ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਉੱਤਰ ਪ੍ਰਦੇਸ਼ ਵਿੱਚ ਵਧਦੇ ਆਲਮੀ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਨੂੰ ਉਜਾਗਰ ਕੀਤਾ


ਮੁਕਤ ਵਪਾਰ ਸਮਝੌਤਿਆਂ ਰਾਹੀਂ ਆਲਮੀ ਬਜਾਰਾਂ ਤੱਕ ਵਧ ਰਹੀ ਪਹੁੰਚ ਨਾਲ ਉੱਤਰ ਪ੍ਰਦੇਸ਼ ਦੇ ਉੱਦਮੀਆਂ ਨੂੰ ਲਾਭ ਮਿਲੇਗਾ: ਸ਼੍ਰੀ ਗੋਇਲ

ਉੱਤਰ ਪ੍ਰਦੇਸ਼ ਦਾ ਸਲਾਨਾ ਨਿਰਯਾਤ ਲਗਭਗ 2 ਲੱਖ ਕਰੋੜ ਰੁਪਏ ਤੋਂ ਵਧਾ ਕੇ ਸਾਲ 2030 ਤੱਕ 5 ਲੱਖ ਕਰੋੜ ਰੁਪਏ ਕਰਨ ਦਾ ਟੀਚਾ: ਸ਼੍ਰੀ ਗੋਇਲ

Posted On: 27 SEP 2026 2:10PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਿਆਂ (FTAs), ਰਾਹੀਂ ਜਿਵੇਂ-ਜਿਵੇਂ ਆਲਮੀ ਬਜਾਰ ਭਾਰਤ ਲਈ ਖੁੱਲ੍ਹ ਰਹੇ ਹਨ, ਤਿਵੇਂ-ਤਿਵੇਂ ਉੱਤਰ ਪ੍ਰਦੇਸ਼ ਦੇ ਉੱਦਮੀਆਂ ਲਈ ਅੰਤਰਰਾਸ਼ਟਰੀ ਬਜਾਰਾਂ ਤੱਕ ਪਹੁੰਚ ਦੇ ਮੌਕੇ ਵਧਣਗੇ। ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਆਯੋਜਿਤ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਮਹੋਤਸਵ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਨਿਰਯਾਤ, ਨਿਵੇਸ਼ ਅਤੇ ਆਲਮੀ ਬਜਾਰਾਂ ਤੱਕ ਪਹੁੰਚ ਦੇ ਵਿਸਤਾਰ ਨਾਲ ਉੱਤਰ ਪ੍ਰਦੇਸ਼ ਨੂੰ 1 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਵਿੱਚ ਯੋਗਦਾਨ ਮਿਲੇਗਾ।

ਸ਼੍ਰੀ ਗੋਇਲ ਨੇ ਕਿਹਾ ਕਿ ਦੁਨੀਆ ਭਰ ਤੋਂ ਭਾਰਤ ਵਿੱਚ ਨਵੇਂ ਨਿਵੇਸ਼ ਆਉਣ ਦੀ ਉਮੀਦ ਹੈ ਅਤੇ ਉਨ੍ਹਾਂ ਨੇ ਇਹ ਵੀ ਜਿਕਰ ਕੀਤਾ ਕਿ ਅਨੁਕੂਲ ਉਦਯੋਗਿਕ ਨੀਤੀਆਂ ਅਤੇ ਸਰਗਰਮ ਉਦਯੋਗਿਕ ਯੋਜਨਾਵਾਂ ਦੇ ਸਮਰਥਨ ਨਾਲ ਉੱਤਰ ਪ੍ਰਦੇਸ਼ ਇੱਕ ਪਸੰਦੀਦਾ ਨਿਵੇਸ਼ ਨੀਤੀਆਂ ਦੇ ਰੂਪ ਵਿੱਚ ਉਭਰਿਆ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਕੰਪਨੀਆਂ ਅਤੇ ਆਲਮੀ ਨਿਵੇਸ਼ਕ ਵੱਖ-ਵੱਖ ਖੇਤਰਾਂ ਵਿੱਚ ਆ ਰਹੇ ਹਨ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਆਧੁਨਿਕ ਤਕਨਾਲੋਜੀ, ਅੰਤਰਰਾਸ਼ਟਰੀ ਉੱਦਮਾਂ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੇ ਵਿਕਸਿਤ ਹੋ ਰਹੇ ਸ਼ਿਲਪ ਕੌਸ਼ਲ ਅਤੇ ਤਕਨੀਕੀ ਕੌਸ਼ਲ ਦੀ ਰਾਜ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਪੱਧਰ ਦੇ ਅੰਤਰਰਾਸ਼ਟਰੀ ਆਯੋਜਨ ਆਲਮੀ ਬਜਾਰਾਂ ਤੱਕ ਪ੍ਰਤੱਖ ਪਹੁੰਚ ਦੇ ਮੌਕੇ ਪ੍ਰਦਾਨ ਕਰਦੇ ਹਨ, ਜਿਸ ਨਾਲ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਉਤਪਾਦਾਂ, ਪਕਵਾਨਾਂ ਅਤੇ ਸੇਵਾਵਾਂ ਨੂੰ ਅੰਤਰਰਾਸ਼ਟਰੀ ਬਜਾਰਾਂ ਤੱਕ ਪਹੁੰਚਣ ਵਿੱਚ ਮਦਦ ਮਿਲਦੀ ਹੈ। 

ਸ਼੍ਰੀ ਗੋਇਲ ਨੇ ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਮਹੋਤਸਵ ਵਿੱਚ ਅੰਤਰਰਾਸ਼ਟਰੀ ਭਾਈਵਾਲੀ ‘ਤੇ ਚਾਨਣਾ ਪਾਇਆ, ਜਿਸ ਵਿੱਚ ਛੇ ਭਾਗੀਦਾਰ ਦੇਸ਼, ਸੈਂਕੜੇ ਪ੍ਰਤੀਨਿਧੀ ਅਤੇ ਪ੍ਰਦਰਸ਼ਕ ਅਤੇ ਖਰੀਦਾਰ-ਵਿਕ੍ਰੇਤਾ ਮੀਟਿੰਗਾਂ ਸ਼ਾਮਲ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਹਿਤਧਾਰਕਾਂ ਦੀ ਭਾਗੀਦਾਰੀ ਅਤੇ ਇਸ ਆਯੋਜਨ ਰਾਹੀਂ ਕਾਰੋਬਾਰਾਂ ਲਈ ਪੈਦਾ ਮੌਕਿਆਂ ਦਾ ਜਿਕਰ ਕੀਤਾ।

ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਐਕਸਪ੍ਰੈੱਸਵੇਅ, ਆਧੁਨਿਕ ਏਅਰਪੋਰਟ ਅਤੇ ਇੰਡਸਟ੍ਰੀਅਲ ਪਾਰਕ ਦੇ ਵਿਕਾਸ ‘ਤੇ ਵੀ ਜੋਰ ਦਿੱਤਾ ਅਤੇ ਡਿਫੈਂਸ, ਸੈਮੀਕੰਡਕਟਰ, ਇਲੈਕਟ੍ਰੌਨਿਕਸ ਅਤੇ ਦੂਜੇ ਆਧੁਨਿਕ ਹਾਈ-ਟੈਕਨੋਲੋਜੀ ਖੇਤਰਾਂ ਵਿੱਚ ਰਾਜ ਦੀ ਵਧ ਰਹੀ ਮੌਜੂਦਗੀ ਦਾ ਜਿਕਰ ਕੀਤਾ। ਉਨ੍ਹਾਂ ਨੇ ਗ੍ਰੇਟਰ ਨੋਇਡਾ ਵਿੱਚ ਇੱਕ ਵੱਡੀ ਰੋਬੋਟਿਕਸ ਮੈਨੂਫੈਕਚਰਿੰਗ ਯੂਨਿਟ ਦੇ ਵਿਸਥਾਰ ਦਾ ਵੀ ਜਿਕਰ ਕੀਤਾ, ਜੋ ਕਿ ਆਧੁਨਿਕ ਉਦਯੋਗਿਕ ਵਿਕਾਸ ਅਤੇ ਤਕਨੀਕੀ ਤਰੱਕੀ ਦੀ ਇੱਕ ਉਦਾਹਰਣ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿਕਾਸ ਦਾ ਅਗਲਾ ਪੜਾਅ ਗਲੋਬਲ ਮਾਰਕਿਟ ਵਿੱਚ ਐਕਸਪੋਰਟ ਨੂੰ ਵਧਾਉਣਾ, ਇੰਟਰਨੈਸ਼ਨਲ ਇਨਵੈਸਟਮੈਂਟ ਨੂੰ ਆਕਰਸ਼ਿਤ ਕਰਨਾ, ਟੂਰਿਜ਼ਮ ਨੂੰ ਮਜ਼ਬੂਤੀ ਦੇਣਾ ਅਤੇ ਰਾਜ ਦੇ ਬ੍ਰਾਡਾਂ ਲਈ ਗਲੋਬਲ ਪਛਾਣ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵੱਡੇ ਪੱਧਰ ‘ਤੇ ਗਲੋਬਲ ਟ੍ਰੇਡ ਲਈ ਆਪਣੀ ਨੀਂਹ ਮਜ਼ਬੂਤ ਕਰ ਰਿਹਾ ਹੈ ਅਤੇ ਆਪਣੇ ਵਿਕਾਸ ਦੇ ਟੀਚਿਆਂ ਵੱਲ ਵਧ ਰਿਹਾ ਹੈ।

ਮੰਤਰੀ ਸ਼੍ਰੀ ਗੋਇਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦਾ ਮੌਜੂਦਾ ਸਲਾਨਾ ਨਿਰਯਾਤ ਲਗਭਗ 2 ਲੱਖ ਕਰੋੜ ਰੁਪਏ ਹੈ ਅਤੇ ਰਾਜ ਨੇ ਇਸ ਨੂੰ ਸਾਲ 2030 ਤੱਕ ਵਧਾ ਕੇ 5 ਲੱਖ ਕਰੋੜ ਰੁਪਏ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਿਆਂ (ਐੱਫਟੀਏ) ਰਾਹੀਂ ਆਲਮੀ ਬਜਾਰਾਂ ਤੱਕ ਵਧਦੀ ਪਹੁੰਚ, ਨਿਵੇਸ਼, ਟੂਰਿਜ਼ਮ ਅਤੇ ਉੱਤਰ ਪ੍ਰਦੇਸ਼ ਦੇ ਉਤਪਾਦਾਂ ਅਤੇ ਬ੍ਰਾਂਡਾਂ ਨੂੰ ਮਿਲ ਰਹੀ ਅੰਤਰਰਾਸ਼ਟਰੀ ਪਛਾਣ ਨਾਲ ਰਾਜ ਦੇ ਉੱਦਮੀਆਂ ਲਈ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਇਸ ਵਿਕਾਸ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਰਾਜ ਦੇ ਵਪਾਰ ਅਤੇ ਉਦਯੋਗਿਕ ਭਾਈਚਾਰੇ ਦੀ ਸਰਗਰਮ ਭਾਈਵਾਲੀ ਅਤੇ ਸਹਿਯੋਗ ਦਾ ਸੱਦਾ ਦਿੱਤਾ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਉੱਤਰ ਪ੍ਰਦੇਸ਼ ਦੇ ਨਿਰੰਤਰ ਆਰਥਿਕ ਅਤੇ ਨਿਰਯਾਤ ਵਾਧੇ ਦਾ ਸਮਰਥਨ ਕਰਨ ਵਿੱਚ ਨਾਗਰਿਕਾਂ, ਨੌਜਵਾਨਾਂ ਅਤੇ ਵਪਾਰ ਅਤੇ ਉਦਯੋਗਿਕ ਖੇਤਰ ਦੇ ਹਿੱਸੇਦਾਰਾਂ ਦੀ ਭਾਈਵਾਲੀ ਦੇ ਨਾਲ-ਨਾਲ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਤਾਲਮੇਲ ਦੇ ਮਹੱਤਵ ‘ਤੇ ਵੀ ਜੋਰ ਦਿੱਤਾ।

 

***********

ਅਭਿਸ਼ੇਕ ਦਿਆਲ/ਅਨੁਸ਼ਕਾ ਪਾਂਡੇ/ਬਲਜੀਤ ਸਿੰਘ


(Release ID: 2316011) ਵਿਜ਼ੀਟਰ ਕਾਊਂਟਰ : 2