ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਖੋਜ ਅਤੇ ਵਿਕਾਸ ਸੰਗਠਨ ਈਐੱਸਟੀਆਈਸੀ-2026 ਵਿਖੇ ਸੈਮੀਕੰਡਕਟਰਾਂ ਅਤੇ ਅਗਲੀ ਪੀੜ੍ਹੀ ਦੇ ਚਿਪਸ 'ਤੇ ਵਿਸ਼ੇਸ਼ ਸੈਸ਼ਨ ਦੀ ਮੇਜ਼ਬਾਨੀ ਕਰੇਗਾ

Posted On: 13 OCT 2026 6:58PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) "ਸੈਮੀਕੰਡਕਟਰ ਅਤੇ ਅਗਲੀ ਪੀੜ੍ਹੀ ਦੇ ਚਿੱਪ" ਵਿਸ਼ੇ 'ਤੇ ਇੱਕ ਵਿਸ਼ੇਸ਼ ਕਾਨਫਰੰਸ ਦੀ ਅਗਵਾਈ ਕਰੇਗਾ। ਇਹ ਸੈਸ਼ਨ 27 ਤੋਂ 29 ਅਕਤੂਬਰ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਣ ਵਾਲੇ ਉਭਰਦੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸੰਮੇਲਨ (ਈਐੱਸਟੀਆਈਸੀ-2026) ਦਾ ਹਿੱਸਾ ਹੋਵੇਗਾ। ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੀ ਅਗਵਾਈ ਹੇਠ 12 ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਇਹ ਕਾਨਫਰੰਸ ਇੱਕ ਮਹੱਤਵਪੂਰਨ ਰਾਸ਼ਟਰੀ ਪਹਿਲਕਦਮੀ ਹੈ। ਇਸ ਦਾ ਉਦੇਸ਼ "2047 ਤੱਕ ਵਿਕਸਿਤ ਭਾਰਤ" ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਅਤੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਰਾਹੀਂ ਦੇਸ਼ ਦੀ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨਾ ਹੈ। 

ਇਹ ਵਿਸ਼ੇਸ਼ DRDO ਸਮਾਗਮ ਰੱਖਿਆ ਉਦਯੋਗ, ਅਕਾਦਮਿਕ, ਦੇਸ਼ ਦੇ ਸੈਮੀਕੰਡਕਟਰ ਨਿਰਮਾਣ ਈਕੋਸਿਸਟਮ ਅਤੇ ਰੱਖਿਆ ਇਲੈਕਟ੍ਰੌਨਿਕਸ ਖੇਤਰ ਦੇ ਪ੍ਰਮੁੱਖ ਮਾਹਰਾਂ ਨੂੰ ਇਕੱਠਾ ਕਰੇਗਾ। ਇਸ ਸੈਸ਼ਨ ਵਿੱਚ ਮਾਈਕ੍ਰੋਨ ਇੰਡੀਆ ਦੇ ਉਪ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਇੱਕ ਮੁੱਖ ਭਾਸ਼ਣ ਦੇਣਗੇ। ਇਸ ਤੋਂ ਬਾਅਦ ਭਾਰਤ ਸੇਮੀ ਦੇ ਸੀਈਓ, ਨੇਤਰਸੇਮੀ ਦੇ ਸੀਈਓ ਅਤੇ ਆਈਆਈਟੀ ਮਦਰਾਸ ਦੇ ਡਾਇਰੈਕਟਰ ਦੁਆਰਾ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਵਿਚਾਰ-ਵਟਾਂਦਰੇ ਦੌਰਾਨ ਸੈਮੀਕੰਡਕਟਰ ਤਕਨਾਲੋਜੀ ਵਿੱਚ ਮੁੱਖ ਵਿਕਾਸ, ਖਾਸ ਉਦੇਸ਼ਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ-ਅਧਾਰਿਤ ਸਿਸਟਮ-ਔਨ-ਚਿੱਪ, ਸਿਲੀਕੌਨ ਚਿਪਸ 'ਤੇ ਖੁਫੀਆ ਜਾਣਕਾਰੀ ਵਿਕਸਿਤ ਕਰਨ ਲਈ ਤਕਨਾਲੋਜੀਆਂ ਅਤੇ ਬਦਲਦੇ ਮਾਈਕ੍ਰੋਪ੍ਰੋਸੈੱਸਰ ਲੈਂਡਸਕੇਪ 'ਤੇ ਕੇਂਦ੍ਰਿਤ ਹੋਣਗੇ। 

ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰ ਸੈਮੀਕੰਡਕਟਰ ਨਿਰਮਾਣ, ਚਿੱਪ ਡਿਜ਼ਾਈਨ, ਏਆਈ-ਅਧਾਰਿਤ ਕੰਪਿਊਟਿੰਗ, ਸਵਦੇਸ਼ੀ ਸੈਮੀਕੰਡਕਟਰ ਪਲੈਟਫਾਰਮ, ਖੋਜ ਅਤੇ ਵਿਕਾਸ, ਅਤੇ ਰਣਨੀਤਕ ਅਤੇ ਰੱਖਿਆ ਐਪਲੀਕੇਸ਼ਨਾਂ ਬਾਰੇ ਵਿਸਥਾਰ ਨਾਲ ਚਰਚਾ ਕਰਨਗੇ। ਸੈਸ਼ਨਾਂ ਤੋਂ ਰੱਖਿਆ ਉਦਯੋਗ, ਅਕਾਦਮਿਕ ਅਤੇ ਰਣਨੀਤਕ ਖੇਤਰ ਦੇ ਹਿੱਸੇਦਾਰਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨ, ਤਕਨਾਲੋਜੀ ਵਿਕਾਸ ਲਈ ਨਵੇਂ ਮੌਕਿਆਂ ਦੀ ਪਛਾਣ ਕਰਨ ਅਤੇ ਦੇਸ਼ ਵਿੱਚ ਇੱਕ ਮਜ਼ਬੂਤ ਸਵਦੇਸ਼ੀ ਸੈਮੀਕੰਡਕਟਰ ਈਕੋਸਿਸਟਮ ਵਿਕਸਿਤ ਕਰਨ ਵਿੱਚ ਮਦਦ ਕਰਨ ਦੀ ਉਮੀਦ ਹੈ। ਇਸ ਵਿੱਚ ਖਾਸ ਤੌਰ 'ਤੇ ਮਹੱਤਵਪੂਰਨ ਅਤੇ ਅਗਲੀ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦੀਆਂ ਘਰੇਲੂ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ।

ਈਐੱਸਟੀਆਈਸੀ-2026 ਵਿਖੇ ਡੀਆਰਡੀਓ ਆਊਟਰੀਚ ਸਟਾਲ ਰੱਖਿਆ ਮੰਤਰਾਲੇ ਦੀਆਂ ਮੁੱਖ ਗਤੀਵਿਧੀਆਂ, ਪ੍ਰਾਪਤੀਆਂ, ਖੋਜ ਪ੍ਰੋਗਰਾਮਾਂ ਅਤੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਇਸ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰੇਗਾ। ਇਸ ਦੌਰਾਨ ਵੱਖ-ਵੱਖ ਡੀਆਰਡੀਓ ਪ੍ਰਯੋਗਸ਼ਾਲਾਵਾਂ ਦੁਆਰਾ ਵਿਕਸਿਤ ਕਈ ਸਵਦੇਸ਼ੀ ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਉੱਨਤ ਸੰਚਾਰ ਪ੍ਰਣਾਲੀਆਂ, ਕੁਆਂਟਮ ਤਕਨਾਲੋਜੀ ਦੇ ਪ੍ਰੋਟੋਟਾਈਪ, ਬਹੁਤ ਜ਼ਿਆਦਾ ਠੰਡੇ ਮੌਸਮ ਲਈ ਵਿਸ਼ੇਸ਼ ਕੱਪੜੇ, ਔਰਤਾਂ ਲਈ 'ਪ੍ਰਬਲਾ' ਫੁੱਲ-ਬਾਡੀ ਪ੍ਰੋਟੈਕਟਰ, ਪੈਸਿਵ ਅਤੇ ਪਾਵਰਡ ਐਕਸੋਸਕੇਲੇਟਨ, ਪੋਰਟੇਬਲ ਹਾਈਬ੍ਰਿਡ ਊਰਜਾ ਪ੍ਰਬੰਧਨ ਪ੍ਰਣਾਲੀਆਂ, ਉੱਚ-ਪਾਵਰ ਪਲੱਸ ਲੇਜ਼ਰ ਡਾਇਓਡ ਅਤੇ ਸਕ੍ਰੈਮਜੈੱਟ ਇੰਜਣ ਤਕਨਾਲੋਜੀ ਸ਼ਾਮਲ ਹਨ।

ਇਹ ਪ੍ਰਦਰਸ਼ਨੀ ਸਵਦੇਸ਼ੀ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ, ਤਕਨੀਕੀ ਵਿਕਾਸ ਅਤੇ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਅਤੇ ਰੱਖਿਆ ਅਤੇ ਹੋਰ ਰਣਨੀਤਕ ਖੇਤਰਾਂ ਦੀਆਂ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਪ੍ਰਦਰਸ਼ਿਤ ਕਰੇਗੀ। ਡੀਆਰਡੀਓ ਸਟਾਲ ਅਕਾਦਮਿਕ, ਉਦਯੋਗ, ਸਟਾਰਟਅੱਪਸ ਅਤੇ ਖੋਜ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਦਾ ਉਦੇਸ਼ ਭਾਰਤ ਦੀਆਂ ਵਿਗਿਆਨਕ ਅਤੇ ਤਕਨੀਕੀ ਸਮਰੱਥਾਵਾਂ ਨੂੰ ਅੱਗੇ ਵਧਾਉਣ ਵਿੱਚ ਮੰਤਰਾਲੇ ਦੀ ਭੂਮਿਕਾ ਬਾਰੇ ਜਨਤਕ ਜਾਗਰੂਕਤਾ ਵਧਾਉਣਾ ਵੀ ਹੈ। 

ਡਾ. ਬੀ.ਕੇ. ਦਾਸ, ਉੱਘੇ ਵਿਗਿਆਨੀ ਅਤੇ ਡਾਇਰੈਕਟਰ ਜਨਰਲ (ਇਲੈਕਟ੍ਰੌਨਿਕਸ ਅਤੇ ਸੰਚਾਰ ਪ੍ਰਣਾਲੀਆਂ) ਨੇ 13 ਅਕਤੂਬਰ, 2026 ਨੂੰ ਕਰਨਾਟਕ ਦੇ ਬੰਗਲੁਰੂ ਵਿੱਚ ਡੀਆਰਡੀਓ ਦੁਆਰਾ ਆਯੋਜਿਤ ਇੱਕ ਸ਼ੁਰੂਆਤੀ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸੈਮੀਕੰਡਕਟਰਾਂ ਅਤੇ ਅਗਲੀ ਪੀੜ੍ਹੀ ਦੇ ਚਿਪਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਕਨਾਲੋਜੀਆਂ ਆਰਥਿਕ ਮੁਕਾਬਲੇਬਾਜ਼ੀ, ਡਿਜੀਟਲ ਪ੍ਰਭੂਸੱਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹਨ। ਡਾ. ਦਾਸ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਵਿਆਪਕ ਮਾਈਕ੍ਰੋਇਲੈਕਟ੍ਰੌਨਿਕਸ ਈਕੋਸਿਸਟਮ ਵਿਕਸਿਤ ਕਰਨਾ ਦੇਸ਼ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ 'ਵਿਕਸਿਤ ਭਾਰਤ' ਦੇ ਟੀਚੇ ਵੱਲ ਵਧਦਾ ਹੈ। ਇਹ ਦੂਰਸੰਚਾਰ, ਆਟੋਮੋਟਿਵ ਸਿਸਟਮ, ਉਦਯੋਗਿਕ ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ-ਅਧਾਰਿਤ ਹਾਰਡਵੇਅਰ ਅਤੇ ਰਣਨੀਤਕ ਰੱਖਿਆ ਪ੍ਰਣਾਲੀਆਂ ਨੂੰ ਮਜ਼ਬੂਤ ਕਰੇਗਾ।

ਡਾ. ਦਾਸ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਵਿਸ਼ਵਵਿਆਪੀ ਸਪਲਾਈ ਚੇਨ ਵਿੱਚ ਵਿਘਨ, ਭੂ-ਰਾਜਨੀਤਿਕ ਅਸਥਿਰਤਾ ਅਤੇ ਅੰਤਰਰਾਸ਼ਟਰੀ ਤਕਨਾਲੋਜੀ ਨਿਰਯਾਤ ਨਿਯੰਤਰਣਾਂ ਤੋਂ ਬਚਾਉਣ ਲਈ ਘਰੇਲੂ ਸਮਰੱਥਾਵਾਂ ਨੂੰ ਵਧਾਉਣਾ ਜ਼ਰੂਰੀ ਹੈ। ਡਾ. ਦਾਸ ਨੇ ਸਮੁੱਚੀ ਮਾਈਕ੍ਰੋਇਲੈਕਟ੍ਰੌਨਿਕਸ ਮੁੱਲ ਲੜੀ ਵਿੱਚ ਰਣਨੀਤਕ ਖੁਦਮੁਖਤਿਆਰੀ ਪ੍ਰਾਪਤ ਕਰਨ ਅਤੇ ਉੱਚ-ਮੁੱਲ ਵਾਲੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਨਾਲ ਹੀ, ਉਨ੍ਹਾਂ ਨੇ ਵਿਸ਼ਵਵਿਆਪੀ ਸੈਮੀਕੰਡਕਟਰ ਖੇਤਰ ਵਿੱਚ ਭਾਰਤ ਨੂੰ ਇੱਕ ਮੋਹਰੀ ਸ਼ਕਤੀ ਵਜੋਂ ਸਥਾਪਿਤ ਕਰਨ ਦੇ ਟੀਚੇ ਦਾ ਵੀ ਜ਼ਿਕਰ ਕੀਤਾ। 

ਪ੍ਰਸਿੱਧ ਵਿਗਿਆਨੀ ਅਤੇ ਡਾਇਰੈਕਟਰ ਜਨਰਲ (ਤਕਨਾਲੋਜੀ ਪ੍ਰਬੰਧਨ) ਡਾ. ਅਨੁਪਮ ਸ਼ਰਮਾ ਨੇ ਆਧੁਨਿਕ ਯੁੱਧ ਵਿੱਚ ਸੈਮੀਕੰਡਕਟਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਤਕਨਾਲੋਜੀਆਂ ਫੌਜੀ ਕਾਰਵਾਈਆਂ ਦੇ ਲਗਭਗ ਹਰ ਪਹਿਲੂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਸੈਕਟਰ ਦੇ 2035 ਤੱਕ 200 ਬਿਲੀਅਨ ਡਾਲਰ ਤੱਕ ਵਧਣ ਦੀ ਉਮੀਦ ਹੈ।

ਇਸ ਮੌਕੇ 'ਤੇ ਡਾਇਰੈਕਟਰ, ਐਕਸਟਰਾ-ਮਿਊਰਲ ਰਿਸਰਚ ਐਂਡ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ, ਡਾਇਰੈਕਟੋਰੇਟ, ਸੌਲਿਡ ਸਟੇਟ ਫਿਜ਼ਿਕਸ ਲੈਬਾਰਟਰੀ ਦੇ ਡਾਇਰੈਕਟਰ, ਇਲੈਕਟ੍ਰੌਨਿਕਸ ਐਂਡ ਰਡਾਰ ਡਿਵੈਲਪਮੈਂਟ ਐਸਟੈਬਲਿਸ਼ਮੈਂਟ ਦੇ ਮੁਖੀ, ਕੰਬੈਟ ਏਅਰਕ੍ਰਾਫਟ ਸਿਸਟਮ ਡਿਵੈਲਪਮੈਂਟ ਐਂਡ ਇੰਟੀਗ੍ਰੇਸ਼ਨ ਸੈਂਟਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

*********

ਐੱਸਆਰ/ਸੈਵੀ/ਏਕੇ


(Release ID: 2323778) ਵਿਜ਼ੀਟਰ ਕਾਊਂਟਰ : 6