ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਮੱਛੀ ਪਾਲਣ ਵਿਭਾਗ ਨੇ 80ਵਾਂ ਆਜ਼ਾਦੀ ਦਿਵਸ ਮਨਾਇਆ, ਮੱਛੀ ਪਾਲਣ ਖੇਤਰ ਨੂੰ ਸਸ਼ਕਤ ਬਣਾਉਣ ਅਤੇ ਨੀਲੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ
प्रविष्टि तिथि:
17 AUG 2026 2:28PM by PIB Chandigarh
ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਨੇ 15 ਅਗਸਤ 2026 ਨੂੰ ਨਵੀਂ ਦਿੱਲੀ ਵਿੱਚ ਦੇਸ਼ ਭਰ ਦੇ ਮਛੇਰਿਆਂ ਅਤੇ ਮੱਛੀ ਪਾਲਕਾਂ ਦੀ ਮੌਜੂਦਗੀ ਵਿੱਚ 80ਵਾਂ ਆਜ਼ਾਦੀ ਦਿਵਸ ਮਨਾਇਆ। ਇਹ ਸਮਾਰੋਹ "ਵੰਦੇ ਮਾਤਰਮ ਦੇ 150 ਸਾਲ" ਅਤੇ "ਵਿਕਸਿਤ ਭਾਰਤ @2047 ਲਈ ਯੁਵਾ ਸ਼ਕਤੀ" ਦੇ ਰਾਸ਼ਟਰੀ ਥੀਮਾਂ ਦੇ ਅਨੁਸਾਰ ਆਯੋਜਿਤ ਕੀਤਾ ਗਿਆ ਸੀ । ਇਹ ਸਮਾਰੋਹ ਵਿੱਚ ਦੇਸ਼ ਦੇ ਆਜ਼ਾਦੀ ਸੰਗਰਾਮ ਨੂੰ ਪ੍ਰੇਰਿਤ ਕਰਨ ਵਾਲੇ ਰਾਸ਼ਟਰੀ ਗੀਤ ਦੀ ਵਿਰਾਸਤ ਨੂੰ ਯਾਦ ਕੀਤਾ ਗਿਆ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਪਰਿਵਰਤਨਸ਼ੀਲ ਭੂਮਿਕਾ ਦੀ ਸਰਾਹਨਾ ਕੀਤੀ ਗਈ।

ਭਾਰਤ ਦੀ ਅਰਥਵਿਵਸਥਾ ਵਿੱਚ ਮੱਛੀ ਪਾਲਣ ਅਤੇ ਜਲ-ਖੇਤੀ ਖੇਤਰ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ, ਜੋ ਲਗਭਗ 3 ਕਰੋੜ ਮਛੇਰਿਆਂ ਅਤੇ ਮੱਛੀ ਪਾਲਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਮੁੱਲ ਲੜੀ ਵਿੱਚ ਰੁਜ਼ਗਾਰ ਦੇ ਮਹੱਤਵਪੂਰਨ ਮੌਕੇ ਪੈਦਾ ਕਰਦਾ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਦੇਸ਼ ਹੈ, ਇਸ ਦਾ ਵਿਸ਼ਵ ਉਤਪਾਦਨ ਵਿੱਚ 8 ਪ੍ਰਤੀਸ਼ਤ ਯੋਗਦਾਨ ਹੈ। ਭਾਰਤ ਜਲ-ਖੇਤੀ ਉਤਪਾਦਨ ਵਿੱਚ ਦੂਜੇ ਸਥਾਨ 'ਤੇ ਹੈ, ਝੀਂਗਾ ਉਤਪਾਦਨ ਅਤੇ ਨਿਰਯਾਤ ਵਿੱਚ ਮੋਹਰੀ ਹੈ, ਅਤੇ ਮੱਛੀ ਫੜਨ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ। ਸਾਲ 2015 ਤੋਂ, ਭਾਰਤ ਸਰਕਾਰ ਨੇ ਖੇਤਰ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਨੀਲੀ ਕ੍ਰਾਂਤੀ ਯੋਜਨਾ, ਮੱਛੀ ਪਾਲਣ ਅਤੇ ਜਲ-ਖੇਤੀ ਬੁਨਿਆਦੀ ਢਾਂਚਾ ਵਿਕਾਸ ਫੰਡ (ਐੱਫਆਈਡੀਐੱਫ), ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ), ਅਤੇ ਇਸਦੀ ਉਪ-ਯੋਜਨਾ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿੱਧੀ ਯੋਜਨਾ (ਪੀਐੱਮ-ਐੱਮਕੇਐੱਸਐੱਸਵਾਈ) ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਰਾਹੀਂ ਕੁੱਲ ₹39,272 ਕਰੋੜ ਦਾ ਨਿਵੇਸ਼ ਕੀਤਾ ਹੈ।
"ਵਿਕਸਿਤ ਭਾਰਤ @2047 ਦੇ ਲਈ ਯੁਵਾ ਸ਼ਕਤੀ" ਦੇ ਥੀਮ ਦੇ ਅਨੁਸਾਰ, ਨੌਜਵਾਨ, ਮਛੇਰੇ ਅਤੇ ਮੱਛੀ ਪਾਲਕ ਦੇਸ਼ ਦੇ ਮੱਛੀ ਪਾਲਣ ਖੇਤਰ ਦੇ ਵਿਕਾਸ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਉਹ ਆਧੁਨਿਕ ਮੱਛੀ ਪਾਲਣ ਦੇ ਅਭਿਆਸਾਂ, ਡਿਜੀਟਲ ਟਰੇਸੇਬਿਲਟੀ, ਅਤੇ ਕੋਲਡ-ਚੇਨ ਪ੍ਰਬੰਧਨ ਤੋਂ ਲੈ ਕੇ ਮੁੱਲ ਜੋੜਨ, ਬ੍ਰਾਂਡਿੰਗ, ਮਾਰਕੀਟਿੰਗ ਅਤੇ ਨਿਰਯਾਤ ਤੱਕ, ਮੱਛੀ ਪਾਲਣ ਮੁੱਲ ਲੜੀ ਵਿੱਚ ਉੱਦਮ, ਨਵੀਨਤਾ ਅਤੇ ਗਤੀਸ਼ੀਲਤਾ ਲਿਆਉਂਦੇ ਹਨ। ਉਨ੍ਹਾਂ ਦੀ ਸਰਗਰਮ ਭਾਗੀਦਾਰੀ ਤੋਂ ਦੇਸ਼ ਦੀ ਨੀਲੀ ਅਰਥਵਿਵਸਥਾ ਦੇ ਇੱਕ ਪ੍ਰਮੁੱਖ ਥੰਮ੍ਹ ਵਜੋਂ ਮੱਛੀ ਪਾਲਣ ਨੂੰ ਹੋਰ ਵਧੇਰੇ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਲਾਲ ਕਿਲ੍ਹੇ ਵਿਖੇ ਆਜ਼ਾਦੀ ਦਿਵਸ ਦੇ ਸਮਾਰੋਹ ਤੋਂ ਬਾਅਦ, ਮੱਛੀ ਪਾਲਣ ਵਿਭਾਗ ਨੇ ਪੀਐੱਮ-ਐੱਮਕੇਐੱਸਐੱਸਵਾਈ ਦੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨਾਲ ਇੱਕ ਇੰਟਰਐਕਟਿਵ ਪ੍ਰੋਗਰਾਮ ਦਾ ਆਯੋਜਨ ਕੀਤਾ ਤਾਂ ਜੋ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਮੱਛੀ ਪਾਲਣ ਖੇਤਰ ਵਿੱਚ ਸਰਕਾਰੀ ਪਹਿਲਕਦਮੀਆਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਜਾ ਸਕੇ। ਪੀਐੱਮ-ਐੱਮਕੇਐੱਸਐੱਸਵਾਈ ਦੇ ਪੰਜ ਲਾਭਪਾਤਰੀਆਂ ਨੂੰ ਰਾਸ਼ਟਰਪਤੀ ਦੁਆਰਾ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਆਯੋਜਿਤ "ਐਟ ਹੋਮ" ਸਮਾਰੋਹ ਲਈ ਸੱਦਾ ਦਿੱਤਾ ਗਿਆ ਸੀ। ਲਾਭਪਾਤਰੀਆਂ ਵਿੱਚ ਸ਼੍ਰੀ ਨਿਤੁਲ ਚੰਦਰ ਦਾਸ (ਅਸਾਮ), ਸ਼੍ਰੀ ਸੁਰੇਸ਼ ਚੰਦਰ ਰਾਉਤ (ਓਡੀਸ਼ਾ), ਸ਼੍ਰੀ ਏਕਨਾਥ ਰਾਮ ਮੁਕਾਣੇ (ਮਹਾਰਾਸ਼ਟਰ), ਸ਼੍ਰੀ ਆਕਾਸ਼ ਸਿੰਘ (ਉੱਤਰ ਪ੍ਰਦੇਸ਼) ਅਤੇ ਸ਼੍ਰੀਮਤੀ ਮੀਸ਼ਾ ਸਿੰਘ (ਬਿਹਾਰ) ਸ਼ਾਮਲ ਸਨ।

ਇਸ ਸੰਵਾਦ ਦੌਰਾਨ, ਇਨ੍ਹਾਂ ਲਾਭਪਾਤਰੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਪੀਐੱਮ-ਐੱਮਕੇਐੱਸਐੱਸਵਾਈ ਅਧੀਨ ਸਰਕਾਰੀ ਸਹਾਇਤਾ ਨੇ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਵਿੱਚ ਸੁਧਾਰ ਕਰਨ, ਆਧੁਨਿਕ ਅਭਿਆਸਾਂ ਨੂੰ ਅਪਣਾਉਣ ਅਤੇ ਆਮਦਨ ਦੇ ਮੌਕਿਆਂ ਦਾ ਵਿਸਤਾਰ ਕਰਨ ਦੇ ਕਿਵੇਂ ਯੋਗ ਬਣਾਇਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਪਤਾ ਲੱਗਦਾ ਹੈ ਕਿ ਨਿਸ਼ਾਨਾਬੱਧ ਪ੍ਰੋਗਰਾਮਾਂ ਦਾ ਦੇਸ਼ ਭਰ ਦੇ ਮਛੇਰਿਆਂ, ਮੱਛੀ ਪਾਲਕਾਂ ਅਤੇ ਨੌਜਵਾਨ ਉੱਦਮੀਆਂ ਨੂੰ ਸਸ਼ਕਤ ਬਣਾਉਣ 'ਤੇ ਕਿੰਨਾ ਪ੍ਰਭਾਵ ਪੈ ਰਿਹਾ ਹੈ ।
ਮੱਛੀ ਪਾਲਣ ਵਿਭਾਗ ਨੇ ਨਿਰੰਤਰ ਨੀਤੀ ਸਹਾਇਤਾ, ਬੁਨਿਆਦੀ ਢਾਂਚੇ ਦੇ ਵਿਕਾਸ, ਤਕਨਾਲੋਜੀ ਅਪਣਾਉਣ ਅਤੇ ਸਮਾਵੇਸ਼ੀ ਭਲਾਈ ਉਪਾਵਾਂ ਰਾਹੀਂ ਮੱਛੀ ਪਾਲਣ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਆਜ਼ਾਦੀ ਦਿਵਸ ਸਮਾਰੋਹ ਵਿੱਚ ਮਛੇਰਿਆਂ, ਮੱਛੀ ਪਾਲਕਾਂ, ਨੌਜਵਾਨਾਂ ਅਤੇ ਲਾਭਪਾਤਰੀਆਂ ਦੀ ਭਾਗੀਦਾਰੀ ਨੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਇਆ ਅਤੇ ਇੱਕ ਮਜ਼ਬੂਤ, ਟਿਕਾਊ ਅਤੇ ਖੁਸ਼ਹਾਲ ਨੀਲੀ ਅਰਥਵਿਵਸਥਾ ਰਾਹੀਂ ਵਿਕਸਿਤ ਭਾਰਤ@2047 ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਇਸ ਖੇਤਰ ਦੀ ਭੂਮਿਕਾ ਦੀ ਪੁਸ਼ਟੀ ਕੀਤੀ।

ਪਿਛੋਕੜ
ਕੇਂਦਰੀ ਮੰਤਰੀ ਮੰਡਲ ਨੇ 8 ਫਰਵਰੀ, 2024 ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਅੰਤਰਗਤ ਕੇਂਦਰੀ ਖੇਤਰ ਦੀ ਉਪ-ਯੋਜਨਾ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿੱਧੀ ਸਹਿ-ਯੋਜਨਾ (ਪੀਐੱਮ_ਐੱਮਕੇਐੱਸਵਾਈ ) ਨੂੰ ਵਿੱਤੀ ਸਾਲ 2023-24 ਤੋਂ ਵਿੱਤੀ ਸਾਲ 2026-27 ਤੱਕ ਚਾਰ ਸਾਲਾਂ ਦੀ ਮਿਆਦ ਲਈ ਮਨਜ਼ੂਰੀ ਦੇ ਦਿੱਤੀ। ਪੀਐੱਮ.-ਐੱਮਕੇਐੱਸਵਾਈ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ ₹6,000 ਕਰੋੜ ਦੇ ਅਨੁਮਾਨਿਤ ਖਰਚੇ ਨਾਲ ਲਾਗੂ ਕੀਤਾ ਜਾਵੇਗਾ। .ਪੀਐੱਮ.-ਐੱਮਕੇਐੱਸਵਾਈ ਦਾ ਉਦੇਸ਼ ਮੱਛੀ ਪਾਲਣ ਖੇਤਰ ਦੇ ਲੰਬੇ ਸਮੇਂ ਦੇ ਪਰਿਵਰਤਨ ਦਾ ਸਮਰਥਨ ਦੇਣ ਦੇ ਲਈ ਸੰਸਥਾਗਤ ਸੁਧਾਰ ਲਿਆਉਣ ਲਈ ਪਛਾਣੇ ਗਏ ਵਿੱਤੀ ਅਤੇ ਤਕਨੀਕੀ ਪ੍ਰੋਗਰਾਮਾਂ ਰਾਹੀਂ ਇਸ ਖੇਤਰ ਦੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਦੂਰ ਕਰਨਾ ਹੈ।
ਪੀਐੱਮ.-ਐੱਮਕੇਐੱਸਐੱਸਵਾਈ ਸਕੀਮ ਦਾ ਉਦੇਸ਼ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ (ਐਨਐੱਫਡੀਪੀ) ਦੇ ਤਹਿਤ ਕੰਮ-ਅਧਾਰਿਤ ਡਿਜੀਟਲ ਪਛਾਣ ਬਣਾ ਕੇ ਅਸੰਗਠਿਤ ਖੇਤਰ ਦੇ ਹੌਲੀ-ਹੌਲੀ ਰਸਮੀਕਰਨ ਨੂੰ ਉਤਸ਼ਾਹਿਤ ਕਰਕੇ ਮੱਛੀ ਪਾਲਣ ਖੇਤਰ ਵਿੱਚ ਪ੍ਰਮੁੱਖ ਢਾਂਚਾਗਤ ਕਮੀਆਂ ਨੂੰ ਦੂਰ ਕਰਨਾ ਹੈ, ਤਾਂ ਜੋ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਯੋਜਨਾ ਮੱਛੀ ਪਾਲਕਾਂ, ਮਛੇਰਿਆਂ ਅਤੇ ਸੂਖਮ ਅਤੇ ਛੋਟੇ ਉੱਦਮਾਂ ਲਈ ਕਾਰਜਸ਼ੀਲ ਪੂੰਜੀ ਸਮੇਤ ਸੰਸਥਾਗਤ ਵਿੱਤ ਤੱਕ ਬਿਹਤਰ ਪਹੁੰਚ ਦੀ ਸਹੂਲਤ ਦਿੰਦੀ ਹੈ, ਨਾਲ ਹੀ ਨਾਲ ਹੀ ਜਲ-ਖੇਤੀ ਕਰਨ ਵਾਲਿਆ ਨੂੰ ਇੱਕ ਫਸਲੀ ਚੱਕਰ ਲਈ ਮੱਛੀ ਪਾਲਣ ਬੀਮਾ ਖਰੀਦਣ ਲਈ ਇੱਕਮੁਸ਼ਤ ਦਾ ਪ੍ਰੋਤਸਾਹਨ ਵੀ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਇਹ ਯੋਜਨਾ ਮੱਛੀ ਪਾਲਣ ਅਤੇ ਜਲ-ਖੇਤੀ ਨਾਲ ਜੁੜੇ ਸੂਖਮ ਅਤੇ ਛੋਟੇ ਉੱਦਮਾਂ ਨੂੰ ਪ੍ਰਦਰਸ਼ਨ ਗ੍ਰਾਂਟਾਂ ਰਾਹੀਂ ਉਤਸ਼ਾਹਿਤ ਕਰਦੀ ਹੈ ਤਾਂ ਜੋ ਮੁੱਲ ਲੜੀ ਕੁਸ਼ਲਤਾ ਵਿੱਚ ਸੁਧਾਰ ਹੋਵੇ , ਮੱਛੀ ਅਤੇ ਮੱਛੀ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਭਰੋਸਾ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਇਮ ਰੱਖੇ ਜਾ ਸਕਣ ਅਤੇ ਮੱਛੀ ਪਾਲਣ ਮੁੱਲ ਲੜੀ ਦੇ ਏਕੀਕਰਨ ਅਤੇ ਮਜ਼ਬੂਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ।
ਪੀਐੱਮ.-ਐੱਮਕੇਐੱਸਐੱਸਵਾਈ ਦੇ ਅਧੀਨ ਟੀਚਾ ਲਾਭਪਾਤਰੀਆਂ ਵਿੱਚ ਮੱਛੀ ਪਾਲਣ ਵਾਲੇ ਕਿਸਾਨ, ਮੱਛੀ ਕਾਮੇ, ਅਤੇ ਮੱਛੀ ਵਿਕਰੇਤਾ ਸ਼ਾਮਿਲ ਹਨ ਜੋ ਮੱਛੀ ਪਾਲਣ ਮੁੱਲ ਲੜੀ ਵਿੱਚ ਸਿੱਧੇ ਤੌਰ 'ਤੇ ਜੁੜੇ ਹੋਏ ਹਨ, ਨਾਲ ਹੀ ਭਾਰਤ ਵਿੱਚ ਰਜਿਸਟਰਡ ਮੱਛੀ ਪਾਲਣ ਅਤੇ ਜਲ-ਖੇਤੀ ਨਾਲ ਜੁੜੇ ਸੂਖਮ ਅਤੇ ਛੋਟੇ ਉੱਦਮ, ਜਿਵੇਂ ਕਿ ਨਿੱਜੀ ਫਰਮਾਂ, ਭਾਈਵਾਲੀ ਫਰਮਾਂ ਅਤੇ ਕੰਪਨੀਆਂ ਵੀ ਸ਼ਾਮਿਲ ਹਨ । ਇਸ ਯੋਜਨਾ ਵਿੱਚ ਸੁਸਾਇਟੀਆਂ, ਸੀਮਤ ਦੇਣਦਾਰੀ ਭਾਈਵਾਲੀ, ਸਹਿਕਾਰੀ, ਫੈਡਰੇਸ਼ਨਾਂ, ਪਿੰਡ ਪੱਧਰੀ ਸੰਗਠਨ ਜਿਵੇਂ ਕਿ ਸਵੈ-ਸਹਾਇਤਾ ਸਮੂਹ, ਮੱਛੀ ਪਾਲਣ ਉਤਪਾਦਕ ਸੰਗਠਨ ਅਤੇ ਮੱਛੀ ਪਾਲਣ ਅਤੇ ਜਲ-ਖੇਤੀ ਮੁੱਲ ਲੜੀ ਵਿੱਚ ਲੱਗੇ ਸਟਾਰਟਅੱਪ ਸ਼ਾਮਿਲ ਹਨ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੁਆਰਾ ਪਛਾਣੇ ਗਏ ਹੋਰ ਲਾਭਪਾਤਰੀਆਂ ਨੂੰ ਵੀ ਇਸ ਯੋਜਨਾ ਦੇ ਤਹਿਤ ਟੀਚਾ ਲਾਭਪਾਤਰੀਆਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
**************
ਜੇਪੀ/ਬਲਜੀਤ
(रिलीज़ आईडी: 2301583)
आगंतुक पटल : 5