ਰੱਖਿਆ ਮੰਤਰਾਲਾ
azadi ka amrit mahotsav

ਯੁੱਧ ਦੇ ਬਦਲਦੇ ਸਰੂਪ ਵਿੱਚ ਸਵਦੇਸ਼ੀ ਤਕਨੀਕ ਦੇ ਵਿਕਾਸ ਅਤੇ ਉਸ ਨੂੰ ਅਪਣਾਉਣ ਦੀ ਗਤੀ ਵਧਾਉਣ ਲਈ ਰੱਖਿਆ ਖੇਤਰ, ਸਿੱਖਿਆ ਜਗਤ ਅਤੇ ਰੱਖਿਆ ਉਦਯੋਗ ਦਰਮਿਆਨ ਕਰੀਬੀ ਸਹਿਯੋਗ ਜ਼ਰੂਰੀ ਹੈ: ਰਕਸ਼ਾ ਮੰਤਰੀ

Posted On: 14 OCT 2026 8:07PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਯੁੱਧ ਦੇ ਬਦਲਦੇ ਸਰੂਪ ਦੇ ਮੱਦੇਨਜ਼ਰ ਸਵਦੇਸ਼ੀ ਰੱਖਿਆ ਤਕਨੀਕਾਂ ਦੇ ਵਿਕਾਸ, ਉਨ੍ਹਾਂ ਨੂੰ ਅਪਣਾਉਣ ਅਤੇ ਉਨ੍ਹਾਂ ਵਿੱਚ ਨਿਰੰਤਰ ਸੁਧਾਰ ਦੀ ਪ੍ਰਕਿਰਿਆ ਤੇਜ਼ ਕਰਨ ਲਈ ਹਥਿਆਰਬੰਦ ਬਲਾਂ, ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਵਿਦਿਅਕ ਸੰਸਥਾਨਾਂ, ਰੱਖਿਆ ਖੇਤਰ ਦੇ ਜਨਤਕ ਉਪਕ੍ਰਮਾਂ ਅਤੇ ਨਿਜੀ ਉਦਯੋਗਾਂ, ਵਿਸ਼ੇਸ਼ ਤੌਰ ‘ਤੇ ਸਟਾਰਟਅੱਪਸ ਦਰਮਿਆਨ ਡੂੰਘੇ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਨੇ 14 ਅਕਤੂਬਰ, 2026 ਨੂੰ ਨਵੀਂ ਦਿੱਲੀ ਵਿੱਚ ਆਈਆਈਟੀ ਕਾਨਪੁਰ ਦੇ ‘ਗ੍ਰੇਟਰ ਦੈਨ ਅਸ’ ਫੰਡਰੇਜ਼ਿੰਗ ਅਭਿਆਨ ਦੀ ਸ਼ੁਰੂਆਤ ਦੇ ਮੌਕੇ ‘ਤੇ ਸਵਦੇਸ਼ੀ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਰਣਨੀਤਕ ਮਹੱਤਵ ‘ਤੇ ਜ਼ੋਰ ਦਿੱਤਾ। ਰਕਸ਼ਾ ਮੰਤਰੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਖੁਦਮੁਖਤਿਆਰ ਪ੍ਰਣਾਲੀਆਂ, ਮਨੁੱਖ ਰਹਿਤ ਪਲੈਟਫਾਰਮ, ਉੱਨਤ ਸੈਂਸਰ, ਸਾਈਬਰ ਸੁਰੱਖਿਆ ਅਤੇ ਪੁਲਾੜ-ਅਧਾਰਿਤ ਤਕਨੀਕਾਂ ਮਿਲਟਰੀ ਅਭਿਆਨਾਂ ਦੇ ਤੌਰ-ਤਰੀਕਿਆਂ ਵਿੱਚ ਤੇਜ਼ੀ ਨਾਲ ਬਦਲਾਅ ਲਿਆ ਰਹੀਆਂ ਹਨ।

image.jpeg

ਰਕਸ਼ਾ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਅਤੇ ਤਕਨੀਕੀ ਸਮਰੱਥਾਵਾਂ ਦਰਮਿਆਨ ਵਧਦੇ ਸਬੰਧਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਤਕਨਾਲੋਜੀ ਸੰਸਥਾਨ ਵਿਦਿਅਕ ਖੋਜ ਨੂੰ ਰੱਖਿਆ ਅਤੇ ਉਦਯੋਗ ਜਗਤ ਦੀਆਂ ਜ਼ਰੂਰਤਾਂ ਨਾਲ ਜੋੜ ਕੇ ਇਸ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ‘ਆਤਮਨਿਰਭਰ ਭਾਰਤ’ ਪ੍ਰਤੀ ਵਚਨਬੱਧਤਾ ‘ਵਿਕਸਿਤ ਭਾਰਤ’ ਦੇ ਦ੍ਰਿਸ਼ਟੀਕੋਣ ਦਾ ਪ੍ਰਮੁੱਖ ਅਧਾਰ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਇਸ ਦਾ ਉਦੇਸ਼ ਇੱਕ ਅਜਿਹਾ ਭਾਰਤ ਬਣਾਉਣਾ ਹੈ, ਜੋ ਤਕਨੀਕੀ ਤੌਰ ‘ਤੇ ਸਮਰੱਥ, ਆਰਥਿਕ ਤੌਰ ‘ਤੇ ਪ੍ਰਤੀਯੋਗੀ, ਨਵੀਨਤਾ ਦੇ ਖੇਤਰ ਵਿੱਚ ਮੋਹਰੀ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਹੋਵੇ। ਅਜਿਹਾ ਭਾਰਤ, ਜੋ ਸਿਰਫ਼ ਗਿਆਨ ਅਤੇ ਤਕਨਾਲੋਜੀ ਦਾ ਉਪਭੋਗਤਾ ਨਾ ਰਹਿ ਕੇ ਉਨ੍ਹਾਂ ਦੇ ਵਿਕਾਸ ਅਤੇ ਨਿਰਮਾਣ ਵਿੱਚ ਵੀ ਸਰਗਰਮ ਭੂਮਿਕਾ ਨਿਭਾਏ।

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਉੱਚ ਸਿੱਖਿਆ ਅਤੇ ਖੋਜ ਦੇ ਮਜ਼ਬੂਤ ਸੰਸਥਾਨਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਨਵੀਨਤਾ ਅਤੇ ਉੱਦਮਤਾ ਦੇ ਖੇਤਰ ਵਿੱਚ ਆਈਆਈਟੀ ਈਕੋਸਿਸਟਮ ਦੇ ਵਧਦੇ ਯੋਗਦਾਨ ਦਾ ਅੰਦਾਜ਼ਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ ਨੇ 6,000 ਤੋਂ ਵੱਧ ਸਟਾਰਟਅੱਪਸ, 56 ਯੂਨੀਕੌਰਨ ਅਤੇ ਲਗਭਗ 5,000 ਪੇਟੈਂਟ ਨੂੰ ਸਹਿਯੋਗ ਅਤੇ ਹੁਲਾਰਾ ਦਿੱਤਾ ਹੈ। ਰਕਸ਼ਾ ਮੰਤਰੀ ਨੇ ਕਿਹਾ, “ਇਹ ਉਪਲਬਧੀਆਂ ਦਰਸਾਉਂਦੀਆਂ ਹਨ ਕਿ ਆਈਆਈਟੀ ਹੁਣ ਸਿਰਫ਼ ਗਿਆਨ ਪ੍ਰਦਾਨ ਕਰਨ ਵਾਲੇ ਸੰਸਥਾਨ ਨਹੀਂ ਰਹਿ ਗਏ ਹਨ, ਸਗੋਂ ਤੇਜ਼ੀ ਨਾਲ ਨਵੀਨਤਾ, ਉੱਦਮਤਾ ਅਤੇ ਤਕਨੀਕੀ ਸਮਰੱਥਾ ਦੇ ਪ੍ਰਮੁੱਖ ਕੇਂਦਰ ਬਣਦੇ ਜਾ ਰਹੇ ਹਨ। ਆਈਆਈਟੀ ਕਾਨਪੁਰ ਜਿਹੇ ਸੰਸਥਾਨ ਵਿਗਿਆਨਕ ਸਮਰੱਥਾਵਾਂ ਦਾ ਵਿਸਥਾਰ ਕਰਨ, ਨਵੀਨਤਾ ਦੇ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਅਤੇ ਸਮਾਜ ਲਈ ਉਪਯੋਗੀ ਸਮਾਧਾਨ ਵਿਕਸਿਤ ਕਰਨ ਰਾਹੀਂ ਭਾਰਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।”

image.jpeg

ਰਕਸ਼ਾ ਮੰਤਰੀ ਨੇ ਵੱਖ-ਵੱਖ ਗਤੀਵਿਧੀਆਂ ਦਾ ਜ਼ਿਕਰ ਕਰਦੇ ਹੋਏ ਆਈਆਈਟੀ ਕਾਨਪੁਰ ਵਿੱਚ ਸਥਾਪਿਤ ਡੀਆਰਡੀਓ-ਉਦਯੋਗ-ਅਕਾਦਮਿਕ ਉਤਕ੍ਰਿਸ਼ਟਤਾ ਕੇਂਦਰ ਯਾਨੀ ਸੈਂਟਰ ਆਫ਼ ਐਕਸੀਲੈਂਸ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਸਥਾਨ ਵਿੱਚ ‘ਸਕੂਲ ਆਫ਼ ਡਿਫੈਂਸ ਟੈਕਨੋਲੋਜ਼ੀਜ’ ਸਥਾਪਿਤ ਕਰਨ ਦੇ ਪ੍ਰਸਤਾਵ ਦਾ ਵੀ ਸੁਆਗਤ ਕੀਤਾ। ਸ਼੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਆਈਆਈਟੀ ਕਾਨਪੁਰ ਵਿੱਚ ‘ਨੈਸ਼ਨਲ ਮਿਲਟਰੀ ਡ੍ਰੋਨ ਟੈਕਨੋਲੋਜੀ ਹੱਬֹ’ ਸਥਾਪਿਤ ਕਰਨ ਦੇ ਪ੍ਰਸਤਾਵ ‘ਤੇ ਮਹੱਤਵਪੂਰਨ ਪ੍ਰਗਤੀ ਹੋਈ ਹੈ। ਇਸ ਕੇਂਦਰ ਦਾ ਉਦੇਸ਼ ਸਵਦੇਸ਼ੀ ਤਕਨੀਕਾਂ ਦੇ ਵਿਕਾਸ ਅਤੇ ਨਵੀਨਤਾ ਨੂੰ ਗਤੀ ਦੇਣਾ ਅਤੇ ਯੁੱਧ ਖੇਤਰ ਵਿੱਚ ਤਕਨੀਕੀ ਵਾਧਾ ਹਾਸਲ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵੀ ਅੰਤਿਮ ਪੜਾਅ ਵਿੱਚ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਭਰੋਸਾ ਪ੍ਰਗਟ ਕੀਤਾ ਕਿ ਅਜਿਹੀਆਂ ਸਾਂਝੇਦਾਰੀਆਂ ਰਣਨੀਤਕ ਮਹੱਤਵ ਦੀਆਂ ਸਵਦੇਸ਼ੀ ਤਕਨੀਕਾਂ ਵਿਕਸਿਤ ਕਰਨ ਲਈ ਵਿਗਿਆਨਕ ਪ੍ਰਤਿਭਾ, ਸੰਸਥਾਗਤ ਮੁਹਾਰਤ ਅਤੇ ਰੱਖਿਆ ਬਲਾਂ ਦੇ ਸੰਚਾਲਨ ਅਨੁਭਵ ਨੂੰ ਇੱਕ ਪਲੈਟਫਾਰਮ ‘ਤੇ ਲਿਆਏਗੀ। ਉਨ੍ਹਾਂ ਨੇ ਕਿਹਾ ਕਿ ਭਰੋਸੇਯੋਗ ਵਿਦਿਅਕ ਸੰਸਥਾਨ ਖੋਜ ਕਾਰਜਾਂ ਨੂੰ ਵਿਵਹਾਰਕ ਰੱਖਿਆ ਐਪਲੀਕੇਸ਼ਨਾਂ ਵਿੱਚ ਬਦਲਣ ਅਤੇ ਸੈਨਾ ਦੀਆਂ ਬਦਲਦੀਆਂ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਰਕਸ਼ਾ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਉਦਯੋਗਿਕ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਆਈਆਈਟੀ ਕਾਨਪੁਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾਨ ਵਿਗਿਆਨਕ ਖੋਜ ਅਤੇ ਉਸ ਦੇ ਉਦਯੋਗਿਕ ਉਪਯੋਗ, ਨਵੀਆਂ ਤਕਨਾਲੋਜੀਆਂ ਅਤੇ ਉੱਦਮਤਾ ਦਰਮਿਆਨ ਇੱਕ ਮਹੱਤਵਪੂਰਨ ਪੁਲ ਬਣ ਸਕਦਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਕਾਨਪੁਰ ਦੀ ਸਮ੍ਰਿੱਧ ਉਦਯੋਗਿਕ ਵਿਰਾਸਤ ਅਤੇ ਆਈਆਈਟੀ ਕਾਨਪੁਰ ਦੀ ਤਕਨੀਕੀ ਮੁਹਾਰਤ ਦਾ ਤਾਲਮੇਲ ਉੱਦਮਤਾ, ਰੁਜ਼ਗਾਰ, ਨਿਵੇਸ਼ ਅਤੇ ਆਰਥਿਕ ਵਿਕਾਸ ਦੇ ਨਵੇਂ ਮੌਕੇ ਪੈਦਾ ਕਰ ਸਕਦਾ ਹੈ। ਇਸ ਨਾਲ ਉੱਤਰ ਪ੍ਰਦੇਸ਼ ਨੂੰ ਇੱਕ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਵੀ ਯੋਗਦਾਨ ਮਿਲੇਗਾ।

ਸ਼੍ਰੀ ਰਾਜਨਾਥ ਸਿੰਘ ਨੇ ਆਈਆਈਟੀ ਕਾਨਪੁਰ ਦੇ ਸੀ3ਆਈ ਸਾਈਬਰ ਸੁਰੱਖਿਆ ਤਕਨਾਲੋਜੀ ਇਨੋਵੇਸ਼ਨ ਹੱਬ ਅਤੇ ਸੰਸਥਾਨ ਦੇ ਮੈਡੀਕਲ ਸਕੂਲ ਦਾ ਜ਼ਿਕਰ ਕਰਦੇ ਹੋਏ ਇਨ੍ਹਾਂ ਨੂੰ ਸਾਈਬਰ ਸੁਰੱਖਿਆ, ਸਿਹਤ ਸੇਵਾਵਾਂ ਅਤੇ ਮੈਡੀਕਲ ਤਕਨਾਲੋਜੀ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਮਹੱਤਵਪੂਰਨ ਪਹਿਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉੱਨਤ ਸਮੱਗਰੀ, ਸੈਮੀਕੰਡਕਟਰ, ਕੁਆਂਟਮ ਤਕਨਾਲੋਜੀ ਅਤੇ ਵਾਤਾਵਰਣ ਸਥਿਰਤਾ ਵਰਗੇ ਉਭਰਦੇ ਖੇਤਰਾਂ ਵਿੱਚ ਖੋਜ ਰਾਸ਼ਟਰੀ ਤਰਜੀਹਾਂ ਨੂੰ ਪੂਰਾ ਕਰਨ ਅਤੇ ਭਵਿੱਖ ਦੀਆਂ ਤਕਨੀਕਾਂ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਹੋਵੇਗਾ।

ਰਕਸ਼ਾ ਮੰਤਰੀ ਨੇ ਖੋਜ ਅਤੇ ਨਵੀਨਤਾ ਵਿੱਚ ਨਿਰੰਤਰ ਨਿਵੇਸ਼ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਸਰਕਾਰ ਦੀ ਇੱਕ ਲੱਖ ਕਰੋੜ ਰੁਪਏ ਦੀ ਖੋਜ, ਵਿਕਾਸ, ਨਵੀਨਤਾ ਯੋਜਨਾ ਦਾ ਜ਼ਿਕਰ ਕੀਤਾ। ਇਸ ਯੋਜਨਾ ਦਾ ਉਦੇਸ਼ ਖੋਜ ਅਤੇ ਉੱਨਤ ਤਕਨਾਲੋਜੀਆਂ ਦੇ ਖੇਤਰ ਵਿੱਚ ਨਿਜੀ ਖੇਤਰ ਦੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨਾ ਹੈ। ਉਨ੍ਹਾਂ ਨੇ ਕਿਹਾ, “ਜਨਤਕ ਨੀਤੀਆਂ ਅਨੁਕੂਲ ਮਾਹੌਲ ਤਿਆਰ ਕਰ ਸਕਦੀਆਂ ਹਨ, ਲੇਕਿਨ ਸੰਸਥਾਨਾਂ ਨੂੰ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਨਵੇਂ ਵਿਚਾਰਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਉੱਥੇ ਹੀ, ਰੱਖਿਆ ਉਦਯੋਗ ਜਗਤ ਨੂੰ ਨਵੀਨਤਾਵਾਂ ਨੂੰ ਵਿਵਹਾਰਕ ਵਰਤੋਂ ਵਿੱਚ ਬਦਲਣ ਅਤੇ ਉਨ੍ਹਾਂ ਨੂੰ ਵੱਡੇ ਪੈਮਾਨੇ ‘ਤੇ ਲਾਗੂ ਕਰਨ ਵਿੱਚ ਮਦਦ ਕਰਨੀ ਹੋਵੇਗੀ।”

image.jpeg

ਆਈਆਈਟੀ ਕਾਨਪੁਰ ਦਾ ਟੀਚਾ ‘ਗ੍ਰੇਟਰ ਦੈਨ ਅਸ’ ਅਭਿਆਨ ਦੇ ਤਹਿਤ ਮਾਰਚ, 2029 ਤੱਕ ਇੱਕ ਅਰਬ ਅਮਰੀਕੀ ਡਾਲਰ ਇਕੱਠਾ ਕਰਨਾ ਹੈ। ਇਹ ਕਿਸੇ ਵੀ ਆਈਆਈਟੀ ਸੰਸਥਾਨ ਦੁਆਰਾ ਸ਼ੁਰੂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਫੰਡਰੇਜ਼ਿੰਗ ਅਭਿਆਨ ਹੈ। ਇਸ ਟੀਚੇ ਦੀ ਲਗਭਗ ਅੱਧੀ ਰਾਸ਼ੀ ਯਾਨੀ 4,155 ਕਰੋੜ ਰੁਪਏ ਇਕੱਠੇ ਕਰਨ ਦੀ ਵਚਨਬੱਧਤਾ ਸਾਬਕਾ ਵਿਦਿਆਰਥੀਆਂ, ਦਾਨੀਆਂ, ਕਾਰਪੋਰੇਟ ਸਾਂਝੇਦਾਰਾਂ ਅਤੇ ਸਰਕਾਰ ਵੱਲੋਂ ਪਹਿਲਾਂ ਹੀ ਮਿਲ ਚੁੱਕੀ ਹੈ। ਇਸ ਅਭਿਆਨ ਦਾ ਉਦੇਸ਼ ਆਈਆਈਟੀ ਕਾਨਪੁਰ ਦੇ ਖੋਜ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਵਦੇਸ਼ੀ ਤਕਨਾਲੋਜੀਆਂ ਅਤੇ ਨਵੀਨਤਾਵਾਂ ਦੇ ਵਿਕਾਸ ਅਤੇ ਵਪਾਰੀਕਰਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ। ਇਸ ਦੇ ਜ਼ਰੀਏ ਵਰ੍ਹੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ਵਿੱਚ ਯੋਗਦਾਨ ਦੇਣ ਦੀ ਵੀ ਕਲਪਨਾ ਕੀਤੀ ਗਈ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਅਭਿਆਨ ਨਾਲ ਆਈਆਈਟੀ ਕਾਨਪੁਰ ਦੀਆਂ ਖੋਜ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਆਧੁਨਿਕ ਸੁਵਿਧਾਵਾਂ ਦੇ ਵਿਕਾਸ,ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਨਵੇਂ ਮੌਕੇ ਉਪਲਬਧ ਕਰਵਾਉਣ ਅਤੇ ਰਾਸ਼ਟਰੀ ਅਤੇ ਗਲੋਬਲ ਚੁਣੌਤੀਆਂ ਦੇ ਸਮਾਧਾਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਸੰਸਥਾਨ ਦੇ ਸਾਬਕਾ ਵਿਦਿਆਰਥੀਆਂ, ਉਦਯੋਗ ਜਗਤ, ਦਾਨੀਆਂ ਅਤੇ ਸੰਸਥਾਗਤ ਸਹਿਯੋਗੀਆਂ ਨੂੰ ਆਰਥਿਕ ਸਹਿਯੋਗ, ਮਾਰਗਦਰਸ਼ਨ, ਖੋਜ ਸਾਂਝੇਦਾਰੀ ਅਤੇ ਪੇਸ਼ੇਵਰ ਨੈੱਟਵਰਕ ਰਾਹੀਂ ਇਸ ਅਭਿਆਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

image.jpeg

ਇਸ ਮੌਕੇ ‘ਤੇ ਆਈਆਈਟੀ ਕਾਨਪੁਰ ਦੇ ਡਾਇਰੈਕਟਰ ਪ੍ਰੋਫੈਸਰ ਮਨਿੰਦਰ ਅਗਰਵਾਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ਼੍ਰੀ ਅਵਨੀਸ਼ ਕੁਮਾਰ ਅਵਸਥੀ ਦੇ ਨਾਲ ਸੰਸਥਾਨ ਦੇ ਫੈਕਲਟੀ ਮੈਂਬਰ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀ ਵੀ ਮੌਜੂਦ ਸਨ।

****

ਐੱਸਆਰ/ਸੈਵੀ/ਏਕੇ


(Release ID: 2323920) ਵਿਜ਼ੀਟਰ ਕਾਊਂਟਰ : 12