ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਭਾਰਤ 15 ਤੋਂ 18 ਸਤੰਬਰ, 2026 ਤੱਕ ਗਾਂਧੀਨਗਰ ਵਿੱਚ 'ਸਰਕੂਲਰ ਈਕੋਨੌਮੀ: ਲੋਕਾਂ ਅਤੇ ਖੁਸ਼ਹਾਲੀ ਲਈ ਬਦਲਾਅ' ਵਿਸ਼ੇ ਤਹਿਤ 'ਵਿਸ਼ਵ ਸਰਕੂਲਰ ਈਕੋਨੌਮੀ ਫੋਰਮ 2026' ਦੀ ਮੇਜ਼ਬਾਨੀ ਕਰੇਗਾ।


ਇਹ ਫੋਰਮ ਵੱਖ-ਵੱਖ ਸੈਕਟਰਾਂ ਵਿੱਚ ਭਾਈਵਾਲੀ ਲਈ ਇੱਕ ਗਲੋਬਲ ਪਲੈਟਫਾਰਮ ਹੈ, ਜਿਸਦਾ ਉਦੇਸ਼ ਸਰਕੂਲਰ ਫਾਇਨਾਂਸ ਨੂੰ ਉਤਸ਼ਾਹਿਤ ਕਰਨਾ ਅਤੇ ਸਰਕੂਲੈਰਿਟੀ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਵਿੱਚ 65 ਤੋਂ ਵੱਧ ਦੇਸ਼ਾਂ ਦੇ 2,000 ਤੋਂ ਵੱਧ ਹਿੱਸੇਦਾਰ ਭਾਗ ਲੈਣਗੇ; ਨਾਲ ਹੀ, 125 ਤੋਂ ਵੱਧ ਪ੍ਰਦਰਸ਼ਕ ਅੰਤਰਰਾਸ਼ਟਰੀ ਐਕਸਪੋ ਵਿੱਚ ਸਰਕੂਲੈਰਿਟੀ ਹੱਲ ਪੇਸ਼ ਕਰਨਗੇ।

Posted On: 13 SEP 2026 2:22PM by PIB Chandigarh

ਭਾਰਤ 15 ਤੋਂ 18 ਸਤੰਬਰ, 2026 ਤੱਕ ਗੁਜਰਾਤ ਦੇ ਗਾਂਧੀਨਗਰ ਵਿੱਚ ਵਿਸ਼ਵ ਸਰਕੂਲਰ ਈਕੋਨੌਮੀ ਫੋਰਮ (ਡਬਲਿਊਸੀਈਐੱਫ) 2026 ਦੀ ਮੇਜ਼ਬਾਨੀ ਕਰੇਗਾ। ਦੱਖਣੀ ਏਸ਼ੀਆ ਵਿੱਚ ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ ਇਸ ਫੋਰਮ ਦਾ ਉਦਘਾਟਨ 15 ਤਰੀਕ ਨੂੰ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਸੰਯੁਕਤ ਤੌਰ 'ਤੇ ਕਰਨਗੇ। ਇਹ ਫੋਰਮ "ਸਰਕੂਲਰ ਈਕੋਨੌਮੀ: ਲੋਕਾਂ ਅਤੇ ਖੁਸ਼ਹਾਲੀ ਲਈ ਤਬਦੀਲੀ" ਵਿਸ਼ੇ ਦੇ ਤਹਿਤ ਆਯੋਜਿਤ ਕੀਤਾ ਜਾਵੇਗਾ। ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਹੋਰ ਪਤਵੰਤਿਆਂ ਵਿੱਚ ਗੁਜਰਾਤ ਦੇ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਅਰਜੁਨ ਭਾਈ ਮੋਢਵਾਡੀਆ; ਭਾਰਤ ਵਿੱਚ ਫਿਨਲੈਂਡ ਦੇ ਰਾਜਦੂਤ ਸ਼੍ਰੀ ਮਿੱਕੋ ਕਿਵੀਕੋਸਕੀ; ਨੀਦਰਲੈਂਡ ਦੇ ਆਰਥਿਕ ਮਾਮਲਿਆਂ ਅਤੇ ਜਲਵਾਯੂ ਮੰਤਰਾਲੇ ਤੋਂ ਸ਼੍ਰੀਮਤੀ ਮੈਰੀਕੇ ਸਪਾਇਕਰਬੋਅਰ ਦੇ ਨਾਲ-ਨਾਲ ਭਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

ਸਰਕੂਲੈਰਿਟੀ ਦਾ ਉਦੇਸ਼ ਮੌਜੂਦਾ ਸਮੱਗਰੀਆਂ ਅਤੇ ਉਤਪਾਦਾਂ ਦੀ ਮੁੜ ਵਰਤੋਂ, ਉਨ੍ਹਾਂ ਨੂੰ ਠੀਕ ਕਰਕੇ ਮੁੜ ਕੰਮ ਕਰਨ ਦੇ ਯੋਗ ਬਣਾਉਣ ਅਤੇ ਰੀਸਾਈਕਲ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਕੀਮਤੀ ਸਰੋਤਾਂ ਵਜੋਂ ਅਰਥਵਿਵਸਥਾ ਵਿੱਚ ਵਾਪਸ ਲਿਆਇਆ ਜਾ ਸਕੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਵਾਤਾਵਰਣ ਅਭਿਆਸਾਂ ਵਿੱਚ ਇੱਕ ਵੱਡੀ ਤਬਦੀਲੀ ਦੀ ਅਗਵਾਈ ਕਰ ਰਿਹਾ ਹੈ ਅਤੇ ਇੱਕ ਆਧੁਨਿਕ ਸਰਕੂਲਰ ਅਰਥਵਿਵਸਥਾ ਵੱਲ ਵਧ ਰਿਹਾ ਹੈ। ਇਹ ਸਮਾਗਮ ਭਾਰਤ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ), ਫਿਨਿਸ਼ ਇਨੋਵੇਸ਼ਨ ਫੰਡ ਸਿਟ੍ਰਾ (SITRA), ਫਿਨਲੈਂਡ ਸਰਕਾਰ, ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਐਂਡਸੀਸੀ), ਗੁਜਰਾਤ ਸਰਕਾਰ ਅਤੇ ਗੁਜਰਾਤ ਪ੍ਰਦੂਸ਼ਣ ਕੰਟਰੋਲ ਬੋਰਡ (ਜੀਪੀਸੀਬੀ) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ।

ਡਬਲਿਊਸੀਈਐੱਫ (WCEF) 2026 ਦਾ ਉਦੇਸ਼ ਸਰਕੂਲੈਰਿਟੀ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਬਿਹਤਰ ਬਣਾਉਣ ਲਈ ਭਾਰਤ ਦੀਆਂ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਸਮਾਗਮ ਵਿੱਚ 65 ਤੋਂ ਵੱਧ ਦੇਸ਼ਾਂ ਦੇ ਕਾਰੋਬਾਰੀ ਨੇਤਾਵਾਂ, ਉੱਦਮੀਆਂ, ਨਵੀਨਤਾਕਾਰਾਂ, ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ, ਅਕਾਦਮਿਕ, ਪਰਿਵਰਤਨ ਨਿਰਮਾਤਾਵਾਂ ਅਤੇ ਹੋਰਾਂ ਸਮੇਤ ਵੱਖ-ਵੱਖ ਖੇਤਰਾਂ ਦੇ 2,000 ਤੋਂ ਵੱਧ ਹਿੱਸੇਦਾਰ ਸ਼ਾਮਲ ਹੋਣਗੇ। ਇਹ ਫੋਰਮ ‘ਗਲੋਬਲ ਸਾਊਥ’ ਨਾਲ ਗਲੋਬਲ ਸਹਿਯੋਗ ਅਤੇ ਬਿਹਤਰ ਸ਼ਮੂਲੀਅਤ ਦੀ ਸਹੂਲਤ ਦੇਵੇਗਾ; ਸਰਕੂਲਰ ਵਿੱਤ ਅਤੇ ਨਿੱਜੀ ਖੇਤਰ ਦੇ ਨਿਵੇਸ਼ ਨੂੰ ਲਾਮਬੰਦ ਕਰਨ ਵਿੱਚ ਮਦਦ ਕਰੇਗਾ; ਨੀਤੀ ਸੰਵਾਦ ਅਤੇ ਅੰਤਰ-ਸੈਕਟਰ ਭਾਈਵਾਲੀ ਨੂੰ ਉਤਸ਼ਾਹਿਤ ਕਰੇਗਾ; ਅਤੇ ਸਰਕੂਲੈਰਿਟੀ ਲਈ ਨਵੀਨਤਾ, ਡਿਜੀਟਲਾਈਜ਼ੇਸ਼ਨ ਅਤੇ ਤਕਨਾਲੋਜੀ ਨੂੰ ਅੱਗੇ ਵਧਾਏਗਾ।

15-16 ਸਤੰਬਰ, 2026 ਨੂੰ ਹੋਣ ਵਾਲੇ ਇਸ ਫੋਰਮ ਵਿੱਚ ਏਆਈ ਦੀ ਵਰਤੋਂ, ਰੁਜ਼ਗਾਰ ਦੇ ਮੌਕੇ, ਊਰਜਾ ਉਤਪਾਦਨ, ਵਿੱਤ, ਸ਼ਾਸਨ, ਟਿਕਾਊ ਉਤਪਾਦ, ਉਦਯੋਗਿਕ ਹੱਲ, ਸਟਾਰਟ-ਅੱਪ ਈਕੋਸਿਸਟਮ ਅਤੇ ਯੁਵਾ ਲੀਡਰਸ਼ਿਪ ਵਰਗੇ ਵਿਸ਼ਿਆਂ 'ਤੇ ਚਾਰ ਮੁੱਖ ਸੈਸ਼ਨ ਅਤੇ 16 ਸਮਾਨਾਂਤਰ ਥੀਮੈਟਿਕ ਸੈਸ਼ਨ ਹੋਣਗੇ। ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਵਿੱਚ 125 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਕਾਂ ਦੀ ਇੱਕ ਪ੍ਰਦਰਸ਼ਨੀ ਵੀ ਹੋਵੇਗੀ, ਜਿਸ ਵਿੱਚ ਸਟਾਰਟ-ਅੱਪਸ ਦੁਆਰਾ ਵਿਕਸਿਤ ਕੀਤੇ ਗਏ ਵਿਵਹਾਰਕ ਸਰਕੂਲਰ ਸਮਾਧਾਨ ਅਤੇ ਨਿਵੇਸ਼ ਲਈ ਤਿਆਰ ਨਵੀਨਤਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਡਬਲਿਊਸੀਈਐੱਫ (WCEF) ਦੇ ਨਾਲ-ਨਾਲ, ਭਾਰਤ ਨੂੰ ਟਿਕਾਊ ਖਪਤ ਅਤੇ ਉਤਪਾਦਨ ਪੈਟਰਨਾਂ 'ਤੇ 10-ਸਾਲਾ ਪ੍ਰੋਗਰਾਮ ਫਰੇਮਵਰਕ(10 ਵਾਈਐੱਫਪੀ) ਦਾ ਬੋਰਡ 15 ਸਤੰਬਰ ਨੂੰ ਗਾਂਧੀਨਗਰ ਵਿੱਚ ਆਪਣੀ ਸਿੱਧੀ (ਵਿਅਕਤੀਗਤ) ਮੀਟਿੰਗ ਕਰੇਗਾ। ਭਾਰਤ ਨੇ ਹਾਲ ਹੀ ਵਿੱਚ 10 ਵਾਈਐੱਫਪੀ ਬੋਰਡ ਦੇ ਸਹਿ-ਚੇਅਰਮੈਨ ਦੀ ਭੂਮਿਕਾ ਸੰਭਾਲੀ ਹੈ, ਜੋ ਕਿ ਟਿਕਾਊ ਖਪਤ ਅਤੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਵਿੱਚ ਇਸਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੀਡਰਸ਼ਿਪ ਭੂਮਿਕਾ ਨੂੰ ਦਰਸਾਉਂਦੀ ਹੈ। 17-18 ਸਤੰਬਰ, 2026 ਨੂੰ, ਗਲੋਬਲ ਭਾਈਵਾਲ ਸੁਤੰਤਰ ਤੌਰ 'ਤੇ ਗਾਂਧੀਨਗਰ ਅਤੇ ਦੁਨੀਆ ਭਰ ਦੇ ਹੋਰ ਸਥਾਨਾਂ ਔਨਲਾਈਨ/ਹਾਈਬ੍ਰਿਡ ਅਤੇ ਵਿਅਕਤੀਗਤ ਤੌਰ 'ਤੇ 80 ਐਕਸਲੇਟਰ ਸੈਸ਼ਨਾਂ ਦਾ ਆਯੋਜਨ ਕਰਨਗੇ।

ਸਮਾਪਤੀ ਸਮਾਰੋਹ ਵਿੱਚ ਗੁਜਰਾਤ ਦੇ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਅਰਜੁਨਭਾਈ ਦੇਵਾਭਾਈ ਮੋਧਵਾਡੀਆ ਸ਼ਾਮਲ ਹੋਣਗੇ। ਫਿਨਲੈਂਡ ਦੇ ਜਲਵਾਯੂ ਅਤੇ ਵਾਤਾਵਰਣ ਮੰਤਰੀ ਸ਼੍ਰੀਮਤੀ ਸਾਰੀ ਮੁਲਤਾਲਾ; ਗੁਜਰਾਤ ਦੇ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਪ੍ਰਵੀਨਭਾਈ ਮਾਲੀ; ਐੱਸਆਈਟੀਆਰਏ (SITRA) ਦੇ ਡਾਇਰੈਕਟਰ (ਅੰਤਰਰਾਸ਼ਟਰੀ ਪ੍ਰੋਗਰਾਮ) ਸ਼੍ਰੀ ਕ੍ਰਿਸਟੋ ਲੇਹਟੋਨੇਨ, ਦੇ ਨਾਲ-ਨਾਲ ਭਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਸਮਾਰੋਹ ਦਾ ਸਮਾਪਨ ਐੱਸਆਈਟੀਆਰਏ (ਸਿਟਰਾ) ਦੇ ਡਾਇਰੈਕਟਰ (ਅੰਤਰਰਾਸ਼ਟਰੀ ਪ੍ਰੋਗਰਾਮ) ਦੁਆਰਾ ਰਸਮੀ ਤੌਰ 'ਤੇ ਅਗਲੇ ਮੇਜ਼ਬਾਨ ਨੂੰ ਜਿੰਮੇਦਾਰੀ ਸੌਂਪਣ ਨਾਲ ਹੋਵੇਗਾ। ਇਹ ਸੰਦੇਸ਼ ਵੀ ਦਿੱਤਾ ਜਾਵੇਗਾ ਕਿ ਸਰਕੂਲਰ ਈਕੋਨੌਮੀ ਦੇ ਸਿਧਾਂਤਾਂ ਨੂੰ ਅਪਣਾ ਕੇ, ਦੁਨੀਆ ਇੱਕ ਅਜਿਹੀ ਵਿਸ਼ਵਵਿਆਪੀ ਅਰਥਵਿਵਸਥਾ ਦਾ ਨਿਰਮਾਣ ਕਰ ਸਕਦੀ ਹੈ ਜੋ ਵਧੇਰੇ ਟਿਕਾਊ, ਮਜ਼ਬੂਤ ​​ਅਤੇ ਖੁਸ਼ਹਾਲ ਹੋਵੇ।

*****

ਵੀਐੱਮ/ਏਕੇ


(Release ID: 2310156) ਵਿਜ਼ੀਟਰ ਕਾਊਂਟਰ : 5