ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ ਟ੍ਰਾਂਸਸ਼ਿਪਮੈਂਟ ਕਾਰਗੋ ਸੰਚਾਲਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਸਫ਼ਲ ਪ੍ਰੀਖਣ ਤੋਂ ਬਾਅਦ, ਮੰਤਰੀ ਨੇ ਟ੍ਰਾਂਸਸ਼ਿਪਮੈਂਟ ਸੁਧਾਰ ਨੂੰ 2 ਨਵੇਂ ਅੰਤਰਰਾਸ਼ਟਰੀ ਅਤੇ 4 ਨਵੀਆਂ ਘਰੇਲੂ ਮੰਜ਼ਿਲਾਂ ਤੱਕ ਵਿਸਤਾਰਿਤ ਕੀਤਾ
प्रविष्टि तिथि:
19 AUG 2026 9:06PM by PIB Chandigarh
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਅੱਜ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਿਟੇਡ (ਡੀਆਈਏਐੱਲ) ਦੇ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ 2 ਸਥਿਤ ਟ੍ਰਾਂਸਸ਼ਿਪਮੈਂਟ ਐਕਸੀਲੈਂਸ ਸੈਂਟਰ (ਟੀਈਸੀ) ਵਿੱਚ ਭਾਰਤ ਦੇ ਟ੍ਰਾਂਸਸ਼ਿਪਮੈਂਟ (ਟੀਪੀ) ਕਾਰਗੋ ਸੁਧਾਰ ਦੇ ਵਿਸਤਾਰਿਤ ਪੜਾਅ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਰਾਮ ਮੋਹਨ ਨਾਇਡੂ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਅਸੀਂ ਹਵਾਬਾਜ਼ੀ ਖੇਤਰ ਵਿੱਚ ਵਪਾਰ ਕਰਨ ਵਿੱਚ ਅਸਾਨੀ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰ ਰਹੇ ਹਾਂ। ਉਦਯੋਗ ਜਗਤ ਤੋਂ ਮਿਲੀ ਪ੍ਰਤੀਕਿਰਿਆ ਦੇ ਅਧਾਰ ‘ਤੇ, ਅਸੀਂ ਟ੍ਰਾਂਸਸ਼ਿਪਮੈਂਟ ਕਾਰਗੋ ਦੀ ਲਾਜ਼ਮੀ ਮੁੜ ਜਾਂਚ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਜ਼ਰੂਰਤ ਨੂੰ ਇੱਕ ਪ੍ਰਮੁੱਖ ਰੁਕਾਵਟ ਦੇ ਰੂਪ ਵਿੱਚ ਪਛਾਣਿਆ ਹੈ। ਇਸ ਨੂੰ ਸਮਾਪਤ ਕਰਕੇ ਅਸੀਂ ਕਾਰਗੋ ਟਰਮੀਨਲਾਂ ‘ਤੇ ਟਰਨਅਰਾਊਂਡ ਸਮੇਂ, ਹੈਂਡਲਿੰਗ ਲਾਗਤ ਅਤੇ ਭੀੜ-ਭੜਕੇ ਨੂੰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹਨ। ਚੇੱਨਈ-ਦਿੱਲੀ ਫ੍ਰੈਂਕਫਰਟ ਮਾਰਗ ‘ਤੇ ਕੀਤੇ ਗਏ ਪ੍ਰੂਫ ਆਫ਼ ਕੋਂਸੈਪਟ ਅਭਿਆਸ ਨੇ ਸਫ਼ਲਤਾਪੂਰਵਕ ਇਹ ਸਾਬਤ ਕਰ ਦਿੱਤਾ ਹੈ ਕਿ ਔਸਤ ਐਂਡ-ਟੂ-ਐਂਡ ਟ੍ਰਾਂਜ਼ਿਟ ਸਮਾਂ 60 ਘੰਟੇ ਤੋਂ ਘਟਾ ਕੇ ਸਿਰਫ਼ 20 ਘੰਟੇ ਕੀਤਾ ਜਾ ਸਕਦਾ ਹੈ।”

ਘਰੇਲੂ ਤੋਂ ਅੰਤਰਰਾਸ਼ਟਰੀ ਮਾਲ ਢੁਆਈ ਲਈ ਪ੍ਰੂਫ ਆਫ਼ ਕੋਂਸੈਪਟ (ਪੀਓਸੀ) ਦੀ ਸ਼ੁਰੂਆਤ 20 ਜੂਨ 2026 ਨੂੰ ਚੇੱਨਈ-ਦਿੱਲੀ ਫ੍ਰੈਂਕਫਰਟ ਮਾਰਗ ‘ਤੇ ਡੀਆਈਏਐੱਲ ਦੇ ਟੀਈਸੀ ਜਹਾਜ਼ ਦੀ ਵਰਤੋਂ ਕਰਦੇ ਹੋਏ ਕੀਤੀ ਗਈ, ਜਿਸ ਵਿੱਚ ਏਅਰ ਇੰਡੀਆ ਨੇ ਪੂਰੀ ਸੇਵਾ ਦਾ ਸੰਚਾਲਨ ਕੀਤਾ। ਸ਼ੁਰੂਆਤ ਦੇ ਬਾਅਦ ਤੋਂ, ਪੀਓਸੀ ਦੇ ਤਹਿਤ 280 ਮੀਟ੍ਰਿਕ ਟਨ ਮਾਲ ਦੀ ਢੁਆਈ ਕੀਤੀ ਗਈ, ਜਿਸ ਨਾਲ ਜਹਾਜ਼ ਦੀ ਸਮਰੱਥਾ ਦੀ ਵਰਤੋਂ 75% ਤੋਂ ਵਧ ਕੇ ਲਗਭਗ 100% ਹੋ ਗਈ।

ਪ੍ਰੂਫ ਆਫ਼ ਕੋਂਸੈਪਟ (ਪੀਓਸੀ) ਦੀ ਸਫਲਤਾ ਦੇ ਅਧਾਰ ‘ਤੇ ਅੱਜ ਨੈੱਟਵਰਕ ਦਾ ਵਿਸਥਾਰ ਚਾਰ ਵਾਧੂ ਘਰੇਲੂ ਸਟੇਸ਼ਨਾਂ-ਬੰਗਲੁਰੂ, ਅਹਿਮਦਾਬਾਦ, ਮੁੰਬਈ ਅਤੇ ਹੈਦਰਾਬਾਦ-ਦੇ ਨਾਲ-ਨਾਲ ਦੋ ਨਵੀਆਂ ਅੰਤਰਰਾਸ਼ਟਰੀ ਮੰਜ਼ਿਲਾਂ-ਲੰਦਨ ਅਤੇ ਕੋਪੇਨਹੇਗਨ-ਤੱਕ ਕੀਤਾ ਗਿਆ ਹੈ। ਵਿਸਤਾਰਿਤ ਨੈੱਟਵਰਕ ਨਾਲ ਇਨ੍ਹਾਂ ਮਾਰਗਾਂ ‘ਤੇ ਏਅਰ ਇੰਡੀਆ ਦੀ ਮਾਸਿਕ ਕਾਰਗੋ ਕੈਰੇਜ 1,763 ਮੀਟ੍ਰਿਕ ਟਨ ਤੋਂ ਵਧ ਕੇ 3,183 ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ, ਜੋ ਲਗਭਗ 80% ਦਾ ਵਾਧਾ ਹੈ।

ਸ਼੍ਰੀ ਰਾਮ ਮੋਹਨ ਨਾਇਡੂ ਨੇ ਕਿਹਾ, “ਅਸੀਂ ਹੁਣ ਚਾਰ ਹੋਰ ਪ੍ਰਮੁੱਖ ਘਰੇਲੂ ਕਾਰਗੋ ਬਜ਼ਾਰਾਂ ਅਤੇ ਦੋ ਨਵੀਆਂ ਅੰਤਰਰਾਸ਼ਟਰੀ ਮੰਜ਼ਿਲਾਂ ਨੂੰ ਜੋੜ ਕੇ ਇਸ ਸਫ਼ਲ ਮਾਡਲ ਦਾ ਵਿਸਥਾਰ ਕਰ ਰਹੇ ਹਾਂ। ਸਾਡਾ ਤਤਕਾਲੀ ਧਿਆਨ- ਘਰੇਲੂ ਤੋਂ ਅੰਤਰਰਾਸ਼ਟਰੀ ਮਾਲ ਢੁਆਈ ‘ਤੇ ਹੈ, ਲੇਕਿਨ ਸਾਡੀ ਵਿਆਪਕ ਮਹੱਤਵਅਕਾਂਖਾ ਪੂਰਬ ਅਤੇ ਪੱਛਮ ਦਰਮਿਆਨ ਸਥਿਤ ਭਾਰਤ ਦੀ ਰਣਨੀਤਕ ਸਥਿਤੀ ਦਾ ਲਾਭ ਚੁੱਕ ਕੇ ਇਸ ਨੂੰ ਗਲੋਬਲ ਕਾਰਗੋ ਟ੍ਰਾਂਸਸ਼ਿਪਮੈਂਟ ਹੱਬ ਵਜੋਂ ਸਥਾਪਿਤ ਕਰਨਾ ਹੈ। ਇਸ ਤੋਂ ਬਾਅਦ, ਅਸੀਂ ਇਸ ਢਾਂਚੇ ਦਾ ਵਿਸਥਾਰ ਅੰਤਰਰਾਸ਼ਟਰੀ ਤੋਂ ਅੰਤਰਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੋਂ ਘਰੇਲੂ ਟ੍ਰਾਂਸਸ਼ਿਪਮੈਂਟ ਤੱਕ ਵੀ ਕਰਾਂਗੇ।”
ਮੰਤਰੀ ਨੇ ਅੱਗੇ ਕਿਹਾ, “ਇਹ ਸੁਧਾਰ ਭਾਰਤ ਦੇ ਪ੍ਰਮੁੱਖ ਹਵਾਈ ਅੱਡਿਆਂ ਨੂੰ ਗਲੋਬਲ ਟ੍ਰਾਂਜ਼ਿਟ ਹੱਬਸ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਸਰਕਾਰ ਦੀ ਵਿਆਪਕ ਦ੍ਰਿਸ਼ਟੀ ਦਾ ਹਿੱਸਾ ਹੈ। ਯਾਤਰੀਆਂ ਲਈ ਹੱਬ-ਐਂਡ-ਸਪੋਕ ਸੰਚਾਲਨ ਨੂੰ ਮਜ਼ਬੂਤ ਕਰਨ ਤੋਂ ਬਾਅਦ, ਹੁਣ ਭਾਰਤ ਦੀ ਹਵਾਈ ਕਾਰਗੋ ਹੱਬ ਸਮੱਰਥਾਵਾਂ ਨੂੰ ਵਿਕਸਿਤ ਕਰਨ ਲਈ ਇਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ।”
ਇਸ ਤੋਂ ਪਹਿਲਾਂ, 21 ਜੁਲਾਈ 2025 ਨੂੰ ਬਿਊਰੋ ਆਫ਼ ਸਿਵਿਲ ਐਵੀਏਸ਼ਨ ਸਿਕਿਓਰਿਟੀ (ਬੀਸੀਏਐੱਸ) ਦੁਆਰਾ ਜਾਰੀ ਏਵੀਐੱਸਈਸੀ ਸਰਕੂਲਰ ਨੰਬਰ 6/2024 ਦੇ ਐਡੈਂਡਮ- II ਰਾਹੀਂ ਨੋਟੀਫਾਈ ਸੰਸ਼ੋਧਿਤ ਢਾਂਚੇ ਦੇ ਤਹਿਤ, ਨਿਰਧਾਰਿਤ ਸੁਰੱਖਿਆ ਉਪਾਵਾਂ ਅਧੀਨ, ਬਿਨਾਂ ਮੁੜ ਜਾਂਚ ਦੇ ਸਮਰਪਿਤ ਟ੍ਰਾਂਸਫਰ ਕਾਰਗੋ ਸਿਕਿਓਰਿਟੀ ਹੋਲਡ ਏਰੀਆ (ਟੀਸੀਐੱਸਐੱਚਏ) ਰਾਹੀਂ ਸੁਰੱਖਿਅਤ ਟ੍ਰਾਂਸਸ਼ਿਪਮੈਂਟ ਕਾਰਗੋ ਨੂੰ ਟ੍ਰਾਂਸਫਰ ਕਰਨ ਦੀ ਇਜ਼ਾਜਤ ਦਿੱਤੀ ਗਈ ਸੀ।
ਮੰਤਰੀ ਮਹੋਦਯ ਨੇ ਸਫ਼ਲ ਲਾਗੂਕਰਨ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ, ਜਿਨ੍ਹਾਂ ਵਿੱਚ ਡੀਆਈਐੱਲਐੱਲ, ਬੀਸੀਏਐੱਸ, ਸੀਆਈਐੱਸਐੱਫ, ਏਅਰਲਾਈਂਸ ਅਤੇ ਕਸਟਮਜ਼ ਵਿਭਾਗ ਸ਼ਾਮਲ ਹਨ, ਨੂੰ ਇੱਕ ਮਹੱਤਵਪੂਰਨ ਰੁਕਾਵਟ ਨੂੰ ਦੂਰ ਕਰਨ ਅਤੇ ਭਾਰਤ ਦੇ ਹਵਾਈ ਕਾਰਗੋ ਈਕੋਸਿਸਟਮ ਦੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਨ ਲਈ ਮਿਲ ਕੇ ਕੰਮ ਕਰਨ ‘ਤੇ ਵਧਾਈ ਦਿੱਤੀ।
ਆਉਣ ਵਾਲੇ ਮਹੀਨਿਆਂ ਵਿੱਚ ਵਾਧੂ ਮੂਲ ਸਟੇਸ਼ਨਾਂ ਅਤੇ ਅੰਤਰਰਾਸ਼ਟਰੀ ਮੰਜ਼ਿਲਾਂ ਨੂੰ ਇਸ ਢਾਂਚੇ ਦੇ ਤਹਿਤ ਲਿਆਉਣ ਦੀ ਯੋਜਨਾ ਹੈ, ਜਿਸ ਨਾਲ ਗਲੋਬਲ ਪੱਧਰ ‘ਤੇ ਪ੍ਰਤੀਯੋਗੀ ਹਵਾਬਾਜ਼ੀ ਅਤੇ ਕਾਰਗੋ ਹੱਬ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।
ਇਸ ਪ੍ਰੋਗਰਾਮ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸ਼੍ਰੀ ਸਮੀਰ ਕੁਮਾਰ ਸਿਨਹਾ, ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏਏਆਈ) ਦੇ ਚੇਅਰਮੈਨ ਸ਼੍ਰੀ ਵਿਪਿਨ ਕੁਮਾਰ; ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਸੰਗਬਾ ਚੁਬਾ ਆਓ; ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਓਰੋ (ਬੀਸੀਏਐੱਸ) ਦੀ ਜੁਆਇੰਟ ਡਾਇਰੈਕਟਰ ਜਨਰਲ ਸੁਸ਼੍ਰੀ ਪ੍ਰਤਿਭਾ ਅੰਬੇਡਕਰ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਮੰਤਰਾਲੇ, ਏਏਆਈ, ਬੀਸੀਏਐੱਸ, ਡੀਆਈਆਈਐੱਲ, ਏਅਰ ਇੰਡੀਆ ਅਤੇ ਹੋਰ ਹਿਤਧਾਰਕਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
************
ਦਿਵਾਂਸ਼ੂ ਕੁਮਾਰ/ਏਕੇ
(रिलीज़ आईडी: 2301587)
आगंतुक पटल : 4