ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਇੰਡੀਆ ਏਆਈ ਮਿਸ਼ਨ ਅਤੇ ਸਵੀਡਨ ਨੇ ਐੱਸਆਈਟੀਏਸੀ (SITAC) ਦੇ ਤਹਿਤ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਾਈਜ਼ੇਸ਼ਨ ਵਿੱਚ ਰਣਨੀਤਕ ਸਹਿਯੋਗ ਬਾਰੇ ਚਰਚਾ ਕੀਤੀ
ਦੁਵੱਲੀ ਗੱਲਬਾਤ ਵਿੱਚ ਭਾਰਤ ਦੇ ਏਆਈ ਈਕੋਸਿਸਟਮ ਅਤੇ ਸਵੀਡਨ ਦੀਆਂ ਉਦਯੋਗਿਕ ਅਤੇ ਤਕਨੀਕੀ ਸਮਰੱਥਾਵਾਂ ਦਰਮਿਆਨ ਤਾਲਮੇਲ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ
Posted On:
07 SEP 2026 7:28PM by PIB Chandigarh
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਤਹਿਤ ਇੰਡੀਆ ਏਆਈ ਮਿਸ਼ਨ ਨੇ ਨਵੀਂ ਦਿੱਲੀ ਦੇ ਇਲੈਕਟ੍ਰੌਨਿਕਸ ਨਿਕੇਤਨ ਵਿਖੇ ਸਵੀਡਨ-ਭਾਰਤ ਤਕਨਾਲੋਜੀ ਅਤੇ ਏਆਈ ਕੌਰੀਡੋਰ (SITAC) ਦੇ ਤਹਿਤ ਸਵੀਡਨ ਦੇ ਵਫ਼ਦ ਨਾਲ ਦੁਵੱਲੀ ਗੱਲਬਾਤ ਕੀਤੀ।

ਇਸ ਸੈਸ਼ਨ ਵਿੱਚ MeitY, ਇੰਡੀਆ ਏਆਈ ਮਿਸ਼ਨ, ਭਾਰਤ ਵਿੱਚ ਸਵੀਡਨ ਦੇ ਦੂਤਾਵਾਸ, ਬਿਜ਼ਨਸ ਸਵੀਡਨ ਅਤੇ ਪ੍ਰਮੁੱਖ ਸਵੀਡਿਸ਼ ਕੰਪਨੀਆਂ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਭਾਰਤ ਦੇ ਵਿਕਸਿਤ ਹੋ ਰਹੇ ਏਆਈ ਈਕੋਸਿਸਟਮ, ਡਿਜੀਟਾਈਜ਼ੇਸ਼ਨ ਦੀਆਂ ਤਰਜੀਹਾਂ ਅਤੇ ਆਰਟੀਫਿਸ਼ੀਅਲ (ਏਆਈ) ਵਿੱਚ ਡੂੰਘੇ ਦੁਵੱਲੇ ਸਹਿਯੋਗ ਦੇ ਮੌਕਿਆਂ ਬਾਰੇ ਚਰਚਾ ਕੀਤੀ।
ਸੈਸ਼ਨ ਦੀ ਸ਼ੁਰੂਆਤ MeitY ਦੇ ਅੰਤਰਰਾਸ਼ਟਰੀ ਸਹਿਯੋਗ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਅਜੀਤ ਕੁਮਾਰ ਦੇ ਸੁਆਗਤੀ ਭਾਸ਼ਣ ਨਾਲ ਹੋਈ, ਜਿਸ ਤੋਂ ਬਾਅਦ ਇੰਡੀਆ ਏਆਈ ਮਿਸ਼ਨ ਦੇ ਸੀਈਓ ਸ਼੍ਰੀ ਸੌਰਭ ਵਿਜੈ (ਆਈਏਐੱਸ) ਨੇ ਸ਼ੁਰੂਆਤੀ ਸੰਬੋਧਨ ਦਿੱਤਾ। ਭਾਰਤ ਵਿੱਚ ਸਵੀਡਨ ਦੂਤਾਵਾਸ ਵਿੱਚ ਮੰਤਰੀ ਸਲਾਹਕਾਰ ਅਤੇ ਮਿਸ਼ਨ ਦੀ ਡਿਪਟੀ-ਹੈੱਡ ਮਹਾਮਹਿਮ ਐਗਨੇਸ ਜੂਲਿਨ (Agnes Julin) ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

“ਸਵੀਡਨ ਕੋਲ ਉਦਯੋਗਿਕ, ਖੋਜ ਅਤੇ ਆਧੁਨਿਕ ਨਿਰਮਾਣ ਦੀ ਡੂੰਘੀ ਮੁਹਾਰਤ ਹੈ, ਜਦਕਿ ਭਾਰਤ ਪੈਮਾਨੇ, ਡਿਜੀਟਲ ਜਨਤਕ ਢਾਂਚਾ ਅਤੇ ਏਆਈ ਪ੍ਰਤਿਭਾ ਦਾ ਵਿਸ਼ਾਲ ਭੰਡਾਰ ਅਤੇ ਪ੍ਰੀਖਣ ਵਾਤਾਵਰਣ ਪ੍ਰਦਾਨ ਕਰਦਾ ਹੈ।” ਇੰਡੀਆ ਏਆਈ ਮਿਸ਼ਨ ਦੇ ਸੀਈਓ ਸ਼੍ਰੀ ਸੌਰਭ ਵਿਜੈ (ਆਈਏਐੱਸ)।

“ਟ੍ਰੇਡ, ਮੈਨੂਫੈਕਚਰਿੰਗ ਅਤੇ ਇਨੋਵੇਸ਼ਨ ਸਟਾਰਟਅੱਪਸ ਨੂੰ ਜੋੜਨ ‘ਤੇ ਕੇਂਦ੍ਰਿਤ ਇੱਕ ਸਪਸ਼ਟ ਰੋਡਮੈਪ ਨਾਲ, ਸਾਡਾ ਸਾਂਝਾ ਟੀਚਾ ਭਾਰਤ ਅਤੇ ਸਵੀਡਨ ਦਰਮਿਆਨ ਏਆਈ ਅਤੇ ਇਲੈਕਟ੍ਰੌਨਿਕਸ ਵਿੱਚ ਵਪਾਰ ਦੇ ਮੌਕਿਆਂ ਲਈ ਦਰਵਾਜੇ ਖੁੱਲੇ ਰੱਖਣਾ ਹੈ, ਕਿਉਂਕਿ ਅਸੀਂ ਨਾਲ ਮਿਲ ਕੇ ਇਸ ਤਕਨਾਲੋਜੀ ਕ੍ਰਾਂਤੀ ਵਿੱਚ ਅੱਗੇ ਵਧ ਰਹੇ ਹਾਂ।” –ਭਾਰਤ ਵਿੱਚ ਸਵੀਡਨ ਦੂਤਾਵਾਸ ਵਿੱਚ ਮੰਤਰੀ ਸਲਾਹਕਾਰ ਅਤੇ ਮਿਸ਼ਨ ਦੀ ਡਿਪਟੀ ਹੈੱਡ ਮਹਾਮਹਿਮ ਐਗਨੇਸ ਜੂਲਿਨ।
ਇਸ ਸੈਸ਼ਨ ਦੌਰਾਨ, ਇੰਡੀਆ ਏਆਈ ਨੇ ਭਾਰਤ ਦੇ ਏਆਈ ਈਕੋਸਿਸਟਮ ਅਤੇ ਡਿਜੀਟਲ ਰੋਡਮੈਪ ਦਾ ਵੇਰਵਾ ਪੇਸ਼ ਕੀਤਾ।
ਇਸ ਵਿੱਚ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਏਆਈ ਖੇਤਰ ਵਿੱਚ ਸਵੀਡਿਸ਼ ਕੰਪਨੀਆਂ ਦੇ ਉਭਰ ਰਹੇ ਮੌਕਿਆਂ ‘ਤੇ ਜ਼ੋਰ ਦਿੱਤਾ ਗਿਆ। ਪੇਸ਼ਕਾਰੀ ਵਿੱਚ ਇੰਡੀਆ ਏਆਈ ਮਿਸ਼ਨ ਦੀਆਂ ਮੁੱਖ ਤਰਜੀਹਾਂ ਬਾਰੇ ਦੱਸਿਆ ਗਿਆ, ਜਿਸ ਵਿੱਚ ਕੰਪਿਊਟ ਸਮਰੱਥਾ, ਡੇਟਾਸੈੱਟ ਅਤੇ ਮਾਡਲ, ਸਵਦੇਸ਼ੀ ਅਤੇ ਖਾਸ ਖੇਤਰ ਲਈ ਏਆਈ, ਐਪਲੀਕੇਸ਼ਨ ਵਿਕਾਸ, ਭਵਿੱਖ ਦੇ ਕੌਸ਼ਲ, ਸਟਾਰਟਅੱਪ ਫਾਈਨੈਂਸਿੰਗ ਅਤੇ ਸੁਰੱਖਿਅਤ ਅਤੇ ਭਰੋਸੇਮੰਦ ਏਆਈ ਵਰਗੇ ਵਿਸ਼ੇ ਸ਼ਾਮਲ ਸੀ।
ਪੇਸ਼ਕਾਰੀ ਵਿੱਚ ਉਨ੍ਹਾਂ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਜੋ ਅੰਤਰਰਾਸ਼ਟਰੀ ਤਕਨੀਕੀ ਅਤੇ ਉਦਯੋਗਿਕ ਕੰਪਨੀਆਂ ਲਈ ਬਣ ਰਹੇ ਹਨ, ਕਿਉਂਕਿ ਭਾਰਤ ਆਪਣੇ ਏਆਈ ਢਾਂਚੇ, ਇਨੋਵੇਸ਼ਨ ਈਕੋਸਿਸਟਮ ਅਤੇ ਜ਼ਿੰਮੇਵਾਰ ਏਆਈ ਅਪਣਾਉਣ ਦੇ ਤਰੀਕਿਆਂ ਨੂੰ ਮਜ਼ਬੂਤ ਕਰ ਰਿਹਾ ਹੈ।
ਗੱਲਬਾਤ ਵਿੱਚ ਭਾਰਤ ਵਿੱਚ ਉੱਦਮ ਏਆਈ ਨੂੰ ਅਪਣਾਉਣ ਨਾਲ ਜੁੜੀ ਨੀਤੀ, ਢਾਂਚਾਗਤ ਅਤੇ ਸ਼ਾਸਨ ਦੀਆਂ ਸਥਿਤੀਆਂ ਵੱਲ ਵੀ ਧਿਆਨ ਦਿੱਤਾ ਗਿਆ, ਜਿਸ ਵਿੱਚ ਡੇਟਾ ਸ਼ਾਸਨ, ਸਥਾਨੀਕਰਣ, ਜਿੰਮੇਵਾਰ ਏਆਈ ਅਤੇ ਬਜ਼ਾਰ ਪਹੁੰਚ ਸ਼ਾਮਲ ਹਨ।
ਬਿਜ਼ਨਸ ਸਵੀਡਨ ਦੇ ਬਜ਼ਾਰ ਪ੍ਰਬੰਧਕ ਸ਼੍ਰੀ ਜੌਨੀ ਐਰਿਕਸਨ ਦੀ ਅਗਵਾਈ ਵਿੱਚ ਸਵੀਡਨ ਦੇ ਵਫ਼ਦ ਨੇ SITAC ਅਤੇ ਏਆਈ ਤੇ ਡਿਜੀਟਾਈਜ਼ੇਸ਼ਨ ਵਿੱਚ ਸਵੀਡਨ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਚਰਚਾ ਵਿੱਚ ਆਟੋਲੀਵ, ਕੌਂਸੇਟ, ਆਈਕੀਆ, ਸਾਬ, ਸੈਂਡਵਿਕ ਏਆਈ, ਸੈਂਡਵਿਕ ਇੰਟੈਲੀਜੈਂਟ ਮੈਨੂਫੈਕਚਰਿੰਗ ਐੱਸਕੇਐੱਫ ਅਤੇ ਵੌਲਵੋ ਗਰੁੱਪ ਜਿਹੀਆਂ ਪ੍ਰਮੁੱਖ ਸਵੀਡਨ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਇਸ ਆਪਸੀ ਗੱਲਬਾਤ ਵਿੱਚ ਪ੍ਰਮੁੱਖ ਸਵੀਡਿਸ਼ ਕੰਪਨੀਆਂ ਅਤੇ ਭਾਰਤ ਦੇ ਏਆਈ ਅਤੇ ਤਕਨੀਕੀ ਈਕੋਸਿਸਟਮ ਦੇ ਪ੍ਰਤੀਨਿਧੀਆਂ ਨੂੰ ਇਕੱਠੇ ਕੀਤਾ ਗਿਆ, ਜਿਨ੍ਹਾਂ ਵਿੱਚ ਟੈੱਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ), ਜ਼ੈੱਨਟੈੱਕ, ਅਵਤਾਰ ਏਆਈ, ਇਨਨੇਫੂ, ਕੋਰੋਵਰ ਏਆਈ, ਗਿਆਨੀ ਅਤੇ ਗਲੋਬਲ ਆਈਟੀਈਐੱਸ ਸ਼ਾਮਲ ਸਨ। ਚਰਚਾ ਵਿੱਚ ਸਵੀਡਨ ਦੀਆਂ ਉਦਯੋਗਿਕ ਅਤੇ ਤਕਨਾਲੋਜੀ ਸਮਰੱਥਾਵਾਂ ਅਤੇ ਭਾਰਤ ਦੀਆਂ ਏਆਈ ਤਰਜੀਹਾਂ ਦਰਮਿਆਨ ਤਾਲਮੇਲ ਦੇ ਸੰਭਾਵੀ ਖੇਤਰਾਂ ਦਾ ਪਤਾ ਲਗਾਇਆ ਗਿਆ, ਜਿਸ ਵਿੱਚ ਉਦਯੋਗਿਕ ਏਆਈ, ਭਰੋਸੇਮੰਦ ਡੇਟਾ, ਕੰਪਿਊਟ, ਕੌਸ਼ਲ ਅਤੇ ਜ਼ਿੰਮੇਵਾਰ ਏਆਈ ਵਰਗੇ ਖੇਤਰ ਸ਼ਾਮਲ ਸੀ। ਚਰਚਾ ਵਿੱਚ ਸਾਂਝੇ ਹਿਤ ਵਾਲੇ ਖੇਤਰਾਂ ਨੂੰ ਵਿਵਹਾਰਕ ਸਹਿਯੋਗ ਵਿੱਚ ਬਦਲਣ ‘ਤੇ ਜ਼ੋਰ ਦਿੱਤਾ ਗਿਆ।
ਭਾਰਤੀ ਏਆਈ ਅਤੇ ਤਕਨੀਕੀ ਕੰਪਨੀਆਂ ਦੀ ਭਾਈਵਾਲੀ ਨਾਲ ਸਵੀਡਨ ਦੇ ਵਫ਼ਦ ਨੂੰ ਭਾਰਤ ਦੀਆਂ ਉੱਦਮ ਸਮਰੱਥਾਵਾਂ, ਤਕਨੀਕੀ ਸਮਾਧਾਨਾਂ ਅਤੇ ਇਸਤੇਮਾਲ ਲਈ ਤਿਆਰ ਨਵੀਨਤਾ ਬਾਰੇ ਜਾਣਕਾਰੀ ਮਿਲੀ। ਇਸ ਗੱਲਬਾਤ ਦਾ ਮਕਸਦ ਵਿਸ਼ੇਸ਼ ਉੱਦਮ ਅਤੇ ਉਦਯੋਗਿਕ ਜ਼ਰੂਰਤਾਂ ਦੇ ਅਧਾਰ ‘ਤੇ ਪਾਇਲਟ ਪ੍ਰੋਜੈਕਟ, ਸਹਿ-ਵਿਕਾਸ, ਵਪਾਰਕ ਭਾਗੀਦਾਰੀ ਅਤੇ ਉਦਯੋਗ ਜਗਤ ਨਾਲ ਸਹਿਯੋਗ ਦੇ ਹੋਰ ਤਰੀਕਿਆਂ ਦੇ ਲਈ ਮੌਕਿਆਂ ਦੀ ਭਾਲ ਕਰਨਾ ਵੀ ਸੀ।
ਐੱਸਆਈਟੀਏਸੀ ਦੇ ਤਹਿਤ ਹੋਈਆਂ ਚਰਚਾਵਾਂ ਨਾਲ ਏਆਈ ਅਤੇ ਡਿਜੀਟਾਈਜ਼ੇਸ਼ਨ ਵਿੱਚ ਸਵੀਡਨ-ਭਾਰਤ ਦਰਮਿਆਨ ਇੱਕ ਕੇਂਦ੍ਰਿਤ ਅਤੇ ਨਿਰੰਤਰ ਸਹਿਯੋਗ ਏਜੰਡਾ ਬਣਨ ਦੀ ਉਮੀਦ ਹੈ, ਜਿਸ ਵਿੱਚ ਸੰਭਾਵੀ ਪਾਇਲਟ ਪ੍ਰੋਜੈਕਟ, ਪ੍ਰੀਖਣ ਸੁਵਿਧਾ, ਈਕੋਸਿਸਟਮ ਸ਼ਮੂਲੀਅਤ ਅਤੇ ਲਗਾਤਾਰ ਸਹਿਯੋਗ ਦੇ ਹੋਰ ਮੌਕੇ ਸ਼ਾਮਲ ਹਨ।
ਸੈਸ਼ਨ ਦੀ ਸਮਾਪਤੀ ਬਿਜ਼ਨਸ ਸਵੀਡਨ ਦੇ ਬਜ਼ਾਰ ਪ੍ਰਬੰਧਕ ਸ਼੍ਰੀ ਜੌਨੀ ਐਰਿਕਸਨ ਦੇ ਧੰਨਵਾਦ ਮਤੇ ਅਤੇ ਬਾਅਦ ਵਿੱਚ ਇੰਡੀਆ ਏਆਈ ਮਿਸ਼ਨ ਦੀਆਂ ਸਮਾਪਤੀ ਟਿੱਪਣੀਆਂ ਨਾਲ ਹੋਈ।
ਇਹ ਦੁਵੱਲੀ ਗੱਲਬਾਤ ਨਵੀਨਤਾ, ਉੱਦਮ ਨੂੰ ਅਪਣਾਉਣਾ ਅਤੇ ਤਕਨੀਕ-ਅਧਾਰਿਤ ਵਿਕਾਸ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਜ਼ਿੰਮੇਵਾਰ ਅਤੇ ਭਰੋਸੇਮੰਦ ਏਆਈ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਏਆਈ ਅਤੇ ਉੱਭਰ ਰਹੀ ਤਕਨੀਕ ਦਾ ਲਾਭ ਲੈਣ ਵਿੱਚ ਭਾਰਤ ਅਤੇ ਸਵੀਡਨ ਦੀ ਸਾਂਝੀ ਦਿਲਚਸਪੀ ਨੂੰ ਦਰਸਾਉਂਦੀ ਹੈ।
****
ਵਿਨੋਦ ਕੁਮਾਰ/ ਕਨਿਸ਼ਕ ਸ਼ਰਮਾ/ਸ਼ੀਨਮ ਜੈਨ
(Release ID: 2308300)
ਵਿਜ਼ੀਟਰ ਕਾਊਂਟਰ : 4