ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਨਵੀਂ ਦਿੱਲੀ ਵਿੱਚ ਮਹਾਪਰਵ ਸ਼ਮਾਪਨਾ ਸਮਾਗਮ ਨੂੰ ਸੰਬੋਧਨ ਕੀਤਾ
"ਖ਼ਿਮਾ ਦਾ ਅਰਥ ਹੈ ਬਦਲੇ ਦੀ ਜਗ੍ਹਾ ਸੁਧਾਰ, ਨਫ਼ਰਤ ਦੀ ਜਗ੍ਹਾ 'ਤੇ ਗੱਲਬਾਤ ਅਤੇ ਦੁਸ਼ਮਣੀ ਦੀ ਜਗ੍ਹਾ 'ਤੇ ਸੁਲ੍ਹਾ": ਉਪ-ਰਾਸ਼ਟਰਪਤੀ
"ਅਹਿੰਸਾ ਦਾ ਅਰਥ ਹੈ ਵਿਚਾਰ, ਵਚਨ ਅਤੇ ਕਰਮ ਤੋਂ ਹਿੰਸਾ ਦੀ ਕਮੀ": ਉਪ-ਰਾਸ਼ਟਰਪਤੀ
"ਅਸਲ ਵਿੱਚ ਵਿਕਸਿਤ ਭਾਰਤ ਵਿੱਚ ਨਾਗਰਿਕਾਂ ਵਿਚਕਾਰ ਵਿਸ਼ਵਾਸ, ਪਰਿਵਾਰਾਂ ਵਿੱਚ ਕਦਰਾਂ-ਕੀਮਤਾਂ, ਨੌਜਵਾਨਾਂ ਵਿੱਚ ਚਰਿੱਤਰ ਅਤੇ ਸਮਾਜ ਵਿੱਚ ਦਇਆ ਹੋਣੀ ਚਾਹੀਦੀ ਹੈ": ਉਪ-ਰਾਸ਼ਟਰਪਤੀ
"ਸਾਰੇ ਜੀਵਿਤ ਪ੍ਰਾਣੀਆਂ ਨਾਲ ਮਿੱਤਰਤਾ ਅਤੇ ਕਿਸੇ ਪ੍ਰਤੀ ਦੁਸ਼ਮਣੀ ਨਾ ਰੱਖਣ ਦਾ ਜੈਨ ਦਰਸ਼ਨ ਸ਼ਾਂਤੀਪੂਰਨ ਵਿਸ਼ਵ ਵਿਵਸਥਾ ਦਾ ਮਾਰਗ-ਦਰਸ਼ਨ ਕਰ ਸਕਦਾ ਹੈ": ਉਪ-ਰਾਸ਼ਟਰਪਤੀ
Posted On:
04 OCT 2026 3:50PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਭਗਵਾਨ ਮਹਾਵੀਰ ਸਮਾਰਕ ਸਮਿਤੀ ਅਤੇ ਜੈਨ ਮਹਾਸਭਾ ਦਿੱਲੀ ਵੱਲੋਂ ਆਯੋਜਿਤ ਮਹਾਪਰਵ ਸ਼ਮਾਪਨਾ ਸਮਾਗਮ-2026 ਨੂੰ ਸੰਬੋਧਨ ਕੀਤਾ। ਉਹਨਾਂ ਨੇ ਇਸ ਮੌਕੇ ਨੂੰ ਖ਼ਿਮਾ (ਮਾਫ਼ੀ), ਮਿੱਤਰਤਾ, ਅਹਿੰਸਾ ਅਤੇ ਅੰਦਰੂਨੀ ਸ਼ੁੱਧੀ ਦੇ ਸਰਵ-ਵਿਆਪੀ ਕਦਰਾਂ-ਕੀਮਤਾਂ ਦਾ ਉਤਸਵ ਦੱਸਿਆ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਜਿਸ ਡੂੰਘਾਈ ਨਾਲ ਜੈਨ ਪਰੰਪਰਾ ਨੇ ਖ਼ਿਮਾ (ਮਾਫ਼ੀ) ਨੂੰ ਅਧਿਆਤਮਿਕ ਅਨੁਸ਼ਾਸਨ ਵਿੱਚ ਬਦਲ ਦਿੱਤਾ ਹੈ, ਉਹ ਅੱਜ ਭਾਰਤ ਅਤੇ ਮਨੁੱਖਤਾ ਲਈ ਬਹੁਤ ਢੁੱਕਵੀਂ ਹੈ। ਉਹਨਾਂ ਨੇ ਰੇਖਾਂਕਿਤ ਕੀਤਾ ਕਿ ਖ਼ਿਮਾਯਾਚਨਾ ਸਿਰਫ਼ ਇੱਕ ਰੀਤ ਨਹੀਂ ਹੈ, ਸਗੋਂ ਮਾਨਵ ਹਿਰਦੇ ਦੇ ਪਰਿਵਰਤਨ ਦਾ ਇੱਕ ਮੌਕਾ ਹੈ।
ਤਾਮਿਲਨਾਡੂ ਅਤੇ ਜੈਨ ਧਰਮ ਦੇ ਵਿਚਕਾਰ ਡੂੰਘੇ ਇਤਿਹਾਸਕ ਸਬੰਧਾਂ 'ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਜੈਨ ਧਰਮ ਨੇ ਤਮਿਲ ਸਾਹਿਤ ਅਤੇ ਸੱਭਿਆਚਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਹਨਾਂ ਨੇ ਸ਼ਾਸਤਰੀ ਤਮਿਲ ਸਾਹਿਤ ਵਿੱਚ ਜੈਨ ਵਿਦਵਾਨਾਂ ਅਤੇ ਭਿਕਸ਼ੂਆਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਪੂਰੇ ਤਾਮਿਲਨਾਡੂ ਵਿੱਚ ਪ੍ਰਾਚੀਨ ਜੈਨ ਮੰਦਰਾਂ ਅਤੇ ਸਿੱਖਿਆ ਕੇਂਦਰਾਂ ਦੀ ਮੌਜੂਦਗੀ ਦਾ ਜ਼ਿਕਰ ਕੀਤਾ।
ਜੈਨ ਦਰਸ਼ਨ ਦੇ ਸਰਬ-ਵਿਆਪੀ ਸੁਨੇਹੇ 'ਤੇ ਜ਼ੋਰ ਦਿੰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਜੀਵਿਤ ਪ੍ਰਾਣੀਆਂ ਪ੍ਰਤੀ ਮਿੱਤਰਤਾ ਅਤੇ ਕਿਸੇ ਪ੍ਰਤੀ ਦੁਸ਼ਮਣੀ ਨਾ ਰੱਖਣ ਦੀ ਸਿੱਖਿਆ "ਵਸੁਧੈਵ ਕੁਟੁੰਬਕਮ" ਦੇ ਭਾਰਤ ਦੇ ਸੱਭਿਅਤਾਗਤ ਮੂਲ ਭਾਵ ਨਾਲ ਮੇਲ ਖਾਂਦੀ ਹੈ। ਉਹਨਾਂ ਨੇ ਕਿਹਾ ਕਿ ਸੰਘਰਸ਼ ਅਤੇ ਹਿੰਸਾ ਦੀ ਗਵਾਹ ਬਣ ਰਹੀ ਦੁਨੀਆ ਵਿੱਚ, ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਸ਼ਾਂਤੀ, ਸੰਵਾਦ, ਸਹਿ-ਹੋਂਦ ਅਤੇ ਦਇਆ ਦਾ ਰਾਹ ਪੱਧਰਾ ਕਰਦੀਆਂ ਹਨ।
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਅਹਿੰਸਾ ਕੇਵਲ ਸਰੀਰਕ ਹਿੰਸਾ ਦੀ ਅਣਹੋਂਦ ਹੀ ਨਹੀਂ, ਸਗੋਂ ਵਿਚਾਰ, ਬੋਲ ਅਤੇ ਕਰਮ ਵਿੱਚ ਵੀ ਹਿੰਸਾ ਦੀ ਅਣਹੋਂਦ ਹੈ। ਉਹਨਾਂ ਨੇ ਕਿਹਾ ਕਿ ਭਗਵਾਨ ਮਹਾਵੀਰ ਨੇ ਮਨੁੱਖਤਾ ਨੂੰ ਅੰਦਰੂਨੀ ਜਿੱਤ ਦਾ ਰਾਹ ਦਿਖਾਇਆ ਅਤੇ ਲੋਕਾਂ ਨੂੰ ਯਾਦ ਦਿਵਾਇਆ ਕਿ ਸੱਚੀ ਤਾਕਤ ਗੁੱਸੇ, ਅਸਹਿਣਸ਼ੀਲਤਾ ਅਤੇ ਬਦਲੇ ਦੀ ਭਾਵਨਾ 'ਤੇ ਜਿੱਤ ਪ੍ਰਾਪਤ ਕਰਨ ਵਿੱਚ ਸਮਾਈ ਹੋਈ ਹੈ।
ਖ਼ਿਮਾ (ਮਾਫ਼ੀ) ਬਾਰੇ ਉਪ-ਰਾਸ਼ਟਰਪਤੀ ਨੇ ਕਿਹਾ ਕਿ ਖ਼ਿਮਾ ਦਾ ਅਰਥ ਅਨਿਆਂ ਨੂੰ ਸਵੀਕਾਰ ਕਰਨਾ ਜਾਂ ਸੱਚ ਨਾਲ ਸਮਝੌਤਾ ਕਰਨਾ ਨਹੀਂ ਹੈ। ਉਹਨਾਂ ਨੇ ਕਿਹਾ, "ਖ਼ਿਮਾ ਦਾ ਅਰਥ ਹੈ ਬਦਲੇ ਦੀ ਜਗ੍ਹਾ ਸੁਧਾਰ, ਨਫ਼ਰਤ ਦੀ ਬਜਾਏ ਗੱਲਬਾਤ ਅਤੇ ਦੁਸ਼ਮਣੀ ਦੀ ਜਗ੍ਹਾ 'ਤੇ ਸੁਲ੍ਹਾ ਨੂੰ ਚੁਣਨਾ।" ਉਹਨਾਂ ਨੇ ਕਿਹਾ ਕਿ ਆਤਮ-ਸ਼ੁੱਧੀ ਦੀ ਭਾਵਨਾ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਗਲਤੀਆਂ ਸਵੀਕਾਰ ਕਰਨ ਅਤੇ ਸੰਘਰਸ਼ਾਂ ਨੂੰ ਸੁਲਝਾਉਣ ਵਿੱਚ ਮਦਦ ਕਰ ਸਕਦੀ ਹੈ।
ਵਿਕਸਿਤ ਭਾਰਤ @ 2047 ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਵਿਕਾਸ ਨੂੰ ਆਰਥਿਕ ਖੁਸ਼ਹਾਲੀ, ਆਧੁਨਿਕ ਬੁਨਿਆਦੀ ਢਾਂਚੇ ਅਤੇ ਤਕਨੀਕੀ ਤਰੱਕੀ ਤੋਂ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਸਲ ਵਿੱਚ ਵਿਕਸਿਤ ਭਾਰਤ ਵਿੱਚ ਨਾਗਰਿਕਾਂ ਵਿਚਕਾਰ ਵਿਸ਼ਵਾਸ, ਪਰਿਵਾਰਾਂ ਦੇ ਅੰਦਰ ਕਦਰਾਂ-ਕੀਮਤਾਂ, ਨੌਜਵਾਨਾਂ ਵਿੱਚ ਚਰਿੱਤਰ ਅਤੇ ਸਮਾਜ ਵਿੱਚ ਦਇਆ ਨੂੰ "ਵਿਕਾਸ ਵੀ, ਵਿਰਾਸਤ ਵੀ" ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਣਾ ਚਾਹੀਦਾ ਹੈ।
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਲੋਕਾਂ ਨੂੰ ਵਿਕਸਿਤ ਭਾਰਤ ਦਾ ਨਿਰਮਾਣ ਕਰਦੇ ਸਮੇਂ ਨਿਮਰਤਾ, ਦਇਆ, ਸੇਵਾ, ਏਕਤਾ ਅਤੇ ਜ਼ੁੰਮੇਵਾਰੀ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ 'ਤੇ ਉਹਨਾਂ ਨੇ ਸ਼੍ਰੀ ਕੇ. ਸੀ. ਜੈਨ ਨੂੰ ਜੈਨ ਸਮਾਜ ਰਤਨ ਪੁਰਸਕਾਰ ਵੀ ਪ੍ਰਦਾਨ ਕੀਤਾ। ਹਾਜ਼ਰ ਸ਼ਖ਼ਸੀਅਤਾਂ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ; ਭਗਵਾਨ ਮਹਾਵੀਰ ਸਮਾਰਕ ਸਮਿਤੀ ਦੇ ਪ੍ਰਧਾਨ ਸ਼੍ਰੀ ਕਨ੍ਹਈਆ ਲਾਲ ਜੈਨ; ਜੈਨ ਮਹਾਸਭਾ ਦਿੱਲੀ ਦੇ ਪ੍ਰਧਾਨ ਸ਼੍ਰੀ ਦਿਨੇਸ਼ ਦੋਸ਼ੀ; ਆਚਾਰਿਆ ਸ਼੍ਰੀ ਵਿਸ਼ੁੱਧ ਸਾਗਰਜੀ ਮੁਨੀਰਾਜ; ਸ਼੍ਰੀ ਵਿਪਿਨ ਜੈਨ, ਜਨਰਲ ਸਕੱਤਰ, ਸ਼੍ਰੀ ਜੈਨ ਤਰੁਣ ਸਮਾਜ ਭਗਵਾਨ ਮਹਾਵੀਰ ਸਮ੍ਰਿਤੀ ਸਮਿਤੀ; ਮੁਨੀਸ਼੍ਰੀ ਉਦਿਤ ਕੁਮਾਰ ਜੀ; ਮੁਨੀਸ਼੍ਰੀ ਤੀਰਥ ਨਿਰਵਾਣ ਵਿਜੇ ਜੀ; ਅਤੇ ਉਪਾਧਿਆਏ ਸ਼੍ਰੀ ਰਵਿੰਦਰ ਮੁਨੀ ਜੀ ਸ਼ਾਮਲ ਸਨ।
*****
ਪੀਆਰ/ਏਐੱਸਐੱਮ/ਵੀਐੱਮਜੇ
(Release ID: 2319141)
ਵਿਜ਼ੀਟਰ ਕਾਊਂਟਰ : 4