਤੇ ਜ਼ੋਰ ਦਿੰਦਿਆਂ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਕਿਸੇ ਵੀ ਸੰਸਥਾ ਨੂੰ ਸਿਰਫ਼ ਇੱਕ ਫੀਸ ਵਸੂਲਣ ਅਤੇ ਬਿਨਾ ਉਚਿਤ ਮਿਆਰਾਂ ਦੇ ਡਿਗਰੀਆਂ ਵੰਡਣ ਵਾਲੇ ਕਾਰੋਬਾਰ ਵਜੋਂ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।  ਸਰਕਾਰ ਇਹ ਯਕੀਨੀ ਬਣਾਏਗੀ ਕਿ ਨੌਜਵਾਨਾਂ ਵੱਲੋਂ ਹਾਸਲ ਕੀਤੀਆਂ ਤਕਨੀਕੀ ਯੋਗਤਾਵਾਂ, ਜਿਵੇਂ ਕਿ ਬੈਚਲਰ ਆਫ਼ ਸਾਇੰਸ ਇਨ ਐਗਰੀਕਲਚਰ (BSc Agriculture) ਅਤੇ ਮਾਸਟਰ ਆਫ਼ ਸਾਇੰਸ ਇਨ ਐਗਰੀਕਲਚਰ (MSc Agriculture), ਦੀ ਅਹਿਮੀਅਤ ਬਣੀ ਰਹੇ ਅਤੇ ਉਹ ਬੇਕਾਰ ਨਾ ਹੋ ਜਾਣ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਲਗਾਏ ਗਏ ਸਮੇਂ, ਮਿਹਨਤ ਅਤੇ ਪੈਸੇ ਦੀ ਸੁਰੱਖਿਆ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਖੇਤੀਬਾੜੀ ਸੰਸਥਾਵਾਂ ਅਰਥਪੂਰਨ ਅਤੇ ਭਰੋਸੇਯੋਗ ਯੋਗਤਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਪ੍ਰਸਤਾਵਿਤ ਰੈਗੂਲੇਟਰੀ ਉਪਾਵਾਂ ਦਾ ਉਦੇਸ਼ ਘਟੀਆ ਕਾਲਜਾਂ ਅਤੇ ਫਰਜ਼ੀ ਡਿਗਰੀਆਂ ਦੇ ਵਾਧੇ ਨੂੰ ਰੋਕਣਾ ਅਤੇ ਨਾਲ ਹੀ ਖੇਤੀਬਾੜੀ ਸਿੱਖਿਆ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਬਣਾਈ ਰੱਖਣਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਮਿਲੇ ਜੋ ਉਨ੍ਹਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਏ ਅਤੇ ਉਨ੍ਹਾਂ ਨੂੰ ਖੇਤੀਬਾੜੀ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਦੇ ਯੋਗ ਬਣਾਵੇ।

ਛੋਟੇ ਕਿਸਾਨਾਂ ਲਈ 'ਏਕੀਕ੍ਰਿਤ ਫਾਰਮਿੰਗ' (integrated farming) ਮਾਡਲ

ਭਾਰਤ ਵਿੱਚ ਜ਼ਮੀਨ ਦੀ ਔਸਤ ਮਾਲਕੀ ਦਾ ਆਕਾਰ ਸਿਰਫ਼ 0.96 ਹੈਕਟੇਅਰ ਹੋਣ ਦਾ ਜ਼ਿਕਰ ਕਰਦਿਆਂ, ਸ਼੍ਰੀ ਚੌਹਾਨ ਨੇ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਵਿੱਚ ਵਿਭਿੰਨਤਾ ਲਿਆਉਣਾ ਲਾਜ਼ਮੀ ਹੈ। ਸਿਰਫ਼ ਅਨਾਜ ਦੀ ਖੇਤੀ 'ਤੇ ਨਿਰਭਰ ਰਹਿਣ ਦੀ ਬਜਾਏ ਕਈ ਦੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਜੋੜ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਵਧੇਰੇ ਸੁਰੱਖਿਅਤ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਅਨਾਜ ਉਤਪਾਦਨ ਦੇ ਨਾਲ-ਨਾਲ, ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਖੇਤੀ, ਔਸ਼ਧੀ ਪੌਦਿਆਂ ਦੀ ਖੇਤੀ, ਪਸ਼ੂ ਪਾਲਣ, ਮੱਛੀ ਪਾਲਣ, ਮਧੂਮੱਖੀ ਪਾਲਣ ਅਤੇ ਕੁਦਰਤੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਜੋੜਨ ਨਾਲ ਆਮਦਨ ਦੇ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ, ਇੱਕੋ ਫਸਲ 'ਤੇ ਨਿਰਭਰਤਾ ਨੂੰ ਘਟਾਉਣ ਅਤੇ ਕਿਸਾਨ ਪਰਿਵਾਰਾਂ ਦੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਨੇ ਖੇਤੀਬਾੜੀ ਵਿੱਚ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਖੇਤੀਬਾੜੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਰੋਬੋਟਿਕਸ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਆ ਰਹੀ ਹੈ, ਜਿਸ ਨਾਲ ਖੇਤੀ ਦੇ ਤਰੀਕਿਆਂ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਦੀ ਕਾਰਜ-ਕੁਸ਼ਲਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਵਿਭਿੰਨ ਖੇਤੀਬਾੜੀ ਪ੍ਰਣਾਲੀਆਂ ਨੂੰ ਤਕਨੀਕੀ ਤਰੱਕੀ ਦੇ ਨਾਲ ਜੋੜਨ ਨਾਲ ਉਤਪਾਦਕਤਾ ਵਧਾਉਣ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਦੇ ਯਤਨਾਂ ਨੂੰ ਮਦਦ ਮਿਲੇਗੀ।

ਪ੍ਰੋਗਰਾਮ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ‘ਐਗਰੀਵਿਜ਼ਨ’ (Agrivision)  ਦੇ 10 ਸਾਲ ਦੇ ਸਫ਼ਰ ਨੂੰ ਦਰਸਾਉਣ ਵਾਲੀ ਇੱਕ ਸ਼ਪੈਸ਼ਲ ਬੁੱਕਲੇਟ ਲਾਂਚ ਕੀਤੀ। ਇਸ ਨੈਸ਼ਨਲ ਕਾਨਫਰੰਸ ਵਿੱਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਖੇਤੀਬਾੜੀ ਵਿਗਿਆਨੀ, ਖੋਜਕਰਤਾ  ਅਤੇ ਵਿਦਿਆਰਥੀ ਸ਼ਾਮਲ ਹੋਏ। ਉਨ੍ਹਾਂ ਦੀ ਭਾਗੀਦਾਰੀ ਨੇ ਖੇਤੀਬਾੜੀ ਖੇਤਰ ਨਾਲ ਜੁੜੇ ਮਾਹਰਾਂ ਅਤੇ ਨੌਜਵਾਨਾਂ ਨੂੰ ਇਸ ਖੇਤਰ ਦੀਆਂ ਚੁਣੌਤੀਆਂ, ਭਵਿੱਖ ਦੀਆਂ ਤਰਜੀਹਾਂ ਅਤੇ ਵਿਕਾਸ ਦੇ ਮੌਕਿਆਂ ਬਾਰੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕੀਤਾ।

 

*****

ਐੱਸਐੱਸ/ਐੱਮਐੱਸ/ਐੱਮਕੇ/ਏਕੇ


(Release ID: 2323927) ਵਿਜ਼ੀਟਰ ਕਾਊਂਟਰ : 7