ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਨੇ ਅਲਾਇਡ ਅਤੇ ਹੈਲਥਕੇਅਰ ਸਿੱਖਿਆ ਅਤੇ ਪੇਸ਼ੇਵਰ ਮਿਆਰਾਂ ਨੂੰ ਮਜ਼ਬੂਤ ​​ਕੀਤਾ ; ਯੂਜੀਸੀ ਨੇ ਐੱਨਸੀਏਐੱਚਪੀ ਰੈਗੂਲੇਟਰੀ ਢਾਂਚੇ ਦੇ ਤਹਿਤ 33 ਨਵੀਆਂ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਨੂੰ ਨੋਟੀਫਾਈ ਕੀਤਾ ਅਤੇ 21 ਨੂੰ ਪੁਨਰਗਠਿਤ ਕੀਤਾ


"ਇੱਕ ਰਾਸ਼ਟਰ, ਇੱਕ ਪਾਠਕ੍ਰਮ" ਢਾਂਚੇ ਦੇ ਤਹਿਤ ਅਲਾਇਡ ਅਤੇ ਹੈਲਥਕੇਅਰ ਕੋਰਸਾਂ ਵਿੱਚ ਇਕਸਾਰਤਾ ਲਿਆਉਣ ਲਈ ਯੂਜੀਸੀ ਦਾ ਨੋਟੀਫਿਕੇਸ਼ਨ ਜਾਰੀ : ਡਾ: ਯਗਨਾ ਉਨਮੇਸ਼ ਸ਼ੁਕਲਾ, ਚੇਅਰਪਰਸਨ, ਐੱਨਸੀਏਐੱਚਪੀ

Posted On: 02 SEP 2026 5:48PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਲਈ ਇੱਕ ਕੁਸ਼ਲ, ਸਮਰੱਥ ਅਤੇ ਭਵਿੱਖ ਲਈ ਤਿਆਰ ਸਿਹਤ ਸੰਭਾਲ ਕਾਰਜਬਲ ਬਣਾਉਣ ਲਈ ਅਲਾਇਡ ਅਤੇ ਹੈਲਥਕੇਅਰ ਪੇਸ਼ਿਆਂ ਦੀ ਸਿੱਖਿਆ, ਸਿਖਲਾਈ ਅਤੇ ਪੇਸ਼ੇਵਰ ਮਿਆਰਾਂ ਨੂੰ ਮਜ਼ਬੂਤ ​​ਕਰ ਰਿਹਾ ਹੈ। ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਰਾਸ਼ਟਰੀ ਅਲਾਇਡ ਅਤੇ ਹੈਲਥਕੇਅਰ ਕਮਿਸ਼ਨ (ਐੱਨਸੀਏਐੱਚਪੀ) ਦੇ ਰੈਗੂਲੇਟਰੀ ਦਾਇਰੇ ਅਧੀਨ 33 ਨਵੇਂ ਅਤੇ 21 ਪੁਨਰਗਠਿਤ/ਅੱਪਡੇਟ ਕੀਤੇ ਅਲਾਇਡ ਅਤੇ ਹੈਲਥਕੇਅਰ ਅੰਡਰਗ੍ਰੈਜੁਏਟ (ਯੂਜੀ) ਅਤੇ ਪੋਸਟ ਗ੍ਰੈਜੂਏਟ (ਪੀਜੀ) ਡਿਗਰੀ ਕੋਰਸਾਂ ਨੂੰ ਨੋਟੀਫਾਈ ਕੀਤਾ ਹੈ।

ਯੂਜੀਸੀ ਨੇ ਯੂਜੀਸੀ ਐਕਟ, 1956 ਦੀ ਧਾਰਾ 22(3) ਦੇ ਤਹਿਤ ਡਿਗਰੀ ਨਿਰਧਾਰਨਾਂ ਵਿੱਚ  27 ਅਗਸਤ, 2026 ਰਾਹੀ 5ਵਾਂ ਸੋਧ ਨੋਟੀਫਿਕੇਸ਼ਨ ਨੰਬਰ ਐੱਫ.21-12/2026(ਸੀਪੀਪੀ-II) – (ਯੂਆਈਐਨ:3/2026)  ਜਾਰੀ ਕੀਤਾ ਹੈ। ਇਹ ਗਜ਼ਟ ਨੋਟੀਫਿਕੇਸ਼ਨ 31 ਅਗਸਤ, 2026 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਨੋਟੀਫਿਕੇਸ਼ਨ ਦੇਸ਼ ਭਰ ਵਿੱਚ ਅਲਾਇਡ ਅਤੇ ਹੈਲਥਕੇਅਰ ਸਿੱਖਿਆ ਵਿੱਚ ਵਧੇਰੇ ਇਕਸਾਰਤਾ ਲਿਆਉਣ ਅਤੇ ਇਨ੍ਹਾਂ ਮਹੱਤਵਪੂਰਨ ਸਿਹਤ ਸੰਭਾਲ ਵਿਸ਼ਿਆਂ ਵਿੱਚ ਅਕਾਦਮੀ ਅਤੇ ਪੇਸ਼ੇਵਰ ਮਾਰਗਾਂ ਨੂੰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

 

ਐੱਨਸੀਏਐੱਚਪੀ ਦੇ ਚੇਅਰਪਰਸਨ ਡਾ: ਯਗਨਾ ਉਨਮੇਸ਼ ਸ਼ੁਕਲਾ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਯੂਜੀਸੀ ਅਤੇ ਐੱਨਸੀਏਐੱਚਪੀ ਟੀਮ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਯੂਜੀਸੀ ਨੋਟੀਫਿਕੇਸ਼ਨ ਕਮਿਸ਼ਨ ਦੇ "ਇੱਕ ਰਾਸ਼ਟਰ, ਇੱਕ ਪਾਠਕ੍ਰਮ" ਆਦੇਸ਼ ਦੇ ਅਨੁਸਾਰ ਸਹਾਇਕ ਅਤੇ ਸਿਹਤ ਸੰਭਾਲ ਕੋਰਸਾਂ, ਉਨ੍ਹਾਂ ਦੀ ਮਿਆਦ, ਡਿਗਰੀ ਨਾਮਕਰਨ ਅਤੇ ਪ੍ਰਵੇਸ਼ ਯੋਗਤਾ ਵਿੱਚ ਇਕਸਾਰਤਾ ਲਿਆਏਗਾ। ਇਹ ਨੋਟੀਫਿਕੇਸ਼ਨ ਐੱਨਸੀਏਐੱਚਪੀ ਐਕਟ, 2021 ਦੇ ਤਹਿਤ ਨਿਰਧਾਰਿਤ ਸਹਾਇਕ ਅਤੇ ਸਿਹਤ ਸੰਭਾਲ ਪੇਸ਼ਿਆਂ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਿਆਪਕ ਮਾਰਗਦਰਸ਼ਨ ਪ੍ਰਦਾਨ ਕਰੇਗਾ।

ਨੋਟੀਫਾਈ ਡਿਗਰੀਆਂ ਵਿੱਚ ਫਿਜ਼ੀਓਥੈਰੇਪੀ, ਆਕੂਪੇਸ਼ਨਲ ਥੈਰੇਪੀ, ਆਪਟੋਮੈਟਰੀ, ਮੈਡੀਕਲ ਲੈਬਾਰਟਰੀ ਸਾਇੰਸਿਜ਼, ਐਮਰਜੈਂਸੀ ਮੈਡੀਕਲ ਤਕਨਾਲੋਜੀ, ਐਨਸਥੀਸੀਆ ਅਤੇ ਆਪ੍ਰੇਸ਼ਨ ਥੀਏਟਰ ਤਕਨਾਲੋਜੀ, ਪੋਸ਼ਣ ਅਤੇ ਡਾਇਟੈਟਿਕਸ, ਮਨੋਵਿਗਿਆਨ, ਮੈਡੀਕਲ ਅਤੇ ਸਮਾਜਿਕ ਮਨੋਵਿਗਿਆਨਕ ਸੋਸ਼ਲ ਵਰਕ, ਮੈਡੀਕਲ ਰੇਡੀਓਲੋਜੀ, ਇਮੇਜਿੰਗ ਅਤੇ ਥੈਰੇਪਿਊਟਿਕ ਤਕਨਾਲੋਜੀ, ਫਿਜ਼ੀਸ਼ੀਅਨ ਐਸੋਸੀਏਟ, ਰੈਸਪੀਰੇਟਰੀ ਟੈਕਨੋਲੋਜੀ, ਡਾਇਲਸਿਸ ਥੈਰੇਪੀ ਟੈਕਨੋਲੋਜੀ ਅਤੇ ਹੈਲਥ ਇਨਫਰਮੇਸ਼ਨ ਮੈਨੇਜਮੈਂਟ ਆਦਿ ਸ਼ਾਮਲ ਹਨ। ਨੋਟੀਫਿਕੇਸ਼ਨ ਵਿੱਚ ਡਿਗਰੀ ਨਾਮਕਰਨ, ਸੰਖੇਪ ਰੂਪ, ਮਿਆਦ ਅਤੇ ਪ੍ਰਵੇਸ਼ ਯੋਗਤਾ ਨਿਰਧਾਰਿਤ ਕੀਤੀ ਗਈ ਹੈ, ਜਦੋਂ ਕਿ ਕੁਝ ਚੁਣੇ ਹੋਏ ਪ੍ਰੋਗਰਾਮਾਂ ਲਈ ਪਾਠਕ੍ਰਮ ਦੀ ਮਿਆਦ ਵਿੱਚ ਵੀ ਸੋਧ ਕੀਤੀ ਗਈ ਹੈ।

ਇਸ ਨੋਟੀਫਿਕੇਸ਼ਨ ਵਿੱਚ ਮੁਹਾਰਤ-ਅਧਾਰਿਤ ਡਿਗਰੀਆਂ ਦੀ ਵੀ ਵਿਵਸਥਾ ਹੈ, ਜਿਸ ਵਿੱਚ ਮਾਸਟਰ ਆਫ਼ ਆਕੂਪੇਸ਼ਨਲ ਥੈਰੇਪੀ ਵਿੱਚ ਨੌਂ, ਮਾਸਟਰ ਆਫ਼ ਫਿਜ਼ੀਓਥੈਰੇਪੀ ਵਿੱਚ ਅੱਠ, ਮਾਸਟਰ ਆਫ਼ ਮੈਡੀਕਲ ਲੈਬਾਰਟਰੀ ਸਾਇੰਸਿਜ਼ ਵਿੱਚ ਚਾਰ, ਮਾਸਟਰ ਆਫ਼ ਮੈਡੀਕਲ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿੱਚ ਤਿੰਨ, ਅਤੇ ਮਾਸਟਰ ਆਫ਼ ਰੈਸਪੀਰੇਟਰੀ ਟੈਕਨੋਲੋਜੀ ਵਿੱਚ ਦੋ ਸ਼ਾਮਲ ਹਨ। ਇਸ ਨਾਲ ਵਿਦਿਆਰਥੀਆਂ ਲਈ ਵਿਦਿਅਕ ਮੌਕੇ ਵਧਣਗੇ ਅਤੇ ਯੂਨੀਵਰਸਿਟੀਆਂ ਸਿਹਤ ਸੰਭਾਲ ਖੇਤਰ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਸਾਰ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰ ਸਕਣਗੀਆਂ ।

 

ਇਸ ਸੁਧਾਰ ਦਾ ਉਦੇਸ਼ ਅਲਾਇਡ ਅਤੇ ਹੈਲਥਕੇਅਰ ਸਿੱਖਿਆ ਵਿੱਚ ਸੰਸਥਾਗਤ ਸਮਾਨਤਾ ਅਤੇ ਇਕਸਾਰ ਰਾਸ਼ਟਰੀ ਮਾਪਦੰਡ ਸਥਾਪਿਤ ਕਰਨਾ ਹੈ। ਇਸਦਾ ਉਦੇਸ਼ ਡਿਗਰੀ ਨਾਮਕਰਨ ਨੂੰ ਵਿਸ਼ਵ ਪੱਧਰ 'ਤੇ ਸਵੀਕਾਰ ਕੀਤੇ ਗਏ ਡਿਗਰੀ-ਪੱਧਰ ਦੀਆਂ ਯੋਗਤਾਵਾਂ ਨਾਲ ਇਕਸਾਰ ਕਰਨਾ ਵੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਇਨ੍ਹਾਂ ਪੇਸ਼ਿਆਂ ਨੂੰ ਅੱਗੇ ਵਧਾਉਣ, ਸਪੱਸ਼ਟ ਵਿਦਿਅਕ ਅਤੇ ਕਰੀਅਰ ਮਾਰਗ ਪ੍ਰਦਾਨ ਕਰਨ ਅਤੇ ਭਾਰਤੀ ਅਲਾਇਡ ਅਤੇ ਹੈਲਥਕੇਅਰ ਪੇਸ਼ੇਵਰਾਂ ਦੀ ਗਤੀਸ਼ੀਲਤਾ ਅਤੇ ਅੰਤਰਰਾਸ਼ਟਰੀ ਮਾਨਤਾ ਵਿੱਚ ਵਾਧਾ ਹੋਣ ਉਮੀਦ ਹੈ।

 

ਇਹ ਪਹਿਲਕਦਮੀ ਨੈਸ਼ਨਲ ਇੰਸਟੀਟਿਊਟ ਆਫ਼ ਅਲਾਇਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ ਐਕਟ, 2021 ਦੇ ਤਹਿਤ ਐੱਨਸੀਏਐੱਚਪੀ ਦੇ ਕਾਨੂੰਨੀ ਆਦੇਸ਼ ਨੂੰ ਪੂਰਾ ਕਰਦੀ ਹੈ, ਜੋ ਅਲਾਇਡ ਅਤੇ ਹੈਲਥਕੇਅਰ ਪੇਸ਼ਿਆਂ ਵਿੱਚ ਸਿੱਖਿਆ ਅਤੇ ਪੇਸ਼ੇਵਰ ਸੇਵਾਵਾਂ ਦੇ ਮਿਆਰਾਂ ਦੇ ਨਿਯਮ ਅਤੇ ਰੱਖ-ਰਖਾਅ ਦਾ ਪ੍ਰਾਵਧਾਨ ਕਰਦਾ ਹੈ। ਇਸ ਆਦੇਸ਼ ਦੇ ਅਨੁਸਾਰ, ਐੱਨਸੀਏਐੱਚਪੀ ਨੇ ਦੇਸ਼ ਭਰ ਵਿੱਚ ਪਾਠਕ੍ਰਮ ਅਤੇ ਡਿਗਰੀ ਨਾਮਕਰਣ ਨੂੰ ਮਿਆਰੀ ਬਣਾਉਣ ਦੇ ਉਦੇਸ਼ ਨਾਲ 28 ਪੇਸ਼ਿਆਂ ਨੂੰ ਕਵਰ ਕਰਨ ਵਾਲੇ 18 ਯੋਗਤਾ-ਅਧਾਰਿਤ ਪਾਠਕ੍ਰਮ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ।

 

ਯੋਗਤਾ-ਅਧਾਰਿਤ ਪਾਠਕ੍ਰਮ ਹਸਪਤਾਲਾਂ ਜਾਂ ਸਬੰਧਿਤ ਮੈਡੀਕਲ ਸਹੂਲਤਾਂ ਵਿੱਚ ਮਹੱਤਵਪੂਰਨ ਇੰਟਰਨਸ਼ਿਪਾਂ ਰਾਹੀਂ ਵਿਵਹਾਰਿਕ ਕਲੀਨਿਕਲ ਸਿਖਲਾਈ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹਨ । ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀਆਂ ਵਿੱਚ ਪ੍ਰਭਾਵਸ਼ਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਜ਼ਰੂਰੀ ਵਿਵਹਾਰਿਕ ਹੁਨਰ, ਪੇਸ਼ੇਵਰ ਯੋਗਤਾਵਾਂ ਅਤੇ ਕਲੀਨਿਕਲ ਅਨੁਭਵ ਵਿਕਸਿਤ ਹੋਣ ।

 

ਸੁਧਾਰਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ, ਐਨਸੀਏਐੱਚਪੀ ਨੇ ਅਕਾਦਮਿਕ ਸਾਲ ਦੀ ਸ਼ੁਰੂਆਤ ਤੋਂ ਬਹੁਤ ਪਹਿਲਾਂ ਹੀ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਹੈ ਕਿ ਉਹ 2026-27 ਅਕਾਦਮਿਕ ਸਾਲ ਤੋਂ ਜਾਰੀ ਪ੍ਰਸਤਾਵਿਤ ਪਾਠਕ੍ਰਮ ਨੂੰ ਲਾਜ਼ਮੀ ਤੌਰ 'ਤੇ ਲਾਗੂ ਕਰਨ, ਜਿਸ ਵਿੱਚ ਡਿਪਲੋਮਾ ਇਨ ਮੈਡੀਕਲ ਲੈਬਾਰਟਰੀ ਟੈਕਨਾਲੋਜੀ (ਡੀਐਮਐਲਟੀ) ਕੋਰਸ ਸ਼ੁਰੂ ਕਰਨ ਦਾ ਵਿਕਲਪ ਵੀ ਸ਼ਾਮਲ ਹੈ। ਕਮਿਸ਼ਨ ਬਾਕੀ ਯੋਗਤਾ-ਅਧਾਰਿਤ ਕੋਰਸਾਂ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵੱਲ ਵੀ ਕੰਮ ਕਰ ਰਿਹਾ ਹੈ ਤਾਂਕਿ ਅਗਲੇ ਅਕਾਦਮਿਕ ਸਾਲ ਤੋਂ ਲਾਗੂ ਕੀਤਾ ਜਾ ਸਕੇ ।

 

ਇਨ੍ਹਾਂ ਉਪਾਵਾਂ ਨਾਲ ਸਿਖਲਾਈ ਪ੍ਰਾਪਤ ਅਤੇ ਯੋਗ ਅਲਾਇਡ ਅਤੇ ਹੈਲਥਕੇਅਰ ਕਰਮਚਾਰੀਆਂ ਦੀ ਉਪਲਬਧਤਾ ਮਜ਼ਬੂਤ ​ਹੋਣ ਦੀ ਉਮੀਦ ਹੈ, ਜੋ ਕਿ ਬਹੁ-ਅਨੁਸ਼ਾਸਨੀ ਸਿਹਤ ਸੰਭਾਲ ਸਪੁਰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ। ਇਹ ਸੁਧਾਰ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ ਅਤੇ ਸਿਹਤ ਸੰਭਾਲ ਸੰਸਥਾਵਾਂ ਲਈ ਵਧੇਰੇ ਸਪੱਸ਼ਟਤਾ ਅਤੇ ਇਕਸਾਰਤਾ ਪ੍ਰਦਾਨ ਕਰਨਗੇ, ਨਾਲ ਹੀ ਪੇਸ਼ੇਵਰ ਵਿਕਾਸ ਅਤੇ ਗਤੀਸ਼ੀਲਤਾ ਲਈ ਬਿਹਤਰ ਮੌਕੇ ਪੈਦਾ ਕਰਨਗੇ।

ਅਧਿਕਾਰਿਤ ਗਜ਼ਟ ਨੋਟੀਫਿਕੇਸ਼ਨ ਇਸ ਲਿੰਕ ਰਾਹੀਂ ਦੇਖਿਆ ਜਾ ਸਕਦਾ ਹੈ: https://egazette.gov.in/(S(ueyx02zyglkszuhrd3rzsl1j))/ViewPDF.aspx

*****

ਐਸਆਰ/ਏਕੇ

ਐਚਐਫਡਬਲਿਊ/ਯੂਜੀਸੀ ਨੇ ਐਨਸੀਏਐੱਚਪੀ ਰੈਗੂਲੇਟਰੀ ਫ੍ਰੇਮਵਰਕ ਦੇ ਤਹਿਤ ਨਵੀਆਂ ਡਿਗਰੀਆਂ ਨੂੰ ਨੋਟੀਫਾਈ ਕੀਤਾ /2 ਸਤੰਬਰ 2026/1


(Release ID: 2307667) ਵਿਜ਼ੀਟਰ ਕਾਊਂਟਰ : 3