ਸਿੱਖਿਆ ਮੰਤਰਾਲਾ
ਵਿਦਿਆਰਥੀਆਂ ਵਿੱਚ ਆਤਮ-ਹੱਤਿਆ ਦੀਆਂ ਘਟਨਾਵਾਂ 'ਤੇ ਰਾਸ਼ਟਰੀ ਪੱਧਰ ਦਾ ਅਧਿਐਨ
प्रविष्टि तिथि:
10 AUG 2026 4:19PM by PIB Chandigarh
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਪੁਲਿਸ ਕੋਲ ਦਰਜ ਆਤਮ-ਹੱਤਿਆ ਦੇ ਮਾਮਲਿਆਂ ਦੇ ਅਧਾਰ ‘ਤੇ ਅੰਕੜੇ ਇਕੱਠੇ ਕਰਦਾ ਹੈ। ਦੇਸ਼ ਵਿੱਚ ਹਾਦਸਾਗ੍ਰਸਤ ਮੌਤਾਂ ਅਤੇ ਆਤਮ-ਹੱਤਿਆ ਨਾਲ ਸਬੰਧਿਤ ਅੰਕੜਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਐੱਨਸੀਆਰਬੀ ਦੀ ਸਾਲਾਨਾ ‘ਭਾਰਤ ਵਿੱਚ ਹਾਦਸਾਗ੍ਰਸਤ ਮੌਤਾਂ ਅਤੇ ਆਤਮ-ਹੱਤਿਆ’ (ਏਡੀਐੱਸਆਈ) ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਨ੍ਹਾਂ ਰਿਪੋਰਟਾਂ ਵਿੱਚ ਵਿਦਿਆਰਥੀਆਂ ਦੀ ਆਤਮ-ਹੱਤਿਆ ਨਾਲ ਸਬੰਧਿਤ ਸਾਲ-ਵਾਰ, ਰਾਜ-ਵਾਰ, ਲਿੰਗ ਅਤੇ ਉਮਰ ਵਰਗ ਅਨੁਸਾਰ ਵੇਰਵੇ ਉਪਲਬਧ ਹਨ। ਰਿਪੋਰਟ ਨੂੰ https://ਐੱਨਸੀਆਰਬੀ.gov.in/accidental-deaths-suicides-in-india-year-wise.html ‘ਤੇ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਰਿਪੋਰਟਾਂ ਅਨੁਸਾਰ ਆਤਮ-ਹੱਤਿਆ ਦੇ ਵੱਖ-ਵੱਖ ਕਾਰਨਾਂ ਵਿੱਚ ਪੇਸ਼ੇਵਰ ਜਾਂ ਕਰੀਅਰ ਨਾਲ ਸਬੰਧਿਤ ਸਮੱਸਿਆਵਾਂ, ਇਕੱਲੇਪਣ ਦੀ ਭਾਵਨਾ, ਦੁਰਵਿਵਹਾਰ, ਹਿੰਸਾ, ਪਰਿਵਾਰਕ ਸਮੱਸਿਆਵਾਂ, ਮਾਨਸਿਕ ਵਿਕਾਰ, ਸ਼ਰਾਬ ਦੀ ਲਤ, ਆਰਥਿਕ ਨੁਕਸਾਨ ਅਤੇ ਲੰਬੇ ਸਮੇਂ ਤੋਂ ਚੱਲ ਰਿਹਾ ਦਰਦ ਸ਼ਾਮਲ ਹਨ।
ਆਤਮ-ਹੱਤਿਆ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕਈ ਪੱਧਰਾਂ ‘ਤੇ ਉਪਾਅ ਕਰ ਰਹੀ ਹੈ। ਵਿਦਿਆਰਥੀਆਂ, ਅਧਿਆਪਕਾਂ ਅਤੇ ਪਰਿਵਾਰਾਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਲਈ ਮਨੋਵਿਗਿਆਨਕ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਸਿੱਖਿਆ ਮੰਤਰਾਲੇ ਦੀ ਪਹਿਲਕਦਮੀ ‘ਮਨੋਦਰਪਣ’ ਦੇ ਅਧੀਨ ਵਿਦਿਆਰਥੀਆਂ, ਅਧਿਆਪਕਾਂ ਅਤੇ ਪਰਿਵਾਰਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਸਿਹਤ ਲਈ ਮਨੋਵਿਗਿਆਨਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦੇ ਅਧੀਨ ਸਿਖਲਾਈ ਪ੍ਰਾਪਤ ਸਲਾਹਕਾਰਾਂ ਰਾਹੀਂ ਮਾਰਗਦਰਸ਼ਨ ਦੇਣ ਲਈ ਰਾਸ਼ਟਰੀ ਟੋਲ-ਫ੍ਰੀ ਹੈਲਪਲਾਈਨ, ਨਿਯਮਿਤ ਤੌਰ ‘ਤੇ ਆਯੋਜਿਤ ਹੋਣ ਵਾਲੇ ਲਾਈਵ ਸੰਵਾਦ ਸੈਸ਼ਨ ਸਹਿਯੋਗ ਅਤੇ ਵੈਬੀਨਾਰ ਚਰਚਾ ਸ਼ਾਮਲ ਹਨ।
ਇਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਸਮੇਤ ਸਾਰੇ ਭਾਈਵਾਲਾਂ ਵਿੱਚ ਮਾਨਸਿਕ ਸਿਹਤ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣਾ ਹੈ। ਇਨ੍ਹਾਂ ਸੈਸ਼ਨਾਂ ਦਾ ਪ੍ਰਸਾਰਣ ਪੀਐੱਮ ਈ-ਵਿਦਿਆ ਚੈਨਲਾਂ ‘ਤੇ ਕੀਤਾ ਜਾਂਦਾ ਹੈ ਅਤੇ ਇਹ ਐੱਨਸੀਈਆਰਟੀ ਆਫ਼ੀਸ਼ੀਅਲ ਯੂਟਿਊਬ ਚੈਨਲ ‘ਤੇ ਵੀ ਉਪਲਬਧ ਹਨ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਆਪਣੇ ਸੰਬੰਧਿਤ ਉਪ-ਨਿਯਮਾਂ ਅਧੀਨ ਹਰੇਕ ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲ ਵਿੱਚ ਇੱਕ ਕਾਊਂਸਲਰ ਅਤੇ ਵੈੱਲਨੈੱਸ ਟੀਚਰ ਦੀ ਨਿਯੁਕਤੀ ਲਾਜ਼ਮੀ ਕੀਤੀ ਹੈ। ਨਵੋਦਿਆ ਵਿਦਿਆਲਿਆ ਸਮਿਤੀ (NVS) ਅਧੀਨ ਹਰੇਕ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਕੰਟਰੈਕਟ ਦੇ ਅਧਾਰ ‘ਤੇ ਦੋ ਕਾਊਂਸਲਰ—ਇੱਕ ਮਰਦ ਅਤੇ ਇੱਕ ਔਰਤ—ਨਿਯੁਕਤ ਕਰਨ ਦਾ ਪ੍ਰਬੰਧ ਹੈ। ਫਰਵਰੀ 2026 ਤੱਕ ਦੇਸ਼ ਭਰ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਵਿੱਚ ਕੰਟਰੈਕਟ ਦੇ ਅਧਾਰ ‘ਤੇ ਕੁੱਲ 830 ਕਾਊਂਸਲਰ ਨਿਯੁਕਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਸਾਰੇ ਕੇਂਦਰੀ ਵਿਦਿਆਲਿਆਂ ਵਿੱਚ ਵੀ ਫਿਲਹਾਲ ਕੰਟਰੈਕਟ ਦੇ ਅਧਾਰ ‘ਤੇ ਕਾਊਂਸਲਰ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਜਨਵਰੀ 2023 ਵਿੱਚ ਉੱਚ ਸਿੱਖਿਆ ਸੰਸਥਾਵਾਂ ਨੂੰ ਰਾਸ਼ਟਰੀ ਆਤਮ-ਹੱਤਿਆ ਰੋਕਥਾਮ ਰਣਨੀਤੀ ਦੇ ਸਬੰਧ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਸੀ। ਇਹ ਰਣਨੀਤੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਹੈ। ਯੂਜੀਸੀ ਨੇ 13 ਅਪ੍ਰੈਲ 2023 ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਇਨ੍ਹਾਂ ਵਿੱਚ ਵਿਦਿਆਰਥੀਆਂ ਲਈ ਸਰੀਰਕ ਫਿੱਟਨੈੱਸ ਅਤੇ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ, ਅਕਾਦਮਿਕ ਅਤੇ ਸਹਿਪਾਠੀ ਦਬਾਅ, ਵਿਵਹਾਰਿਕ ਸਮੱਸਿਆਵਾਂ, ਤਣਾਅ, ਕਰੀਅਰ ਸਬੰਧੀ ਚਿੰਤਾਵਾਂ, ਡਿਪ੍ਰੈਸ਼ਨ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਸੁਰੱਖਿਆ ਦੇ ਉਪਾਅ ਕਰਨਾ, ਵਿਦਿਆਰਥੀਆਂ ਵਿੱਚ ਸਕਾਰਾਤਮਕ ਸੋਚ ਅਤੇ ਭਾਵਨਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਲਈ ਇੱਕ ਸਕਾਰਾਤਮਕ ਅਤੇ ਸਹਿਯੋਗੀ ਨੈੱਟਵਰਕ ਤਿਆਰ ਕਰਨਾ ਸ਼ਾਮਲ ਹੈ।
ਇਸ ਤੋਂ ਇਲਾਵਾ ਯੂਜੀਸੀ ਨੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਰੈਗਿੰਗ ‘ਤੇ ਰੋਕ ਲਗਾਉਣ ਸਬੰਧਿਤ ਸਾਲ 2009 ਦੇ ਨਿਯਮਾਂ ਅਧੀਨ ਕਾਰਵਾਈ ਕੀਤੀ ਹੈ। ਇਸ ਦੇ ਅਧੀਨ 24 ਘੰਟੇ ਚੱਲਣ ਵਾਲੀ ਨੈਸ਼ਨਲ ਐਂਟੀ-ਰੈਗਿੰਗ ਹੈਲਪਲਾਈਨ, ਐਂਟੀ-ਰੈਗਿੰਗ ਵਰਕਸ਼ੌਪਸ ਅਤੇ ਸੈਮੀਨਾਰ ਆਯੋਜਿਤ ਕਰਨਾ, ਸੰਸਥਾਵਾਂ ਦੇ ਪ੍ਰੋਸਪੈਕਟਸ ਵਿੱਚ ਰੈਗਿੰਗ ਦੇ ਗੰਭੀਰ ਨਤੀਜਿਆਂ ਦੀ ਜਾਣਕਾਰੀ ਦੇਣਾ, ਹਰੇਕ ਅਕਾਦਮਿਕ ਸਾਲ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਔਨਲਾਈਨ ਘੋਸ਼ਣਾ-ਪੱਤਰ ਲੈਣਾ ਅਤੇ ਸੰਸਥਾਵਾਂ ਵਿੱਚ ਮੁੱਖ ਸਥਾਨਾਂ ‘ਤੇ ਐਂਟੀ-ਰੈਗਿੰਗ ਪੋਸਟਰ ਲਗਾਉਣਾ ਵਰਗੇ ਉਪਾਅ ਕੀਤੇ ਗਏ ਹਨ।
ਸਿੱਖਿਆ ਮੰਤਰਾਲੇ ਨੇ ਜੁਲਾਈ 2023 ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਭਾਵਨਾਤਮਕ ਅਤੇ ਮਾਨਸਿਕ ਸਿਹਤ ਦੇ ਸਬੰਧ ਵਿੱਚ ਇੱਕ ਰੂਪਰੇਖਾ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ। ਸੰਸਥਾਵਾਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਆਪਣੇ ਕੰਮਕਾਜ ਵਿੱਚ ਸ਼ਾਮਲ ਕਰਨ ਅਤੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਸਰਗਰਮ ਕਦਮ ਚੁੱਕਣ ਲਈ ਕਿਹਾ ਗਿਆ ਸੀ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਸਲਾਹਕਾਰੀ ਸੇਵਾਵਾਂ, ਮਾਨਸਿਕ ਪਰੇਸ਼ਾਨੀ ਦੀ ਸ਼ੁਰੂਆਤੀ ਪਛਾਣ, ਆਤਮ-ਹੱਤਿਆ ਰੋਕਥਾਮ ਲਈ ਮਿਆਰੀ ਸੰਚਾਲਨ ਪ੍ਰਕਿਰਿਆ, ਵਿਦਿਆਰਥੀ ਸਹਾਇਤਾ ਨੈੱਟਵਰਕ, ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੰਸਥਾਗਤ ਪੱਧਰ ‘ਤੇ ਸਮੇਂ-ਸਮੇਂ ‘ਤੇ ਸਮੀਖਿਆ ‘ਤੇ ਜ਼ੋਰ ਦਿੱਤਾ ਗਿਆ ਹੈ।
ਸਿੱਖਿਆ ਮੰਤਰਾਲੇ ਨੇ ਜਨਵਰੀ 2024 ਵਿੱਚ ਕੋਚਿੰਗ ਕੇਂਦਰਾਂ ਦੇ ਰੈਗੂਲੇਸ਼ਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਅਤੇ ਸੁਰੱਖਿਆ ਲਈ ਸਲਾਹਕਾਰੀ ਸਹੂਲਤਾਂ, ਫੀਸ ਪ੍ਰਣਾਲੀ ਵਿੱਚ ਪਾਰਦਰਸ਼ਿਤਾ, ਬੈਚਾਂ ਦੇ ਅਧਾਰ ‘ਤੇ ਵਿਦਿਆਰਥੀਆਂ ਨੂੰ ਵੱਖ ਕਰਨ ‘ਤੇ ਰੋਕ ਅਤੇ ਅਕਾਦਮਿਕ ਦਬਾਅ ਨੂੰ ਵਧਾਉਣ ਵਾਲੀਆਂ ਗਤੀਵਿਧੀਆਂ ਤੋਂ ਸੁਰੱਖਿਆ ਵਰਗੇ ਉਪਾਅ ਲਾਜ਼ਮੀ ਕੀਤੇ ਗਏ ਹਨ। ਇਨ੍ਹਾਂ ਦਾ ਉਦੇਸ਼ ਕੈਂਪਸਾਂ ਤੋਂ ਬਾਹਰ ਵੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਲਾਈ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਪ੍ਰੋਗਰਾਮ ਦੇ ਅਧੀਨ ਸਕਾਰਾਤਮਕ ਮਾਨਸਿਕ ਸਿਹਤ, ਮਾਨਸਿਕ ਮਜ਼ਬੂਤੀ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਤਿਆਰ ਕੀਤਾ ਗਿਆ ਹੈ। ਇਸ ਦੇ ਅਧੀਨ ਉੱਚ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਨਾਲ ਹਰ ਪੰਦਰਵਾੜੇ ਦੋ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਤਾਂ ਜੋ ਉਹ ਵਿਦਿਆਰਥੀਆਂ ਦੀਆਂ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦੀ ਸ਼ੁਰੂਆਤੀ ਪਛਾਣ ਕਰਕੇ ਸਮੇਂ ਸਿਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਸਕਣ। ਨਵੰਬਰ 2024 ਵਿੱਚ ਆਈਆਈਟੀ ਹੈਦਰਾਬਾਦ ਅਤੇ ਨਵੰਬਰ 2025 ਵਿੱਚ ਆਈਆਈਟੀ ਬੰਬੇ ਵਿੱਚ ਸਲਾਨਾ ਰਾਸ਼ਟਰੀ ਵੈੱਲਨੈੱਸ ਸੰਮੇਲਨ ਆਯੋਜਿਤ ਕੀਤੇ ਗਏ। 12 ਅਤੇ 13 ਜੁਲਾਈ 2026 ਨੂੰ ਆਈਆਈਟੀ ਮਦਰਾਸ ਵਿੱਚ ਮਾਨਸਿਕ ਸਿਹਤ ‘ਤੇ ਖੇਤਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਿੱਚ ਸਿੱਖਿਆ ਸੰਸਥਾਵਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਮਾਨਸਿਕ ਸਿਹਤ ਮਾਹਿਰ ਸ਼ਾਮਲ ਹੋਏ। ਵਰਕਸ਼ਾਪ ਵਿੱਚ ਵਧੀਆ ਉਪਾਅ ਸਾਂਝੇ ਕਰਨ ਅਤੇ ਕੈਂਪਸਾਂ ਵਿੱਚ ਮਾਨਸਿਕ ਸਿਹਤ ਅਤੇ ਭਲਾਈ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ‘ਤੇ ਚਰਚਾ ਹੋਈ।
ਸੰਸਥਾਗਤ ਪੱਧਰ ‘ਤੇ ਵੀ ਕਈ ਉੱਚ ਸਿੱਖਿਆ ਸੰਸਥਾਵਾਂ ਸਰਗਰਮੀ ਨਾਲ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰ ਰਹੀਆਂ ਹਨ। ਉਦਾਹਰਨ ਲਈ, ਆਈਆਈਟੀ ਖੜਗਪੁਰ ਨੇ ‘ਸੇਤੂ’ (ਸਮਰਥਨ, ਸਹਿਣਸ਼ੀਲਤਾ, ਬਦਲਾਅ ਅਤੇ ਉਥਾਨ) ਨਾਂ ਤੋਂ ਇੱਕ ਵਿਆਪਕ ਪ੍ਰਣਾਲੀ ਲਾਗੂ ਕੀਤੀ ਹੈ। ਇਸ ਦਾ ਉਦੇਸ਼ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਸਹਾਇਤਾ ਦੇਣ ਦੀ ਬਜਾਏ ਪਹਿਲਾਂ ਤੋਂ ਰੋਕਥਾਮ ਅਤੇ 24 ਘੰਟੇ ਸਹਾਇਤਾ ਉਪਲਬਧ ਕਰਵਾਉਣਾ ਹੈ। ਸਿੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਈਆਈਟੀ ਮਦਰਾਸ, ਆਈਆਈਟੀ ਦਿੱਲੀ, ਆਈਆਈਟੀ ਗੁਵਾਹਾਟੀ, ਆਈਆਈਟੀ ਗਾਂਧੀਨਗਰ ਅਤੇ ਆਈਆਈਟੀ ਰੁੜਕੀ ਨੇ ਮਾਨਸਿਕ ਸਿਹਤ ਅਤੇ ਤਣਾਅ ਪ੍ਰਬੰਧਨ ‘ਤੇ ਵਰਕਸ਼ੌਪਸ ਆਯੋਜਿਤ ਕੀਤੀਆਂ ਹਨ।
ਆਈਆਈਆਈਟੀ ਕੈਂਪਸ ਵਿੱਚ ਮਾਨਸਿਕ ਸਿਹਤ ਜਾਂ ਸਲਾਹਕਾਰੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਫੁੱਲ-ਟਾਈਮ ਜਾਂ ਵਿਜ਼ਟਿੰਗ ਪੇਸ਼ੇਵਰ ਕਾਊਂਸਲਰ, ਕਲੀਨਿਕਲ ਸਾਈਕੋਲੋਜਿਸਟ ਅਤੇ ਕੁਝ ਸੰਸਥਾਵਾਂ ਵਿੱਚ ਮਨੋ-ਚਿਕਿਤਸਕ (ਸਾਈਕਾਇਟ੍ਰਿਸਟ) ਵੀ ਸੇਵਾਵਾਂ ਦੇ ਰਹੇ ਹਨ। ਕਈ ਸੰਸਥਾਵਾਂ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ, ਇਸ ਨਾਲ ਜੁੜੇ ਸਮਾਜਿਕ ਕਲੰਕ ਨੂੰ ਘਟਾਉਣ ਅਤੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਜਾਣਕਾਰੀ ਦੇਣ ਲਈ ਸਿਖਲਾਈ ਸੈਸ਼ਨ ਵੀ ਆਯੋਜਿਤ ਕਰਦੀਆਂ ਹਨ। ਇਨ੍ਹਾਂ ਵਿੱਚ ਤਣਾਅ ਪ੍ਰਬੰਧਨ, ਸਮੱਸਿਆਵਾਂ ਨਾਲ ਨਜਿੱਠਣ ਦੇ ਉਪਾਅ ਅਤੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਵਰਗੇ ਵਿਸ਼ੇ ਸ਼ਾਮਲ ਹਨ। ਕੁਝ ਸੰਸਥਾਵਾਂ ਵਿੱਚ ਕੈਂਪਸ ਦੇ ਅੰਦਰ ਅਤੇ ਬਾਹਰ ਸਲਾਹਕਾਰੀ ਸੇਵਾਵਾਂ ਵੀ ਉਪਲਬਧ ਹਨ। ਜਿੱਥੇ ਵਿਦਿਆਰਥੀ ਮਾਨਸਿਕ ਸਿਹਤ ਮਾਹਿਰਾਂ ਨਾਲ ਮਿਲ ਸਕਦੇ ਹਨ।
ਮਾਨਸਿਕ ਸਿਹਤ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇਸ਼ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ ਲਾਗੂ ਕਰ ਰਿਹਾ ਹੈ। ਇਸ ਦੇ ਅਧੀਨ ਭਾਈਚਾਰਕ ਸਿਹਤ ਕੇਂਦਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਦੇ ਪੱਧਰ ‘ਤੇ ਬਾਹਰੀ ਮਰੀਜ਼ ਸੇਵਾਵਾਂ, ਜਾਂਚ, ਸਲਾਹਕਾਰੀ ਅਤੇ ਮਨੋ-ਸਮਾਜਿਕ ਦਖਲਅੰਦਾਜ਼ੀ, ਗੰਭੀਰ ਮਾਨਸਿਕ ਵਿਕਾਰਾਂ ਤੋਂ ਪੀੜ੍ਹਤ ਲੋਕਾਂ ਲਈ ਨਿਰੰਤਰ ਦੇਖਭਾਲ ਅਤੇ ਸਹਾਇਤਾ, ਦਵਾਈਆਂ, ਆਊਟਰੀਚ ਸੇਵਾਵਾਂ ਅਤੇ ਐਂਬੂਲੈਂਸ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸਰਕਾਰ ਪ੍ਰਾਇਮਰੀ ਹੈਲਥ ਕੇਅਰ ਦੇ ਪੱਧਰ ‘ਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵੀ ਕਦਮ ਚੁੱਕ ਰਹੀ ਹੈ। ਇੱਕ ਲੱਖ 81 ਹਜ਼ਾਰ ਤੋਂ ਵੱਧ ਉਪ-ਸਿਹਤ ਕੇਂਦਰਾਂ ਅਤੇ ਪ੍ਰਾਇਮਰੀ ਹੈਲਥ ਕੇਅਰਸ ਨੂੰ ‘ਆਯੁਸ਼ਮਾਨ ਆਰੋਗਯ ਮੰਦਿਰਾਂ’ ਵਿੱਚ ਬਦਲਿਆ ਗਿਆ ਹੈ। ਇਨ੍ਹਾਂ ਕੇਂਦਰਾਂ ‘ਤੇ ਦਿੱਤੀਆਂ ਜਾਣ ਵਾਲੀਆਂ ਵਿਆਪਕ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਵਿੱਚ ਮਾਨਸਿਕ ਸਿਹਤ ਸੇਵਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੇਸ਼ ਵਿੱਚ ਗੁਣਵੱਤਾਪੂਰਨ ਮਾਨਸਿਕ ਸਿਹਤ ਸਲਾਹਕਾਰੀ ਅਤੇ ਦੇਖਭਾਲ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ‘ਰਾਸ਼ਟਰੀ ਟੈਲੀ-ਮਾਨਸਿਕ ਸਿਹਤ ਪ੍ਰੋਗਰਾਮ’ ਸਾਲ 2022 ਵਿੱਚ ਸ਼ੁਰੂ ਕੀਤਾ ਗਿਆ ਸੀ। 6 ਅਗਸਤ, 2026 ਤੱਕ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜਾਂ ਵਿਚਕਾਰ ਮਾਨਸਿਕ ਸਿਹਤ ਸਹਾਇਤਾ ਅਤੇ ਨੈੱਟਵਰਕਿੰਗ—‘ਟੈਲੀ-ਮਾਨਸ’ ਦੇ 53 ਸੈੱਲ ਸਥਾਪਿਤ ਕੀਤੇ ਜਾ ਚੁੱਕੇ ਹਨ। ਹੈਲਪਲਾਈਨ ਨੰਬਰ ‘ਤੇ 43 ਲੱਖ 25 ਹਜ਼ਾਰ ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ ਜਾ ਚੁੱਕਾ ਹੈ। ਸਰਕਾਰ ਨੇ ‘ਟੈਲੀ-ਮਾਨਸ’ ਮੋਬਾਈਲ ਐਪਲੀਕੇਸ਼ਨ ਵੀ ਸ਼ੁਰੂ ਕੀਤੀ ਹੈ। ਇਹ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਵਿਆਪਕ ਮੋਬਾਈਲ ਪਲੇਟਫਾਰਮ ਹੈ। ਇਸ ਵਿੱਚ ਆਮ ਮਾਨਸਿਕ ਸਿਹਤ ਅਤੇ ਭਲਾਈ ਤੋਂ ਲੈ ਕੇ ਮਾਨਸਿਕ ਵਿਕਾਰਾਂ ਤੱਕ ਦੇ ਮਾਮਲਿਆਂ ਵਿੱਚ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ‘ਟੈਲੀ-ਮਾਨਸ’ ਦੇ ਅਧੀਨ ਵੀਡੀਓ ਸਲਾਹਕਾਰੀ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ। ਇਹ ਪਹਿਲਾਂ ਤੋਂ ਉਪਲਬਧ ਆਡੀਓ ਕਾਲ ਸੇਵਾ ਦਾ ਵਿਸਤਾਰ ਹੈ।“
ਇਹ ਜਾਣਕਾਰੀ ਸਿੱਖਿਆ ਰਾਜ ਮੰਤਰੀ ਡਾ. ਸੁਕਾਂਤ ਮਜੂਮਦਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਆਰਟੀਐੱਨ/ਬਲਜੀਤ
(रिलीज़ आईडी: 2298036)
आगंतुक पटल : 3