ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫਰੰਸਿੰਗ ਰਾਹੀਂ 20ਵੇਂ ਰੁਜ਼ਗਾਰ ਮੇਲੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ

Posted On: 19 SEP 2026 1:59PM by PIB Chandigarh

ਮੇਰੇ ਪਿਆਰੇ ਨੌਜਵਾਨ ਸਾਥੀਓ, 

ਦੇਸ਼ ਵਿੱਚ ਤਿਉਹਾਰਾਂ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਖੁਸ਼ੀਆਂ ਦੇ ਵਿਚਕਾਰ, ਅੱਜ ਦਾ ਦਿਨ ਹਜ਼ਾਰਾਂ ਪਰਿਵਾਰਾਂ ਦੇ ਜੀਵਨ ਵਿੱਚ ਇੱਕ ਨਵੀਂ ਖੁਸ਼ੀ ਲੈ ਕੇ ਆਇਆ ਹੈ। ਅੱਜ ਦੇਸ਼ ਦੇ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਸੇਵਾ ਲਈ ਨਿਯੁਕਤੀ ਪੱਤਰ ਮਿਲ ਰਹੇ ਹਨ। ਅੱਜ ਤੁਸੀਂ ਜਿਸ ਮੁਕਾਮ ’ਤੇ ਪਹੁੰਚੇ ਹੋ, ਉਸ ਦੇ ਪਿੱਛੇ ਤੁਹਾਡੀ ਮਿਹਨਤ ਤਾਂ ਹੈ ਹੀ, ਨਾਲ ਹੀ, ਤੁਹਾਡੇ ਮਾਤਾ-ਪਿਤਾ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਵੀ ਤਪੱਸਿਆ ਹੈ। ਮੈਂ ਆਪ ਸਭ ਨੌਜਵਾਨ ਸਾਥੀਆਂ ਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜੀਵਨ ਦੀ ਇਸ ਨਵੀਂ ਸ਼ੁਰੂਆਤ ਲਈ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ, 

ਅੱਜ ਤੁਸੀਂ ਸਾਰੇ ਇੱਕ ਅਜਿਹੇ ਸਮੇਂ ਵਿੱਚ ਭਾਰਤ ਸਰਕਾਰ ਨਾਲ ਜੁੜੇ ਹੋ, ਜਦੋਂ ਦੇਸ਼ ਇੱਕ ਬਹੁਤ ਵੱਡੇ ਟੀਚੇ ਵੱਲ ਅੱਗੇ ਵਧ ਰਿਹਾ ਹੈ, ਅਤੇ ਇਹ ਟੀਚਾ ਹੈ- 2047 ਤੱਕ ਵਿਕਸਤ ਭਾਰਤ ਬਣਾਉਣਾ। ਇਸ ਵਿੱਚ ਤੁਹਾਡੇ ਵਰਗੇ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਸਰਕਾਰ ਵਿੱਚ ਰਹਿੰਦਿਆਂ ਤੁਹਾਨੂੰ ਹਰ ਉਹ ਫ਼ੈਸਲਾ ਲੈਣਾ ਹੈ, ਜੋ ਵਿਕਸਤ ਭਾਰਤ ਦੀ ਮੁਹਿੰਮ ਨੂੰ, ਆਤਮਨਿਰਭਰ ਭਾਰਤ ਦੀ ਮੁਹਿੰਮ ਨੂੰ ਲਗਾਤਾਰ ਮਜ਼ਬੂਤ ਕਰੇ। ਨੌਜਵਾਨ ਹੋਣ ਦੇ ਨਾਤੇ ਖ਼ਾਸ ਤੌਰ ’ਤੇ ਹੋਰ ਨੌਜਵਾਨਾਂ ਪ੍ਰਤੀ ਤੁਹਾਡੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਅੱਜ ਤੁਸੀਂ ਦੇਖ ਰਹੇ ਹੋ, ਸਾਡੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਹੁਨਰ ਨੇ ਪੂਰੀ ਦੁਨੀਆ ਦਾ ਭਰੋਸਾ ਜਿੱਤਿਆ ਹੈ। ਦੁਨੀਆ ਨੂੰ ਸਾਡੇ ਨਵੀਨਤਾਕਾਰਾਂ, ਸਾਡੇ ਉੱਦਮੀਆਂ ਅਤੇ ਸਾਡੀ ਨੌਜਵਾਨ ਸ਼ਕਤੀ ਤੋਂ ਬਹੁਤ ਉਮੀਦਾਂ ਹਨ। ਹੁਣੇ ਕੁਝ ਦਿਨ ਪਹਿਲਾਂ ਹੀ ਬ੍ਰਿਕਸ ਸਮਿਟ ਸੰਪੰਨ ਹੋਈ ਹੈ। ਭਾਰਤ ਦਾ ਯਤਨ ਰਿਹਾ ਹੈ ਕਿ ਬ੍ਰਿਕਸ ਸਹਿਯੋਗ ਸਿਰਫ਼ ਸਰਕਾਰਾਂ ਤੱਕ ਸੀਮਤ ਨਾ ਰਹੇ, ਸਾਡੇ ਉੱਦਮੀ, ਸਾਡੇ ਕਿਸਾਨ, ਸਾਡੀਆਂ ਮਹਿਲਾਵਾਂ, ਸਾਡੇ ਨੌਜਵਾਨ, ਹਰ ਕੋਈ ਇਸ ਭਾਈਵਾਲੀ ਦਾ ਸਰਗਰਮ ਭਾਈਵਾਲ ਬਣੇ। ਇਸੇ ਸੋਚ ਨਾਲ ਬ੍ਰਿਕਸ ਕਨੈਕਟ ਅਤੇ ਬ੍ਰਿਕਸ ਐੱਮਐੱਸਐੱਮਈ ਕੌਪ੍ਰੇਸ਼ਨ ਪੋਰਟਲ ਦੀ ਵੀ ਪਹਿਲ ਕੀਤੀ ਗਈ ਹੈ।

 

ਸਾਥੀਓ, 

ਭਾਰਤ ਨੇ ਬੀਤੇ ਕੁਝ ਸਾਲਾਂ ਵਿੱਚ ਲਗਭਗ 40 ਦੇਸ਼ਾਂ ਨਾਲ ਮੁਫ਼ਤ ਵਪਾਰ ਸਮਝੌਤੇ ਵੀ ਕੀਤੇ ਹਨ। ਇਹ ਮੁਫ਼ਤ ਵਪਾਰ ਸਮਝੌਤੇ, ਐੱਫਟੀਏ, ਸਾਡੇ ਨੌਜਵਾਨਾਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ। ਇਸ ਤਰ੍ਹਾਂ ਦੇ ਵਪਾਰ ਸਮਝੌਤੇ ਨਾਲ ਸਾਡੇ ਉੱਦਮੀਆਂ ਲਈ ਨਵੀਆਂ ਭਾਈਵਾਲੀਆਂ ਦੇ ਰਸਤੇ ਖੁਲ੍ਹਦੇ ਹਨ, ਨਵੇਂ ਬਜ਼ਾਰਾਂ ਦੇ ਰਸਤੇ ਖੁਲ੍ਹਦੇ ਹਨ। ਅਤੇ ਸਾਡੇ ਨੌਜਵਾਨਾਂ ਲਈ ਕਰੀਅਰ ਵਿੱਚ ਨਵੀਆਂ ਸੰਭਾਵਨਾਵਾਂ ਬਣਦੀਆਂ ਹਨ। 

ਸਾਥੀਓ, 

ਬੀਤੇ ਸਾਲਾਂ ਵਿੱਚ ਭਾਰਤ ਸਰਕਾਰ ਦਾ ਲਗਾਤਾਰ ਜ਼ੋਰ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ’ਤੇ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ, ਸਕਿੱਲ ਇੰਡੀਆ ਮਿਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਜਾਂ ਅਪ੍ਰੈਂਟਿਸਸ਼ਿਪ ਨੂੰ ਹੁਲਾਰਾ ਦੇਣ ਦੇ ਯਤਨ। ਸਾਡੀ ਕੋਸ਼ਿਸ਼ ਹੈ ਕਿ ਨੌਜਵਾਨਾਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਹੁਨਰ, ਬਦਲਦੀ ਆਰਥਿਕਤਾ ਦੀਆਂ ਜ਼ਰੂਰਤਾਂ ਨਾਲ ਚੱਲਣ। ਜਿਵੇਂ ਇੱਕ ਉਦਾਹਰਣ ਹੈ, ਪੀਐੱਮ-ਸੇਤੂ। ਇਸ ਯੋਜਨਾ ਰਾਹੀਂ 60 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਹਜ਼ਾਰ ਸਰਕਾਰੀ ਆਈਟੀਆਈ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਇਸ ਵਿੱਚ ਉਦਯੋਗ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਈ ਗਈ ਹੈ।

 

ਸਾਥੀਓ, 

ਭਾਰਤ ਦੇ ਨੌਜਵਾਨਾਂ ਦੇ ਸਮਰੱਥਾ ਦੀ ਇੱਕ ਹੋਰ ਤਸਵੀਰ ਸਾਡੇ ਸਟਾਰਟਅੱਪ ਈਕੋਸਿਸਟਮ ਵਿੱਚ ਦਿਖਾਈ ਦਿੰਦੀ ਹੈ। ਭਾਰਤ ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਅਤੇ ਭਾਰਤ ਦੀ ਸਟਾਰਟਅੱਪ ਸਟੋਰੀ ਹੁਣ ਸਿਰਫ਼ ਵੱਡੇ ਸ਼ਹਿਰਾਂ ਦੀ ਕਹਾਣੀ ਨਹੀਂ ਹੈ। ਅੱਜ ਲਗਭਗ ਅੱਧੇ ਮਾਨਤਾ ਪ੍ਰਾਪਤ ਸਟਾਰਟਅੱਪ ਟੀਅਰ-ਟੂ ਅਤੇ ਟੀਅਰ-ਥ੍ਰੀ ਸ਼ਹਿਰਾਂ ਵਿੱਚ ਹਨ। ਭਾਵ ਅੱਜ ਪਿੰਡ, ਕਸਬੇ ਅਤੇ ਛੋਟੇ ਸ਼ਹਿਰ ਦਾ ਨੌਜਵਾਨ ਵੀ ਭਾਰਤ ਦੀ ਨਵੀਂ ਆਰਥਿਕਤਾ ਵਿੱਚ ਆਪਣੀ ਭੂਮਿਕਾ ਵੱਡੀ ਬਣਾ ਰਿਹਾ ਹੈ। ਛੋਟੇ ਸ਼ਹਿਰਾਂ ਦੇ ਸਾਡੇ ਨੌਜਵਾਨ ਆਪਣੇ ਵਿਚਾਰਾਂ ’ਤੇ ਕੰਮ ਕਰ ਰਹੇ ਹਨ, ਨਵੀਆਂ ਕੰਪਨੀਆਂ ਬਣਾ ਰਹੇ ਹਨ, ਅਤੇ ਆਪਣੇ ਨਾਲ ਦੂਜੇ ਨੌਜਵਾਨਾਂ ਲਈ ਵੀ ਰੁਜ਼ਗਾਰ ਦੇ ਨਵੇਂ ਮੌਕੇ ਤਿਆਰ ਕਰ ਰਹੇ ਹਨ।

 

ਸਾਥੀਓ, 

ਸਾਡਾ ਯਤਨ ਹੈ ਕਿ ਪ੍ਰਾਈਵੇਟ ਸੈਕਟਰ ਵਿੱਚ ਵੀ ਰੁਜ਼ਗਾਰ ਦੇ ਨਵੇਂ ਮੌਕੇ ਤੇਜ਼ੀ ਨਾਲ ਵਧਣ। ਇਸੇ ਸੋਚ ਨਾਲ ਪ੍ਰਧਾਨ ਮੰਤਰੀ ਵਿਕਸਤ ਭਾਰਤ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ’ਤੇ ਲਗਭਗ ਇੱਕ ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਯੋਜਨਾ ਦੀ ਮਦਦ ਨਾਲ ਲਗਭਗ ਦੋ ਕਰੋੜ ਨੌਜਵਾਨਾਂ ਨੂੰ ਪਹਿਲੀ ਵਾਰ ਵਰਕਫੋਰਸ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ। ਸਰਕਾਰ ਵੱਲੋਂ ਇਸ ਯੋਜਨਾ ਤਹਿਤ ਪਹਿਲੀ ਵਾਰ ਨੌਕਰੀ ਪਾਉਣ ਵਾਲੇ ਨੌਜਵਾਨਾਂ ਨੂੰ 15 ਹਜ਼ਾਰ ਰੁਪਏ ਤੱਕ ਦਾ ਪ੍ਰੋਤਸਾਹਨ ਵੀ ਦਿੱਤਾ ਜਾ ਰਿਹਾ ਹੈ। ਨਵੇਂ ਰੁਜ਼ਗਾਰ ਪੈਦਾ ਕਰਨ ਵਾਲੇ ਮਾਲਕਾਂ ਨੂੰ ਵੀ ਸਰਕਾਰ ਉਤਸ਼ਾਹਤ ਕਰ ਰਹੀ ਹੈ। ਭਾਵ ਦੇਸ਼ ਵਿੱਚ ਰੁਜ਼ਗਾਰ ਵਧਾਉਣ ਲਈ ਸਰਕਾਰ ਹਰ ਮੋਰਚੇ ’ਤੇ ਕੰਮ ਕਰ ਰਹੀ ਹੈ।

 

ਸਾਥੀਓ, 

ਨੌਜਵਾਨਾਂ ਲਈ ਨਵੇਂ ਮੌਕੇ ਤਦ ਹੀ ਬਣਦੇ ਹਨ, ਜਦੋਂ ਦੇਸ਼ ਦੀ ਆਰਥਿਕਤਾ ਅੱਗੇ ਵਧਦੀ ਹੈ, ਜਦੋਂ ਨਿਵੇਸ਼ ਵਧਦਾ ਹੈ, ਨਵੇਂ ਉਦਯੋਗ ਲੱਗਦੇ ਹਨ, ਅਤੇ ਨਵੇਂ ਸੈਕਟਰਾਂ ਦਾ ਵਿਸਤਾਰ ਹੁੰਦਾ ਹੈ। ਅੱਜ ਭਾਰਤ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵੱਡੀ ਆਰਥਿਕਤਾ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਵਾਧਾ ਦਰ 7.8 ਪ੍ਰਤੀਸ਼ਤ ਰਹੀ ਹੈ। ਨਿਵੇਸ਼ ਵਿੱਚ ਲਗਭਗ 12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰੇਟਿੰਗ ਏਜੰਸੀਆਂ, ਭਾਰਤ ਦੀਆਂ ਰੇਟਿੰਗਾਂ ਵਿੱਚ ਸੁਧਾਰ ਕਰ ਰਹੀ ਹਨ। ਅਤੇ ਇਹ ਤਰੱਕੀ ਅਜਿਹੇ ਸਮੇਂ ਵਿੱਚ ਹੋ ਰਹੀ ਹੈ, ਜਦੋਂ ਦੁਨੀਆ ਕਈ ਅਨਿਸ਼ਚਿਤਤਾਵਾਂ ਵਿੱਚੋਂ ਗੁਜ਼ਰ ਰਹੀ ਹੈ। ਭਾਰਤ ਦੀ ਇਸ ਵਿਕਾਸ ਦੇ ਪਿੱਛੇ ਬੀਤੇ ਸਾਲਾਂ ਦੇ ਸੁਧਾਰਾਂ ਦਾ ਵੱਡਾ ਯੋਗਦਾਨ ਹੈ। ਤੁਹਾਨੂੰ ਆਪਣੇ ਕਾਰਜਕਾਲ ਵਿੱਚ ਲਗਾਤਾਰ ਸੁਧਾਰਾਂ ਨੂੰ ਹੋਰ ਗਤੀ ਦੇਣੀ ਹੈ। ਟੈਕਸ ਅਤੇ ਪਾਲਣਾ ਨੂੰ ਸਰਲ ਬਣਾਉਣਾ ਹੋਵੇ, ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਵਧਾਉਣਾ ਹੋਵੇ, ਸਿੱਖਿਆ ਅਤੇ ਹੁਨਰ ਵਿੱਚ ਸੁਧਾਰ ਹੋਣ, ਜਾਂ ਨਵੇਂ ਸੈਕਟਰਾਂ ਨੂੰ ਨਵੀਨਤਾ ਲਈ ਖੋਲ੍ਹਣਾ ਹੋਵੇ ਜਾਂ ਈਜ਼ ਆਫ਼ ਲਿਵਿੰਗ ਦੀ ਗੱਲ ਹੋਵੇ, ਹਰ ਪੱਧਰ ’ਤੇ ਦੇਸ਼ ਵਿੱਚ 'ਰਿਫੌਰਮ ਐਕਸਪ੍ਰੈੱਸ' ਦਾ ਲਗਾਤਾਰ ਪੂਰੀ ਰਫ਼ਤਾਰ ਨਾਲ ਚੱਲਣਾ ਜ਼ਰੂਰੀ ਹੈ। ਅਤੇ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਮੌਜੂਦਾ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਵਿੱਚ ਆਪ ਸਭ ਦੀ ਬਹੁਤ ਵੱਡੀ ਭੂਮਿਕਾ ਰਹੇਗੀ।

 

ਸਾਥੀਓ, 

ਮੈਂ ਕੁਝ ਦਿਨ ਪਹਿਲਾਂ ਕਿਹਾ ਸੀ, ਸੂਰਜ ਸਾਡਾ ਹੋਵੇ, ਸਮੁੰਦਰ ਵੀ ਸਾਡਾ ਹੋਵੇ। ਸੂਰਜ ਸਾਡਾ ਹੋਵੇ, ਸਮੁੰਦਰ ਵੀ ਸਾਡਾ ਹੋਵੇ। ਕਿਸ਼ਤੀ ਸਾਡੀ ਹੋਵੇ, ਕਿਸ਼ਤੀ ਸਾਡੀ ਹੋਵੇ, ਕਿਸ਼ਤੀ ਚਲਾਉਣ ਵਾਲਾ ਵੀ ਸਾਡਾ ਹੋਵੇ। ਲਹਿਰਾਂ ’ਤੇ ਜਿੱਤ ਲਿਖੀਏ, ਲਹਿਰਾਂ ’ਤੇ ਜਿੱਤ ਲਿਖੀਏ, ਉਹ ਹੌਸਲਾ ਸਾਡਾ ਹੋਵੇ। ਅੱਜ ਭਾਰਤ ਦਾ ਨੌਜਵਾਨ ਇਸੇ ਹੌਸਲੇ ਨਾਲ ਅੱਗੇ ਵਧ ਰਿਹਾ ਹੈ। ਹੁਣ ਆਪ ਸਭ ਦੀ ਭਾਰਤ ਸਰਕਾਰ ਵਿੱਚ ਰਹਿੰਦਿਆਂ ਇਹ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਸਮਝਦਿਆਂ ਤੁਸੀਂ ਆਪਣੇ ਕੰਮ ਨੂੰ ਬਖ਼ੂਬੀ ਨਿਭਾਓ। ਮੇਰੀ ਫਿਰ ਤਾਕੀਦ ਹੋਵੇਗੀ, ਤੁਹਾਡਾ ਹਰ ਫ਼ੈਸਲਾ, ਹਰ ਫ਼ਾਈਲ ’ਤੇ ਕੀਤਾ ਗਿਆ ਹਸਤਾਖ਼ਰ, ਨੌਜਵਾਨਾਂ ਦੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਵਾਲਾ ਹੋਣਾ ਚਾਹੀਦਾ ਹੈ। ਤੁਹਾਨੂੰ ਆਪਣੇ ਕਾਰਜਕਾਲ ਵਿੱਚ ਦੇਖਣਾ ਹੋਵੇਗਾ, ਨੌਜਵਾਨਾਂ ਦੇ ਰਸਤੇ ਦੀਆਂ ਰੁਕਾਵਟਾਂ ਹਟਣ, ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇ, ਨਵੀਨਤਾ ਨਾਲ ਨਿਵੇਸ਼ ਵਧੇ ਅਤੇ ਨਿਵੇਸ਼ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਬਣਨ।

 

ਸਾਥੀਓ, 

ਹੁਣ ਤੁਸੀਂ ਖੁਦ ਸਰਕਾਰੀ ਵਿਵਸਥਾ ਦਾ ਹਿੱਸਾ ਬਣਨ ਜਾ ਰਹੇ ਹੋ। ਇਸ ਲਈ ਤੁਹਾਡਾ ਯਤਨ ਹੋਵੇ ਕਿ ਜਿਨ੍ਹਾਂ ਪਰੇਸ਼ਾਨੀਆਂ ਵਿੱਚੋਂ ਤੁਸੀਂ ਗੁਜ਼ਰੇ ਹੋ ਜਾਂ ਜਿਨ੍ਹਾਂ ਪਰੇਸ਼ਾਨੀਆਂ ਵਿੱਚੋਂ ਤੁਹਾਡੇ ਮਾਤਾ-ਪਿਤਾ ਨੂੰ ਗੁਜ਼ਰਨਾ ਪਿਆ ਹੈ, ਉਨ੍ਹਾਂ ਵਿੱਚੋਂ ਦੂਜੇ ਨੌਜਵਾਨਾਂ ਨੂੰ ਨਾ ਗੁਜ਼ਰਨਾ ਪਵੇ। ਜਿਹੜੀਆਂ ਤਕਲੀਫ਼ਾਂ ਤੁਹਾਡੇ ਮਾਂ-ਪਿਓ ਨੇ ਸਹੀਆਂ ਹਨ, ਜਿਹੜੀਆਂ ਤਕਲੀਫ਼ਾਂ ਕਦੇ ਤੁਹਾਨੂੰ ਸਹਿਣੀਆਂ ਪਈਆਂ ਹਨ, ਉਹ ਹੁਣ ਸਾਡੇ ਦੇਸ਼ ਦੇ ਕਿਸੇ ਨਾਗਰਿਕ ਨੂੰ ਸਹਿਣੀਆਂ ਨਾ ਪੈਣ, ਇਹ ਕੰਮ ਤੁਹਾਨੂੰ ਸਰਕਾਰੀ ਵਿਵਸਥਾ ਵਿੱਚ ਆਉਂਦਿਆਂ ਹੀ ਕਰਨਾ ਚਾਹੀਦਾ ਹੈ। 

ਸਾਥੀਓ, 

ਅੱਜ ਦੇਸ਼ ਵਿੱਚ, ਹਰ ਖੇਤਰ ਵਿੱਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ। ਤੁਸੀਂ ਲਗਾਤਾਰ ਸਿੱਖਦੇ ਹੋਏ, ਇੱਥੇ ਤੱਕ ਪਹੁੰਚੇ ਹੋ, ਹੁਣ ਇੱਥੋਂ ਲਗਾਤਾਰ ਸਿੱਖਦੇ ਰਹਿਣ ਦੀ ਇੱਕ ਨਵੀਂ ਯਾਤਰਾ ਸ਼ੁਰੂ ਹੋ ਰਹੀ ਹੈ। ਤੁਹਾਨੂੰ ਲਗਾਤਾਰ ਆਪਣੇ ਹੁਨਰ ਨੂੰ ਬਿਹਤਰ ਕਰਨਾ ਹੈ। ਨਵੀਂ ਤਕਨਾਲੋਜੀ ਅਤੇ ਨਵੇਂ ਸਿਸਟਮਾਂ ਨੂੰ ਸਮਝਣਾ ਹੈ। ਮਿਸ਼ਨ ਕਰਮਯੋਗੀ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਆਈਜੀਓਟੀ ਕਰਮਯੋਗੀ ਪਲੈਟਫਾਰਮ ’ਤੇ ਅੱਜ ਇੱਕ ਕਰੋੜ 70 ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਜੁੜ ਚੁੱਕੇ ਹਨ। ਅਤੇ ਤੁਹਾਡੇ ਵਰਗੇ ਨਵੇਂ ਸਾਥੀਆਂ ਲਈ 'ਕਰਮਯੋਗੀ ਆਰੰਭ' ਨੂੰ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ। ਤੁਸੀਂ ਜਿੰਨਾ ਖੁਦ ਨੂੰ ਬਿਹਤਰ ਬਣਾਓਗੇ, ਓਨਾ ਹੀ ਬਿਹਤਰ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰ ਪਾਓਗੇ।

 

ਸਾਥੀਓ, 

ਤੁਹਾਨੂੰ ਨੂੰ ਇੱਕ ਹੋਰ ਗੱਲ ਹਮੇਸ਼ਾ ਯਾਦ ਰੱਖਣੀ ਹੈ। ਸਰਕਾਰ ਦੀ ਅਸਲ ਤਾਕਤ ਦੇਸ਼ ਦੇ ਨਾਗਰਿਕਾਂ ਦਾ ਵਿਸ਼ਵਾਸ ਹੁੰਦੀ ਹੈ। ਤੁਸੀਂ ਕਿਸੇ ਵੀ ਮੰਤਰਾਲੇ ਵਿੱਚ ਹੋਵੋ, ਕਿਸੇ ਵੀ ਵਿਭਾਗ ਵਿੱਚ ਹੋਵੋ, ਤੁਹਾਡਾ ਕੰਮ ਕਿਸੇ ਨਾ ਕਿਸੇ ਰੂਪ ਵਿੱਚ ਦੇਸ਼ ਦੇ ਆਮ ਨਾਗਰਿਕ ਦੇ ਜੀਵਨ ਨੂੰ ਛੂਹੇਗਾ। ਕਿਸੇ ਬਜ਼ੁਰਗ ਦੀ ਪੈਨਸ਼ਨ ਤੁਹਾਡੇ ਕੰਮ ਨਾਲ ਅੱਗੇ ਵਧੇਗੀ। ਕਿਸੇ ਵਿਦਿਆਰਥੀ ਦੀ ਸਕਾਲਰਸ਼ਿਪ ਤੁਹਾਡੀ ਜ਼ਿੰਮੇਵਾਰੀ ਨਾਲ ਜੁੜੀ ਹੋਵੇਗੀ। ਕਿਸੇ ਕਿਸਾਨ ਨੂੰ ਮਿਲਣ ਵਾਲੀ ਸਹੂਲਤ ਤੁਹਾਡੇ ਵਿਭਾਗ ਵਿੱਚੋਂ ਹੋ ਕੇ ਜਾਂਦੀ ਹੋਵੇਗੀ। ਹੋ ਸਕਦਾ ਹੈ, ਕਿਸੇ ਨਾਗਰਿਕ ਲਈ ਤੁਸੀਂ ਹੀ ਸਰਕਾਰ ਦਾ ਚਿਹਰਾ ਹੋਵੋ। ਤੁਹਾਡਾ ਵਿਵਹਾਰ, ਤੁਹਾਡੀ ਸੰਵੇਦਨਸ਼ੀਲਤਾ, ਤੁਹਾਡੀ ਕੁਸ਼ਲਤਾ, ਤੁਹਾਡੀ ਇਮਾਨਦਾਰੀ, ਇਨ੍ਹਾਂ ਸਭ ਤੋਂ ਤੈਅ ਹੋਵੇਗਾ ਕਿ ਉਸ ਨਾਗਰਿਕ ਦਾ ਸਰਕਾਰ ਨਾਲ ਤਜਰਬਾ ਕਿਹੋ ਜਿਹਾ ਰਹਿੰਦਾ ਹੈ।

 

ਇਸ ਲਈ ਸਾਥੀਓ, 

ਸਰਕਾਰੀ ਸੇਵਾ ਵਿੱਚ ਸਾਡਾ ਮੰਤਰ ਹੋਣਾ ਚਾਹੀਦਾ ਹੈ- ਨਾਗਰਿਕ ਦੇਵੋ ਭਵ, ਨਾਗਰਿਕ ਦੇਵੋ ਭਵ। ਨਾਗਰਿਕ ਦੀ ਸੇਵਾ, ਰਾਸ਼ਟਰ ਦੀ ਸੇਵਾ ਹੈ। ਤੁਹਾਡੀ ਸਫ਼ਲਤਾ ਤਦ ਅਤੇ ਵੱਡੀ ਹੋਵੇਗੀ, ਜਦੋਂ ਤੁਹਾਡੇ ਕੰਮ ਨਾਲ ਕਿਸੇ ਨਾਗਰਿਕ ਦਾ ਜੀਵਨ ਆਸਾਨ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਤੁਸੀਂ ਜਿੱਥੇ ਵੀ ਰਹੋਗੇ, ਜਿਸ ਵੀ ਵਿਭਾਗ ਵਿੱਚ ਰਹੋਗੇ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਆਪਣੇ ਫ਼ਰਜ਼ਾਂ ਨੂੰ ਨਿਭਾਉਂਦੇ ਰਹੋਗੇ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

*****

ਐੱਮਜੇਪੀਐੱਸ/ਐੱਸਐੱਸ/ਐੱਸਐੱਸ/ਆਰਕੇ


(Release ID: 2312776) ਵਿਜ਼ੀਟਰ ਕਾਊਂਟਰ : 6