ਰੱਖਿਆ ਮੰਤਰਾਲਾ
azadi ka amrit mahotsav

ਫੌਜ ਮੁਖੀ ਜਨਰਲ ਧੀਰਜ ਸੇਠ ਨੇਪਾਲ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਏ

Posted On: 16 AUG 2026 2:59PM by PIB Chandigarh

ਫੌਜ ਮੁਖੀ (ਸੀਓਏਐੱਸ) ਜਨਰਲ ਧੀਰਜ ਸੇਠ 17 ਤੋਂ 19 ਅਗਸਤ 2026 ਤੱਕ ਨੇਪਾਲ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਉਨ੍ਹਾਂ ਦੀ ਇਸ ਯਾਤਰਾ ਦਾ ਉਦੇਸ਼ ਭਾਰਤ ਅਤੇ ਨੇਪਾਲ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਆਪਸੀ ਸਬੰਧਾਂ, ਸਹਿਯੋਗ ਅਤੇ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ।

ਫੌਜ ਮੁਖੀ 17 ਅਗਸਤ, 2026 ਨੂੰ ਟੁੰਡੀਖੇਲ ਵਿੱਚ ਆਰਮੀ ਪਵੇਲੀਅਨ ਵਿਖੇ ਫੁੱਲਮਾਲਾ ਅਰਪਿਤ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਨੇਪਾਲ ਫੌਜ ਹੈੱਡਕੁਆਰਟਰ ਵਿਖੇ ਇੱਕ ਰਸਮੀ ਗਾਰਡ ਆਫ਼ ਔਨਰ ਪੇਸ਼ ਕੀਤਾ ਜਾਵੇਗਾ। ਉਹ ਨੇਪਾਲ ਫੌਜ ਦੇ ਚੀਫ਼ ਆਫ਼ ਆਰਮੀ ਸਟਾਫ ਨਾਲ ਗੱਲਬਾਤ ਕਰਨਗੇ ਅਤੇ ਮਿਲਟਰੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜਨਰਲ ਨਾਲ ਆਪਸੀ ਹਿੱਤ ਦੇ ਮੁੱਦਿਆਂ 'ਤੇ ਚਰਚਾ ਕਰਨਗੇ। 

ਇਸ ਤੋਂ ਬਾਅਦ, ਜਨਰਲ ਧੀਰਜ ਸੇਠ ਰਾਸ਼ਟਰਪਤੀ ਭਵਨ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਮੌਕੇ 'ਤੇ, ਭਾਰਤ ਅਤੇ ਨੇਪਾਲ ਦੀਆਂ ਫੌਜਾਂ  ਦਰਮਿਆਨ ਇੱਕ ਵਿਸ਼ੇਸ਼ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਨੇਪਾਲ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀ ਰਾਮਚੰਦਰ ਪੌਡੇਲ, ਉਨ੍ਹਾਂ ਨੂੰ ਨੇਪਾਲੀ ਫੌਜ ਦੇ ਔਨਰੇਰੀ ‘ਜਨਰਲ’ ਦਾ ਦਰਜਾ ਦੇ ਕੇ ਸਨਮਾਨਿਤ ਕਰਨਗੇ।

ਫੌਜ ਮੁਖੀ, ਜਨਰਲ ਧੀਰਜ ਸੇਠ, 18 ਅਗਸਤ, 2026 ਨੂੰ ਸ਼ਿਵਪੁਰੀ ਦੇ ਆਰਮੀ ਕਮਾਂਡ ਐਂਡ ਸਟਾਫ ਕਾਲਜ ਵਿਖੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕਰਨਗੇ। ਉਹ ਇੰਸਟ੍ਰਕਟਰਾਂ ਅਤੇ ਵਿਦੇਸ਼ੀ ਅਫਸਰ ਟ੍ਰੇਨੀਆਂ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ, ਉਹ ਆਪਸੀ ਹਿੱਤ ਨਾਲ ਜੁੜੇ ਮੁੱਦਿਆਂ 'ਤੇ ਨੇਪਾਲ ਦੇ ਸੀਨੀਅਰ ਪਤਵੰਤਿਆਂ ਨਾਲ ਗੱਲਬਾਤ ਕਰਨਗੇ।

ਜਨਰਲ ਧੀਰਜ ਸੇਠ 19 ਅਗਸਤ, 2026 ਨੂੰ ਪੋਖਰਾ ਵਿੱਚ ਆਯੋਜਿਤ ਸਾਬਕਾ ਸੈਨਿਕ ਰੈਲੀ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ, ਉਹ ਵੀਰ ਨਾਰੀਆਂ ਅਤੇ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨਗੇ ਅਤੇ ਭਾਰਤੀ ਫੌਜ ਦੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਉਸੇ ਦਿਨ ਸਵਦੇਸ਼ ਵਾਪਸ ਆ ਜਾਣਗੇ।

ਭਾਰਤ ਅਤੇ ਨੇਪਾਲ ਅਜਿਹੇ ਦੋ ਗੁਆਂਢੀ ਦੇਸ਼ ਹਨ, ਜਿਨ੍ਹਾਂ ਦੇ ਦਰਮਿਆਨ ਸਦੀਆਂ ਪੁਰਾਣੇ ਇਤਿਹਾਸਿਕ, ਸਮਾਜਿਕ ਅਤੇ ਸੱਭਿਆਚਾਰਕ ਸਬੰਧ ਹਨ। ਇਹ ਵਿਲੱਖਣ ਰਿਸ਼ਤਾ ਦੁਨੀਆ ਵਿੱਚ ਕਿਤੇ ਵੀ ਲੱਭਣਾ ਮੁਸ਼ਕਲ ਹੈ। "ਰੋਟੀ-ਬੇਟੀ ਦਾ ਰਿਸ਼ਤਾ", ਜਨਕਪੁਰ-ਅਯੁੱਧਿਆ ਅਤੇ ਲੁੰਬਿਨੀ-ਬੋਧਗਯਾ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਡੂੰਘਾਈ ਨਾਲ ਜੋੜਿਆ ਹੋਇਆ ਹੈ। ਭਾਰਤ-ਨੇਪਾਲ ਭਾਈਵਾਲੀ ਸਾਂਝੇ ਲੋਕਤੰਤਰੀ ਮੁੱਲਾਂ, ਆਪਸੀ ਵਿਸ਼ਵਾਸ ਅਤੇ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਸਾਂਝੇ ਹਿੱਤਾਂ 'ਤੇ ਅਧਾਰਿਤ ਹੈ।

ਫੌਜ ਮੁਖੀ ਜਨਰਲ ਧੀਰਜ ਸੇਠ ਦੀ ਇਹ ਯਾਤਰਾ ਭਾਰਤ ਅਤੇ ਨੇਪਾਲ ਦਰਮਿਆਨ ਡੂੰਘੇ ਇਤਿਹਾਸਿਕ, ਸੱਭਿਆਚਾਰਕ ਅਤੇ ਫੌਜੀ ਸਬੰਧਾਂ ਨੂੰ ਹੋਰ ਵਧਾਏਗੀ। ਇਹ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਹਿਯੋਗ ਲਈ ਨਵੇਂ ਮੌਕਿਆਂ ਦੀ ਖੋਜ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰੇਗੀ।

****************

ਨਿਸ਼ਾਂਤ/ਰਿੰਕੂ ਸਿੰਘ/ਏਕੇ


(Release ID: 2300512) ਵਿਜ਼ੀਟਰ ਕਾਊਂਟਰ : 63