ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨਵੀਂ ਦਿੱਲੀ ਵਿੱਚ 11ਵੇਂ ਸੰਤ ਈਸ਼ਵਰ ਸਨਮਾਨ-2026 ਵਿੱਚ ਵਿੱਚ ਸ਼ਾਮਲ ਹੋਏ


ਮਨੁੱਖਤਾ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਹੈ; ਸਮਾਜ ਦੀ ਸੇਵਾ ਹੀ ਜ਼ਮੀਨੀ ਪੱਧਰ ’ਤੇ ਰਾਸ਼ਟਰ ਨਿਰਮਾਣ ਹੈ: ਉਪ-ਰਾਸ਼ਟਰਪਤੀ

ਵਿਕਸਤ ਭਾਰਤ ਦਾ ਨਿਰਮਾਣ ਦਇਆ, ਚਰਿੱਤਰ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਨੀਂਹ ’ਤੇ ਹੋਣਾ ਚਾਹੀਦਾ ਹੈ: ਉਪ-ਰਾਸ਼ਟਰਪਤੀ

ਨਸ਼ਾ ਮੁਕਤ ਯੁਵਾ ਮੁਹਿੰਮ ਅਤੇ ਨਸ਼ਾ ਮੁਕਤ ਭਾਰਤ ਰੋਡਮੈਪ, ਨਸ਼ਾ ਮੁਕਤ ਭਾਰਤ ਲਈ ਮਹੱਤਵਪੂਰਨ ਪਹਿਲਕਦਮੀਆਂ ਹਨ: ਉਪ-ਰਾਸ਼ਟਰਪਤੀ

ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਵਿੱਚ ਸੇਵਾ ਦੀ ਭਾਵਨਾ ਅਤੇ ਫ਼ਰਜ਼ ਦੀ ਭਾਵਨਾ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ

Posted On: 02 OCT 2026 7:37PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਵਿੱਚ 11ਵੇਂ ਸੰਤ ਈਸ਼ਵਰ ਸਨਮਾਨ-2026 ਵਿੱਚ ਹਿੱਸਾ ਲਿਆ ਅਤੇ ਸਮਾਜ ਦੀ ਮਿਸਾਲੀ ਅਤੇ ਨਿਰਸਵਾਰਥ ਸੇਵਾ ਲਈ ਸਨਮਾਨਿਤ ਵਿਅਕਤੀਆਂ ਅਤੇ ਸੰਗਠਨਾਂ ਨੂੰ ਸੰਤ ਈਸ਼ਵਰ ਸੇਵਾ ਸਨਮਾਨ ਪ੍ਰਦਾਨ ਕੀਤੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਸੰਤ ਈਸ਼ਵਰ ਸਨਮਾਨ ਨਿਰਸਵਾਰਥ ਸੇਵਾ ਦੀ ਭਾਵਨਾ ਦਾ ਸਨਮਾਨ ਹੈ ਅਤੇ ਭਾਰਤ ਦੀ ਦਇਆ ਅਤੇ ਜ਼ਿੰਮੇਵਾਰੀ ਦੀ ਸੰਸਕ੍ਰਿਤੀ ਦਾ ਉਤਸਵ ਹੈ। ਉਨ੍ਹਾਂ ਨੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸਾਰੇ ਪੁਰਸਕਾਰ ਜੇਤੂਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ।

ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਇਨ੍ਹਾਂ ਪੁਰਸਕਾਰਾਂ ਨੂੰ ਸ਼ੁਰੂ ਕਰਨ ਅਤੇ ਇਸ ਪਹਿਲਕਦਮੀ ਨੂੰ ਲਗਾਤਾਰ 11 ਸਾਲਾਂ ਤੱਕ ਬਣਾਏ ਰੱਖਣ ਲਈ ਸੰਤ ਈਸ਼ਵਰ ਫਾਊਂਡੇਸ਼ਨ ਅਤੇ ਰਾਸ਼ਟਰੀ ਸੇਵਾ ਭਾਰਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਮਜ਼ਬੂਤ ਬਣਾਉਣ ਅਤੇ ਰਾਸ਼ਟਰ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਲਈ ਖ਼ਾਮੋਸ਼ੀ ਨਾਲ ਕੰਮ ਕਰਨ ਵਾਲੇ ਅਣਗਿਣਤ ਵਿਅਕਤੀਆਂ ਨੂੰ ਸਨਮਾਨਿਤ ਕਰਕੇ, ਇਹ ਪੁਰਸਕਾਰ ਦੂਜਿਆਂ ਨੂੰ ਵੀ ਸੇਵਾ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।

ਸੇਵਾ ਦੀ ਸਦੀਆਂ ਪੁਰਾਣੀ ਭਾਰਤੀ ਪਰੰਪਰਾ ਨੂੰ ਉਜਾਗਰ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ, “ਸਾਡੀ ਸਭਿਆਚਾਰਕ ਰਵਾਇਤ ਅਤੇ ਸੰਸਕ੍ਰਿਤੀ ਨੇ ਸਾਨੂੰ ਹਮੇਸ਼ਾ ਸਿਖਾਇਆ ਹੈ, ‘ਨਰ ਸੇਵਾ ਹੀ ਨਰਾਇਣ ਸੇਵਾ’।” ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੇ ਮਹਾਨ ਸੰਤਾਂ ਅਤੇ ਵਿਚਾਰਕਾਂ ਨੇ ਲੋਕਾਂ ਨੂੰ ਸਵਾਰਥ ਦੀਆਂ ਤੰਗ ਸੀਮਾਵਾਂ ਤੋਂ ਉੱਪਰ ਉੱਠ ਕੇ ਦੂਜਿਆਂ ਦੀ ਭਲਾਈ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਪ੍ਰੇਰਨਾ ਦਿੱਤੀ ਹੈ।

ਵਿਕਸਤ ਭਾਰਤ @ 2047 ਦੇ ਟੀਚੇ ਦਾ ਜ਼ਿਕਰ ਕਰਦਿਆਂ, ਉਪ-ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਕਾਸ ਨੂੰ ਸਿਰਫ਼ ਆਰਥਿਕ ਵਾਧੇ, ਬੁਨਿਆਦੀ ਢਾਂਚੇ  ਜਾਂ ਤਕਨੀਕੀ ਤਰੱਕੀ ਦੇ ਮਾਧਿਅਮ ਨਾਲ ਨਹੀਂ ਮਾਪਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਸਹੀ ਅਰਥਾਂ ਵਿੱਚ ਵਿਕਸਤ ਭਾਰਤ ਉਹ ਹੈ ਜਿੱਥੇ ਹਰ ਨਾਗਰਿਕ ਮਾਣ, ਮੌਕੇ ਅਤੇ ਆਸ ਦਾ ਅਨੁਭਵ ਕਰੇ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਹਰੇਕ ਨਾਗਰਿਕ ਇੱਕ ਹਿੱਸੇਦਾਰ ਹੈ ਅਤੇ ਸੇਵਾ ਸੰਸਥਾਵਾਂ ਤੇ ਵਿਅਕਤੀਆਂ ਦਾ ਕੰਮ ਜ਼ਮੀਨੀ ਪੱਧਰ ’ਤੇ ਰਾਸ਼ਟਰ ਨਿਰਮਾਣ ਦਾ ਸਰੂਪ ਘੜਦਾ ਹੈ। ‘ਸਵੱਛ ਭਾਰਤ ਮਿਸ਼ਨ’ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਇਹ ਸਾਬਤ ਕਰ ਵਿਖਾਇਆ ਕਿ ਕਿਸ ਤਰ੍ਹਾਂ ‘ਜਨ ਭਾਗੀਦਾਰੀ’ ਇੱਕ ਸਰਕਾਰੀ ਪ੍ਰੋਗਰਾਮ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਸਕਦੀ ਹੈ।

ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਦੇ ਸਿਹਤ ਅਤੇ ਭਵਿੱਖ ਲਈ ਨਸ਼ੀਲੇ ਪਦਾਰਥਾਂ ਅਤੇ ਨਸ਼ੇ ਦੀ ਵਰਤੋਂ ਤੋਂ ਪੈਦਾ ਹੋਣ ਵਾਲੇ ਗੰਭੀਰ ਖ਼ਤਰੇ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਯਾਦ ਕਰਵਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ ਅਗਸਤ ਵਿੱਚ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਸ਼ੁਰੂਆਤ ਕੀਤੀ ਸੀ, ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਨਸ਼ਾ ਮੁਕਤ ਭਾਰਤ 2029 ਰੋਡਮੈਪ’ ਲਾਂਚ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਪਹਿਲਕਦਮੀਆਂ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਵਿਕਾਸ ਦੇ ਨਾਲ-ਨਾਲ ਦਇਆ, ਚਰਿੱਤਰ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦਾ ਜੀਵਨ ਵੱਧ ਤੋਂ ਵੱਧ  ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਸਮਾਜ ਦੀ ਭਲਾਈ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਸੇਵਾ ਅਤੇ ਫ਼ਰਜ਼ ਦੀ ਭਾਵਨਾ ਨੂੰ ਮਜ਼ਬੂਤ ​​ਕਰਨ ਲਈ ਪ੍ਰੇਰਿਤ ਕਰੇਗਾ।

******

ਪੀਆਰ/ਏਐਸਐਮ/ਵੀਐਮ


(Release ID: 2319017) ਵਿਜ਼ੀਟਰ ਕਾਊਂਟਰ : 4